ਹਰਿਆਣਾ: ਪਿੰਜੌਰ ਵਿੱਚ ਰੋਡਵੇਜ਼ ਦੀ ਮਿਨੀ ਬੱਸ ਪਲਟੀ, 50 ਸਵਾਰੀਆਂ ਜ਼ਖ਼ਮੀ
ਚੰਡੀਗੜ੍ਹ, 8 ਜੁਲਾਈ
ਹਰਿਆਣਾ ਦੇ ਪਿੰਜੌਰ ਵਿੱਚ ਅੱਜ ਸਮਰੱਥਾ ਨਾਲੋਂ ਵੱਧ ਸਵਾਰੀਆਂ ਲੈ ਕੇ ਜਾ ਰਹੀ ਰੋਡਵੇਜ਼ ਦੀ ਇਕ ਮਿਨੀ ਬੱਸ ਪਲਟ ਗਈ ਜਿਸ ਕਾਰਨ 50 ਸਵਾਰੀਆਂ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਵਿੱਚ ਜ਼ਿਆਦਾਤਰ ਸਕੂਲੀ ਬੱਚੇ ਸ਼ਾਮਲ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੰਚਕੂਲਾ ਦੇ ਡਿਪਟੀ ਕਮਿਸ਼ਨਰ ਯਸ਼ ਗਰਗ ਨੇ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਇਕ ਮੋੜ ਦੇ ਕੋਲ ਮਿਨੀ ਬੱਸ ਪਲਟ ਗਈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਸਾਡਾ ਧਿਆਨ ਬਚਾਅ ਕਾਰਜਾਂ ’ਤੇ ਹੈ। ਸਾਰੇ ਬੱਚੇ ਠੀਕ ਹਨ, ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ।’’ ਉਨ੍ਹਾਂ ਕਿਹਾ, ‘‘ਪੰਚਕੂਲਾ ਦੇ ਸਿਵਲ ਹਸਪਤਾਲ ਵਿੱਚ 30 ਬੱਚਿਆਂ ਨੂੰ ਲਿਆਂਦਾ ਗਿਆ ਹੈ। ਹੋਰ ਪਿੰਜੌਰ ਵਿੱਚ ਡਾਕਟਰਾਂ ਦੀ ਨਿਗਰਾਨੀ ਵਿੱਚ ਹਨ।’’ ਪੰਚਕੂਲ ਦੇ ਸਿਵਲ ਹਸਪਤਾਲ ਵਿੱਚ ਚਾਰ ਹੋਰਾਂ ਨੂੰ ਲਿਆਂਦਾ ਗਿਆ ਅਤੇ ਉਨ੍ਹਾਂ ਵਿੱਚੋਂ ਇਕ 60 ਸਾਲਾ ਮਹਿਲਾ ਹੈ। ਮਹਿਲਾ ਦੇ ਹੱਥ ’ਤੇ ਸੱਟ ਲੱਗੀ ਹੈ। ਉਨ੍ਹਾਂ ਦੱਸਿਆ ਕਿ ਉਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ ਜਦਕਿ ਇਕ ਵਿਅਕਤੀ ਆਈਸੀਯੂ ਵਿੱਚ ਭਰਤੀ ਹੈ।
ਹਰਿਆਣਾ ਵਿਧਾਨ ਸਭਾ ਦੇ ਸਪੀਕਰ ਅਤੇ ਪੰਚਕੂਲਾ ਤੋਂ ਭਾਜਪਾ ਵਿਧਾਇਕ ਗਿਆਨ ਚੰਦ ਗੁਪਤਾ ਨੇ ਦੱਸਿਆ ਕਿ ਬੱਸ ਦੇ ਚਾਲਕ ਤੇ ਕੰਡਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ, ‘‘ਬੱਸ ਵਿੱਚ ਸਮਰੱਥਾ ਨਾਲੋਂ ਵੱਧ ਸਵਾਰੀਆਂ ਸਨ ਅਤੇ ਸਾਨੂੰ ਦੱਸਿਆ ਗਿਆ ਹੈ ਕਿ ਵਾਹਨ ਦੀ ਰਫ਼ਤਾਰ ਵੀ ਜ਼ਿਆਦਾ ਸੀ। ਜਿਵੇਂ ਹੀ ਬੱਸ ਇਕ ਮੋੜ ਕੋਲ ਪਹੁੰਚੀ ਤਾਂ ਉਹ ਪਲਟ ਗਈ।’’ -ਪੀਟੀਆਈ