ਹੱਤਕ ਦਾ ਮਾਮਲਾ: ਕੇਸ ਦਰਜ ਹੋਣ ’ਤੇ ਵੀ ਧਰਨਾ ਜਾਰੀ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 26 ਜੁਲਾਈ
ਪਿੰਡ ਜੱਸੇਆਣਾ ਦੇ ਦੋ ਮਜ਼ਦੂਰਾਂ ਵੱਲੋਂ ਤੂੜੀ ਢੋਣ ਦੀ ਮੁਸ਼ੱਕਤ ਦੇ ਪੈਸੇ ਮੰਗਣ ‘ਤੇ ਪਿੰਡ ਦੇ ਹੀ ਇਕ ਸੱਤਾਧਾਰੀ ਵਿਅਕਤੀ ਵੱਲੋਂ ਕਥਿਤ ਤੌਰ ਮਜ਼ਦੂਰਾਂ ਦੀ ਕੁੱਟਮਾਰ ਕਰਨ ਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਮਾਮਲੇ ਸਬੰਧੀ ਕਾਰਵਾਈ ਕਰਾਉਣ ਲਈ ਥਾਣਾ ਸਦਰ ਮੂਹਰੇ ਧਰਨੇ ‘ਤੇ ਬੈਠੇ ਸਰਪੰਚ ਗੁਰਮੀਤ ਸਿੰਘ, ਜਗਸੀਰ ਸਿੰਘ, ਰਾਜਾ ਸਿੰਘ, ਜਸਵਿੰਦਰ ਸਿਘ, ਜਗਸੀਰ ਸਿੰਘ, ਹਰਮਨ ਸਿੰਘ, ਮੋਟਾ ਸਿੰਘ, ਲੱਖਾ ਸਿੰਘ, ਜਗਜੀਤ ਸਿੰਘ ਕਾਮਰੇਡ, ਦਾਰਾ ਸਿੰਘ ਤੇ ਰਾਜ ਸਿੰਘ ਹੋਰਾਂ ਸਣੇ ਕਰੀਬ 25 ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਸਿਟੀ ਵਿਖੇ ਧਾਰਾ 188, 269, 270 ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਪਰ ਇਸ ਦੇ ਬਾਵਜੂਦ ਅੱਜ ਦੂਜੇ ਦਨਿ ਫਿਰ ਮੁਜ਼ਾਹਰਾਕਾਰੀ ਥਾਣਾ ਸਦਰ ਮੂਹਰੇ ਧਰਨੇ ‘ਤੇ ਬੈਠੇ ਜਿਥੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਜ਼ਿਲ੍ਹਾ ਸਕੱਤਰ ਲਖਵੀਰ ਸਿੰਘ ਤਖਤਮੁਲਾਣਾ , ਜ਼ਿਲ੍ਹਾ ਆਗੂ ਹਰਪਾਲ ਸਿੰਘ ਸੰਗੂਧੌਣ ਤੇ ਪ੍ਰੀਤਮ ਸਿੰਘ ਹਰੀਕੇ ਕਲਾਂ ਨੇ ਦੱਸਿਆ ਕਿ ਪਹਿਲਾਂ ਤਾਂ ਮਜ਼ਦੂਰਾਂ ਦੀ ਪਿੰਡ ਵਿੱਚ ਕੁੱਟਮਾਰ ਕੀਤੀ ਗਈ ਤੇ ਫਿਰ ਉਨ੍ਹਾਂ ਵੀ ਵਿਅਕਤੀਆਂ ਵੱਲੋਂ ਥਾਣਾ ਸਦਰ ਵਿੱਚ ਅਰਜ਼ੀ ਦੇਣ ਆਏ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਤੇ ਪੰਚਾਇਤ ਮੈਂਬਰ ਦੀ ਬੇਪਤੀ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਥਾਣਾ ਸਦਰ ਮੁਕਤਸਰ ਸਾਹਿਬ ਦੀ ਪੁਲੀਸ ਕਥਿਤ ਤੌਰ ‘ਤੇ ਦੋਸ਼ੀਆਂ ਦਾ ਪੱਖ ਪੂਰ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਭਾ ਦੋਸ਼ੀਆਂ ਖਿਲਾਫ ਮਾਮਲਾ ਦਰਜ ਹੋਣ ਤੱਕ ਧਰਨਾ ਜਾਰੀ ਰੱਖੇਗੀ। ਇਸ ਮੌਕੇ ਪਿੰਡ ਜੱਸੇਆਣਾ ਦੇ ਸਰਪੰਚ ਗੁਰਮੀਤ ਸਿੰਘ ਜਗਸੀਰ ਸਿੰਘ ਮੈਂਬਰ ਪੰਚਾਇਤ ਰਾਜਾ ਸਿੰਘ ਪੰਚਾਇਤ ਮੈਂਬਰ ਗੁਰਮੀਤ ਸਿੰਘ ਵੀ ਹਾਜ਼ਰ ਸਨ। ਇਸ ਦੌਰਾਨ ਥਾਣਾ ਸਿਟੀ ਦੇ ਪੜਤਾਲੀਆ ਅਫਸਰ ਦਿਲਬਾਗ ਸਿੰਘ ਨੇ ਦੱਸਿਆ ਕਿ ਡੀਸੀ ਦੇ ਹੁਕਮਾਂ ਦੀ ਮਨਾਹੀ ਦੇ ਸਬੰਧ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਬਾਕੀ ਕਾਰਵਾਈ ਥਾਣਾ ਸਦਰ ਪੁਲੀਸ ਕਰੇਗੀ। ਥਾਣਾ ਸਦਰ ਦੇ ਮੁਖੀ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਦੱਸਿਆ ਕਿ ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ।