ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉਹ ਸੋਚਦਾ ਹੈ

08:55 AM Jul 13, 2023 IST

ਪਵਨ ਪੰਜਾਬੀ

Advertisement

‘‘ਪਾਪਾ! ਮੈਂ ਕੱਲ੍ਹ ਨੂੰ ਸਕੂਲ ਨ੍ਹੀਂ ਜਾਣਾ।’’
‘‘ਪਾਪਾ! ਮੈਂ ਵੀ ਨ੍ਹੀਂ ਜਾਣਾ।’’
ਸ਼ਾਮ ਨੂੰ ਰੋਟੀ ਖਾਂਦਿਆਂ ਉਸ ਦੇ ਅੱਠਵੀਂ ਤੇ ਨੌਵੀਂ ਕਲਾਸ ’ਚ ਪੜ੍ਹਦੇ ਦੋਵੇਂ ਬੱਚੇ ਝਿਜਕਦੇ-ਝਿਜਕਦੇ ਆਖਦੇ ਹਨ।
ਉਹ ਬੱਚਿਆਂ ਵੱਲ ਦੇਖਦਾ ਹੈ, ਪਰ ਉਸ ਦੀਆਂ ਅੱਖਾਂ ਵਿੱਚ ਕੋਈ ਸਵਾਲ ਨਹੀਂ ਹੈ। ਕੋਈ ਘੂਰ ਨਹੀਂ ਹੈ। ਉਸ ਦੇ ਮੁੂੰਹੋਂ ‘ਕਿਉਂ’ ਸ਼ਬਦ ਨਹੀਂ ਨਿਕਲਦਾ। ਉਹ ਜਾਣਦਾ ਹੈ ਕਿ ਬੱਚੇ ਸਕੂਲ ਨਾ ਜਾਣ ਲਈ ਕਿਉਂ ਕਹਿ ਰਹੇ ਹਨ। ਬੱਚੇ ਠੀਕ ਹੀ ਤਾਂ ਕਹਿ ਰਹੇ ਹਨ। ਸਕੂਲ ਵਿੱਚ ਅਧਿਆਪਕ ਉਨ੍ਹਾਂ ਨੂੰ ਘੂਰਦੇ ਹਨ: ‘ਫੀਸਾਂ ਲਿਆਓ। ਕਿਤਾਬਾਂ/ਕਾਪੀਆਂ ਪੂਰੀਆਂ ਨਹੀਂ। ਵਰਦੀਆਂ ਪਾ ਕੇ ਆਓ।’ ਅਧਿਆਪਕ ਆਪਣੀ ਥਾਂ ਠੀਕ ਹਨ। ਬੱਚੇ ਆਪਣੀ ਥਾਂ ਸਹੀ ਹਨ ਤੇ ਮੈਂ ਆਪਣੀ...।
ਤੇ ਫਿਰ ਉਹ ਸੋਚਦਾ ਹੈ, ‘ਮੈਂ ਵੀ ਕੀ ਕਰਾਂ? ਕਿੱਥੋਂ ਭਰਾ ਫੀਸਾਂ? ਕਾਹਦੇ ਨਾਲ ਕਿਤਾਬਾਂ/ਕਾਪੀਆਂ ਲਿਆਵਾਂ? ਕਿਹੜੀ ਦੁਕਾਨ ਲੁੱਟ ਕੇ ਵਰਦੀਆਂ ਲੈ ਆਵਾਂ? ਛੇ ਮਹੀਨੇ ਹੋ ਗਏ ਤਨਖ਼ਾਹ ਨਹੀਂ ਮਿਲੀ ਕਿਸੇ ਨੂੰ, ਸਾਰੇ ਔਖੇ ਨੇ, ਮੈਂ ਵੀ ਔਖਾਂ ਹਾਂ।’
ਫਿਰ ਉਹ ਸੋਚਦਾ ਹੈ, ‘‘ਬੇਬੇ ਬਾਪੂ ਦੀ ਪੈਨਸ਼ਨ ਵੀ ਨਹੀਂ ਆਈ ਦੋ ਮਹੀਨੇ ਹੋ ਗਏ। ਥੋੜ੍ਹਾ-ਬਹੁਤਾ ਘਰ ਦਾ ਲੂਣ ਤੇਲ ਹੀ ਆ ਜਾਂਦਾ ਸੀ। ਪਤਨੀ ਵੀ ਠੀਕ ਹੀ ਕਹਿੰਦੀ ਹੈ- ‘‘ਰੋਜ਼-ਰੋਜ਼ ਦਾਲਾਂ ਸਬਜ਼ੀਆਂ ਕਿੱਥੋਂ ਧਰਾਂ? ਖਾਓ ਲੂਣ-ਮਿਰਚ ਭੁੱਕ ਕੇ।’’ ਉਸ ਦਾ ਸੁਭਾਅ ਵੀ ਚਿੜਚਿੜਾ ਹੋ ਗਿਆ ਹੈ। ਗੱਲ-ਗੱਲ ’ਤੇ ਰੁੱਖੀ ਬੋਲਣ ਲੱਗ ਪਈ ਹੈ। ਉਸ ਦਾ ਵੀ ਕੋਈ ਕਸੂਰ ਨਹੀਂ।
ਉਸ ਨੇ ਆਪਣੇ ਸੁਪਰਡੈਂਟ ਤੋਂ ਕੱਲ੍ਹ ਦੋ ਸੌ ਰੁਪਏ ਉਧਾਰ ਮੰਗੇ ਸਨ। ਉਸ ਨੇ ਜਵਾਬ ਦੇ ਦਿੱਤਾ ਸੀ। ਕਹਿੰਦਾ, ‘‘ਮੈਨੂੰ ਕਿਹੜਾ ਤਨਖ਼ਾਹ ਮਿਲਗੀ।’’ ਸੁਣ ਕੇ ਉਸ ਦੇ ਅੰਦਰੋਂ ਇੱਕ ਵੱਡੀ ਸਾਰੀ ਗਾਲ੍ਹ ਉੱਠੀ ਸੀ, ਪਰ ਬੁੱਲ੍ਹਾਂ ਉੱਤੇ ਆਉਣ ਤੋਂ ਪਹਿਲਾਂ ਹੀ ਮਰ ਗਈ ਸੀ।
ਤੇ ਫਿਰ ਉਹ ਸੋਚਦਾ ਹੈ, ‘ਕੱਲ੍ਹ ਨੂੰ ਮੰਤਰੀ ਸਾਹਬਿ ਦੀ ਕੋਠੀ ਅੱਗੇ ਧਰਨਾ ਦੇਣਾ ਹੈ ਤਨਖ਼ਾਹ ਸਬੰਧੀ ਤੇ ਉਨ੍ਹਾਂ ਦੇ ਮਹਿਕਮੇ ਦੇ ਇੱਕ ਉੱਚ ਅਧਿਕਾਰੀ ਸਬੰਧੀ ਜਿਹੜਾ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਵਿਜੀਲੈਂਸ ਵਾਲਿਆਂ ਨੇ ਫੜ ਲਿਆ ਸੀ। ਅਖੇ, ਉਸ ਨੂੰ ਜਾਣ ਬੁੱਝ ਕੇ ਫਸਾਇਆ ਗਿਆ ਹੈ।’
ਤੇ ਫਿਰ ਉਹ ਦੁਚਿੱਤੀ ਜਿਹੀ ਨਾਲ ਸੋਚਦਾ ਹੈ ਕਿ ਧਰਨੇ ’ਤੇ ਜਾਵੇ ਜਾਂ ਨਾ। ਜਾਵੇ ਵੀ ਤਾਂ ਕਾਹਦੇ ਨਾਲ? ਪੈਸਾ ਤਾਂ ਕੋਈ ਹੈ ਨਹੀਂ। ਪੰਝੀ ਮੀਲ ਦੂਰ ਸੰਗਰੂਰ। ਕਿਸੇ ਸਾਥੀ ਕਰਮਚਾਰੀ ਨਾਲ ਸਕੂਟਰ ਮੋਟਰਸਾਈਕਲ ’ਤੇ ਬਹਿ ਜਾਵੇਗਾ। ਜੇ ਕਿਸੇ ਨੇ ਬਿਠਾ ਲਿਆ ਤਾਂ ਠੀਕ ਹੈ। ਨਹੀਂ, ਉਹ ਨਹੀਂ ਜਾਵੇਗਾ। ਕੀ ਮਿਲੇਗਾ? ਤਨਖ਼ਾਹਾਂ ਕਿਹੜਾ ਮੰਤਰੀ ਉਦੋਂ ਹੀ ਕੱਢ ਕੇ ਦੇ ਦੇਵੇਗਾ ਜੇਬ੍ਹ ’ਚੋਂ।
ਫਿਰ ਉਹ ਸੋਚਦਾ ਹੈ ਕਿ ਉਹ ਚਲਿਆ ਵੀ ਗਿਆ ਤਾਂ ਕਿਹੜਾ ਬੋਲਣ ਦੇਣਾ ਉਹਨੂੰ ਕਿਸੇ ਨੇ ਉੱਥੇ ਜਾ ਕੇ। ਚੌਧਰ ਤਾਂ ਮੂਹਰਲੇ ਲੀਡਰਾਂ ਦੀ ਹੋਵੇਗੀ। ਸ਼ਾਬਾਸ਼ੀ ਵੀ ਉਨ੍ਹਾਂ ਨੇ ਲੈਣੀ ਹੈ। ਨਹੀਂ ਉਹ ਬੋਲੇਗਾ, ਜ਼ਰੂਰ ਬੋਲੇਗਾ। ਪਰ ਕੀ ਬੋਲੇਗਾ? ਉਹ ਬੋਲੇਗਾ। ਮੰਤਰੀ ਸਾਹਬਿ ਨੂੰ ਕਹੇਗਾ, ਜੇਕਰ ਸਰਕਾਰ ਸਾਨੂੰ ਤਨਖ਼ਾਹਾਂ ਨਹੀਂ ਦੇ ਸਕਦੀ, ਖਜ਼ਾਨਾ ਖਾਲੀ ਹੈ ਤਾਂ ਨਾ ਦੇਵੇ। ਤੁਹਾਡੀ ਸਰਕਾਰ ਇਹ ਬਿਲ ਪਾਸ ਕਰ ਦੇਵੇ ਕਿ ਤਨਖ਼ਾਹਾਂ ਮੰਗਣਾ ਅਤੇ ਦੇਣਾ ਕਾਨੂੰਨੀ ਜੁਰਮ ਹੈ। ਇਸ ਤਰ੍ਹਾਂ ਕਰਨ ਨਾਲ ਤਨਖ਼ਾਹਾਂ ਦਾ ਪੈਸਾ ਖ਼ਜ਼ਾਨੇ ਵਿੱਚ ਰਹੇਗਾ। ਖਜ਼ਾਨਾ ਖਾਲੀ ਨਹੀਂ, ਭਰਿਆ ਰਹੇਗਾ। ਇਸ ਦੇ ਨਾਲ ਹੀ ਸਰਕਾਰ ਇਹ ਬਿਲ ਵੀ ਪਾਸ ਕਰ ਦੇਵੇ ਕਿ ਰਿਸ਼ਵਤ ਦੇਣਾ ਅਤੇ ਲੈਣਾ ਕਾਨੂੰਨੀ ਅਧਿਕਾਰ ਹੈ। ਇਸ ਤਰ੍ਹਾਂ ਨਾਲ ਲੋਕਾਂ ਕੋਲ ਦੱਬਿਆ ਪਿਆ ਕਾਲਾ ਧਨ ਵੀ ਬਾਹਰ ਆ ਜਾਵੇਗਾ। ਲੋਕਾਂ ਦੇ ਕੰਮ ਵੀ ਸਮੇਂ ਸਿਰ ਹੋ ਜਾਇਆ ਕਰਨਗੇ ਤੇ ਸਾਨੂੰ ਵੀ ਧਰਨੇ-ਮੁਜ਼ਾਹਰੇ ਕਰਨ ਦੀ ਖੇਚਲ ਨਹੀਂ ਕਰਨੀ ਪਵੇਗੀ ਤੇ...।
