ਸੂਬੇ ਵਿੱਚ ਭਾਜਪਾ ਤੀਜੀ ਵਾਰ ਬਣਾਏਗੀ ਸਰਕਾਰ: ਨਾਇਬ ਸੈਣੀ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 5 ਅਕਤੂਬਰ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਲਾਡਵਾ ਵਿਧਾਨ ਸਭਾ ਦੇ ਕੌਲਾਪੁਰ, ਬਾਬੈਨ, ਰਾਮਸਰਨ ਮਾਜਰਾ, ਕਾਸੀਥਲ, ਬਿੰਟ ਸਣੇ ਵੱਖ-ਵੱਖ ਪਿੰਡਾਂ ਅਤੇ ਬੂਥ ਕੇਂਦਰਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਪਾਰਟੀ ਵਰਕਰਾਂ ਤੋਂ ਚੋਣਾਂ ਬਾਰੇ ਫੀਡਬੈਕ ਲਈ। ਇਸ ਮੌਕੇ ਬਾਬੈਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੈਣੀ ਨੇ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਦੇ ਲੋਕਾਂ ਵੱਲੋਂ ਮਿਲੇ ਭਰਵੇਂ ਸਮਰਥਨ ਕਾਰਨ ਭਾਜਪਾ ਹੈਟ੍ਰਿਕ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਨਤਾ ਜਾਣਦੀ ਹੈ ਕਿ ਜੇ ਸੂਬੇ ਵਿੱਚ ਕਾਂਗਰਸ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਨਾ ਸਿਰਫ ਸੂਬੇ ਵਿੱਚ ਮੁੜ ਭ੍ਰਿਸ਼ਟਾਚਾਰ ਵਧੇਗਾ ਸਗੋਂ ਹਰਿਆਣਾ ਦੀ ਹਾਲਤ ਵੀ ਹਿਮਾਚਲ ਪ੍ਰਦੇਸ਼ ਵਰਗੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਿਛਲੇ 10 ਸਾਲਾਂ ਵਿੱਚ ਡਬਲ ਇੰਜਣ ਵਾਲੀ ਸਰਕਾਰ ਵੱਲੋਂ ਲੋਕਾਂ ਦੇ ਹਿੱਤ ਵਿੱਚ ਕੀਤੇ ਸਾਰੇ ਕੰਮਾਂ ਦੇ ਮੁਕਾਬਲੇ 7 ਜਨਮਾਂ ਵਿੱਚ ਵੀ ਅਜਿਹਾ ਨਹੀਂ ਕਰ ਸਕਦੀ। ਦੀਪੇਂਦਰ ਹੁੱਡਾ ਦੀ ਮੌਜੂਦਗੀ ਵਿੱਚ ਕੁਝ ਕਾਂਗਰਸੀ ਵਰਕਰਾਂ ਵੱਲੋਂ ਇੱਕ ਮਹਿਲਾ ਵਰਕਰ ਨਾਲ ਕੀਤੀ ਗਈ ਛੇੜਛਾੜ ਦੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਅਜਿਹੀਆਂ ਘਿਨਾਉਣੀਆਂ ਹਰਕਤਾਂ ਕਰਨਾ ਬਹੁਤ ਸਾਰੇ ਕਾਂਗਰਸੀ ਆਗੂਆਂ ਦਾ ਚਰਿੱਤਰ ਰਿਹਾ ਹੈ। ਇਸ ਦੀ ਇਸ ਤੋਂ ਵੱਧ ਨਿਖੇਧੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਖ਼ਿਲਾਫ਼ ਕਾਂਗਰਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਸ਼ਾਂਤੀਪੂਰਵਕ ਵੋਟ ਪਾਉਣ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਧਾਨ ਸਭਾ ਕਨਵੀਨਰ ਧਰਮਵੀਰ ਮਿਰਜ਼ਾਪੁਰ, ਮੰਡਲ ਪ੍ਰਧਾਨ ਜਸਵਿੰਦਰ ਜੱਸੀ, ਨਿਰਮਲ ਕੌਲਾ ਪੁਰ, ਸੱਤਿਆ ਪ੍ਰਕਾਸ਼, ਹਰਮੇਸ਼ ਸੈਣੀ ਹਾਜ਼ਰ ਸਨ।