ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲਈ ਪਿੜ ਭਖ਼ਿਆ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 26 ਦਸੰਬਰ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਨਾਮਜ਼ਦਗੀ ਕਾਗਜ਼ ਭਰਨੇ ਸ਼ੁਰੂ ਹੋ ਗਏ ਹਨ। ਇਸੇ ਕੜੀ ਤਹਿਤ ਅੱਜ ਸਭ ਤੋਂ ਪਹਿਲਾਂ ਇੱਥੇ ਅੱਜ ਗੁਰਮਤਿ ਪ੍ਰਚਾਰ ਤੇ ਪਸਾਰ ਦੀ ਸੇਵਾ ਕਰ ਰਹੇ ਸੱਜਣ ਸਿੰਘ ਖਾਲਸਾ ਨੇ ਆਪਣੇ ਨਾਮਜ਼ਦਗੀ ਕਾਗਜ਼ ਭਰੇ। ਜ਼ਿਕਰਯੋਗ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿਚ ਆਉਣ ਤੋਂ ਬਾਅਦ ਪਹਿਲੀ ਵਾਰ ਚੋਣਾਂ ਹੋ ਰਹੀਆਂ ਹਨ ਜਿਸ ਕਰਕੇ ਲੋਕਾਂ ਤੇ ਉਮੀਦਵਾਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਲਈ 19 ਜਨਵਰੀ ਨੂੰ ਵੋਟਾਂ ਪੈਣਗੀਆਂ ਨਾਮਜ਼ਦਗੀ ਕਾਗਜ਼ 28 ਦਸੰਬਰ ਤੱਕ ਭਰੇ ਜਾ ਸਕਦੇ ਹਨ। ਅਕਾਲ ਸਹਾਇ ਸੁਸਾਇਟੀ ਦੇ ਬੁਲਾਰੇ ਸੱਜਣ ਸਿੰਘ ਨੇ ਅੱਜ ਇਥੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਪਿਛਲੇ 25 ਸਾਲ ਤੋਂ ਧਰਮ ਦੇ ਕਾਰਜਾਂ ਵਿੱਚ ਜੁਟੀ ਹੋਈ ਹੈ।
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 26 ਦਸੰਬਰ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵਾਰਡ ਨੰਬਰ 20 ਹਲਕਾ ਗੂਹਲਾ ਤੋਂ ਅੱਜ ਦੋ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਸਭ ਤੋਂ ਪਹਿਲਾਂ ਸਿੱਖ ਸਮਾਜ ਸਰਸਾ ਪਾਰਟੀ (ਦੀਦਾਰ ਸਿੰਘ ਨਲਵੀ ਧੜੇ) ਦੇ ਐਡਵੋਕੇਟ ਸੁਖਚੈਨ ਸਿੰਘ ਨੇ ਸਵੇਰੇ ਸ਼ਹਿਰ ਦੇ ਮੁੱਖ ਚੌਕ ’ਤੇ ਸਥਾਪਿਤ ਸ਼ਹੀਦ ਊਧਮ ਸਿੰਘ ਦੇ ਬੁੱਤ ’ਤੇ ਮੱਥਾ ਟੇਕਿਆ ਅਤੇ ਫਿਰ ਰਿਟਰਨਿੰਗ ਅਫ਼ਸਰ ਅਤੇ ਐੱਸਡੀਐੱਮ ਗੂਹਲਾ ਕੋਲ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਉਸ ਦੇ ਸਮਰਥਕਾਂ ਦੇ ਨਾਲ ਦੂਜੇ ਉਮੀਦਵਾਰ ਵਜੋਂ ਖਜਾਨ ਸਿੰਘ ਗੂਹਲਾ ਨੇ ਰਿਟਰਨਿੰਗ ਅਫ਼ਸਰ ਕੋਲ ਨਾਮਜ਼ਦਗੀ ਦਾਖ਼ਲ ਕੀਤੀ। ਚੋਣਾਂ ਲਈ ਜ਼ਿਲ੍ਹਾ ਕੈਥਲ ਵਿੱਚ ਕੁੱਲ 3 ਵਾਰਡ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ, ਸੱਜਰ ਸਿੰਘ ਪ੍ਰਭੋਤ, ਸੀਵਾਂ ਬਲਾਕ ਪ੍ਰਧਾਨ ਗੁਰਚਰਨ ਸਿੰਘ, ਗੂਹਲਾ ਹਲਕਾ ਪ੍ਰਧਾਨ ਹਰਜਿੰਦਰ ਸਿੰਘ ਹਾਜ਼ਰ ਸਨ।