For the best experience, open
https://m.punjabitribuneonline.com
on your mobile browser.
Advertisement

...ਯੇ ਬਤਾ ਕਿ ਕਾਫ਼ਿਲਾ ਕਿਉਂ ਲੁਟਾ

06:20 AM Oct 15, 2024 IST
   ਯੇ ਬਤਾ ਕਿ ਕਾਫ਼ਿਲਾ ਕਿਉਂ ਲੁਟਾ
Advertisement

ਪ੍ਰੋ. ਮੋਹਣ ਸਿੰਘ

Advertisement

ਮਾਰਚ 1947... ਪੰਜਵੀਂ ਜਮਾਤ ਦੇ ਨਤੀਜੇ ਦਾ ਦਿਨ। ਖਾਹਮਖਾਹ ਦੀ ਚਿੰਤਾ। ਇੱਕ ਗੀਤ ਪ੍ਰਚਲਤ ਸੀ- ਕੋਠੇ ’ਤੇ ਕਾਂ ਬੋਲੇ, ਬਾਬਾ ਜੀ ਸਾਨੂੰ ਪਾਸ ਕਰੋ, ਸਾਡਾ ਛੇਵੀਂ ਵਿੱਚ ਨਾਂ ਬੋਲੇ’। ਮੈਂ ਸੁੱਖਣਾ ਸੁੱਖੀ: ‘ਬਾਬਾ ਜੀ, ਪਾਸ ਕਰ ਦਿਉ, ਪੰਜਾਂ ਪੈਸਿਆਂ ਦੀਆਂ ਫੁੱਲੀਆਂ ਚੜ੍ਹਾਵਾਂਗਾ।’ ਪਾਸ ਹੋ ਗਏ। ਫੁੱਲੀਆਂ ਭੁੱਲ ਗਈਆਂ। ਦੇਖਦੇ-ਦੇਖਦੇ ਛੇਵੀਂ ਜਮਾਤ ਦੇ ਨਤੀਜੇ ਦਾ ਦਿਨ ਆ ਗਿਆ। ਹੁਣ?... ‘ਬਾਬਾ ਜੀ, ਪਿਛਲੀਆਂ ਫੁੱਲੀਆਂ ਵੀ ਚੜ੍ਹਾ ਦੇਵਾਂਗਾ।’... ਹਰ ਸਾਲ ਫੁੱਲੀਆਂ ਦਾ ਹਿਸਾਬ ਵਧਦਾ ਗਿਆ। ਜਦੋਂ ਰਕਮ ਰੁਪਏ ਤੋਂ ਵੀ ਵੱਧ ਹੋ ਗਈ,ਂ ਸੁੱਖਣਾ ਸੁੱਖਣੀ ਬੰਦ ਕਰ ਦਿੱਤੀ। ਅਕਲ ਦੇ ਪਾਸਿਓਂ ਵੀ ਕੁਝ ਨਿੱਕੇ-ਨਿੱਕੇ ਬੁੱਲੇ ਆਉਣ ਲੱਗ ਪਏ ਸਨ।
ਮਾਰਚ 1952... ਦਸਵੀਂ ਦਾ ਇਮਤਿਹਾਨ ਪੰਜਾਬ ਯੂਨੀਵਰਸਿਟੀ ਲੈਂਦੀ ਸੀ। “ਉਏ ਧੌਣ ਕਿਉਂ ਮਲ਼ਦਾ ਪਿਆ ਏਂ? ਕੀ ਹੋਇਆ ਈ?” ਮੇਰੇ ਵੱਡੇ ਭਰਾ ਨੇ ਪੁੱਛਿਆ।
“ਉੱਥੇ, ਸੈਂਟਰ ਵਿੱਚ ਧੌਣ ਨਹੀਂ ਚੁੱਕਣ ਦਿੰਦੇ।” ਮੈਂ ਇਸ ਮੁਹਾਵਰੇ ਦਾ ਸ਼ਬਦੀ ਅਰਥ ਹੀ ਸਮਝਿਆ ਸੀ ਅਤੇ ਪੂਰੇ ਤਿੰਨ ਘੰਟੇ ਧੌਣ ਨਹੀਂ ਸੀ ਚੁੱਕੀ। ਖੈਰ... ਉਦੋਂ ਨਕਲ ਮਾਰਨਾ, ਗ਼ੈਰ-ਵਾਜਿਬ ਤਰੀਕੇ ਵਰਤਣਾ, ਪ੍ਰਸ਼ਨ ਪੱਤਰ ਵਿੱਚ ਕੋਈ ਗ਼ਲਤੀ ਹੋ ਸਕਣਾ ਬਿਲਕੁਲ ਮੰਨਣਯੋਗ ਨਹੀਂ ਸੀ। ਮੈਂ ਇਮਤਿਹਾਨਾਂ ਬਾਅਦ ਆਪਣੇ ਪਿੰਡ ਭੰਗਵੀਂ ਚਲਾ ਗਿਆ। ਕਦੋਂ ਨਤੀਜਾ ਐਲਾਨਿਆ ਗਿਆ, ਮੈਨੂੰ ਨਹੀਂ ਪਤਾ। ਨਤੀਜੇ ਦੇ ਹਫ਼ਤੇ ਕੁ ਬਾਅਦ ਜੀਜਾ ਜੀ ਫ਼ੌਜ ’ਚੋਂ ਛੁੱਟੀ ਆਏ। ਉਨ੍ਹਾਂ ਦੇ ਭਰਾ ਨੇ ਵੀ ਇਮਤਿਹਾਨ ਦਿੱਤਾ ਹੋਇਆ ਸੀ। ਜਦੋਂ ਉਹ ਅੰਗਰੇਜ਼ੀ ਦਾ ਅਖ਼ਬਾਰ ਲੈ ਕੇ ਪਿੰਡ ਅੱਪੜੇ, ਮੈਂ ਖੂਹ ’ਤੇ ਗਿਆ ਹੋਇਆ ਸਾਂ। ਮੈਨੂੰ ਮੱਕੀ ਵਿੱਚ ਕਾਂ ਉਡਾਉਂਦਿਆਂ ਨੂੰ ਪਤਾ ਲੱਗਾ ਕਿ ਮੈਂ ਪਾਸ ਹਾਂ। ਸਕੂਲੋਂ ਪਤਾ ਲੱਗਾ ਕਿ ਫਸਟ ਡਿਵੀਜ਼ਨ ਹੈ।
ਸਕੂਲ ’ਚ ਸਾਇੰਸ ਨਹੀਂ ਸੀ ਪੜ੍ਹੀ। ਕਾਲਜ ’ਚ ਰੱਖ ਲਈ। ਗੋਤੇ ਖਾਣ ਲੱਗੇ। ਹਰ ਵਿਸ਼ੇ ਦੇ ਦੋ-ਦੋ ਪਰਚੇ ਹੁੰਦੇ ਸਨ- ‘ਏ’ ਤੇ ‘ਬੀ’। ਸਾਲਾਨਾ ਇਮਤਿਹਾਨ ਦੀ ਬਹੁਤੀ ਤਿਆਰੀ ਨਹੀਂ ਸੀ। ਸੋਚਿਆ, ਹਿਸਾਬ ’ਚ ਕੰਪਾਰਟਮੈਂਟ ਲੈਂਦੇ ਹਾਂ। ਅਗਲੀ ਵਾਰੀ ਪੂਰੇ-ਪੂਰੇ ਨੰਬਰ ਲਵਾਂਗੇ। ਚਲਾਕੀ ਕੀਤੀ। ਪੇਪਰ ‘ਏ’ ਦੇ ਕੰਪਾਰਟਮੈਂਟ ਜੋਗੇ ਕੁਝ ਕੁ ਸਵਾਲ ਕਰ ਕੇ ਬਾਕੀ ਪਰਚਾ ਛੱਡ ਦਿੱਤਾ ਤੇ ‘ਬੀ’ ਪੇਪਰ ਦਿੱਤਾ ਹੀ ਨਾ। ਸਿੱਟਾ ਕੀ ਨਿਕਲਿਆ? ਯੂਨੀਵਰਸਿਟੀ ਨੇ ਰਿਆਇਤੀ ਨੰਬਰ ਦੇ ਕੇ ਪਾਸ ਕਰ ਦਿੱਤਾ ਅਤੇ ਆਪਾਂ ਥਰਡ ਡਿਵੀਜ਼ਨ ਵਿੱਚ ‘ਕਾਮਯਾਬ’ ਐਲਾਨੇ ਗਏ।
ਬੀਐੱਸਸੀ ਵਿੱਚ ਫਿਜ਼ਿਕਸ ਦੇ ਪ੍ਰੋਫੈਸਰ ਦੇਵ ਦੱਤ ਸਾਰਿਆਂ ਦੇ ਮਿੱਤਰ ਵੀ ਸਨ ਅਤੇ ਸ਼ੌਕ ਨਾਲ ਪੜ੍ਹਾਉਣ ਵਾਲੇ ਅਧਿਆਪਕ ਵੀ ਪਰ ਕੋਈ ਅਨੁਸ਼ਾਸਨ ਭੰਗ ਨਹੀਂ ਸੀ ਕਰ ਸਕਦਾ। ਇੱਕ ਲੜਕਾ ਅਪਾਰ ਸਿੰਘ ਬਹੁਤ ਨੇੜੇ, ਕਲਾਸ ’ਚੋਂ ਦਿਸਦੇ ਹੋਸਟਲ ਵਿੱਚ ਰਹਿੰਦਾ ਸੀ। ਇੱਕ ਦਿਨ ਜਾਣ ਕੇ ਲੇਟ ਆਇਆ। ਪ੍ਰੋ. ਦੇਵ ਦੱਤ ਨੇ ਦੁੜਾ ਕੇ ਕਾਲਜ ਦੀ ਮੁੱਖ ਇਮਾਰਤ ਦਾ ਚੱਕਰ ਲਵਾਇਆ। ਅਸੀਂ ਦੋ ਜਣੇ ਲੈਬ ਦੇ ਸ਼ੈਲਫ ਅਤੇ ਉਪਕਰਨਾਂ ਦੀ ਸਫ਼ਾਈ ਤੇ ਸਾਂਭ-ਸੰਭਾਲ ਦਾ ਸ਼ੌਂਕ ਰੱਖਦੇ ਸਾਂ। ਹਰ ਪ੍ਰੈਕਟੀਕਲ ਦੀ ਪੂਰੀ ਸਮਝ ਆ ਗਈ। ਨੰਬਰਾਂ ਦੇ ਆਧਾਰ ’ਤੇ ਬੀਟੀ ਵਿੱਚ ਸੀਟ ਮਿਲ ਗਈ। ਪਿੰਡਾਂ ਦੇ ਸਕੂਲ ਦੇਖੇ। ਪੜ੍ਹਾਉਣ ਦੇ ਮਜ਼ੇ ਲਏ। ਖ਼ਾਲਸਾ ਕਾਲਜ ਸਕੂਲ ਵਿੱਚ ਸਾਇੰਸ ਮਾਸਟਰ ਲੱਗ ਗਿਆ।
