ਸੜਕ ਹਾਦਸੇ ਵਿੱਚ ਕਾਰ ਸਵਾਰ ਹੌਲਦਾਰ ਦੀ ਮੌਤ
ਰਤਨ ਸਿੰਘ ਢਿੱਲੋਂ
ਅੰਬਾਲਾ, 16 ਮਈ
ਅੰਬਾਲਾ ਦੇ ਸਾਹਜ਼ਾਦਪੁਰ ਕੋਲ ਕੰਟੇਨਰ ਵੱਲੋਂ ਟੱਕਰ ਮਾਰੇ ਜਾਣ ਕਰ ਕੇ ਕਾਰ ਸਵਾਰ ਹੌਲਦਾਰ ਬਲਵਿੰਦਰ ਸਿੰਘ ਦੀ ਮੌਤ ਹੋ ਗਈ। ਹਾਦਸਾ ਐਨਾ ਦਰਦਨਾਕ ਸੀ ਕਿ ਕੰਟੇਨਰ ਕਾਰ ਨੂੰ ਕਾਫੀ ਦੂਰ ਤੱਕ ਘਸੀਟਦਾ ਹੋਇਆ ਲੈ ਗਿਆ। ਬੜੀ ਮੁਸ਼ਕਲ ਨਾਲ ਬੁਰੀ ਤਰ੍ਹਾਂ ਨੁਕਸਾਨੀ ਕਾਰ ਵਿੱਚੋਂ ਹੌਲਦਾਰ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬਲਵਿੰਦਰ ਸ਼ਾਹਜ਼ਾਦਪੁਰ ਥਾਣੇ ਵਿੱਚ ਤਾਇਨਾਤ ਸੀ। ਪੁਲੀਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ, ਜਿਸ ਮਗਰੋਂ ਉਸ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੇ ਭਤੀਜੇ ਫ਼ਤਹਿਪੁਰ ਵਾਸੀ ਮੋਹਿਤ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਬੀਤੇ ਦਿਨ ਉਸ ਦਾ ਚਾਚਾ ਬਲਵਿੰਦਰ ਸਿੰਘ ਆਪਣੀ ਡਿਊਟੀ ਦੇ ਸਬੰਧ ਵਿੱਚ ਨਰਾਇਣਗੜ੍ਹ ਵੱਲ ਜਾ ਰਿਹਾ ਸੀ। ਸ਼ਾਹਜ਼ਾਦਪੁਰ ਦੀ ਬਨੌਂਦੀ ਸ਼ੂਗਰ ਮਿੱਲ ਕੋਲ ਪਹੁੰਚਣ ’ਤੇ ਇਕ ਤੇਜ਼ ਰਫ਼ਤਾਰ ਕੰਟੇਨਰ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਕੰਟੇਨਰ ਕਾਰ ਨੂੰ ਕਾਫੀ ਦੂਰ ਤੱਕ ਘਸੀਟਦਾ ਹੋਇਆ ਲੈ ਗਿਆ। ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਉਸ ਦੇ ਚਾਚੇ ਨੂੰ ਸ਼ਾਹਜ਼ਾਦਪੁਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕੰਟੇਨਰ ਚਾਲਕ ਨੇ ਆਪਣਾ ਨਾਮ ਅਨਿਲ ਕੁਮਾਰ ਵਾਸੀ ਬੱਦੋਪੁਰ (ਮਹਿੰਦਰਗੜ੍ਹ) ਦੱਸਿਆ ਹੈ।