ਨਫ਼ਰਤੀ ਸੋਚ ਅਤੇ ਸਮਾਜਿਕ, ਸੱਭਿਆਚਾਰਕ ਤੇ ਮਾਨਸਿਕ ਵਿਕਾਰ
ਡਾ. ਅਰੁਣ ਮਿੱਤਰਾ
ਮਨੀਪੁਰ ਵਿਚ ਮਰਦਾਂ ਦੀ ਭੀੜ ਵੱਲੋਂ ਦੋ ਔਰਤਾਂ ਨੂੰ ਨੰਗਾ ਕਰ ਕੇ ਛੇੜਛਾੜ ਕਰਦੇ ਦਿਖਾਏ ਗਏ ਵੀਡੀਓ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਨੇ ਦੁਨੀਆ ਭਰ ਵਿਚ ਸਾਨੂੰ ਸ਼ਰਮਸਾਰ ਕੀਤਾ ਹੈ। ਇਸ ਨਾਲ ਸਾਡੇ ਸਮਾਜ ਦਾ ਖੋਖਲਾਪਣ ਵੀ ਸਾਹਮਣੇ ਆਇਆ ਹੈ ਜੋ ਔਰਤਾਂ ਨੂੰ ਦੇਵੀ ਮੰਨ ਕੇ ਪੂਜਣ ਵਿਚ ਮਾਣ ਮਹਿਸੂਸ ਕਰਦਾ ਹੈ। ਇਸ ਨਾਲ ਸਮਾਜਿਕ-ਸੱਭਿਆਚਾਰਕ ਗਿਰਾਵਟ ਅਤੇ ਔਰਤਾਂ ਨੂੰ ਸੰਦ ਵਜੋਂ ਵਰਤਣ ਲਈ ਮਰਦ ਪ੍ਰਧਾਨਗੀ ਵਾਲੀ ਸੋਚ ਸਾਹਮਣੇ ਆਈ ਹੈ। ਸਭ ਤੋਂ ਵੱਧ ਇਸ ਨੇ ਸੱਤਾ ਵਿਚਲੇ ਸਿਆਸੀ ਅਤੇ ਨੌਕਰਸ਼ਾਹੀ ਢਾਂਚੇ ਵਿਚਲੀ ਅਸੰਵੇਦਨਸ਼ੀਲਤਾ ਨੂੰ ਨੰਗਾ ਕੀਤਾ ਹੈ। ਆਜ਼ਾਦ ਭਾਰਤ ਵਿਚ ਇਸ ਪੱਧਰ ਦੀ ਇਹ ਪਹਿਲੀ ਘਟਨਾ ਹੈ।
ਹਿੰਸਾ ਭੜਕਣ ਤੋਂ ਬਾਅਦ, ਪਿਛਲੇ 79 ਦਨਿਾਂ ਤੋਂ ਪ੍ਰਧਾਨ ਮੰਤਰੀ ਦੀ ਚੁੱਪ ਨੇ ਸੂਬੇ ਦੇ ਮਾਹੌਲ ਨੂੰ ਹੋਰ ਵਿਗਾੜ ਦਿੱਤਾ। ਇਸ ਨਾਲ ਇੱਕ ਦੂਜੇ ਪ੍ਰਤੀ ਨਫ਼ਰਤ ਵਧਦੀ ਗਈ। ਦੂਸਰਿਆਂ ਪ੍ਰਤੀ ਨਫ਼ਰਤ ਆਪਣੇ ਆਪ ਨਹੀਂ ਵਾਪਰਦੀ; ਇਹ ਯੋਜਨਾਬੱਧ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ।
