For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਚੋਣਾਂ: ‘ਨੋਟਾ’ ਨੇ ਦਸ ਸੀਟਾਂ ’ਤੇ ‘ਆਪ’ ਨੂੰ ਹਰਾਇਆ..!

08:28 AM Oct 09, 2024 IST
ਹਰਿਆਣਾ ਚੋਣਾਂ  ‘ਨੋਟਾ’ ਨੇ ਦਸ ਸੀਟਾਂ ’ਤੇ ‘ਆਪ’ ਨੂੰ ਹਰਾਇਆ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 8 ਅਕਤੂਬਰ
ਹਰਿਆਣਾ ਚੋਣਾਂ ਵਿੱਚ 10 ਵਿਧਾਨ ਸਭਾ ਸੀਟਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਾਲੋਂ ‘ਨੋਟਾ’ ਨੂੰ ