ਉਹ ਜਿੱਤ ਹੀ ਗਈ ਸੰਘਰਸ਼ ਦੀ ਬਾਜ਼ੀ
ਅਰਵਿੰਦਰ ਜੌਹਲ
ਦਿੱਲੀ ਦੇ ਹਵਾਈ ਅੱਡੇ ’ਤੇ ਸ਼ਨਿਚਰਵਾਰ ਨੂੰ ਪੈਰਿਸ ਤੋਂ ਪਰਤੀ ਆਪਣੀ ਧੀ ਵਿਨੇਸ਼ ਫੋਗਾਟ ਦਾ ਸਵਾਗਤ ਕਰਨ ਲਈ ਤਿਰੰਗੇ ਹੱਥਾਂ ’ਚ ਫੜੀ ਵਿਸ਼ਾਲ ਜਨ ਸਮੂਹ ਪੁੱਜਿਆ ਹੋਇਆ ਸੀ। ਇਹ ਉਹੀ ਸ਼ਹਿਰ ਹੈ ਜਿੱਥੇ ਕੋਈ ਇੱਕ ਸਾਲ ਪਹਿਲਾਂ ਜਿਣਸੀ ਸ਼ੋਸ਼ਣ ਖ਼ਿਲਾਫ਼ ਆਵਾਜ਼ ਉਠਾਉਣ ਅਤੇ ਨਿਆਂ ਦੀ ਮੰਗ ਲਈ ਧਰਨਾ ਦੇ ਰਹੀਆਂ ਵਿਨੇਸ਼ ਫੋਗਾਟ ਤੇ ਹੋਰ ਮਹਿਲਾ ਪਹਿਲਵਾਨਾਂ ਨੂੰ ਪੁਲੀਸ ਨੇ ਉਸ ਦਿਨ ਸੜਕਾਂ ’ਤੇ ਬੁਰੀ ਤਰ੍ਹਾਂ ਘੜੀਸਿਆ ਸੀ ਜਿਸ ਦਿਨ ਜਮਹੂਰੀਅਤ ਦੀ ਪ੍ਰਤੀਕ ਦੇਸ਼ ਦੀ ਨਵੀਂ ਪਾਰਲੀਮੈਂਟ ਦਾ ਉਦਘਾਟਨ ਹੋ ਰਿਹਾ ਸੀ। ਹਵਾਈ ਅੱਡੇ ਦੇ ਬਾਹਰ ਪੱਤਰਕਾਰਾਂ ਦਾ ਵੱਡਾ ਹਜੂਮ ਵੀ ਜੁੜਿਆ ਹੋਇਆ ਸੀ, ਜੋ ਉਸ ਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਕਰ ਰਿਹਾ ਸੀ ਅਤੇ ਉਨ੍ਹਾਂ ਸਵਾਲਾਂ ਦੇ ਜਵਾਬ ’ਚ ਉਸ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸਨ। ਇਹ ਹੰਝੂ ਦੇਸ਼ ਦੇ ਸਮੁੱਚੇ ਪ੍ਰਬੰਧ ’ਤੇ ਆਪਮੁਹਾਰਾ ਪ੍ਰਤੀਕਰਮ ਸੀ ਜਿਸ ਦੇ ਖੇਡ ਮੰਤਰੀ ਨੇ ਸੰਸਦ ਵਿੱਚ ਖੜ੍ਹੇ ਹੋ ਕੇ ਦੇਸ਼ ਵਾਸੀਆਂ ਨੂੰ ਵਿਨੇਸ਼ ਫੋਗਾਟ ਦੀ ਸਿਖਲਾਈ ’ਤੇ ਖਰਚ ਹੋਇਆ ਇੱਕ ਇੱਕ ਪੈਸਾ ਗਿਣਵਾਇਆ ਸੀ।
