Haryana News: ਵਿਦੇਸ਼ੀ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ ਵਿਚ ਹਰਿਆਣਾ ਵਾਸੀ ਗ੍ਰਿਫ਼ਤਾਰ
ਆਗਰਾ, 17 ਅਪਰੈਲ
Haryana News: ਪੁਲੀਸ ਨੇ ਵੀਰਵਾਰ ਨੂੰ ਦੱਸਿਆ ਕਿ ਇਥੇ ਆਗਰਾ ਕਿਲ੍ਹੇ ਵਿਚ ਲਿਥੁਆਨੀਆ ਦੀ ਇਕ ਮਹਿਲਾ ਸੈਲਾਨੀ ਨਾਲ ਛੇੜਛਾੜ ਕਰਨ ਦੇ ਦੋਸ਼ ਵਿਚ ਹਰਿਆਣਾ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਦੀ ਪਛਾਣ ਮਿਜ਼ਾਨ ਵਜੋਂ ਹੋਈ ਹੈ, ਜੋ ਕਿ ਹਰਿਆਣਾ ਦੇ ਮੇਵਾਤ ਦਾ ਰਹਿਣ ਵਾਲਾ ਹੈ। ਲਿਥੁਆਨੀਆ ਦੀ ਮਹਿਲਾ ਸੈਲਾਨੀ ਬੁੱਧਵਾਰ ਨੂੰ ਆਗਰਾ ਕਿਲ੍ਹੇ ਦਾ ਦੌਰਾ ਕਰ ਰਹੀ ਸੀ ਜਦੋਂ ਮਿਜ਼ਾਨ(ਜੋ ਖ਼ੁਦ ਸੈਲਾਨੀ ਸੀ) ਨੇ ਕਥਿਤ ਤੌਰ 'ਤੇ ਉਸਨੂੰ ਇਤਰਾਜ਼ਯੋਗ ਢੰਗ ਨਾਲ ਛੂਹਿਆ।
ਅਧਿਕਾਰੀਆਂ ਦੇ ਅਨੁਸਾਰ ਘਟਨਾ ਤੋਂ ਬਾਅਦ, ਸੈਰ-ਸਪਾਟਾ ਪੁਲੀਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਗਈ। ਸਹਾਇਕ ਪੁਲੀਸ ਕਮਿਸ਼ਨਰ ਸਈਦ ਅਰੀਬ ਅਹਿਮਦ ਨੇ ਕਿਹਾ, "ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਸੀਸੀਟੀਵੀ ਫੁਟੇਜ ਦੀ ਸਮੀਖਿਆ ਕਰਨ ਅਤੇ ਪੁੱਛਗਿੱਛ ਕਰਨ ਤੋਂ ਬਾਅਦ ਅਸੀਂ ਹਰਿਆਣਾ ਦੇ ਮੇਵਾਤ ਦੇ ਇਕ ਸੈਲਾਨੀ ਮਿਜ਼ਾਨ ਨੂੰ ਗ੍ਰਿਫ਼ਤਾਰ ਕੀਤਾ।’’ ਅਧਿਕਾਰੀ ਨੇ ਕਿਹਾ ਕਿ ਮਿਜ਼ਾਨ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ। -ਪੀਟੀਆਈ