ਹਰਿਆਣਾ: ਮਾਰਕੰਡਾ, ਟਾਂਗਰੀ ਅਤੇ ਘੱਗਰ ਖ਼ਤਰੇ ਦੇ ਨਿਸ਼ਾਨ ਤੋਂ ਉੱਤੇ
ਪੰਚਕੂਲਾ ਅਤੇ ਅੰਬਾਲਾ ਜ਼ਿਲ੍ਹਿਆਂ ਵਿੱਚ ਮੀਂਹ ਦਾ ਕਹਿਰ
ਚੰਡੀਗੜ੍ਹ (ਟਨਸ): ਹਰਿਆਣਾ ’ਚ ਮੋਹਲੇਧਾਰ ਮੀਂਹ ਮਗਰੋਂ ਵਿਗੜੇ ਹਾਲਾਤ ਕਾਰਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਅੱਜ ਦੇ ਸਾਰੇ ਪ੍ਰੋਗਰਾਮ ਰੱਦ ਕਰਦਿਆਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ। ਉਨ੍ਹਾਂ ਸੂਬੇ ’ਚ ਮੀਂਹ ਕਾਰਨ ਪੈਦਾ ਹੋਏ ਹਾਲਾਤ ਦਾ ਜਾਇਜ਼ਾ ਲਿਆ। ਇਸ ਮੌਕੇ ਮੁੱਖ ਸਕੱਤਰ ਸੰਜੀਵ ਕੌਸ਼ਲ ਵੀ ਹਾਜ਼ਰ ਸਨ। ਬਾਅਦ ’ਚ ਖੱਟਰ ਨੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕਰਕੇ ਉਨ੍ਹਾਂ ਨੂੰ ਰਾਹਤ ਅਤੇ ਬਚਾਅ ਕਾਰਜ ਯਕੀਨੀ ਬਣਾਉਣ ਲਈ ਕਿਹਾ। ਪੰਚਕੂਲਾ ਅਤੇ ਅੰਬਾਲਾ ਜ਼ਿਲ੍ਹੇ ’ਚ ਤਬਾਹੀ ਦਾ ਮੰਜ਼ਰ ਹੈ। ਮੁੱਖ ਮੰਤਰੀ ਨੇ ਆਪਣੇ ਹਿਮਾਚਲੀ ਹਮਰੁਤਬਾ ਸੁਖਵਿੰਦਰ ਸਿੰਘ ਸੁੱਖੂ ਨਾਲ ਫੋਨ ’ਤੇ ਗੱਲਬਾਤ ਕਰਕੇ ਹਰਿਆਣਾ ਦੇ ਕੁਝ ਵਸਨੀਕਾਂ ਦੇ ਮਨਾਲੀ ’ਚ ਫਸੇ ਹੋਣ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਸਾਰੇ ਸੁਰੱਖਿਅਤ ਹਨ। ਹਰਿਆਣਾ ਸਰਕਾਰ ਨੇ ਸਾਰੇ ਲੋਕਾਂ ਨੂੰ ਇਹਤਿਆਤ ਵਰਤਣ ਅਤੇ ਜ਼ਰੂਰੀ ਕੰਮ ਹੋਣ ’ਤੇ ਹੀ ਘਰਾਂ ਤੋਂ ਬਾਹਰ ਨਿਕਲਣ ਦੀ ਹਦਾਇਤ ਕੀਤੀ ਹੈ। ਅੰਬਾਲਾ ’ਚ ਮਾਰਕੰਡਾ, ਟਾਂਗਰੀ ਅਤੇ ਘੱਗਰ ਸਮੇਤ ਸਾਰੇ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੇ ਹਨ। ਅੰਬਾਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ ’ਚ ਪਾਣੀ ਭਰ ਗਿਆ ਅਤੇ ਉਹ ਆਪਣੀ ਰਿਹਾਇਸ਼ ਤੋਂ ਕੰਮ ਕਰ ਰਹੇ ਹਨ। ਅੰਬਾਲਾ ਜ਼ਿਲ੍ਹੇ ’ਚ ਅੰਬਾਲਾ-ਯਮੁਨਾਨਗਰ ਸੜਕ ’ਤੇ ਹਮੀਦਪੁਰ ਮੋੜ ਨੇੜੇ ਪਾਣੀ ਦੇ ਤੇਜ਼ ਵਹਾਅ ’ਚ ਇਕ ਬੱਸ ਪਲਟ ਗਈ। ਪੁਲੀਸ ਨੇ ਸਾਰੇ 27 ਮੁਸਾਫ਼ਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਘੱਗਰ ਨੇੜੇ ਮਨਮੋਹਨ ਨਗਰ ਸਮੇਤ ਅੰਬਾਲਾ ਸਿਟੀ ਦੇ ਕੁਝ ਇਲਾਕੇ ਹੜ੍ਹ ਦੇ ਪਾਣੀ ’ਚ ਡੁੱਬੇ ਹੋਏ ਹਨ। ਨਰਵਾਣਾ ਕੈਨਾਲ ਵੀ ਖ਼ਤਰੇ ਦੇ ਨਿਸ਼ਾਨ ਨੂੰ ਛੂਹ ਗਈ ਹੈ। ਇਸ ਨਾਲ ਬਿਸ਼ਨਗੜ੍ਹ ਤੇ ਇਸਮਾਈਲਪੁਰ ਸਮੇਤ ਕਈ ਪਿੰਡਾਂ ’ਚ ਹੜ੍ਹ ਆ ਗਏ ਹਨ। ਗ੍ਰਹਿ ਮੰਤਰੀ ਅਨਿਲ ਵਿੱਜ ਨੇ ਟਾਂਗਰੀ ਨੇੜਲੇ ਇਲਾਕਿਆਂ ਦਾ ਦੌਰਾ ਕੀਤਾ।
ਪਿੰਜੌਰ ’ਚ ਢਿੱਗਾਂ ਡਿੱਗਣ ਕਾਰਨ ਤਿੰਨ ਮੌਤਾਂ
ਪੰਚਕੂਲਾ (ਪੀ.ਪੀ. ਵਰਮਾ): ਪਿੰਜੌਰ ਕਸਬੇ ਨੇੜੇ ਸ਼ਿਵ ਲੋਟੀਆ ਮੰਦਰ ਮਾਰਗ ਉੱਤੇ ਢਿੱਗਾਂ ਡਿੱਗਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ’ਚ ਆਕਾਸ਼ (19), ਕਾਰਤਿਕ (7) ਅਤੇ ਪ੍ਰਿੰਯਕਾ (5) ਸ਼ਾਮਲ ਹਨ। ਮਲਬੇ ਵਿੱਚ ਦੱਬੇ ਦੋ ਲੋਕਾਂ ਨੂੰ ਪਹਿਲਾਂ ਹੀ ਕੱਢ ਲਿਆ ਗਿਆ ਸੀ। ਇਨ੍ਹਾਂ ’ਚ ਪੰਜ ਸਾਲ ਦੀ ਇੱਕ ਬੱਚੀ ਸ਼ਾਮਲ ਹੈ ਜਿਸ ਦੀ ਹਾਲਤ ਸਥਿਰ ਦੱਸੀ ਗਈ। ਜਾਣਕਾਰੀ ਅਨੁਸਾਰ ਮਲਬੇ ਹੇਠਾਂ ਪੰਜ ਵਿਅਕਤੀ ਦੱਬੇ ਸਨ। ਐੱਨਡੀਆਰਐੱਫ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਸਨ ਅਤੇ ਉਨ੍ਹਾਂ ਵੱਲੋਂ ਰਾਹਤ ਤੇ ਬਚਾਅ ਕਾਰਜ ਚਲਾਏ ਗਏ। ਉਧਰ ਬਰਵਾਲਾ ਬਾਈਪਾਸ ਕੋਲ ਇੱਕ ਖੇਤ ਵਿੱਚ ਜ਼ਿਆਦਾ ਪਾਣੀ ਆਉਣ ਕਾਰਨ ਇੱਕ ਪਰਵਾਸੀ ਪਰਿਵਾਰ ਫਸ ਗਿਆ।