ਉਦੋਂ ਸਕੂਲਾਂ ਵਿੱਚ ਨਕਲ ਬਿਲਕੁਲ ਨਹੀਂ ਸੀ ਹੁੰਦੀ ਪਰ 1960ਵਿਆਂ ਵਿੱਚ ਸਾਡੇ ਦੇਖਦੇ-ਦੇਖਦੇ ਸੁਪਰਡੈਂਟਾਂ ਨੇ ਓਪਰੇ ਸਕੂਲਾਂ ’ਚੋਂ ਕਮਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਿਤਾਬਾਂ ’ਚੋਂ ਪਾੜੇ ਹੋਏ ਵਰਕੇ, ਹੱਥ ਲਿਖਤ ਪਰਚੀਆਂ ਪ੍ਰੀਖਿਆ ਹਾਲ ਵਿੱਚ ਪਹੁੰਚਾਉਣ ਦੀਆਂ ਨਵੀਆਂ-ਨਵੀਆਂ ਸਕੀਮਾਂ ਧਿਆਨ ’ਚ ਆਉਣੀਆਂ ਸ਼ੁਰੂ ਹੋਈਆਂ। ਪਰਚਾ ਸ਼ੁਰੂ ਹੋਣ ਤੋਂ ਦਸ ਮਿੰਟ ਬਾਅਦ ਹੀ ਕਈਆਂ ਨੇ ਪਿਸ਼ਾਬ ਕਰਨ ਜਾਣ ਦੀ ਛੁੱਟੀ ਮੰਗਣੀ। ਵਾਰ-ਵਾਰ ਪਾਣੀ ਮੰਗਣਾ।
ਕਾਲਜਾਂ ਵਿੱਚ ਨਕਲ ਮਾਰਨ ਦਾ ਰੁਝਾਨ 1969 ਵਿੱਚ ਯੂਨੀਵਰਸਿਟੀ ਬਣਨ ਤੋਂ ਬਾਅਦ ਆਰੰਭ ਹੋਇਆ। ਮੈਂ ਵੀ ਕਾਲਜ ਵਿੱਚ ਨਵਾਂ-ਨਵਾਂ ਸਾਂ ਪਰ ਮੈਂ ਸਕੂਲਾਂ ਦੀ ਹਾਲਤ ਦੇਖੀ ਹੋਈ ਸੀ। ਉਹ ਬਿਮਾਰੀ ਕਾਲਜਾਂ ਵਿੱਚ ਵੀ ਆ ਗਈ। ਕਾਲਜ ਦੇ ਵਿਦਿਆਰਥੀ ਹਮੇਸ਼ਾ ਅਨੁਸ਼ਾਸਨ ਵਿੱਚ ਰਹਿੰਦੇ ਸਨ, ਪ੍ਰੋਫੈਸਰਾਂ ਦੀ ਦਿਲੋਂ ਇੱਜ਼ਤ ਕਰਦੇ ਸਨ ਪਰ ਇਮਤਿਹਾਨਾਂ ਵਿੱਚ ਗ਼ੈਰ-ਵਾਜਿਬ ਤਰੀਕੇ ਵਰਤਣ ਲਈ ਉਨ੍ਹਾਂ ਦੀਆਂ ਜੁਗਤਾਂ ਕਮਾਲ ਦੀਆਂ ਸਨ। ਕਾਲਜ ਹਾਲ ਦੇ ਸਾਰੇ ਦਰਵਾਜ਼ਿਆਂ ਦੀਆਂ ਚੁਗਾਠਾਂ ਵਿੱਚ ਅੱਧੀ-ਅੱਧੀ ਇੰਚ ਮੋਟੇ ਛੇਕ ਕਰ ਛੱਡੇ, ਪਰਚੀਆਂ ਵਾੜਨ ਲਈ। ਜੇ ਕਾਲਜ ਨੇ ਪ੍ਰਬੰਧ ਸੈਂਟਰ ਉਪਰਲੀ ਛੱਤ ’ਤੇ ਕਰ ਦਿੱਤਾ ਤਾਂ ਮੀਂਹ ਦੇ ਪਾਣੀ ਦੀਆਂ ਪਾਈਪਾਂ ਨਾਲ ਲੰਗੂਰਾਂ ਵਾਂਗ ਉਪਰ ਚੜ੍ਹਨ ਲੱਗੇ। ਪਾਈਪਾਂ ਨੂੰ ਗ੍ਰੀਸ ਲਾਈ ਤਾਂ ਪਰਚੀਆਂ ਨੂੰ ਪੱਥਰਾਂ ਵਿੱਚ ਵਲ੍ਹੇਟ ਕੇ ਬਰਾਂਡਿਆਂ ’ਚ ਸੁੱਟਣ ਲੱਗੇ। ਪਾਣੀ ਪਿਆਉਣ ਵਾਲਿਆਂ ਨਾਲ ਬਣਾਈ ਹੁੰਦੀ ਸੀ। ਸ਼ਰਾਬ ਦੀ ਬੋਤਲ ’ਤੇ ਰੋਲ ਨੰਬਰ ਲਿਖ ਕੇ ਸੁਪਰਡੈਂਟ/ ਸੁਪਰਵਾਈਜ਼ਰ ਦੇ ਘਰ ਜਾ ਕੇ ਗੱਲਬਾਤ ਹੁੰਦੀ ਸੀ। ਪ੍ਰਚਲਿਤ ਮੁਹਾਵਰਾ ਸੀ- ਜ਼ਰਾ ਖਿਆਲ ਰੱਖਣਾ।
ਇੱਕ ਦਿਨ ਸੈਕੰਡੀਅਰ ਕਲਾਸ ਵਿੱਚ ਮੈਂ ਕੁਝ ਲਿਖਾ ਰਿਹਾ ਸਾਂ। ਸਭ ਤੋਂ ਪਿੱਛੇ ਬੈਠੇ ਲੜਕੇ ’ਤੇ ਸ਼ੱਕ ਜਿਹਾ ਹੋਇਆ। ਪੁੱਛਿਆ- “ਕੀ ਲਿਖਿਆ ਈ?” ਉਹਨੇ ਹੂ-ਬ-ਹੂ ਜੋ ਲਿਖਾਇਆ ਸੀ, ਪੜ੍ਹ ਸੁਣਾਇਆ। ਥੋੜ੍ਹੀ ਦੇਰ ਬਾਅਦ ਮੈਂ ਉਸ ਦੀਆਂ ਉਂਗਲਾਂ ਦੀ ਹਰਕਤ ਨੂੰ ਧਿਆਨ ਨਾਲ ਵਾਚਿਆ। ਫਿਰ ਲਾਗੇ ਜਾ ਕੇ ਉਸ ਦੀ ਕਾਪੀ ਦੇਖੀ ਤਾਂ ਮੇਰੇ ਹੋਸ਼ ਉਡ ਗਏ। ਉਹ ਪੰਜਾਬੀ ਲਿਪੀ ਵਿੱਚ ਲਫ਼ਜ਼-ਬ-ਲਫ਼ਜ਼ ਬੜੀ ਸਫ਼ਾਈ ਨਾਲ ਲਿਖ ਚੁੱਕਾ ਸੀ। ਪਤਾ ਲੱਗਾ ਕਿ ਉਹਨੂੰ ਅੰਗਰੇਜ਼ੀ ਸਕਰਿਪਟ ਲਿਖਣ ਦਾ ਕੋਈ ਤਜਰਬਾ ਨਹੀਂ। ਮੈਂ ਕੀ ਕਰ ਸਕਦਾ ਸਾਂ? ਕੁਝ ਸਾਲਾਂ ਬਾਅਦ ਜਦੋਂ ਮੈਂ ਉਸ ਨੂੰ ਫਿਰ ਕਾਲਜ ’ਚ ਦੇਖਿਆ ਤਾਂ ਆਖਣ ਲੱਗਾ, “ਸਰ, ਮੈਂ ‘ਸਕੋਰਟੀ’ ਲੈਣ ਆਇਆ ਹਾਂ।” ‘ਅੱਜ ਕੱਲ੍ਹ ਕੀ ਕਰਦਾ ਏਂ?...’ ਪੁੱਛਣ ’ਤੇ ਉਹਨੇ ਬੜੇ ਵਿਸ਼ਵਾਸ ਨਾਲ ਕਿਹਾ, “ਸਰ ਪਾਸ ਤਾਂ ਮੈਂ ਹੋ ਨਹੀਂ ਸੀ ਰਿਹਾ; ਅਖ਼ੀਰ ਸਾਡੀ ਪੈਲ਼ੀ ਹੈਗੀ ਸੀ, ਮੈਂ ਪਿੰਡ ਦੇ ਬਾਹਰ ਆਪਣਾ ਸਕੂਲ ਹੀ ਖੋਲ੍ਹ ਲਿਆ ਜੋ ਬਹੁਤ ਚੰਗੀ ਤਰ੍ਹਾਂ ਚੱਲ ਰਿਹਾ ਹੈ।”
