ਹਰਿਆਣਾ: ਚੋਣ ਪ੍ਰਚਾਰ ਆਖਰੀ ਗੇੜ ਵਿੱਚ ਪੁੱਜਿਆ
ਆਤਿਸ਼ ਗੁਪਤਾ
ਚੰਡੀਗੜ੍ਹ, 1 ਅਕਤੂਬਰ
ਹਰਿਆਣਾ ਵਿਧਾਨ ਸਭਾ ਚੋਣਾਂ ਲਈ 5 ਅਕਤੂਬਰ ਨੂੰ ਵੋਟਾਂ ਦੀ ਤਰੀਕ ਨਜ਼ਦੀਕ ਆਉਣ ਦੇ ਨਾਲ-ਨਾਲ ਚੋਣ ਪ੍ਰਚਾਰ ਵੀ ਆਖਰੀ ਗੇੜ ਵਿੱਚ ਪਹੁੰਚ ਚੁੱਕਾ ਹੈ। ਜਾਣਕਾਰੀ ਅਨੁਸਾਰ ਇਹ ਚੋਣ ਪ੍ਰਚਾਰ 3 ਅਕਤੂਬਰ ਨੂੰ ਸ਼ਾਮ ਪੰਜ ਵਜੇ ਬੰਦ ਹੋ ਜਾਵੇਗਾ। ਚੋਣ ਪ੍ਰਚਾਰ ਦੇ ਆਖਰੀ ਗੇੜ ਵਿੱਚ ਪਹੁੰਚਣ ਦੇ ਨਾਲ ਹੀ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਚੋਣ ਸਰਗਰਮੀਆਂ ਸਿਖਰ ’ਤੇ ਪਹੁੰਚਾ ਦਿੱਤੀਆਂ ਹਨ।
ਇਸ ਦੌਰਾਨ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ (ਆਪ), ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ)-ਬਹੁਜਨ ਸਮਾਜ ਪਾਰਟੀ (ਬਸਪਾ) ਗੱਠਜੋੜ ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ)-ਆਜ਼ਾਦ ਸਮਾਜ ਪਾਰਟੀ (ਏਐੱਸਪੀ) ਗੱਠਜੋੜ ਵੱਲੋਂ ਵੋਟਾਂ ਲਈ ਆਖਰੀ ਹੱਲਾ ਮਾਰਿਆ ਜਾ ਰਿਹਾ ਹੈ।
ਅੱਜ ਵੀ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਧਾਨ ਸਭਾ ਹਲਕਾ ਪਲਵਲ ਪਹੁੰਚੇ। ਇਸੇ ਤਰ੍ਹਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਧਾਨ ਸਭਾ ਹਲਕਾ ਸਮਾਲਖਾ, ਪਾਣੀਪਤ ਸਿਟੀ, ਅਸੰਧ ਅਤੇ ਘਰੌਂਦਾ ਵਿੱਚ ਰੈਲੀਆਂ ਨੂੰ ਸੰਬੋਧਨ ਕੀਤਾ। ਇਸ ਤੋਂ ਇਲਾਵਾ ਭਾਜਪਾ ਦੇ ਹੋਰ ਸਟਾਰ ਪ੍ਰਚਾਰਕ 2 ਤੇ 3 ਅਕਤੂਬਰ ਨੂੰ ਹਰਿਆਣਾ ਵਿੱਚ ਚੋਣ ਪ੍ਰਚਾਰ ਲਈ ਪਹੁੰਚ ਰਹੇ ਹਨ।
ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਆਗੂ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਦੂਜੇ ਦਿਨ ‘ਹਰਿਆਣਾ ਵਿਜੈ ਸੰਕਲਪ ਯਾਤਰਾ’ ਕੱਢੀ ਗਈ। ਇਹ ਯਾਤਰਾ ਵਿਧਾਨ ਸਭਾ ਹਲਕਾ ਬਹਾਦਰਗੜ੍ਹ ਤੋਂ ਸ਼ੁਰੂ ਹੋ ਕੇ ਸਢੌਰਾ ਹੁੰਦੇ ਹੋਏ ਸੋਨੀਪਤ ਪਹੁੰਚੀ, ਜਿੱਥੇ ਰਾਹੁਲ ਗਾਂਧੀ ਵੱਲੋਂ ਰੈਲੀ ਸੰਬੋਧਨ ਕੀਤਾ ਗਿਆ। ਇਸ ਤੋਂ ਬਾਅਦ ਸੋਨੀਪਤ ਤੋਂ ਸ਼ੁਰੂ ਹੋ ਕੇ ਵਿਧਾਨ ਸਭਾ ਹਲਕਾ ਗਨੌਰ ਤੋਂ ਹੁੰਦੇ ਹੋਏ ਯਾਤਰਾ ਗੋਹਾਨਾ ਪਹੁੰਚੀ।
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਵਿਧਾਨ ਸਭਾ ਹਲਕਾ ਬੱਲਭਗੜ੍ਹ ’ਚ ਰੋਡ ਸ਼ੋਅ ਕੀਤਾ ਗਿਆ। ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਿਧਾਨ ਸਭਾ ਹਲਕਾ ਪਾਣੀਪਤ ਦਿਹਤੀ ਤੇ ਨਾਰਨੌਂਦ ਵਿੱਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਰੋਡ ਸ਼ੋਅ ਕੀਤਾ। ਰਾਜ ਸਭਾ ਮੈਂਬਰ ਸੰਜੈ ਸਿੰਘ ਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਗਾਧਰੀ ’ਚੋਂ ਰੋਡ ਸ਼ੋਅ ਕੀਤਾ। ਉਸ ਤੋਂ ਬਾਅਦ ਸ਼ਾਮ ਨੂੰ ਸੰਜੈ ਸਿੰਘ ਨੇ ਕੈਥਲ ’ਚ ਰੋਡ ਸ਼ੋਅ ਕੀਤਾ।
ਇਸੇ ਤਰ੍ਹਾਂ ਇਨੈਲੋ-ਬਸਪਾ ਗੱਠਜੋੜ ਅਤੇ ਜੇਜੇਪੀ-ਏਐੱਸਪੀ ਗੱਠਜੋੜ ਵੱਲੋਂ ਵੀ ਸੂਬੇ ਭਰ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਭਾਜਪਾ ਆਪਣੇ 10 ਸਾਲਾਂ ਦੀ ਕਾਰਗੁਜ਼ਾਰੀ ਨੂੰ ਲੋਕਾਂ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਵਿਰੋਧੀਆਂ ਵੱਲੋਂ ਭਾਜਪਾ ਦੀ 10 ਸਾਲਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਜਾ ਰਹੇ ਹਨ। ਚੋਣ ਪ੍ਰਚਾਰ ਦੌਰਾਨ ਬੇਰੁਜ਼ਗਾਰੀ, ਕਿਸਾਨੀ ਤੇ ਮਹਿੰਗਾਈ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉੱਭਰ ਰਿਹਾ ਹੈ।