ਸਮਾਜ ਵਿਚ ਸਮੱਸਿਆਵਾਂ ਹਮੇਸ਼ਾ ਰਹਿੰਦੀਆਂ ਹਨ। ਸਵਾਲ ਇਹ ਹੈ ਕਿ ਅਸੀਂ ਉਹਨਾਂ ਨੂੰ ਕਿਵੇਂ ਪੇਸ਼ ਕਰਦੇ ਹਾਂ ਜਾਂ ਉਹਨਾਂ ਨਾਲ ਕਿਵੇਂ ਨਜਿੱਠਣ ਅਤੇ ਉਹਨਾਂ ਨੂੰ ਕਿਵੇਂ ਹੱਲ ਕਰਨ ਦੀ ਕੋਸਿ਼ਸ਼ ਕਰਦੇ ਹਾਂ। ਵੱਖ ਵੱਖ ਮੁੱਦਿਆਂ ਲਈ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਦੋਸ਼ੀ ਠਹਿਰਾਉਣਾ ਆਸਾਨ ਹੈ। ਦੂਜੇ ਭਾਈਚਾਰੇ ਵਿਰੁੱਧ ਯੋਜਨਾਬੱਧ ਪ੍ਰਚਾਰ ਕੀਤਾ ਜਾਂਦਾ ਹੈ। ਇਸ ਨੂੰ ਯੋਜਨਾਬੱਧ ਢੰਗ ਨਾਲ ਫੈਲਾਇਆ ਜਾਂਦਾ ਹੈ ਅਤੇ ਲੋਕਾਂ ਵਿਚ ਇੱਕ ਦੂਜੇ ਦੇ ਵਿਰੁੱਧ ਮਨ-ਮਾਨ ਬਣਾਇਆ ਜਾਂਦਾ ਹੈ। ਅਸੀਂ ਇਹ ਭਾਰਤ ਦੀ ਵੰਡ ਵੇਲੇ ਦੇਖਿਆ ਜਦੋਂ 25 ਲੱਖ ਦੇ ਕਰੀਬ ਹਿੰਦੂ ਮੁਸਲਮਾਨ ਤੇ ਸਿੱਖ ਇਕ ਦੂਜੇ ਦੇ ਹੱਥੋਂ ਮਾਰੇ ਗਏ ਸਨ। 1.8 ਕਰੋੜ ਤੱਕ ਲੋਕ ਆਪਣੇ ਸਥਾਨਾਂ ਤੋਂ ਦੂਜੇ ਖੇਤਰਾਂ ਵਿਚ ਹਿਜਰਤ ਕਰਨ ਲਈ ਮਜਬੂਰ ਹੋਏ ਪਰ ਇਹ ਉਹ ਸਮਾਂ ਸੀ ਜਦੋਂ ਸਾਡੇ ਉੱਤੇ ਬਸਤੀਵਾਦੀ ਆਕਾਵਾਂ ਦਾ ਰਾਜ ਸੀ ਜੋ ਆਪਣੀ ਸੱਤਾ ਨੂੰ ਜਾਰੀ ਰੱਖਣ ਲਈ ਕਿਸੇ ਵੀ ਘਟੀਆ ਸਾਧਨ ਦਾ ਸਹਾਰਾ ਲੈਣ ਤੋਂ ਨਹੀਂ ਝਿਜਕਦੇ ਸਨ ਪਰ ਹੁਣ ਅਸੀਂ ਆਜ਼ਾਦ ਦੇਸ਼ ਹਾਂ।
ਇਹ ਕਲਪਨਾ ਤੋਂ ਪਰੇ ਸੀ ਕਿ ਸਾਡੇ ਦੇਸ਼ ਜਿਸ ਨੇ ਬਸਤੀਵਾਦੀ ਸ਼ਕਤੀਆਂ ਵਿਰੁੱਧ ਲੜਾਈ ਲੜੀ ਅਤੇ ਅਤਿ ਗਰੀਬੀ ਤੇ ਅਨਪੜ੍ਹਤਾ ਦੇ ਬਾਵਜੂਦ ਲੋਕਤੰਤਰੀ ਦੇਸ਼ ਵਜੋਂ ਵਿਕਸਤ ਕੀਤਾ, ਵਿਚ ਅਜਿਹਾ ਕਦੇ ਹੋਵੇਗਾ ਪਰ ਪਿਛਲੇ ਕੁਝ ਸਾਲਾਂ ਤੋਂ ਅਜਿਹੀਆਂ ਘਟਨਾਵਾਂ ਦੇ ਸੰਕੇਤ ਸਪੱਸ਼ਟ ਹੋ ਰਹੇ ਸਨ। ਘੱਟ ਗਿਣਤੀਆਂ ਵਿਰੁੱਧ ਯੋਜਨਾਬੱਧ ਤਰੀਕੇ ਨਾਲ ਪ੍ਰਚਾਰ ਕੀਤਾ ਗਿਆ। 