‘‘ਪਾਪਾ! ਮੈਂ ਕੱਲ੍ਹ ਨੂੰ ਸਕੂਲ ਨ੍ਹੀਂ ਜਾਣਾ।’’
‘‘ਪਾਪਾ! ਮੈਂ ਵੀ ਨ੍ਹੀਂ ਜਾਣਾ।’’
ਅਚਾਨਕ ਸੋਚਦਿਆਂ-ਸੋਚਦਿਆਂ ਉਸ ਦੇ ਕੰਨਾਂ ਵਿੱਚ ਬੱਚਿਆਂ ਦੀ ਆਖੀ ਇਹ ਗੱਲ ਗੂੰਜਦੀ ਹੈ... ਤੇ ਫਿਰ ਉਹ ਸੋਚਣ ਲੱਗ ਪੈਂਦਾ ਹੈ...। ਛੇ ਮਹੀਨੇ ਹੋ ਗਏ ਤਨਖ਼ਾਹ ਨਹੀਂ ਮਿਲੀ ਕਿਸੇ ਨੂੰ। ਸਾਰੇ ਔਖੇ ਨੇ। ਮੈਂ ਵੀ ਔਖਾ ਹਾਂ...।
ਤੇ ਉਹ ਸੋਚੀ ਜਾ ਰਿਹਾ ਹੈ।
ਸੰਪਰਕ: 81980-95028
* * *

ਦੁਲਹਨ

ਜਗਦੀਸ਼ ਕੌਰ ਮਾਨ
ਬੱਸ ਚੜ੍ਹਨ ਹੀ ਲੱਗਾ ਸਾਂ ਕਿ ਬੱਸ ਦੇ ਪਿਛਲੇ ਪਾਸੇ ਲਿਖੀ ਇਬਾਰਤ ਨੂੰ ਪੜ੍ਹ ਕੇ ਚੌਂਕ ਗਿਆ। ਡਿਊਟੀ ਜਾਣ ਲਈ ਹਰ ਰੋਜ਼ ਇਸੇ ਬੱਸ ’ਤੇ ਜਾਂਦਾ ਹਾਂ, ਇਸੇ ’ਤੇ ਵਾਪਸ ਆਉਂਦਾ ਹਾਂ। ਅੱਗੇ ਪਿੱਛੇ ਕਦੇ ਇਨ੍ਹਾਂ ਸ਼ਬਦਾਂ ਵੱਲ ਮੇਰਾ ਧਿਆਨ ਹੀ ਨਹੀਂ ਸੀ ਗਿਆ ਪਰ ਅੱਜ ਇਨ੍ਹਾਂ ਸਾਦੇ ਜਿਹੇ ਪਰ ਅਰਥ ਭਰਪੂਰ ਸ਼ਬਦਾਂ ਨੇ ਮੈਨੂੰ ਮਾਨਸਿਕ ਤੌਰ ’ਤੇ ਹਲੂਣ ਕੇ ਰੱਖ ਦਿੱਤਾ ਹੈ।
ਮਨ ਦੀ ਤਿਜੌਰੀ ਵਿੱਚ ਡੂੰਘੀਆਂ ਪਈਆਂ ਪੁਰਾਣੀਆਂ ਯਾਦਾਂ ਨੇ ਤਾਜ਼ੇ ਜ਼ਖ਼ਮਾਂ ਵਾਂਗ ਇਕਦਮ ਖਲਬਲੀ ਮਚਾ ਦਿੱਤੀ ਹੈ। ਉਸ ਘਟਨਾ ਨੂੰ ਯਾਦ ਕਰ ਕੇ ਮੈਨੂੰ ਅੱਜ ਵੀ ਅੰਤਾਂ ਦੀ ਨਮੋਸ਼ੀ ਮਹਿਸੂਸ ਹੋ ਰਹੀ ਹੈ। ਮਨ ਆਤਮ-ਗਿਲਾਨੀ ਨਾਲ ਧੁਰ ਅੰਦਰ ਤੱਕ ਭਰ ਗਿਆ ਹੈ ਪਰ ਹੁਣ ਤਾਂ ਆਪਣੀ ਉਸ ਮਾੜੀ ਕਰਤੂਤ ’ਤੇ ਸਿਰਫ਼ ਪਛਤਾਇਆ ਜਾ ਸਕਦਾ ਹੈ। ਪਛਤਾਵੇ ਤੋਂ ਸਿਵਾਏ ਹੋਰ ਹੁਣ ਕੀਤਾ ਵੀ ਕੀ ਜਾ ਸਕਦਾ ਹੈ! ਇਸ ਗੱਲ ਨੂੰ ਸਾਰੇ ਮੰਨਦੇ ਹਨ ਕਿ ਬੀਤਿਆ ਸਮਾਂ ਮੁੜ ਕੇ ਕਦੇ ਵੀ ਹੱਥ ਨਹੀਂ ਆਉਂਦਾ ਪਰ ਇਹ ਵੀ ਇੱਕ ਕੌੜਾ ਸੱਚ ਹੈ ਕਿ ਅਤੀਤ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਜਿਉਂਦੇ ਜੀਅ ਬੰਦੇ ਦਾ ਖਹਿੜਾ ਵੀ ਨਹੀਂ ਛੱਡਦੀਆਂ। ਕੁਝ ਘਟਨਾਵਾਂ ਤਾਂ ਇਹੋ ਜਿਹੀਆਂ ਵਾਪਰ ਜਾਂਦੀਆਂ ਹਨ ਕਿ ਉਹ ਮਨ ਦੇ ਚੌਖਟੇ ਵਿੱਚ ਫੈਵੀਕੋਲ ਦੇ ਜੋੜ ਵਾਂਗ ਪੱਕੀਆਂ ਹੀ ਜੁੜ ਜਾਂਦੀਆਂ ਹਨ। ਫਿਰ ਉਨ੍ਹਾਂ ਦਾ ਪੱਕਾ ਤੇ ਪੀਢਾ ਜੋੜ ਦਿਲ ਦਿਮਾਗ ਦੇ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਨਹੀਂ ਟੁੱਟਦਾ।
