For the best experience, open
https://m.punjabitribuneonline.com
on your mobile browser.
Advertisement

ਮੈਨੇ ਕਬ ਤੁਮ ਸੇ ਕਹਾ ਥਾ...

05:40 AM Nov 28, 2024 IST
ਮੈਨੇ ਕਬ ਤੁਮ ਸੇ ਕਹਾ ਥਾ
Advertisement

ਅਵਤਾਰ ਸਿੰਘ

Advertisement

ਬਚਪਨ ਵਿਚ ਦੂਜੀ ਤੀਜੀ ਜਮਾਤ ਦੀਆਂ ਕਿਤਾਬਾਂ ਵਿਚ ਬੜੀਆਂ ਦਿਲਚਸਪ, ਕੰਮ ਦੀਆਂ ਤੇ ਗੰਭੀਰ ਗੱਲਾਂ ਹੁੰਦੀਆਂ ਸਨ ਜਿਨ੍ਹਾਂ ਦੀ ਮਹੱਤਤਾ ਹਰ ਘਰ, ਕਿੱਤੇ, ਖ਼ਿੱਤੇ, ਸਮੇਂ ਅਤੇ ਸਮਾਜ ਤੱਕ ਮਹਿਸੂਸ ਕੀਤੀ ਜਾ ਸਕਦੀ ਸੀ। ਕਾਸ਼ ਉਹ ਕਿਤਾਬਾਂ ਕਿਤੇ ਮਿਲ ਜਾਣ ਤੇ ਉਨ੍ਹਾਂ ਨੂੰ ਅੱਜ ਦੇ ਬੱਚੇ ਪੜ੍ਹਨ ਤਾਂ ਉਹ ਉਨ੍ਹਾਂ ਵਿਚਲੀ ਅਨਮੋਲ ਸਿੱਖਿਆ ਦਾ ਲਾਹਾ ਲੈ ਸਕਣ।
ਉਨ੍ਹਾਂ ਦਿਨਾਂ ਵਿਚ ਜਦ ਸਕੂਲ ਦੇ ਨਤੀਜੇ ਬੋਲਦੇ ਸਨ ਤਾਂ ਸਾਰੇ ਬੱਚੇ ਵੱਡੀ ਜਮਾਤ ਦੇ ਬੱਚਿਆਂ ਨਾਲ ਪਹਿਲਾਂ ਹੀ ਉਨ੍ਹਾਂ ਦੀਆਂ ਕਿਤਾਬਾਂ ਅੱਧ ਮੁੱਲ ’ਤੇ ਲੈਣ ਲਈ ਸਾਈਆਂ ਵਧਾਈਆਂ ਲਾ ਲੈਂਦੇ ਸਨ। ਜਿਹਨੇ ਵੀ ਆਪਣੀਆਂ ਕਿਤਾਬਾਂ ਸਾਂਭ ਕੇ ਸਾਫ ਸੁਥਰੀਆਂ ਤੇ ਕੱਸਵੀਂ ਹਾਲਤ ਵਿਚ ਰੱਖੀਆਂ ਹੁੰਦੀਆਂ, ਉਨ੍ਹਾਂ ਦੇ ਗਾਹਕ ਵੀ ਵਧੇਰੇ ਹੁੰਦੇ ਤੇ ਉਨ੍ਹਾਂ ਨੂੰ ਕਦੇ-ਕਦੇ ਅੱਧ ਮੁੱਲ ਤੋਂ ਵਧੇਰੇ ਪੈਸੇ ਵੀ ਮਿਲ ਜਾਂਦੇ ਪਰ ਜਿਹਦੀਆਂ ਕਿਤਾਬਾਂ ਢਿਲਕੂ-ਢਿਲਕੂ ਤੇ ਮੈਲੀਆਂ ਕੁਚੈਲੀਆਂ ਹੁੰਦੀਆਂ, ਉਹਦੀਆਂ ਕਿਤਾਬਾਂ ਦਾ ਗਾਹਕ ਵੀ ਕੋਈ-ਕੋਈ ਹੁੰਦਾ ਸੀ ਤੇ ਉਹ ਅਕਸਰ ਅੱਧ ਮੁੱਲ ’ਤੇ ਨਹੀਂ ਸਨ ਵਿਕਦੀਆਂ। ਮੇਰੀਆਂ ਕਿਤਾਬਾਂ ਬੇਸ਼ੱਕ ਮੈਲੀਆਂ ਨਹੀਂ ਸੀ ਹੁੰਦੀਆਂ ਪਰ ਉਹ ਜ਼ਿਆਦਾ ਪੜ੍ਹਦੇ ਰਹਿਣ ਕਾਰਨ ਢਿਲਕ ਜ਼ਰੂਰ ਜਾਂਦੀਆਂ ਸਨ। ਇਸ ਕਰ ਕੇ ਉਹ ਹਮੇਸ਼ਾ ਅੱਧ ਮੁੱਲ ਜੋਗੀਆਂ ਹੀ ਰਹਿੰਦੀਆਂ ਸਨ। ਵੈਸੇ ਵੀ ਮੈਨੂੰ ਕਦੇ ਆਪਣੀਆਂ ਕਿਤਾਬਾਂ ਦਾ ਸੌਦਾ ਕਰਨਾ ਚੰਗਾ ਨਹੀਂ ਸੀ ਲਗਦਾ ਤੇ ਨਾ ਹੀ ਸੌਦਾ ਕਰਨਾ ਆਉਂਦਾ ਸੀ। ਜਿਹਨੇ ਸਭ ਤੋਂ ਪਹਿਲਾਂ ਕਹਿ ਦਿੱਤਾ, ਉਹਨੂੰ ਕਿਤਾਬਾਂ ਚੁਕਾ ਦੇਣੀਆਂ ਤੇ ਪੈਸੇ ਵੀ ਜਿੰਨੇ ਮਿਲੇ, ਓਨੇ ਹੀ ਲੈ ਲੈਣੇ। ਕਈ ਵਾਰੀ ਤਾਂ ਕਿਸੇ ਨੇ ਉਧਾਰ ਕਰ ਲੈਣਾ ਤੇ ਮੁੜ ਕੇ ਭੁੱਲ ਜਾਣਾ। ਸਾਡੇ ਸਮਾਜ ਵਿਚ ਉਧਾਰ ਦੇ ਕੇ ਵਾਪਸ ਲੈਣਾ ਬੇਹੱਦ ਮੁਸ਼ਕਿਲ ਹੁੰਦਾ ਹੈ। ਸੱਚ ਦੱਸਾਂ, ਕਈ ਦੋਸਤਾਂ ਦਾ ਉਧਾਰ ਤਾਂ ਮੇਰੇ ਕੋਲੋਂ ਵੀ ਮੋੜਿਆ ਨਹੀਂ ਗਿਆ।
ਮੇਰੀਆਂ ਉਨ੍ਹਾਂ ਕਿਤਾਬਾਂ ਵਿਚ ਇਕ ਕਹਾਣੀ ਸੀ ਕਿ ਦੋ ਔਰਤਾਂ ਇਕ ਬੱਚੇ ਨੂੰ ਲੈ ਕੇ ਝਗੜ ਪਈਆਂ। ਇਕ ਕਹੇ, ਮੇਰਾ ਬੱਚਾ ਹੈ; ਦੂਜੀ ਕਹੇ, ਮੇਰਾ ਹੈ। ਝਗੜਾ ਵਧ ਗਿਆ ਤੇ ਫੈਸਲਾ ਹੋਣਾ ਮੁਸ਼ਕਿਲ ਹੋ ਗਿਆ। ਗੱਲ ਬਾਦਸ਼ਾਹ ਤੱਕ ਚਲੀ ਗਈ। ਬਾਦਸ਼ਾਹ ਨੇ ਬਥੇਰੀ ਸੋਚ ਵਿਚਾਰ ਕੀਤੀ ਪਰ ਗੱਲ ਦੀ ਕੋਈ ਸਮਝ ਨਾ ਲੱਗੇ ਕਿ ਬੱਚੇ ਦੀ ਅਸਲ ਮਾਂ ਕਿਹੜੀ ਹੈ। ਅਖ਼ੀਰ ਉਹਨੂੰ ਤਰਕੀਬ ਸੁੱਝੀ; ਉਹਨੇ ਐਲਾਨ ਕਰ ਦਿੱਤਾ ਕਿ ਬੱਚੇ ਦੇ ਦੋ ਟੁਕੜੇ ਕਰ ਦਿਓ ਤੇ ਦੋਵਾਂ ਔਰਤਾਂ ਨੂੰ ਇੱਕ-ਇੱਕ ਟੁਕੜਾ ਦੇ ਦਿਓ। ਇਹ ਐਲਾਨ ਸੁਣਦੇ ਸਾਰ ਬੱਚੇ ਦੀ ਅਸਲ ਮਾਂ ਦੀ ਜਾਨ ਨਿਕਲ ਗਈ; ਉਹਨੇ ਤਰਲਾ ਲਿਆ- ਬੇਸ਼ੱਕ ਬੱਚਾ ਉਹਨੂੰ ਹੀ ਦੇ ਦਿਓ ਪਰ ਇਸ ਦੇ ਟੁਕੜੇ ਨਾ ਕਰੋ।...
ਬਾਦਸ਼ਾਹ ਨੂੰ ਇੰਨੀ ਗੱਲ ਨਾਲ ਪਤਾ ਲੱਗ ਗਿਆ ਕਿ ਬੱਚੇ ਦੀ ਅਸਲ ਮਾਂ ਕੌਣ ਹੈ।
ਬਾਦਸ਼ਾਹ ਨੂੰ ਪਤਾ ਸੀ ਕਿ ਅਸਲ ਮਾਂ ਹਰ ਸੂਰਤ ਵਿਚ ਆਪਣੇ ਬੱਚੇ ਦੀ ਸਲਾਮਤੀ ਚਾਹੁੰਦੀ ਹੈ ਤੇ ਮਤ੍ਰੇਈਆਂ ਨੂੰ ਬੱਚੇ ਦੀ ਵੱਢ ਟੁੱਕ ਨਾਲ ਕੋਈ ਫਰਕ ਨਹੀਂ ਪੈਂਦਾ। ਲੂਣਾ ਤੇ ਇੱਛਰਾਂ ਵਿਚ ਵੀ ਇਹੀ ਫਰਕ ਹੈ। ਪੂਰਨ ਦੀ ਵੱਢ ਟੁੱਕ ਨਾਲ ਲੂਣਾ ਨੂੰ ਕੋਈ ਫਰਕ ਨਹੀਂ ਸੀ ਪਿਆ ਤੇ ਇੱਛਰਾਂ ਵਿਚਾਰੀ ਦਾ ਬਾਗ ਹੀ ਸੁੱਕ ਗਿਆ ਸੀ, ਉਹਦੀ ਨਜ਼ਰ ਵੀ ਜਵਾਬ ਦੇ ਗਈ ਸੀ। ਪੁੱਤਰ ਦੇ ਬਗੈਰ ਮਾਂ ਨੇ ਦੇਖਣਾ ਵੀ ਕੀ ਹੁੰਦਾ ਹੈ। ਪੁੱਤਰ ਦੇ ਬਗੈਰ ਮਾਂ ਲਈ ਇਸ ਜਹਾਨ ਵਿਚ ਰੱਖਿਆ ਹੀ ਕੀ ਹੁੰਦਾ ਹੈ।
ਸਾਡੇ ਮੁਲਕ ਦੀ ਆਜ਼ਾਦੀ ਦੀ ਲਹਿਰ ਸਮੇਂ ਕੋਈ ਇਸ ਨੂੰ ਗੁਲਸ਼ਨ ਕਹਿੰਦਾ ਸੀ, ਕੋਈ ਦੁਲਹਨ ਤੇ ਕੋਈ ਇਸ ਨੂੰ ਮਾਂ ਕਹਿੰਦਾ ਸੀ। ਸਾਡੇ ਦੇਸ਼ ਨੇ ਤਾਂ ਕਿਸੇ ਨੂੰ ਕੁਝ ਨਹੀਂ ਸੀ ਕਿਹਾ ਕਿ ਉਹਨੂੰ ਕੀ ਕਿਹਾ ਜਾਵੇ। ਹਰੇਕ ਦੀ ਆਪੋ-ਆਪਣੀ ਸੋਚ, ਸਮਝ ਅਤੇ ਆਪਣਾ ਹੀ ਅਹਿਸਾਸ ਸੀ। ਇਸ ਲਈ ਸੋਚਣਾ ਬਣਦਾ ਹੈ ਕਿ ਇਸ ਦੇਸ਼ ਨੂੰ ਜਿਸ ਨੇ ਵੀ ਤੇ ਜੋ ਕੁਝ ਵੀ ਕਿਹਾ, ਕੀ ਉਸ ਨੇ ਉਸ ਗੱਲ, ਰਿਸ਼ਤੇ ਅਤੇ ਅਹਿਸਾਸ ਦਾ ਖਿਆਲ ਵੀ ਰੱਖਿਆ?
ਜਦ ਬਾਬਰ ਨੇ ਹਿੰਦੁਸਤਾਨ ’ਤੇ ਹਮਲਾ ਕੀਤਾ ਤਾਂ ਗੁਰੂ ਨਾਨਕ ਨੇ ਰੱਬ ਕੋਲ ਆਪਣਾ ਇਤਰਾਜ਼ ਦਰਜ ਕਰਵਾਇਆ ਕਿ ਉਸ ਨੇ ਜ਼ਾਲਮ ਤੇ ਲੁਟੇਰੇ ਬਾਬਰ ਤੋਂ ਖੁਰਾਸਾਨ ਨੂੰ ਬਚਾ ਲਿਆ ਹੈ ਤੇ ਹਿੰਦੋਸਤਾਨ ਲਈ ਮੁਸ਼ਕਿਲ ਖੜ੍ਹੀ ਕਰ ਦਿਤੀ ਹੈ। ਗੁਰੂ ਨਾਨਕ ਨੇ ਇਹ ਵੀ ਕਿਹਾ- ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿੰਦੁਸਤਾਨੁ ਸਮਾਲਸੀ ਬੋਲਾ।
ਗੁਰੂ ਨਾਨਕ ਨੇ ਇਸ ਮਹਾਂਵਾਕ ਰਾਹੀਂ ਚਿਤਾਵਨੀ ਦਿੱਤੀ ਸੀ ਕਿ ਜੇ ਹਿੰਦੁਸਤਾਨ ਨੇ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਨੂੰ ਨਾ ਅਪਣਾਇਆ ਤਾਂ ਇਹ ਅੰਦਰੋਂ ਬਾਹਰੋਂ ਟੁਕੜੇ-ਟੁਕੜੇ ਹੋਵੇਗਾ। ਗੁਰੂ ਨਾਨਕ ਦੀ ਇਸ ਚਿਤਾਵਨੀ ਨੂੰ ਨਾ ਗੌਲਣ ਕਾਰਨ ਹਿੰਦੁਸਤਾਨ ਮੁਗਲਾਂ ਅਧੀਨ ਹੋ ਗਿਆ। ਉੱਥੋਂ ਨਿਕਲਿਆ ਤਾਂ ਅੰਗਰੇਜ਼ਾਂ ਦੇ ਅਧੀਨ ਹੋ ਗਿਆ। ਉੱਥੋਂ ਨਿਕਲਣ ਦਾ ਮੌਕਾ ਬਣਿਆ ਤਾਂ ਇਸ ਦੀਆਂ ਕਈ ਮਾਵਾਂ ਜਾਗ ਪਈਆਂ ਤੇ ਇਸ ਦੀ ਮਾਲਕੀ ਨੂੰ ਲੈ ਕੇ ਆਪਸ ਵਿਚ ਝਗੜ ਪਈਆਂ। ਸ਼ਾਇਦ ਗੋਰੇ ਨੇ ਉਸ ਸਿਆਣੇ ਰਾਜੇ ਵਾਂਗ ਹਿੰਦੁਸਤਾਨ ਦੇ ਟੁਕੜੇ ਕਰਨ ਦਾ ਆਦੇਸ਼ ਦੇ ਦਿੱਤਾ ਤੇ ਇਨ੍ਹਾਂ ਆਧੁਨਿਕ ਮਾਵਾਂ ਨੇ ਆਪਣੇ ਬੱਚੇ ਦੇ ਟੁਕੜੇ ਹੋਣੇ ਸਵੀਕਾਰ ਕਰ ਲਏ ਤੇ ਖਿੜੇ ਮੱਥੇ ਆਪੋ-ਆਪਣੀਆਂ ਝੋਲੀਆਂ ਵਿਚ ਪੁਆ ਲਏ।
ਦੇਸ਼ ਤਾਂ ਕਿਸੇ ਦਾ ਬੱਚਾ ਨਹੀਂ ਬਲਕਿ ਮਾਂ ਹੁੰਦਾ ਹੈ। ਇਸ ਲਈ ਜੇ ਇਹ ਦੇਸ਼ ਸਾਡਾ ਬੱਚਾ ਹੁੰਦਾ ਤਾਂ ਅਸੀਂ ਇਸ ਦੇ ਟੁਕੜੇ ਹੋਣੋ ਰੋਕ ਲੈਂਦੇ ਪਰ ਇਹ ਤਾਂ ਸਾਡੀ ਮਾਂ ਸੀ ਤੇ ਅਸੀਂ ਇਸ ਦੇ ਨਪੈਥਰ ਬੱਚਿਆਂ ਨੇ ਟੁਕੜੇ ਹੋ ਲੈਣ ਦਿੱਤੇ ਤੇ ਸਵੀਕਾਰ ਵੀ ਕਰ ਲਏ ਤੇ ਆਪਣੀ ਝੋਲੀ ਵਿਚ ਪੁਆ ਲਏ। ਜੇ ਇਹ ਦੇਸ਼ ਸਾਡੀ ਮਾਂ ਹੈ ਤਾਂ ਅਸੀਂ ਇਸ ਦੇ ਕਾਤਲ ਬੱਚੇ ਹਾਂ ਤੇ ਜੇ ਇਹ ਸਾਡਾ ਬੱਚਾ ਹੈ ਤਾਂ ਅਸੀਂ ਇਸ ਦੀਆਂ ਕਾਤਲ ਮਾਵਾਂ ਹਾਂ।
ਅੱਜ ਅਸੀਂ ਕਿਸੇ ਦੇ ਨਹੀਂ ਬਲਕਿ ਆਪਣੇ ਹੀ ਗ਼ੁਲਾਮ ਹਾਂ। ਅੱਜ ਸਾਨੂੰ ਸਾਂਝੀਵਾਲਤਾ ਅਤੇ ਸਰਬੱਤ ਦਾ ਭਲਾ ਚੰਗਾ ਨਹੀਂ ਲੱਗਦਾ। ਕਿਸੇ ਨੂੰ ਸਿਰਫ ‘ਜੈ ਜਵਾਨ ਜੈ ਕਿਸਾਨ’ ਚੰਗਾ ਲੱਗਦਾ ਹੈ ਤੇ ਕਿਸੇ ਨੂੰ ‘ਜਵਾਨ ਕਿਸਾਨ ਤੇ ਭਲਵਾਨ’ ਚੰਗਾ ਲੱਗਦਾ ਹੈ। ਕਈ ਤਾਂ ਅੱਜ ਵੀ ਆਪਣੀ ਇਸ ਮਾਂ ਜਾਂ ਬੱਚੇ ਦੇ ਟੁਕੜੇ ਕਰਾਉਣ ਅਤੇ ਲੈਣ ਲਈ ਝੋਲੀ ਅੱਡੀ ਖੜ੍ਹੇ ਹਨ। ਕੌਣ ਹੈ ਜੋ ਆਪਣੀ ਇਸ ਮਾਂ ਜਾਂ ਬੱਚੇ ਦੀ ਸਲਾਮਤੀ ਵਿਚ ਹੀ ਭਲਾ ਚਾਹੁੰਦਾ ਹੈ!
ਜੇ ਦੇਸ਼ ਸਾਡੀ ਮਾਂ ਹੈ ਤਾਂ ਕੋਈ ਮਾਂ ਕਦੇ ਵੀ ਆਪਣੇ ਬੱਚਿਆਂ ਵਿਚ ਵਿਤਕਰਾ ਨਹੀਂ ਕਰਦੀ। ਹਰ ਮਾਂ ਆਪਣੇ ਹਰ ਬੱਚੇ ਦਾ ਭਲਾ ਚਾਹੁੰਦੀ ਹੈ ਤੇ ਭਲਾ ਹਮੇਸ਼ਾ ਰਲ ਮਿਲ ਕੇ ਰਹਿਣ ਵਿਚ ਹੁੰਦਾ ਹੈ। ਕਿਸੇ ਵੀ ਤਰ੍ਹਾਂ ਦੀ ਫੁੱਟ ਹਰ ਆਬਾਦੀ ਲਈ ਬਰਬਾਦੀ ਲੈ ਕੇ ਆਉਂਦੀ ਹੈ; ਮਿਲਵਰਤਣ ਵਿਚ ਹੀ ਹਰ ਤਰ੍ਹਾਂ ਦਾ ਤੇ ਸਰਬੱਤ ਦਾ ਭਲਾ ਹੁੰਦਾ ਹੈ। ਚੰਦ ਲੋਕਾਂ ਦਾ ਸਮੂਹ ਦੇਸ਼ ਨਹੀਂ, ਦੇਸ਼ ਦਾ ਹਰ ਬਾਸਿ਼ੰਦਾ ਦੇਸ਼ ਹੈ। ਇਸ ਕਰ ਕੇ ਜੇ ਸਾਨੂੰ ਸਿਰਫ ਆਪੋ-ਆਪਣਾ ਭਲਾ ਹੀ ਚਾਹੀਦਾ ਹੈ, ਦੇਸ਼ ਬੇਸ਼ਕ ਪਵੇ ਢੱਠੇ ਖੂਹ ਵਿਚ ਤਾਂ ਇਹ ਦੇਸ਼ ਸਾਨੂੰ ਜ਼ਰੂਰ ਪੁੱਛੇਗਾ:
ਮੈਨੇ ਕਬ ਤੁਮ ਸੇ ਕਹਾ ਥਾ ਕਿ ਮੁਝੇ ਪਿਆਰ ਕਰੋ, ਪਿਆਰ ਜਬ ਤੁਮ ਨੇ ਕੀਆ ਥਾ ਤੋ ਨਿਭਾਇਆ ਹੋਤਾ। (ਸ਼ਕੀਲ ਬਦਾਯੂੰਨੀ)
ਸੰਪਰਕ: 94175-18384

Advertisement

Advertisement
Author Image

joginder kumar

View all posts

Advertisement