For the best experience, open
https://m.punjabitribuneonline.com
on your mobile browser.
Advertisement

ਪਾਵਰਕੌਮ ਦੀ ਨਵੀਂ ਭਰਤੀ ’ਚ ਹਰਿਆਣਾ ਦੀ ਝੰਡੀ

07:24 AM Nov 28, 2024 IST
ਪਾਵਰਕੌਮ ਦੀ ਨਵੀਂ ਭਰਤੀ ’ਚ ਹਰਿਆਣਾ ਦੀ ਝੰਡੀ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 27 ਨਵੰਬਰ
ਪਾਵਰਕੌਮ ’ਚ ਸਹਾਇਕ ਲਾਈਨਮੈਨਾਂ ਦੀ ਹੋਈ ਭਰਤੀ ’ਚ ਹਰਿਆਣਾ ਦੇ ਨੌਜਵਾਨਾਂ ਦੀ ਮੁੜ ਤੂਤੀ ਬੋਲੀ ਹੈ। ਹਾਲ ’ਚ ਹੀ ਪਾਵਰਕੌਮ ਨੇ 1193 ਸਹਾਇਕ ਲਾਈਨਮੈਨ ਭਰਤੀ ਕੀਤੇ ਹਨ, ਜਿਨ੍ਹਾਂ ਵਿੱਚੋਂ 362 ਨੌਜਵਾਨ ਹਰਿਆਣਾ ਦੇ ਬਾਸ਼ਿੰਦੇ ਹਨ। ਹਰਿਆਣਾ ਦੀ ਇਸ ਸੂਚੀ ’ਚ 32 ਲੜਕੀਆਂ ਦੇ ਨਾਮ ਵੀ ਸ਼ਾਮਲ ਹਨ। ਵਿਰੋਧੀ ਧਿਰਾਂ ਅਕਸਰ ਰੌਲਾ ਪਾਉਂਦੀਆਂ ਹਨ ਕਿ ਪੰਜਾਬ ਵਿੱਚ ਰੁਜ਼ਗਾਰ ਪੰਜਾਬੀਆਂ ਨੂੰ ਮਿਲਣਾ ਚਾਹੀਦਾ ਹੈ ਅਤੇ ਦੂਸਰੇ ਸੂਬਿਆਂ ਦੇ ਰਾਹ ਰੋਕਣੇ ਚਾਹੀਦੇ ਹਨ ਪ੍ਰੰਤੂ ਇਹ ਸਿਲਸਿਲਾ ਜਾਰੀ ਹੈ। ਇਸ ਤੋਂ ਪਹਿਲਾਂ ਪਸ਼ੂ ਪਾਲਣ ਵਿਭਾਗ ’ਚ ਵੱਡੀ ਗਿਣਤੀ ਵੈਟਰਨਰੀ ਇੰਸਪੈਕਟਰ ਵੀ ਹਰਿਆਣਾ ਦੇ ਬਾਸ਼ਿੰਦੇ ਭਰਤੀ ਹੋਏ ਹਨ।
ਪਾਵਰਕੌਮ ਵੱਲੋਂ ਇਸ ਭਰਤੀ ਲਈ ਦੋ ਟੈਸਟ ਲਏ ਜਾਂਦੇ ਹਨ। ਪਹਿਲਾ ਟੈਸਟ ਪੰਜਾਬੀ ਭਾਸ਼ਾ ਦਾ ਹੁੰਦਾ ਹੈ ਜਿਸ ਨੂੰ ਪਾਸ ਕਰਨਾ ਲਾਜ਼ਮੀ ਹੁੰਦਾ ਹੈ। ਦੂਜਾ ਤਕਨੀਕੀ ਪੇਪਰ ਹੁੰਦਾ ਹੈ ਜਿਸ ਦੇ ਨੰਬਰਾਂ ਦੇ ਆਧਾਰ ’ਤੇ ਮੈਰਿਟ ਬਣਦੀ ਹੈ। ਜੇ ਕੋਈ ਨੌਜਵਾਨ ਪੰਜਾਬੀ ਦੇ ਟੈਸਟ ਵਿੱਚੋਂ ਫ਼ੇਲ੍ਹ ਹੋ ਜਾਂਦਾ ਹੈ ਤਾਂ ਉਹ ਅਯੋਗ ਕਰਾਰ ਦੇ ਦਿੱਤਾ ਜਾਂਦਾ ਹੈ। ਸਹਾਇਕ ਲਾਈਨਮੈਨਾਂ ਦੀ ਇਸ ਭਰਤੀ ਵਿੱਚ 1127 ਲੜਕੇ ਤੇ 66 ਲੜਕੀਆਂ ਭਰਤੀ ਹੋਈਆਂ ਹਨ। ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਸਭ ਤੋਂ ਵੱਧ 98 ਨੌਜਵਾਨ ਪੰਜਾਬ ’ਚ ਰੁਜ਼ਗਾਰ ਲੈਣ ਵਿੱਚ ਕਾਮਯਾਬ ਹੋਏ ਹਨ ਜਦੋਂ ਕਿ ਫ਼ਤਿਆਬਾਦ ਦੇ 72 ਨੌਜਵਾਨ ਭਰਤੀ ਹੋਏ ਹਨ। ‘ਆਪ’ ਸਰਕਾਰ ਨੇ 28 ਅਕਤੂਬਰ 2022 ਨੂੰ ਨੋਟੀਫਿਕੇਸ਼ਨ ਜਾਰੀ ਕਰ ਕੇ ਹਰ ਉਮੀਦਵਾਰ ਲਈ ਗਰੁੱਪ ਸੀ ਦੀ ਭਰਤੀ ਲਈ ਪੰਜਾਬੀ ਭਾਸ਼ਾ ਦੇ ਪੇਪਰ ਵਿੱਚੋਂ 