ਫਿਰ ਪਰਚਿਆਂ ਮਗਰ ਜਾਣਾ, ਯੂਨੀਵਰਸਿਟੀ ਨਾਲ ਗੰਢ-ਤਰੁਪ ਕਰ ਕੇ ਰਿਵੈਲਿਊਏਸ਼ਨ ਕਰਵਾਉਣੀ, ਪਰਚੇ ਲੀਕ ਕਰਨੇ, ਹੋਰ ਕਈ ਖਲਜਗਣ ਕਰਦਾ ਨਕਲ ਮਾਫ਼ੀਆ ਸਭ ਦੀਆਂ ਅਕਲਾਂ ਨੂੰ ਪਿੱਛੇ ਛੱਡ ਗਿਆ ਹੈ। ਪਾਸ-ਫੇਲ੍ਹ ਦਾ ਤਾਂ ਹੁਣ ਮਸਲਾ ਹੀ ਨਹੀਂ। 10ਵੀਂ-12ਵੀਂ ’ਚ ਜਿੱਥੇ ਹਰ ਵਿਸ਼ੇ ’ਚ 100% ਲੈਣ ਵਾਲੇ ਲੜਕੀਆਂ ਲੜਕਿਆਂ ਦੀ ਭਰਮਾਰ ਹੈ, 90% ਵਾਲੇ ਰੋਂਦੇ ਦੇਖੀਦੇ ਹਨ। ਹੁਣ ਮਸਲਾ ਹੈ ਮੈਡੀਕਲ ਜਾਂ ਆਈਆਈਟੀ ਵਿੱਚ ਸੀਟ ਦਾ, ਨੌਕਰੀ ਦਾ, ਤਰੱਕੀ ਦਾ, ਲਾਭ ਦਾ। ਇਸ ਸਭ ਲਈ ਅਰਦਾਸਾਂ ਹੁੰਦੀਆਂ ਹਨ। ਦੂਜੇ ਪਾਸੇ ਬਾਬਾ ਜੀ ਦਾ ਆਪਣਾ ਸਟੈਂਡਰਡ ਵੀ ਉਹ ਨਹੀਂ ਰਿਹਾ। ਹੁਣ ਨਕਦੀ ਦੇ ਨਾਲ-ਨਾਲ ਕਈ ਮੱਸਿਆ ਨਹਾਉਣੀਆਂ ਵੀ ਸੁੱਖਣੀਆਂ ਪੈਂਦੀਆਂ; ਘੱਟੋ-ਘੱਟ ਪੰਜ ਚੁਪਹਿਰੇ ਵੀ ਕੱਟਣੇ ਪੈਂਦੇ... ਉਹ ਵੀ ਐਤਵਾਰਾਂ ਨੂੰ। ਮੈਨੂੰ ਆਪਣੀਆਂ ਪੰਜਾਂ ਪੈਸਿਆਂ ਦੀਆਂ ਫੁੱਲੀਆਂ ਯਾਦ ਆ ਰਹੀਆਂ ਹਨ।
ਸੰਪਰਕ: 80545-97595

Advertisement

Advertisement
Author Image

joginder kumar

View all posts

Advertisement