ਹਰਿਆਣਾ ਦੇ ਪਿੰਡ ਬਲਾਲੀ ਦੀ ਜੰਮਪਲ ਵਿਨੇਸ਼ ਦਾ ਬਚਪਨ ਸਾਧਾਰਨ ਪੇਂਡੂ ਕੁੜੀਆਂ ਵਰਗਾ ਸੀ। ਤਿੰਨ ਭੈਣ-ਭਰਾਵਾਂ ’ਚੋਂ ਉਹ ਸਭ ਤੋਂ ਛੋਟੀ ਹੈ। ਨਿੱਕੇ ਹੁੰਦਿਆਂ ਉਸ ਦਾ ਸੁਫਨਾ ਸੀ ਕਿ ਉਸ ਦੇ ਲੰਬੇ ਵਾਲ ਹੋਣ, ਹੱਥ ’ਚ ਮੋਬਾਈਲ ਫੜਿਆ ਹੋਵੇ ਤੇ ਸਾਰੇ ਉਹ ਕੰਮ ਕਰੇ ਜੋ ਉਸ ਦੇ ਹਾਣ ਦੀਆਂ ਕੁੜੀਆਂ ਕਰਦੀਆਂ ਸਨ। ਪਰਿਵਾਰ ’ਚ ਸਭ ਤੋਂ ਛੋਟੀ ਹੋਣ ਕਾਰਨ ਉਹ ਆਪਣੇ ਪਿਉ ਦੀ ਸਭ ਤੋਂ ਲਾਡਲੀ ਧੀ ਸੀ। ਉਸ ਦਾ ਪਿਉ ਬੱਸ ਡਰਾਈਵਰ ਸੀ ਜਿਸ ਨੇ ਉਸ ਨੂੰ ਖਿਡਾਉਂਦਿਆਂ ਸਹਿਜ ਹੀ ਨਿੱਕੀ ਬੱਚੀ ਦੇ ਮਨ ਵਿੱਚ ਜਹਾਜ਼ ’ਚ ਉੱਡਣ ਦਾ ਸੁਫਨਾ ਪਾ ਦਿੱਤਾ। ਉਹ ਅਜੇ ਮਸਾਂ ਨੌਂ ਵਰ੍ਹਿਆਂ ਦੀ ਸੀ ਕਿ ਉਸ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਹੁਣ ਉਸ ਦੀ ਇਕੱਲੀ ਮਾਂ ’ਤੇ ਇਨ੍ਹਾਂ ਬੱਚਿਆਂ ਦੀ ਜ਼ਿੰਮੇਵਾਰੀ ਆ ਪਈ। ਕੁਦਰਤ ਨੂੰ ਅਜੇ ਵੀ ਕੁਝ ਹੋਰ ਮਨਜ਼ੂਰ ਸੀ। ਉਸ ਦੀ ਮਾਂ ਨੂੰ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨੇ ਘੇਰ ਲਿਆ ਪਰ ਮਾਂ ਨੇ ਇਸ ਬਿਮਾਰੀ ਨਾਲ ਜੂਝਦਿਆਂ ਔਖੀਆਂ ਪ੍ਰਸਥਿਤੀਆਂ ਦਾ ਹੌਸਲੇ ਨਾਲ ਟਾਕਰਾ ਕੀਤਾ। ਸ਼ਾਇਦ ਔਖੇ ਹਾਲਾਤ ’ਚ ਜੂਝਣ ਦਾ ਜਜ਼ਬਾ ਉਸ ਨੂੰ ਆਪਣੀ ਮਾਂ ਕੋਲੋਂ ਹੀ ਵਿਰਸੇ ’ਚ ਮਿਲਿਆ ਹੈ।
ਪਿਤਾ ਦੇ ਇਸ ਦੁਨੀਆ ’ਚੋਂ ਚਲੇ ਜਾਣ ਮਗਰੋਂ ਉਸ ਦੇ ਕੰਨਾਂ ਵਿੱਚ ਆਪਣੇ ਪਿਤਾ ਦੀ ਆਵਾਜ਼ ਗੂੰਜਦੀ, ‘‘ਮੈਂ ਬੱਸ ਚਲਾਉਂਦਿਆਂ ਆਪਣੇ ਉੱਤੇ ਆਸਮਾਨ ’ਚ ਉੱਡਦਾ ਉਹ ਜਹਾਜ਼ ਦੇਖਣਾ ਚਾਹੁੰਦਾ ਹਾਂ ਜਿਸ ਵਿੱਚ ਮੇਰੀ ਧੀ ਬੈਠੀ ਹੋਵੇ।’’ ਅਸਲ ਵਿੱਚ ਵਿਨੇਸ਼ ਦੀਆਂ ਜਾਗਦੀਆਂ ਅੱਖਾਂ ਦੇ ਇਸੇ ਸੁਫਨੇ ਨੇ ਉਸ ਨੂੰ ਕੁਸ਼ਤੀ ’ਚ ਦੇਸ਼ ਲਈ ਜਿੱਤ ਹਾਸਲ ਕਰਨ ਵਾਸਤੇ ਮਿਹਨਤ ਦੇ ਰਾਹ ਪਾ ਦਿੱਤਾ। ਜਿੱਤ ਦਾ ਸਫ਼ਰ ਕੋਈ ਆਸਾਨ ਨਹੀਂ ਹੁੰਦਾ। ਰਾਹ ’ਚ ਬਹੁਤ ਸਾਰੀਆਂ ਅਸਫ਼ਲਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਿਹਨਤ ਅਤੇ ਖੇਡ ਭਾਵਨਾ ਤੁਹਾਨੂੰ ਔਖੀਆਂ ਪ੍ਰਸਥਿਤੀਆਂ ’ਚ ਹਾਰ ਤੋਂ ਨਾ ਡਰਨ ਅਤੇ ਜਿੱਤ ਲਈ ਮੁੜ ਹੰਭਲਾ ਮਾਰਨ ਦਾ ਵੱਲ ਸਿਖਾਉਂਦੀ ਹੈ।
ਵਿਨੇਸ਼ ਦਾ ਕਹਿਣਾ ਹੈ ਕਿ ਉਸ ਦਾ ਸੁਫਨਾ ਸੀ ਕਿ ਉਹ ਆਪਣੇ ਦੇਸ਼ ਲਈ ਮੈਡਲ ਜਿੱਤ ਕੇ ਆਪਣੇ ਦੁਆਲੇ ਤਿਰੰਗਾ ਲਪੇਟ ਕੇ ਜੇਤੂ ਦੇ ਤੌਰ ’ਤੇ ਦੁਨੀਆ ਭਰ ਦੇ ਦਰਸ਼ਕਾਂ ਅਤੇ ਖਿਡਾਰੀਆਂ ਸਾਹਮਣੇ ਮੈਦਾਨ ਵਿੱਚ ਇੱਕ ਮਾਣਮੱਤਾ ਚੱਕਰ ਲਾਵੇ। ਇਸ ਸੁਫਨੇ ਨੂੰ ਹਕੀਕਤ ਬਣਾਉਣ ਲਈ ਉਸ ਨੇ ਜੀਅ-ਜਾਨ ਲਾ ਕੇ ਮਿਹਨਤ ਕੀਤੀ। ਉਹ ਕੁੜੀ, ਜੋ ਦੇਸ਼ ਦੇ ਸਮੁੱਚੇ ਤਾਕਤਵਰ ਤੰਤਰ ਨਾਲ ਜੂਝਦੀ ਹੋਈ ਪੈਰਿਸ ਓਲੰਪਿਕ ’ਚ ਪੁੱਜੀ, ਮਹਿਜ਼ ਸੌ ਗ੍ਰਾਮ ਭਾਰ ਵਧ ਜਾਣ ਕਾਰਨ ਤਕਨੀਕੀ ਤੌਰ ’ਤੇ ਕੁਸ਼ਤੀ ਮੁਕਾਬਲੇ ’ਚੋਂ ਬਾਹਰ ਹੋ ਗਈ। ਇੱਕੋ ਦਿਨ ’ਚ 50 ਕਿਲੋਗ੍ਰਾਮ ਭਾਰ ਵਰਗ ’ਚ ਤਿੰਨ ਕੁਸ਼ਤੀਆਂ ਪੂਰੇ ਦਮ-ਖਮ ਨਾਲ ਲੜਨ ਅਤੇ ਜਿੱਤਣ ਮਗਰੋਂ ਜਦੋਂ ਉਹ ਕੁਸ਼ਤੀ ਮੁਕਾਬਲੇ ਦੀ ਆਖ਼ਰੀ ਪੌੜੀ ’ਤੇ ਪੁੱਜੀ ਤਾਂ ਸੋਨ ਤਗ਼ਮਾ ਉਸ ਕੋਲੋਂ ਹੀ ਨਹੀਂ, 140 ਕਰੋੜ ਵਾਸੀਆਂ ਦੇ ਮੁਲਕ ਕੋਲੋਂ ਵੀ ਬੱਸ ਇੱਕ ਕਦਮ ਦੂਰ ਹੀ ਜਾਪਦਾ ਸੀ।