50 ਫ਼ੀਸਦੀ ਅੰਕ ਲੈਣੇ ਲਾਜ਼ਮੀ ਕੀਤੇ ਸਨ। ਪਤਾ ਲੱਗਾ ਹੈ ਕਿ ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਪਿਛਲੇ ਅਰਸੇ ਦੌਰਾਨ ਇਹ ਮੁੱਦਾ ਪੰਜਾਬ ਸਰਕਾਰ ਕੋਲ ਵੀ ਉਠਾਇਆ ਗਿਆ ਸੀ ਕਿ ਪਾਵਰਕੌਮ ਵਿੱਚ ਭਰਤੀ ਲਈ ਡੌਮੀਸਾਈਲ ਲਾਜ਼ਮੀ ਕੀਤਾ ਜਾਵੇ। ਇਸ ਇਕੱਲੀ ਭਰਤੀ ਵਿੱਚ 30 ਫ਼ੀਸਦੀ ਨੌਜਵਾਨ ਹਰਿਆਣਾ ਦੇ ਕਾਮਯਾਬ ਹੋ ਗਏ ਹਨ। ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ 45 ਨੌਜਵਾਨ, ਜੀਂਦ ਦੇ 37 ਨੌਜਵਾਨ, ਕੈਥਲ ਦੇ 40 ਨੌਜਵਾਨ ਅਤੇ ਕੁਰੂਕਸ਼ੇਤਰ ਜ਼ਿਲ੍ਹੇ ਦੇ 46 ਨੌਜਵਾਨ ਪੰਜਾਬ ’ਚ ਸਹਾਇਕ ਲਾਈਨਮੈਨ ਬਣ ਗਏ ਹਨ। ਹਰਿਆਣਾ ਦੇ 14 ਜ਼ਿਲ੍ਹਿਆਂ ਦੇ ਨੌਜਵਾਨ ਬਾਜ਼ੀ ਮਾਰ ਗਏ ਹਨ ਜਦੋਂ ਕਿ ਚੰਡੀਗੜ੍ਹ ਯੂਟੀ ਦਾ ਵੀ ਇੱਕ ਨੌਜਵਾਨ ਸਫ਼ਲ ਹੋਇਆ ਹੈ। ਪੰਜਾਬ ਦੇ ਜਿਨ੍ਹਾਂ ਖ਼ਿੱਤਿਆਂ ਦੇ ਨੌਜਵਾਨ ਵਿਦੇਸ਼ ਚਲੇ ਗਏ ਹਨ, ਉਨ੍ਹਾਂ ਖ਼ਿੱਤਿਆਂ ਵਿੱਚੋਂ ਬਹੁਤ ਘੱਟ ਨੌਜਵਾਨ ਭਰਤੀ ਲਈ ਆ ਰਹੇ ਹਨ। ਮਿਸਾਲ ਦੇ ਤੌਰ ’ਤੇ ਸਹਾਇਕ ਲਾਈਨਮੈਨਾਂ ਦੀ ਇਸ ਭਰਤੀ ’ਚ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਅਤੇ ਨਵਾਂ ਸ਼ਹਿਰ ਦੇ ਸਿਰਫ਼ 49 ਨੌਜਵਾਨ ਹੀ ਭਰਤੀ ਹੋਏ ਹਨ ਜਦੋਂ ਕਿ ਹਰਿਆਣਾ ਦੇ ਇੱਕੋ ਸਿਰਸਾ ਜ਼ਿਲ੍ਹੇ ਦੇ 98 ਨੌਜਵਾਨ ਸਹਾਇਕ ਲਾਈਨਮੈਨ ਬਣਨ ਵਿੱਚ ਸਫਲ ਹੋਏ ਹਨ। ਇਸੇ ਤਰ੍ਹਾਂ ਹੀ ਲੁਧਿਆਣਾ ਅਤੇ ਫ਼ਤਿਹਗੜ੍ਹ ਸਾਹਿਬ ਦੇ ਸਿਰਫ਼ 17 ਨੌਜਵਾਨ ਇਵੇਂ ਹੀ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨ ਤਾਰਨ ਦੇ 91 ਨੌਜਵਾਨ ਸਹਾਇਕ ਲਾਈਨਮੈਨ ਬਣੇ ਹਨ। ਤਸਵੀਰ ਦਾ ਦੂਜਾ ਪਾਸਾ ਦੇਖਦੇ ਹਾਂ ਤਾਂ ਮਾਲਵਾ ਦੇ ਬਠਿੰਡਾ, ਫ਼ਰੀਦਕੋਟ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਮਾਨਸਾ, ਮੋਗਾ ਤੇ ਸ੍ਰੀ ਮੁਕਤਸਰ ਸਾਹਿਬ ਦੇ 494 ਨੌਜਵਾਨ ਸਫ਼ਲ ਹੋਏ ਹਨ ਜੋ ਸਭ ਤੋਂ ਵੱਧ ਹਨ। ਦਿਲਚਸਪ ਤੱਥ ਹੈ ਕਿ ਪੰਜਾਬ ਭਰ ਵਿੱਚੋਂ ਇਕੱਲੇ ਫ਼ਾਜ਼ਿਲਕਾ ਜ਼ਿਲ੍ਹੇ ਦੇ 304 ਨੌਜਵਾਨ ਭਰਤੀ ’ਚ ਮੱਲਾਂ ਮਾਰ ਗਏ ਹਨ ਜੋ ਸਮੁੱਚੀ ਨਫ਼ਰੀ ਦਾ 25 ਫ਼ੀਸਦੀ ਬਣਦੇ ਹਨ।