2002 ਵਿਚ ਗੁਜਰਾਤ ਵਿਚ ਹੋਈ ਹਿੰਸਾ ਜਿਸ ਵਿਚ 2500 ਮੁਸਲਮਾਨ ਮਾਰੇ ਗਏ ਤੇ ਕਈ ਔਰਤਾਂ ਨਾਲ ਬਲਾਤਕਾਰ ਕੀਤੇ ਜਾਣ ਦੀ ਗੱਲ ਕਹੀ ਜਾਂਦੀ ਹੈ, ਇਸ ਖਤਰਨਾਕ ਯੋਜਨਾ ਦਾ ਹਿੱਸਾ ਸੀ। ਸਭ ਤੋਂ ਮਾੜੀ ਗੱਲ ਉਦੋਂ ਹੋਈ ਜਦੋਂ ਇਸ ਤਰ੍ਹਾਂ ਦੇ ਕਤਲੇਆਮ ਚੱਲ ਰਹੇ ਸਨ, ਲੋਕਾਂ ਦਾ ਇੱਕ ਹਿੱਸਾ ਸਣੇ ਔਰਤਾਂ, ਖੁਸ਼ੀਆਂ ਮਨਾ ਰਿਹਾ ਸੀ। ਸ੍ਰੀ ਨਰਿੰਦਰ ਮੋਦੀ ਜੋ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸਨ, ਕਈ ਦਨਿਾਂ ਤੱਕ ਚੁੱਪ ਰਹੇ ਅਤੇ ਕਤਲੇਆਮ ਚੱਲਣ ਦਿੱਤਾ।
ਪਿਛਲੇ ਕੁਝ ਸਾਲਾਂ ਤੋਂ ਅਜਿਹੇ ਘਨਿਾਉਣੇ ਪ੍ਰਚਾਰ ਨੇ ਸਮਾਜ ਵਿਚ ਫਿਰਕੂ ਵੰਡੀਆਂ ਪਾਈਆਂ ਹਨ। ਲੋਕ ਇਸ ਪ੍ਰਚਾਰ ਵਿਚ ਇੰਨੇ ਉਲਝੇ ਹੋਏ ਹਨ ਕਿ ਉਹ ਮਨੁੱਖੀ ਭਾਵਨਾਵਾਂ ਗਵਾ ਚੁੱਕੇ ਹਨ ਤੇ ਉਨ੍ਹਾਂ ਨੂੰ ਕੋਈ ਦਰਦ ਮਹਿਸੂਸ ਨਹੀਂ ਹੁੰਦਾ ਜਦੋਂ ਉਹ ਜਨਿ੍ਹਾਂ ਲੋਕਾਂ ਨੂੰ ਨਫ਼ਰਤ ਕਰਦੇ ਹਨ, ਹਿੰਸਾ ਦਾ ਸਿ਼ਕਾਰ ਹੁੰਦੇ ਹਨ, ਇੱਥੋਂ ਤੱਕ ਕਿ ਕਤਲ ਵੀ। ਇਹਨਾਂ ਹਾਲਾਤ ਵਿਚ ਪੀੜਤ ਅਤੇ ਪਰਿਵਾਰ ਨੂੰ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ, ਬਹੁਤ ਜਿ਼ਆਦਾ ਮਾਨਸਿਕ ਤਣਾਅ ਦੇ ਕਾਰਨ ‘ਪੋਸਟ ਟਰੌਮੈਟਿਕ ਸਟ੍ਰੈਸ ਡਿਸਆਰਡਰ’ (Post Traumatic Stress Disorder) ਦੇ ਸਿ਼ਕਾਰ ਹੋ ਜਾਂਦੇ ਹਨ। ਉਹਨਾਂ ਦੀ ਜੀਵਨ ਵਿਚ ਕਿਸੇ ਵੀ ਚੀਜ਼ ਵਿਚ ਦਿਲਚਸਪੀ ਘਟ ਜਾਂਦੀ ਹੈ, ਆਤਮ-ਹੱਤਿਆ ਕਰਨ ਦੀ ਪ੍ਰਵਿਰਤੀ ਅਤੇ ਬਦਲਾ ਲੈਣ ਵਾਲਾ ਰਵੱਈਆ ਵਿਕਸਿਤ ਹੋ ਜਾਂਦਾ ਹੈ। ਉਹ ਮਾਮੂਲੀ ਗੱਲ ’ਤੇ ਵੀ ਆਪਣੇ ਨੇੜਲਿਆਂ ਅਤੇ ਪਿਆਰਿਆਂ ’ਤੇ ਬਨਿਾਂ ਵਜ੍ਹਾ ਗੁੱਸੇ ਹੋ ਜਾਂਦੇ ਹਨ। ਜਨਿ੍ਹਾਂ ਨੂੰ ਸਰੀਰਕ ਹਿੰਸਾ ਦਾ ਸਿ਼ਕਾਰ ਬਣਾਇਆ ਗਿਆ ਹੈ, ਉਹ ਸਿਹਤ ਸੰਭਾਲ ਦੀ ਘਾਟ ਕਾਰਨ ਲਟਕਦੇ ਰਹਿੰਦੇ ਹਨ। ਜਦੋਂ ਸਟੇਟ/ਰਿਆਸਤ ਅਸੰਵੇਦਨਸ਼ੀਲ ਜਾਂ ਅਪਰਾਧੀ ਹੁੰਦਾ ਹੈ ਤਾਂ ਹਾਲਾਤ ਹੋਰ ਵੀ ਮਾੜੇ ਹੁੰਦੇ ਹਨ।
ਅਜਿਹੇ ਹਾਲਾਤ ਕਈ ਦਹਾਕਿਆਂ ਦੀ ਮਿਹਨਤ ਨਾਲ ਬਣੀ ਸਮਾਜ ਵਿਚ ਸਦਭਾਵਨਾ ਨੂੰ ਤਬਾਹ ਕਰ ਦਿੰਦੇ ਹਨ। ਇਕਸੁਰਤਾ ਵਾਲੀ ਹਾਲਤ ਨੂੰ ਮੁੜ ਬਣਾਉਣ ਲਈ ਦਹਾਕਿਆਂ ਦਾ ਸਮਾਂ ਲੱਗਦਾ ਹੈ। ਸਮਾਜ ਦੇ ਸਮਝਦਾਰ ਤੱਤਾਂ ਦਾ ਇਹ ਕੰਮ ਹੈ ਕਿ ਉਹ ਪਿਆਰ ਤੇ ਭਾਈਚਾਰੇ ਦਾ ਸੰਦੇਸ਼ ਫੈਲਾਉਣ ਲਈ ਅੱਗੇ ਆਉਣ, ਖਾਸ ਤੌਰ ’ਤੇ ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਦਾ ਸਤਿਕਾਰ ਕਰਨ, ਦੂਜਿਆਂ ਦੇ ਵਿਸ਼ਵਾਸ ਦਾ ਸਤਿਕਾਰ ਕਰਨ ਲਈ। ਮਨੁੱਖਾਂ ਦੀ ਏਕਤਾ ਦੇ ਆਧਾਰ ’ਤੇ ਸਮਾਜ ਵਿਚ ਵਿਗਿਆਨਕ ਦ੍ਰਿਸ਼ਟੀਕੋਣ ਦਾ ਵਿਕਾਸ ਕਰਨਾ ਜ਼ਰੂਰੀ ਹੈ। ਨਕਾਰਾਤਮਕ ਸ਼ਕਤੀਆਂ ਪੁਰਾਤਨ ਸ਼ਾਨ ਦਾ ਰਾਗ ਅਲਾਪਦੀਆਂ ਰਹਿੰਦੀਆਂ ਹਨ। ਉਹ ਲੋਕਾਂ ਨੂੰ ਵਿਆਪਕ ਗਿਆਨ ਪ੍ਰਾਪਤ ਕਰਨ ਤੋਂ ਵਾਂਝੇ ਕਰਨ ਦੀ ਕੋਸਿ਼ਸ਼ ਕਰਦੇ ਹਨ ਸਗੋਂ ਉਹਨਾਂ ਨੂੰ ਸਵੈ-ਕਲਪਿਤ ਅਤੇ ਨਿਰਮਿਤ ਵਿਚਾਰ ਖੁਆਉਂਦੇ ਹਨ। ਜਰਮਨੀ ਵਿਚ ਹਿਟਲਰ ਦੁਆਰਾ ਉਹੀ ਕੀਤਾ ਗਿਆ ਸੀ ਜਿਸ ਕਾਰਨ 80 ਲੱਖ ਯਹੂਦੀਆਂ, ਕਮਿਊਨਿਸਟਾਂ, ਟਰੇਡ ਯੂਨੀਅਨ ਆਗੂਆਂ ਅਤੇ ਸਮਾਜਵਾਦੀਆਂ ਸਮੇਤ ਹਰ ਪ੍ਰਸ਼ਨ ਕਰਨ ਵਾਲੇ ਸ਼ਖ਼ਸ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸੇ ਤਰ੍ਹਾਂ ਦੀਆਂ ਗੱਲਾਂ ਰਵਾਂਡਾ ਵਿਚ ਦੁਹਰਾਈਆਂ ਗਈਆਂ ਜਿੱਥੇ ਹੁਤੂ ਅਤੇ ਤੁਤਸੀ ਕਬੀਲਿਆਂ ਵਿਚ ਨਫ਼ਰਤ ਦੀ ਮੁਹਿੰਮ ਦੇ ਬਾਅਦ 1994 ਵਿਚ ਸਿਰਫ 100 ਦਨਿਾਂ ਵਿਚ 8 ਲੱਖ ਤੋਂ ਵੱਧ ਲੋਕ ਮਾਰੇ ਗਏ ਸਨ।
ਸਾਡਾ ਦੇਸ਼ ਅੱਜ ਅਤਿ ਗੰਭੀਰ ਹਾਲਾਤ ਵਿਚੋਂ ਗੁਜ਼ਰ ਰਿਹਾ ਹੈ। ਲੋਕ ਪੱਖੀ ਜਥੇਬੰਦੀਆਂ ਨੂੰ ਹੁਣ ਵੱਡੀ ਪੱਧਰ ’ਤੇ ਲੋਕਾਂ ਨੂੰ ਚੇਤਨ ਕਰਨਾ ਪਏਗਾ। ਨਫ਼ਰਤੀ ਪ੍ਰਚਾਰ ਦਾ ਟਾਕਰਾ ਕਰਨ ਲਈ ਭਾਈਚਾਰੇ ਦੇ ਸੰਦੇਸ਼ ਨੂੰ ਥੱਲੇ ਤੱਕ ਲਿਜਾਣਾ ਪਏਗਾ। ਲੋਕਾਂ ਦੇ ਮਸਲੇ ਹੱਲ ਕਰਨੇ ਪੈਣਗੇ। ਇਸ ਲਈ ਸੰਵਿਧਾਨਕ ਸੰਸਥਾਵਾਂ ਜਿਵੇਂ ਪੁਲੀਸ, ਅਫਸਰਸ਼ਾਹੀ, ਨਿਆਂ ਪਾਲਿਕਾ ਦੀ ਜਿ਼ੰਮੇਵਾਰੀ ਬਣਦੀ ਹੈ; ਇਸ ਤੋਂ ਵੱਧ ਕੇ ਸਮਾਜਿਕ ਸੰਸਥਾਵਾਂ ਤੇ ਜਨਤਕ ਜਥੇਬੰਦੀਆਂ ਨੂੰ ਅੰਦੋਲਨ ਕਰਨੇ ਪੈਣਗੇ। ਨਫਰਤ ਦਾ ਪ੍ਰਚਾਰ ਕਰ ਕੇ ਰਾਜਨੀਤਕ ਰੋਟੀਆਂ ਸੇਕਣ ਵਾਲਿਆਂ ਨੂੰ ਭਜਾਉਣਾ ਪਏਗਾ। ਇਸ ਕੰਮ ਨੂੰ ਛੇਤੀ ਨੇਪਰੇ ਚਾੜ੍ਹਨਾ ਪਏਗਾ, ਨਹੀਂ ਤਾਂ ਦੇਸ਼ ਤੇ ਸਮਾਜ ਨੂੰ ਖੇਰੂੰ ਖੇਰੂੰ ਹੋਣ ਤੋਂ ਬਚਾਉਣਾ ਬਹੁਤ ਮੁਸ਼ਕਿਲ ਹੋ ਜਾਵੇਗਾ।
ਸੰਪਰਕ: 94170-00360