ਛੇ ਅਗਸਤ ਵਾਲੇ ਦਿਨ ਜਦੋਂ ਵਿਨੇਸ਼ ਨੇ ਤਿੰਨ ਜਿੱਤਾਂ ਨਾਲ ਇੱਕ ਤਰ੍ਹਾਂ ਚਾਂਦੀ ਦਾ ਮੈਡਲ ਅਤੇ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਤਾਂ ਦੇਸ਼ ਭਰ ਦੇ ਖੇਡ ਪ੍ਰੇਮੀਆਂ ’ਚ ਹੀ ਨਹੀਂ ਸਗੋਂ ਸਾਡੇ ਸਮੁੱਚੇ ਨਿਊਜ਼ ਰੂਮ ਵਿੱਚ ਖ਼ੁਸ਼ੀ ਅਤੇ ਜਸ਼ਨ ਦਾ ਮਾਹੌਲ ਸੀ। ਨਿਊਜ਼ ਰੂਮ ਦੇ ਸਾਥੀ ਆਪੋ-ਆਪਣੀਆਂ ਸੀਟਾਂ ਤੋਂ ਉੱਠ ਕੇ ਟੀਵੀ ਸਕਰੀਨ ਦੇ ਸਾਹਮਣੇ ਆ ਖੜ੍ਹੇ ਹੋਏ ਅਤੇ ਉਸ ਦੇ ਗੋਲਡ ਮੈਡਲ ਜਿੱਤਣ ਦੇ ਕਿਆਫੇ ਲਾਉਣ ਲੱਗੇ। ਕੁਝ ਸਾਥੀ ਤਾਂ ਉਸ ਵੱਲੋਂ ਗੋਲਡ ਜਿੱਤਣ ਦੀ ਸੂਰਤ ਵਿੱਚ ਖ਼ਬਰ ਨੂੰ ਲਾਏ ਜਾਣ ਵਾਲੇ ਹੈਡਿੰਗ ਤੱਕ ਸੋਚਣ ਲੱਗੇ। ਉਹ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਸੀ ਜੋ ਓਲੰਪਿਕ ’ਚ ਕੁਸ਼ਤੀ ਦੇ ਫਾਈਨਲ ਤੱਕ ਪੁੱਜੀ ਸੀ। ਉਸ ਦੀ ਇਹ ਪ੍ਰਾਪਤੀ ਆਪਣੇ ਆਪ ’ਚ ਬਹੁਤ ਵੱਡੀ ਸੀ ਕਿਉਂਕਿ ਉਸ ਨੇ ਇੱਕੋ ਦਿਨ ’ਚ ਇਹ ਤਿੰਨੋਂ ਮੁਕਾਬਲੇ ਜਿੱਤੇ ਸਨ ਅਤੇ ਇਨ੍ਹਾਂ ਮੁਕਾਬਲਿਆਂ ’ਚ ਸਭ ਤੋਂ ਪਹਿਲਾਂ ਉਸ ਨੇ ਚਾਰ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਟੋਕੀਓ ਓਲੰਪਿਕ ਵਿੱਚ ਸੋਨ ਤਗ਼ਮਾ ਜੇਤੂ ਯੂਈ ਸੁਸਾਕੀ ਨੂੰ ਹਰਾ ਕੇ ਇਨ੍ਹਾਂ ਖੇਡਾਂ ਵਿੱਚ ਸਭ ਤੋਂ ਵੱਡਾ ਉਲਟਫੇਰ ਕੀਤਾ ਸੀ। ਜਾਪਾਨੀ ਪਹਿਲਵਾਨ ਸੁਸਾਕੀ ਦੀ 82 ਮੈਚਾਂ ਦੇ ਆਪਣੇ ਕੌਮਾਂਤਰੀ ਕਰੀਅਰ ਵਿੱਚ ਇਹ ਪਹਿਲੀ ਹਾਰ ਸੀ। ਇਸ ਤੋਂ ਮਗਰੋਂ ਉਸ ਨੇ ਕੁਆਰਟਰ ਫਾਈਨਲ ’ਚ ਯੂਕਰੇਨ ਦੀ ਓਸਾਨਾ ਲਿਵਾਚ ਨੂੰ ਹਰਾ ਕੇ ਆਖ਼ਰੀ ਚਾਰ ਵਿੱਚ ਆਪਣੀ ਥਾਂ ਬਣਾਈ ਅਤੇ ਸੈਮੀ ਫਾਈਨਲ ’ਚ ਕਿਊਬਾ ਦੀ ਗੂਜ਼ਮੈਨ ਲੋਪੇਜ਼ ਨੂੰ ਹਰਾ ਕੇ ਫਾਈਨਲ ’ਚ ਆਪਣੀ ਥਾਂ ਪੱਕੀ ਕੀਤੀ ਸੀ। ਸਾਡੇ ਸਾਰਿਆਂ ਲਈ ਉਹ ਬੇਹੱਦ ਖ਼ੁਸ਼ੀ ਦੇ ਪਲ ਸਨ। ਖ਼ੈਰ, ਅਖ਼ਬਾਰ ਵਾਲਿਆਂ ਕੋਲ ਤਾਂ ਡਿਊਟੀ ਵੇਲੇ ਆਪਣੇ ਚਾਅ ਅਤੇ ਖ਼ੁਸ਼ੀਆਂ ਮਨਾਉਣ ਲਈ ਵੀ ਬਹੁਤ ਮੁਖ਼ਤਸਰ ਸਮਾਂ ਹੁੰਦਾ ਹੈ। ਸਾਰੇ ਮੁੜ ਆਪਣੀਆਂ ਸੀਟਾਂ ’ਤੇ ਪੁੱਜ ਕੇ ਏਜੰਸੀ ਦੀਆਂ ਖ਼ਬਰਾਂ ਫਰੋਲ ਕੇ ਫੋਗਾਟ ਦੀ ਜਿੱਤ ਬਾਰੇ ਖ਼ਬਰ ਅਤੇ ਉਸ ਦੀਆਂ ਨਵੀਆਂ ਫੋਟੋਆਂ ਤਲਾਸ਼ਣ ਲੱਗੇ। ਐਡੀਸ਼ਨ ਦਾ ਵੇਲਾ ਹੋ ਚੁੱਕਿਆ ਸੀ ਅਤੇ ਸਾਰੇ ਕਾਹਲੀ ਕਾਹਲੀ ਘੜੀ ਦੀਆਂ ਸੂਈਆਂ ਨਾਲ ਦੌੜਨ ਦਾ ਯਤਨ ਕਰ ਰਹੇ ਸਨ ਅਤੇ ਨਾਲ ਨਾਲ ਉਸ ਦੀ ਜਿੱਤ ’ਤੇ ਆ ਰਹੇ ਵੱਖ ਵੱਖ ਪ੍ਰਤੀਕਰਮ ਵੀ ਸਮੇਟ ਰਹੇ ਸਨ। ਅਚਾਨਕ ਕਿਸੇ ਸਾਥੀ ਨੇ ਜਦੋਂ ਦੇਖਿਆ ਕਿ ਦੇਸ਼ ਦੇ ਸਿਰਮੌਰ ਆਗੂ ਦਾ ਪ੍ਰਤੀਕਰਮ ਤਾਂ ਆਇਆ ਹੀ ਨਹੀਂ ਤਾਂ ਉਸ ਨੇ ਰੌਲਾ ਪਾਇਆ, ‘‘ਇੱਕ ਵਾਰ ਏਜੰਸੀ ਫਿਰ ਚੈੱਕ ਕਰੋ। ਹੁਣ ਤੱਕ ਵਧਾਈ ਦੀ ਖ਼ਬਰ ਆ ਗਈ ਹੋਣੀ ਹੈ ਜਾਂ ਟਵੀਟ ਆ ਗਿਆ ਹੋਵੇਗਾ।’’ ਏਜੰਸੀ ਦੀਆਂ ਖ਼ਬਰਾਂ ਫਿਰ ਚੈੱਕ ਕੀਤੀਆਂ ਗਈਆਂ ਪਰ ਕਿਧਰੇ ਵੀ ਵਧਾਈ ਵਾਲੀ ਖ਼ਬਰ ਦਾ ਨਾਂ-ਨਿਸ਼ਾਨ ਨਹੀਂ ਸੀ। ਖ਼ੈਰ, ਵਿਨੇਸ਼ ਦੀ ਜਿੱਤ ਦੀ ਖ਼ਬਰ ਉਸ ਅਹਿਮ ਵਧਾਈ ਤੋਂ ਸੁੰਨੀ ਹੀ ਛਪੀ। ਅਗਲੇ ਦਿਨ ਜਦੋਂ 50 ਕਿਲੋਗ੍ਰਾਮ ਭਾਰ ਵਰਗ ’ਚ ਸੌ ਗ੍ਰਾਮ ਭਾਰ ਵੱਧ ਹੋਣ ਕਾਰਨ ਉਸ ਨੂੰ ਮੁਕਾਬਲੇ ਲਈ ਅਯੋਗ ਠਹਿਰਾ ਦਿੱਤਾ ਗਿਆ ਤਾਂ ਫੌਰੀ ਉਸ ਸਿਰਮੌਰ ਆਗੂ ਨੇ ਐਕਸ ’ਤੇ ਪੋਸਟ ਪਾ ਕੇ ਉਸ ਨੂੰ ‘ਚੈਂਪੀਅਨਾਂ ਦੀ ਚੈਂਪੀਅਨ’ ਸੱਦਣ ਦੇ ਨਾਲ ਨਾਲ ਦੇਸ਼ ਦਾ ਮਾਣ ਤੇ ਹਰੇਕ ਭਾਰਤੀ ਦਾ ਪ੍ਰੇਰਣਾ ਸਰੋਤ ਦੱਸਿਆ। ਪੋਸਟ ’ਚ ਇਹ ਵੀ ਲਿਖਿਆ, ‘‘ਚੁਣੌਤੀਆਂ ਦਾ ਟਾਕਰਾ ਕਰਨਾ ਤੁਹਾਡਾ ਸੁਭਾਅ ਹੈ। ਜ਼ੋਰਦਾਰ ਵਾਪਸੀ ਕਰੋ। ਅਸੀਂ ਸਾਰੇ ਤੁਹਾਡੇ ਨਾਲ ਖੜ੍ਹੇ ਹਾਂ।’’ ਚਲੋ! ਖ਼ੁਸ਼ੀ ਮੌਕੇ ਵਧਾਈ ਨਾ ਸਹੀ, ਦੁੱਖ ਵੇਲੇ ਅਫ਼ਸੋਸ ਲਈ ਮਾਤਮੀ ਸਫ਼ ਤਾਂ ਝੱਟ ਵਿਛਾ ਹੀ ਲਈ। ਪਰ ਨਾਲ ਖੜ੍ਹੇ ਹੋਣ ਦਾ ਦਾਅਵਾ ਕਰਨ ਵਾਲਿਆਂ ’ਚੋਂ ਅੱਜ ਕੋਈ ਉਸ ਧੀ ਦੇ ਸਵਾਗਤ-ਸਤਿਕਾਰ ਲਈ ਹਵਾਈ ਅੱਡੇ ’ਤੇ ਨਾ ਪੁੱਜਿਆ। ਸ਼ਾਇਦ ਤਾਕਤਵਰ ਸਿਆਸੀ ਆਗੂਆਂ ਨੂੰ ਲੱਗਦਾ ਹੈ ਕਿ ਉਹ ਜਦੋਂ ਚਾਹੁਣ, ਧੀਆਂ ਨੂੰ ਸੜਕਾਂ ’ਤੇ ਘੜੀਸ ਕੇ ਬੇਇੱਜ਼ਤ ਕਰ ਸਕਦੇ ਨੇ ਅਤੇ ਜੇ ਉਹ ਨਾ ਚਾਹੁਣ ਤਾਂ ਉਨ੍ਹਾਂ ਦਾ ਸਵਾਗਤ-ਸਤਿਕਾਰ ਨਹੀਂ ਹੋ ਸਕਦਾ। ਉਨ੍ਹਾਂ ਨੂੰ ਆਪਣਾ ਇਹ ਭੁਲੇਖਾ ਕੱਢ ਲੈਣਾ ਚਾਹੀਦਾ ਹੈ ਕਿ ਧੀਆਂ ਦੇ ਮਾਣ-ਸਨਮਾਨ ਲਈ ਸਰਕਾਰੀ ਜਾਂ ਸਿਆਸੀ ਸਰਪ੍ਰਸਤੀ ਦੀ ਲੋੜ ਹੁੰਦੀ ਹੈ।
ਸੱਤ ਅਗਸਤ ਨੂੰ ਜਿਸ ਦਿਨ ਵਿਨੇਸ਼ ਨੂੰ ਫਾਈਨਲ ਮੁਕਾਬਲੇ ਲਈ ਅਯੋਗ ਠਹਿਰਾਇਆ ਗਿਆ, ਉਸ ਮਗਰੋਂ ਉਸ ਨੇ ਭਾਵੁਕ ਹੁੰਦਿਆਂ ਕੁਸ਼ਤੀ ਨੂੰ ਅਲਵਿਦਾ ਕਹਿਣ ਦਾ ਐਲਾਨ ਕਰਦਿਆਂ ਆਪਣੀ ਮਾਂ ਪ੍ਰੇਮਲਤਾ ਨੂੰ ਸੰਬੋਧਨ ਕਰਦਿਆਂ ਲਿਖਿਆ, ‘‘ਮਾਂ ਕੁਸ਼ਤੀ ਮੈਥੋਂ ਜਿੱਤ ਗਈ, ਮੈਂ ਹਾਰ ਗਈ। ਮੈਨੂੰ ਮੁਆਫ਼ ਕਰੀਂ, ਤੇਰਾ ਸੁਫਨਾ ਅਤੇ ਮੇਰਾ ਹੌਸਲਾ ਸਭ ਟੁੱਟ ਗਿਆ ਹੈ। ਮੇਰੇ ’ਚ ਹੁਣ ਹੋਰ ਤਾਕਤ ਨਹੀਂ ਰਹੀ। ਅਲਵਿਦਾ ਕੁਸ਼ਤੀ 2001-2024, ਮੈਂ ਤੁਹਾਡੇ ਸਾਰਿਆਂ ਦੀ ਸ਼ੁਕਰਗੁਜ਼ਾਰ ਰਹਾਂਗੀ। ਮੈਨੂੰ ਮੁਆਫ਼ ਕਰ ਦਿਓ।’’ ਸਰਕਾਰੀ ਤੰਤਰ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ ’ਚ ਵੱਖ ਵੱਖ ਤਰ੍ਹਾਂ ਦੀਆਂ ਦਿੱਕਤਾਂ, ਸਾਜ਼ਿਸ਼ਾਂ ਅਤੇ ਸੋਸ਼ਲ ਮੀਡੀਆ ’ਤੇ ਖ਼ਾਸ ਗਲੀਜ਼ ਜ਼ਹਿਨੀਅਤ ਦੇ ਲੋਕਾਂ ਵੱਲੋਂ ਉਸ ਬਾਰੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਦਾ ਸਾਹਮਣਾ ਕਰਦਿਆਂ ਉਹ ਇਕੇਰਾਂ ਅੰਦਰੋਂ ਟੁੱਟ ਗਈ ਅਤੇ ਉਨ੍ਹਾਂ ਕਮਜ਼ੋਰ ਪਲਾਂ ’ਚ ਭਾਵੁਕ ਹੋ ਕੇ ਉਸ ਨੇ ਕੁਸ਼ਤੀ ਛੱਡਣ ਦਾ ਐਲਾਨ ਕਰ ਦਿੱਤਾ। ਉਸ ਅੰਦਰਲੀ ਆਮ ਕੁੜੀ ਉਸ ਉੱਤੇ ਭਾਰੂ ਹੋ ਗਈ ਪਰ ਫਿਰ ਉਸ ਅੰਦਰਲੀ ਜੁਝਾਰੂ ਤੇ ਚੈਂਪੀਅਨ ਵਿਨੇਸ਼ ਆਪਣੇ ਅੰਦਰਲੇ ਸਾਰੇ ਟੁਕੜਿਆਂ ਨੂੰ ਸਮੇਟ ਕੇ ਮੁੜ ਉੱਠ ਖੜੋਤੀ ਅਤੇ ਉਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਐਲਾਨ ਕੀਤਾ ਹੈ ਕਿ ਉਸ ਨੇ ਹਾਰ ਨਹੀਂ ਮੰਨੀ। ਉਸ ਦਾ ਟੀਚਾ ਅਜੇ ਅਧੂਰਾ ਹੈ। ਉਹ ਖ਼ੁਦ ਨੂੰ 2032 ਤੱਕ ਕੁਸ਼ਤੀ ਲੜਦਿਆਂ ਦੇਖਦੀ ਹੈ। ਉਹ ਪੈਰਿਸ ਓਲੰਪਿਕ ’ਚ ਮੈਡਲ ਭਾਵੇਂ ਹਾਰ ਗਈ ਪਰ ਜ਼ਿੰਦਗੀ ਅਤੇ ਖੇਡ ਦੇ ਮੈਦਾਨ ’ਚ ਸੰਘਰਸ਼ ’ਤੇ ਡਟੇ ਰਹਿਣ ਦੀ ਬਾਜ਼ੀ ਉਹ ਜਿੱਤ ਗਈ ਹੈ।