Advertisement

ਨੇੜਲੇ ਸਟੇਸ਼ਨਾਂ ਨੂੰ ਤਰਜੀਹ ਦਿੰਦੇ ਨੇ ਹਰਿਆਣਾ ਦੇ ਨੌਜਵਾਨ

ਹਰਿਆਣਾ ’ਚੋਂ ਭਰਤੀ ਹੋਏ ਨੌਜਵਾਨ ਸਮੁੱਚੇ ਪੰਜਾਬ ਦੀ ਸੇਵਾ ਦੀ ਥਾਂ ਆਪਣੇ ਘਰ ਦੇ ਨੇੜੇ ਪੈਂਦੇ ਸਟੇਸ਼ਨਾਂ ’ਤੇ ਤਾਇਨਾਤੀ ਨੂੰ ਤਰਜੀਹ ਦਿੰਦੇ ਹਨ। ਜਦੋਂ ਵੀ ਕੋਈ ਭਰਤੀ ਹੁੰਦੀ ਹੈ ਤਾਂ ਹਰਿਆਣਾ ਦੇ ਨੌਜਵਾਨ ਪੰਜਾਬ-ਹਰਿਆਣਾ ਨੇੜੇ ਪੈਂਦੇ ਸਟੇਸ਼ਨਾਂ ’ਤੇ ਹੀ ਨਿਯੁਕਤੀ ਲਈ ਦਬਾਅ ਬਣਾਉਂਦੇ ਹਨ। ਸੱਤਾਧਾਰੀ ਧਿਰ ਦਾ ਦਬਾਅ ਵੀ ਹਰਿਆਣਾ ਦੇ ਪੱਖ ਵਿੱਚ ਬਣਦਾ ਹੈ। ਨਤੀਜਾ ਇਹ ਹੁੰਦਾ ਹੈ ਕਿ ਜਿੱਥੇ ਸਹਾਇਕ ਲਾਈਨਮੈਨਾਂ ਦੀ ਅਸਲ ਵਿੱਚ ਜ਼ਿਆਦਾ ਲੋੜ ਹੁੰਦੀ ਹੈ, ਉਹ ਸਟੇਸ਼ਨ ਖ਼ਾਲੀ ਰਹਿ ਜਾਂਦੇ ਹਨ।

Advertisement

Advertisement
Author Image

joginder kumar

View all posts

Advertisement