ਜਦੋਂ ਦੀ ਇਹ ਗੱਲ ਹੈ ਉਦੋਂ ਬੀ.ਏ. ਕਰਨ ਤੋਂ ਬਾਅਦ ਮੈਨੂੰ ਐਫ.ਸੀ.ਆਈ. ਵਿੱਚ ਨੌਕਰੀ ਕਰਦਿਆਂ ਦਸ ਸਾਲ ਹੋ ਗਏ ਸਨ। ਮੇਰੀ ਉਮਰ ਵਿਆਹ ਮੰਗਣੇ ਵਾਲੀ ਹੋ ਗਈ ਸੀ, ਪਰ ਆਪਣਾ ਵਿਆਹ ਕਰਵਾਉਣ ਤੋਂ ਪਹਿਲਾਂ ਮੇਰੇ ਸਾਹਮਣੇ ਹੋਰ ਕਈ ਘਰੇਲੂ ਜ਼ਿੰਮੇਵਾਰੀਆਂ ਮੂੰਹ ਅੱਡੀ ਖੜ੍ਹੀਆਂ ਸਨ। ਘਰ ਮੁਟਿਆਰ ਭੈਣ ਵਿਆਹੁਣ ਵਾਲੀ ਸੀ। ਟੁੱਟਿਆ ਜਿਹਾ ਘਰ ਵੀ ਪੁਰਾਣੇ ਰਿਵਾਜ ਦਾ ਸੀ ਅੱਧਾ ਕੁ ਕੱਚਾ ਅੱਧਾ ਕੁ ਪੱਕਾ ਤੇ ਕਿਸੇ ਢੰਗ ਸਿਰ ਦਾ ਵੀ ਨਹੀਂ ਸੀ। ਘਰ ਵਿੱਚ ਗ਼ਰੀਬੀ ਹੋਵੇ ਤਾਂ ਮਜਬੂਰੀਵੱਸ ਬੰਦੇ ਨੂੰ ਹਾਲਾਤ ਨਾਲ ਸਮਝੌਤਾ ਕਰਨਾ ਹੀ ਪੈਂਦਾ ਹੈ, ਪਰ ਹੁਣ ਤਾਂ ਸਾਡੇ ’ਤੇ ਲੱਛਮੀ ਮਾਤਾ ਦੀਆਂ ਮਿਹਰਾਂ ਸਨ। ਅਸੀਂ ਤਿੰਨੇ ਜਣੇ ਵਧੀਆ ਕੰਮਾਂ-ਕਾਰਾਂ ’ਤੇ ਲੱਗੇ ਹੋਏ ਸਾਂ ਤੇ ਚੰਗੀਆਂ ਤਨਖ਼ਾਹਾਂ ਲੈ ਰਹੇ ਸਾਂ। ਮੈਥੋਂ ਛੋਟਾ ਭਰਾ ਪੰਜਾਬ ਪੁਲੀਸ ਵਿੱਚ ਤਾਇਨਾਤ ਸੀ। ਪਿਤਾ ਜੀ ਡਾਕ ਮਹਿਕਮੇ ਵਿੱਚ ਸੇਵਾਵਾਂ ਨਿਭਾ ਰਹੇ ਸਨ। ਚਾਰ ਪੈਸੇ ਵੀ ਕੋਲ ਸਨ। ਸੋ ਸਭ ਤੋਂ ਪਹਿਲਾਂ ਅਸੀਂ ਸਾਰਾ ਪੁਰਾਣਾ ਘਰ ਢਾਹ ਕੇ ਤੇ ਨਾਲ ਲੱਗਦੀ ਜਗ੍ਹਾ ਖਰੀਦ ਕੇ ਇੱਕ ਵਧੀਆ ਆਲੀਸ਼ਾਨ ਕੋਠੀ ਬਣਾਈ। ਫਿਰ ਛੋਟੀ ਭੈਣ ਦਾ ਵਿਆਹ ਪੂਰੀ ਸਜ ਧਜ ਨਾਲ ਕੀਤਾ। ਮੈਂ ਵੱਡਾ ਹੋਣ ਕਰਕੇ ਹੁਣ ਵਾਰੀ ਮੇਰੇ ਵਿਆਹ ਦੀ ਸੀ। ਮੈਨੂੰ ਬਥੇਰੇ ਰਿਸ਼ਤੇ ਆਏ, ਪਰ ਉਹ ਸਾਰੇ ਮੇਰੇ ਮਨ ਦੇ ਫੁਰਨਿਆਂ ਤੋਂ ਅਸਲੋਂ ਹੀ ਊਣੇ ਸਨ।
ਮੇਰਾ ਵਿਚਾਰ ਸੀ ਕਿ ਕੋਈ ਪੜ੍ਹੀ ਲਿਖੀ, ਨੌਕਰੀ ’ਤੇ ਲੱਗੀ ਹੋਈ ਸੋਹਣੀ ਸੁਨੱਖੀ ਕੁੜੀ ਮਿਲ ਜਾਵੇ ਤਾਂ ਸ਼ਰੀਕੇ ਕਬੀਲੇ ਵਿੱਚ ਜਮਾਂ ਹੀ ਬੱਲੇ ਬੱਲੇ ਹੋ ਜਾਵੇ। ਅੱਜਕੱਲ੍ਹ ਦੀ ਮਹਿੰਗਾਈ ਦੇ ਜ਼ਮਾਨੇ ਵਿੱਚ ਵਧੀਆ ਗੁਜ਼ਾਰਾ ਹੀ ਤਾਂ ਹੁੰਦਾ ਹੈ ਜੇ ਦੋਵੇਂ ਜੀਅ ਕਮਾਉਂਦੇ ਹੋਣ।
ਅਖੀਰ ਮੇਰੇ ਮਨ ਦੀ ਇਹ ਇੱਛਾ ਵੀ ਪੂਰੀ ਹੋ ਹੀ ਗਈ ਤੇ ਮੈਨੂੰ ਇੱਕ ਐਮ.ਏ., ਬੀ.ਐੱਡ. ਕੁੜੀ ਦਾ ਰਿਸ਼ਤਾ ਆ ਗਿਆ। ਕੁੜੀ ਭਾਵੇਂ ਅਜੇ ਨੌਕਰੀ ’ਤੇ ਨਹੀਂ ਸੀ ਲੱਗੀ ਪਰ ਉਨ੍ਹੀਂ ਦਨਿੀਂ ਪੜ੍ਹਿਆਂ ਲਿਖਿਆਂ ਨੂੰ ਨੌਕਰੀ ਮਿਲਣੀ ਅੱਜ ਜਿੰਨੀ ਮੁਸ਼ਕਿਲ ਨਹੀਂ ਸੀ। ਉਸ ਦੇ ਮਾਂ ਬਾਪ ਮੈਨੂੰ ਦੇਖਣ ਆਏ ਆਪਣੀ ਬੇਟੀ ਦੀ ਫੋਟੋ ਵੀ ਨਾਲ ਲੈ ਕੇ ਆਏ ਸਨ। ਸਾਡੇ ਸਾਰੇ ਪਰਿਵਾਰ ਨੂੰ ਤਾਂ ਕੁੜੀ ਫੋਟੋ ਦੇਖ ਕੇ ਹੀ ਪਸੰਦ ਆ ਗਈ ਸੀ। ਲੱਗਦੇ ਹੱਥ ਹੀ ਦੇਖ ਦਿਖਾਈ ਦਾ ਦਨਿ ਵੀ ਮਿਥ ਲਿਆ ਗਿਆ ਕਿਉਂਕਿ ਮੇਰੇ ਵੱਡੇ ਭੈਣ ਭਣੋਈਏ ਦਾ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਸੀ ਤੇ ਹੋਰ ਥੋੜ੍ਹੇ ਕੁ ਦਨਿਾਂ ਨੂੰ ਉਨ੍ਹਾਂ ਦੋਹਾਂ ਜਣਿਆਂ ਨੇ ਕੈਨੇਡਾ ਚਲੇ ਜਾਣਾ ਸੀ। ਅਸੀਂ ਸੋਚਿਆ ਕਿ ਇਨ੍ਹਾਂ ਦੇ ਇੱਥੇ ਹੁੰਦਿਆਂ ਦੇਖ ਦਿਖਾਈ ਦਾ ਕੰਮ ਨਬਿੇੜ ਲਿਆ ਜਾਵੇ ਤਾਂ ਚੰਗਾ ਰਹੇਗਾ। ਕੁੜੀ ਦੇਖਣ ਗਿਆਂ ਨੇ ਅਸੀਂ ਘਰ ਦੀ ਮਾੜੀ ਹਾਲਤ ਤਾਂ ਪਹਿਲਾਂ ਹੀ ਭਾਂਪ ਲਈ ਸੀ। ਉਹ ਵਿਚਾਰੇ ਗ਼ਰੀਬੜੇ ਜਿਹੇ ਬੰਦੇ ਸਨ। ਘਰ ਦੀ ਹਾਲਤ ਮੂੰਹੋਂ ਬੋਲ ਕੇ ਦੱਸ ਰਹੀ ਸੀ ਕਿ ਉਨ੍ਹਾਂ ਕੋਲ ਦੇਣ ਲੈਣ ਨੂੰ ਤਾਂ ਬੱਸ ਕੁੜੀ ਹੀ ਕੁੜੀ ਹੈ, ਪਰ ਮੈਨੂੰ ਮਹਾਂ ਮੂਰਖ ਨੂੰ ਸ਼ੇਖ ਚਿੱਲੀ ਵਾਂਗ ਹਵਾਈ ਕਿਲੇ ਉਸਾਰਨ ਦੀ ਆਦਤ ਸੀ। ਆਪਣੀ ਵਧੀਆ ਕੋਠੀ ਤੇ ਸਰਕਾਰੀ ਨੌਕਰੀ ਦਾ ਮੈਨੂੰ ਹੱਦੋਂ ਵੱਧ ਗਰੂਰ ਸੀ। ਮੈਂ ਇਸ ਗ਼ਲਤਫਹਿਮੀ ਦਾ ਸ਼ਿਕਾਰ ਹੋ ਗਿਆ ਸਾਂ ਕਿ ਉਸ ਦਾ ਇੱਕ ਭਰਾ ਫ਼ੌਜੀ ਹੈ, ਦੂਜਾ ਭਰਾ ਵੀ ਸਰਕਾਰੀ ਮੁਲਾਜ਼ਮ ਹੈ ਤੇ ਚੰਗੀ ਤਨਖ਼ਾਹ ਲੈ ਰਿਹਾ ਹੈ। ਭਾਵੇਂ ਉਹ ਘਰੋਂ ਅਲੱਗ ਹੈ, ਫਿਰ ਵੀ ਭੈਣ ਦੇ ਵਿਆਹ ’ਤੇ ਖ਼ਰਚਾ ਤਾਂ ਉਹ ਵੀ ਕਰੇਗਾ। ਵਿਆਹ ਤਾਂ ਇਹ ਵਧੀਆ ਹੀ ਕਰਨਗੇ, ਚੰਗਾ ਚੋਖਾ ਦਾਜ ਦਹੇਜ ਵੀ ਦੇਣਗੇ। ਇਨ੍ਹਾਂ ਦੇ ਘਰ ਇਕੱਲੀ ਇਕੱਲੀ ਕੁੜੀ ਹੈ। ਇਨ੍ਹਾਂ ਨੇ ਕਿਹੜਾ ਬਹੁਤੀਆਂ ਧੀਆਂ ਦੇ ਵਿਆਹ ਕਰਨੇ ਹਨ।
ਮੇਰੀ ਭੈਣ ਕੁੜੀ ਨੂੰ ਸ਼ਗਨ ਦੇਣ ਲੱਗੀ ਤਾਂ ਉਸ ਦੀ ਮਾਂ ਨੇ ਭੈਣ ਨੂੰ ਇਹ ਕਹਿ ਕੇ ਰੋਕ ਦਿੱਤਾ, ‘‘ਨਹੀਂ ਭਾਈ ਬੀਬਾ! ਜਿੰਨਾ ਚਿਰ ਮੇਰਾ ਫ਼ੌਜੀ ਪੁੱਤ ਮੁੰਡੇ ਨੂੰ ਤੇ ਥੋਡੇ ਘਰ-ਬਾਰ ਨੂੰ ਨਿਗ੍ਹਾ ਥਾਣੀਂ ਨ੍ਹੀਂ ਕੱਢ ਲੈਂਦਾ ਓਨਾ ਚਿਰ ਸਾਡੇ ਵੱਲੋਂ ਰਿਸ਼ਤੇ ਦੀ ਗੱਲ ਪੱਕੀ ਨਾ ਸਮਝੋ, ਸਾਡੀ ਹਾਂ ਨਾਂਹ ਉਹਦੇ ਛੁੱਟੀ ਆਏ ਤੋਂ ਹੀ ਹੋਵੇਗੀ।’’ ਮੇਰੇ ਨਾਲ ਗਈ ਮੇਰੀ ਵੱਡੀ ਭੈਣ ਤੇ ਭਣੋਈਆ ਬੁਸ ਬੁਸ ਕਰਨ ਲੱਗ ਪਏ, ‘‘ਲਉ ਮਾਸੀ ਜੀ! ਅਸੀਂ ਤਾਂ ਘਰੋਂ ਮਿਥ ਕੇ ਆਏ ਸੀ ਬਈ ਸ਼ਗਨ ਪਾ ਕੇ ਹੀ ਆਵਾਂਗੇ। ਹੁਣ ਜੀ! ਤੁਸੀਂ ਇਉਂ ਨਾ ਕਰੋ, ਤੁਸੀਂ ਬਿਠਾਓ ਕੁੜੀ ਨੂੰ ਆਪਾਂ ਮਾੜਾ ਜਿਹਾ ਰੋਕਾ ਤਾਂ ਕਰ ਲਈਏ।’’ ਮੇਰੀ ਭੈਣ ਦੇ ਵਾਰ ਵਾਰ ਜ਼ੋਰ ਤੇ ਸਾਨੂੰ ਯਕੀਨ ਦਿਵਾਉਣ ਖ਼ਾਤਰ ਉਸ ਦੀ ਮਾਂ ਨੇ ਮੈਨੂੰ ਸ਼ਗਨ ਦੇ ਦਿੱਤਾ ਤੇ ਉਸੇ ਦਸ ਰੁਪਏ ਦੇ ਨੋਟ ਨੂੰ ਅਸੀਂ ਰੋਕਾ ਸਮਝ ਲਿਆ ਸੀ। ਮੈਂ ਤਾਂ ਹੁੱਬੇ ਹੋਏ ਨੇ ਆਪਣੇ ਸਾਰੇ ਦੋਸਤਾਂ ਮਿੱਤਰਾਂ ਨੂੰ ਵੀ ਦੱਸ ਦਿੱਤਾ ਸੀ ਕਿ ਮੇਰਾ ਰਿਸ਼ਤਾ ਲੁਧਿਆਣੇ ਹੋ ਗਿਆ ਹੈ। ਉਨ੍ਹਾਂ ਦੇ ਘਰੋਂ ਹੀ ਸਾਨੂੰ ਪਤਾ ਲੱਗਿਆ ਸੀ ਕਿ ਉਸ ਦਾ ਵੱਡਾ ਭਰਾ ਪਟਿਆਲੇ ਵਿਆਹਿਆ ਹੋਇਆ ਹੈ ਤੇ ਉਸ ਦੀ ਪਤਨੀ ਪੇਕੀਂ ਜਣੇਪਾ ਕੱਟਣ ਗਈ ਹੋਈ ਹੈ। ਬੜੀ ਚੁਸਤੀ ਨਾਲ ਮੈਂ ਉਨ੍ਹਾਂ ਤੋਂ ਪਟਿਆਲੇ ਵਾਲਿਆਂ ਦਾ ਐਡਰੈੱਸ ਵੀ ਪਤਾ ਕਰ ਲਿਆ ਸੀ। ਮੈਨੂੰ ਅੱਚਵੀ ਲੱਗੀ ਹੋਈ ਸੀ ਕਿ ਕਿਹੜਾ ਵੇਲਾ ਹੋਵੇ ਜਦੋਂ ਮੈਂ ਫ਼ੌਜੀ ਦੇ ਸਹੁਰੀਂ ਜਾ ਕੇ ਉਸ ਦੀ ਪਤਨੀ ਨੂੰ ਆਪਣੀ ‘ਛੋਟੀ ਜਿਹੀ’ ਮੰਗ ਦੱਸ ਕੇ ਆਵਾਂ, ਆਪਣੀ ਹੋਛੀ ਤੇ ਲਾਲਚੀ ਸੋਚ ਪ੍ਰਗਟ ਕਰਨੋਂ ਮੈਂ ਰਹਿ ਨਾ ਸਕਿਆ। ਘਰਦਿਆਂ ਤੋਂ ਚੋਰੀਓਂ ਮੈਂ ਉਨ੍ਹਾਂ ਦੀ ਨੂੰਹ ਦੇ ਪੇਕੇ ਘਰ ਜਾ ਪਹੁੰਚਿਆ ਤੇ ‘ਸੂਤ ਨਾ ਪਤਾਣ, ਜੁਲਾਹੇ ਨਾਲ ਡਾਂਗੋਂ ਡਾਂਗੀ’ ਵਾਲੀ ਗੱਲ ਕਰ ਆਇਆ। ਮੈਂ ਬਹੁਤੇ ਕਾਹਲੇ ਨੇ ਪੈਂਦੀ ਸੱਟੇ ਹੀ ਉਨ੍ਹਾਂ ਦੀ ਨੂੰਹ ਨੂੰ ਆਪਣੀ ਮੰਗ ਸਪਸ਼ਟ ਤੌਰ ’ਤੇ ਦੱਸ ਦਿੱਤੀ, ‘‘ਮੇਰੀ ਮੰਗ ਤਾਂ ਭੈਣ ਜੀ! ਮੋਟਰਸਾਈਕਲ ਦੀ ਹੈ। ਤੁਹਾਨੂੰ ਪਤਾ ਈ ਐ ਏਨੀ ਕੁ ਉਮੀਦ ਤਾਂ ਹਰੇਕ ਪੜ੍ਹਿਆ ਲਿਖਿਆ ਨੌਕਰੀ ’ਤੇ ਲੱਗਿਆ ਮੁੰਡਾ ਰੱਖਦਾ ਈ ਐ।’’ ਮੈਂ ਉਸ ’ਤੇ ਆਪਣੀ ਸਰਕਾਰੀ ਨੌਕਰੀ ਦਾ ਪ੍ਰਭਾਵ ਪਾਉਣਾ ਚਾਹਿਆ। ‘‘ਕੋਈ ਨਾ ਵੀਰ ਜੀ! ਉਹ ਅੱਜ ਭਲਕ ਛੁੱਟੀ ਆਉਣ ਹੀ ਵਾਲੇ ਹਨ, ਮੈਂ ਉਨ੍ਹਾਂ ਨੂੰ ਦੱਸ ਦਿਆਂਗੀ ਸਾਰੀ ਗੱਲ।’’ ਮੈਂ ਅਕਲ ਦੇ ਅੰਨ੍ਹੇ ਨੇ ਇਹ ਵੀ ਨਾ ਸੋਚਿਆ ਕਿ ਮੋਟਰਸਾਈਕਲ ਦੇਣ ਦੀ ਉਨ੍ਹਾਂ ਵਿੱਚ ਕਿੱਥੇ ਗੁੰਜਾਇਸ਼ ਹੈ! ਨਾਲੇ ਮੋਟਰਸਾਈਕਲ ਦੀ ਮੰਗ ਕਰਨ ਵਾਲਾ ਮੈਂ ਕਿਹੜਾ ਕਿਸੇ ਸ਼ਾਹੂਕਾਰ ਦਾ ਪੁੱਤ ਸੀ, ਨੌਕਰੀ ਤੋਂ ਸਿਵਾਏ ਹੋਰ ਮੇਰੇ ਕੋਲ ਸੀ ਵੀ ਕੀ? ਜੇ ਕੋਠੀ ਪਾਈ ਸੀ ਉਹ ਤਾਂ ਸਾਡੀ ਸਾਰੇ ਭਰਾਵਾਂ ਦੀ ਸਾਂਝੀ ਸੀ। ਇਹ ਕਿੱਡੀ ਕੁ ਵੱਡੀ ਗੱਲ ਸੀ! ਪਰ ਉਦੋਂ ਮੱਤ ਹੀ ਏਨੀ ਕੁ ਸੀ। ਕੀ ਕਰਦਾ! ਜਿੰਨੀ ਕੁ ਅਕਲ ਸੀ ਝੱਲ ਖਿਲਾਰ ਕੇ ਮੁੜ ਆਇਆ ਸਾਂ ਤੇ ਹੁਣ ਨਤੀਜੇ ਦੀ ਉਡੀਕ ਵਿੱਚ ਸਾਂ। ਜਦੋਂ ਫ਼ੌਜੀ ਭਰਾ ਛੁੱਟੀ ਆਇਆ ਤਾਂ ਉਸ ਦੀ ਪਤਨੀ ਨੇ ਮੇਰੇ ਵੱਲੋਂ ਰੱਖੀ ਗਈ ਮੰਗ ਉਸ ਨੂੰ ਦੱਸਣੀ ਹੀ ਸੀ। ਉਹ ਗੁੱਸੇ ਨਾਲ ਭਰਿਆ ਪੀਤਾ ਤੁਰੰਤ ਸਾਡੇ ਪਿੰਡ ਪਹੁੰਚ ਗਿਆ ਤੇ ਸਾਰੇ ਟੱਬਰ ਵਿੱਚ ਬਿਠਾ ਕੇ ਮੇਰੀ ਲਾਹ ਪਾਹ ਕਰਦਿਆਂ ਉਸੇ ਵੇਲੇ ਰਿਸ਼ਤੇ ਤੋਂ ਜਵਾਬ ਦੇ ਦਿੱਤਾ। ਮੇਰੀ ਵੱਡੀ ਭੈਣ ਜਿਹੜੀ ਮੇਰੇ ਨਾਲ ਕੁੜੀ ਦੇਖਣ ਗਈ ਸੀ, ਉਸ ਦੇ ਸਾਹਮਣੇ ਹੀ ਮੇਰੇ ਨਾਲ ਛਿੱਤਰ ਪਤਾਣ ਹੋ ਗਈ, ‘‘ਨਾ ਤੂੰ ਕੀਹਤੋਂ ਪੁੱਛ ਕੇ ਗਿਆ ਸੀ ਉਨ੍ਹਾਂ ਦੇ ਘਰੇ? ਸ਼ਰਮ ਨਾ ਆਈ ਤੈਨੂੰ ਇਹੋ ਜਿਹੀ ਕਰਤੂਤ ਕਰਦੇ ਨੂੰ? ਕੀ ਹੋ ਗਿਆ ਜੇ ਅੱਜ ਆਪਾਂ ਮਾੜੀ ਮੋਟੀ ਰੋਟੀ ਖਾਣ ਲੱਗ ਪਏ ਆਂ ਤਾਂ। ਤੂੰ ਅੱਠਾਂ ਕੁ ਦਨਿਾਂ ਦਾ ਰੱਜਿਆ ਹੋਇਆ ਐਡੀ ਛੇਤੀ ਪੈਰ ਛੱਡ ਗਿਆ?’’ ਫਿਰ ਉਹ ਆਪਣੇ ਘਰ ਵਾਲੇ ਵੱਲ ਹੱਥ ਕਰਕੇ ਕਹਿਣ ਲੱਗੀ, ‘‘ਇਹਨੂੰ ਵਿਚਾਰੇ ਨੂੰ ਤਾਂ ਆਪਣੇ ਘਰੋਂ ਅੱਧ ਮੁੱਲ ਦਾ ਪੁਰਾਣਾ ਸਾਈਕਲ ਵੀ ਨਹੀਂ ਸੀ ਜੁੜਿਆ। ਜੇ ਇਹ ਵੀ ਉਦੋਂ ਮੋਟਰਸਾਈਕਲ ਦੀ ਮੰਗ ਰੱਖ ਦਿੰਦਾ ਫੇਰ...?’’ ਸਾਰਾ ਟੱਬਰ ਗੁੱਸੇ ਵਿੱਚ ਮੇਰੇ ’ਤੇ ਕਚੀਚੀਆਂ ਵੱਟ ਰਿਹਾ ਸੀ ਤੇ ਮੈਂ ਸ਼ਰਮ ਨਾਲ ਪਾਣੀ ਪਾਣੀ ਹੋਇਆ ਧੌਣ ਨਹੀਂ ਸਾਂ ਚੁੱਕ ਰਿਹਾ। ਜਵਾਬ ਮਿਲ ਚੁੱਕੇ ਰਿਸ਼ਤੇ ਨੂੰ ਦੁਬਾਰਾ ਜੋੜਨ ਲਈ ਸਾਡੇ ਘਰ ਦੇ ’ਕੱਲੇ ’ਕੱਲੇ ਜੀਅ ਨੇ ਉਨ੍ਹਾਂ ਦੇ ਮਿੰਨਤਾਂ ਤਰਲੇ ਕੀਤੇ, ਪਰ ਮੇਰੇ ਵੱਲੋਂ ਕੀਤੀ ਗਈ ਨਾ ਮੁਆਫ਼ਯੋਗ ਗੁਸਤਾਖ਼ੀ ਕਾਰਨ ਉਹ ਸਾਕ ਸਿਰੇ ਨਾ ਚੜ੍ਹ ਸਕਿਆ।
ਇੱਕ ਦਨਿ ਇੱਕ ਦੋਸਤ ਨੇ ਮੈਨੂੰ ਰਾਹ ਵਿੱਚ ਰੋਕ ਕੇ ਪੁੱਛਿਆ, ‘‘ਨਾ ਯਾਰ! ਹੁਣ ਤੂੰ ਸਾਨੂੰ ਵਿਆਹ ਵੂਹ ਕਦੋਂ ਕੁ ਦਿਖਾਉਣੈਂ? ਅਸੀਂ ਵੀ ਫੇਰ ਖਿੱਚੀਏ ਤਿਆਰੀਆਂ ਬਾਰਾਤੀ ਬਣਨ ਵਾਸਤੇ। ਵਾਹਵਾ ਚਿਰ ਹੋ ਗਿਐ ਮੰਗਣੀ ਹੋਈ ਨੂੰ ਤਾਂ।’’ ਉਹ ਲਗਾਤਾਰ ਪੁੱਛੀ ਜਾ ਰਿਹਾ ਸੀ, ਮੇਰੇ ਵੱਲੋਂ ਨਾ ਹੂੰ ਨਾ ਹਾਂ। ਹੁਣ ਉਹ ਕਿਹੜਾ ਨਿਆਣਾ ਸੀ! ਝੱਟ ਸਮਝ ਗਿਆ ਕਿ ਜ਼ਰੂਰ ਦਾਲ ’ਚ ਕੁਝ ਕਾਲਾ ਹੈ। ਉਸ ਦੇ ਵਾਰ ਵਾਰ ਪੁੱਛਣ ’ਤੇ ਮੈਨੂੰ ਸੱਚੀ ਗੱਲ ਦੱਸਣੀ ਹੀ ਪਈ। ਸਾਰੀ ਗੱਲ ਸੁਣਨ ਮਗਰੋਂ ਉਹ ਬੋਲਿਆ, ‘‘ਉਏ! ਅਮਰਜੀਤ!! ਫਿੱਟੇ ਮੂੰਹ ਤੇਰੇ! ਮੈਂ ਕਹਿੰਨਾ ਲੱਖ ਲਾਹਨਤ! ਤੇਰੀ ਇਹੋ ਜਿਹੀ ਘਟੀਆ ਸੋਚ ਦੇ! ਸਿਰਫ਼ ਏਨੀ ਕੁ ਗੱਲ ਪਿੱਛੇ ਐਡਾ ਵਧੀਆ ਰਿਸ਼ਤਾ ਹੱਥੋਂ ਗਵਾ ਲਿਆ? ਉਏ ਕਮਲਿਆ! ਹੋਰ ਚਹੁੰਂ ਦਨਿਾਂ ਨੂੰ ਉਹਨੇ ਨੌਕਰੀ ’ਤੇ ਲੱਗ ਜਾਣਾ ਸੀ। ਫੇਰ ਭਾਵੇਂ ਤੂੰ ਆਏ ਸਾਲ ਨਵਾਂ ਮੋਟਰਸਾਈਕਲ ਖਰੀਦ ਲਿਆ ਕਰਦਾ। ਨਾਲੇ ਸ਼ੁਦਾਈਆਂ! ਜੀਹਨੇ ਸੋਨੇ ਵਰਗੀ ਧੀ ਪੜ੍ਹਾ ਲਿਖਾ ਕੇ ਤੇਰੇ ਮਗਰ ਲਾਉਣੀ ਸੀ ਹੋਰ ਉਹਨੇ ਪਿੱਛੇ ਕੀ ਰੱਖ ਲੈਣਾ ਸੀ! ਕੀ ਤੂੰ ਦੱਸ ਸਕਦਾ ਹੈਂ ਕਿ ਜਿਗਰ ਦੇ ਟੁਕੜੇ ਤੋਂ ਮਹਿੰਗੀ ਚੀਜ਼ ਦੁਨੀਆਂ ਵਿੱਚ ਹੋਰ ਕਿਹੜੀ ਹੁੰਦੀ ਐ? ਤੂੰ ਯਾਰ! ਕੁਸ਼ ਤਾਂ ਸੋਚਦਾ, ਕਦੇ ਬੱਸਾਂ ਦੇ ਪਿੱਛੇ ਲਿਖਿਆ ਨ੍ਹੀਂ ਤੂੰ ਪੜ੍ਹਿਆ ‘ਦੁਲਹਨ ਹੀ ਦਹੇਜ ਹੈ’।’’ ਸੁਰਤ ਤਾਂ ਮੇਰੀ ਉਸ ਦੀਆਂ ਗੱਲਾਂ ਨੇ ਹੀ ਟਿਕਾਣੇ ਲਿਆ ਦਿੱਤੀ ਸੀ, ਪਰ ਅੱਜ ਕਈ ਸਾਲਾਂ ਬਾਅਦ ਬੱਸ ਦੇ ਪਿਛਲੇ ਪਾਸੇ ਉਹੀ ਇਬਾਰਤ ਲਿਖੀ ਦੇਖ ਕੇ ਭੁੱਲੀ ਵਿਸਰੀ ਯਾਦ ਮੁੜ ਤਾਜ਼ਾ ਹੋ ਗਈ ਸੀ। ਨਾਲ ਹੀ ਖ਼ਿਆਲ ਆਇਆ, ‘ਜਦੋਂ ਹੋਕਾ ਦੇ ਕੇ ਚਿੜੀਆਂ ਨੂੰ ਖੇਤ ਚੁਗਣ ਦਾ ਆਪ ਸੱਦਾ ਦਿੱਤਾ ਹੋਵੇ ਫਿਰ ਬਾਅਦ ਵਿੱਚ ਪਛਤਾਵੇ ਤੋਂ ਸਿਵਾਏ ਹੱਥ ਪੱਲੇ ਬਚਦਾ ਵੀ ਕੀ ਹੈ!’
ਸੰਪਰਕ: 78146-98117

Advertisement

Advertisement
Tags :
ਸੋਚਦਾ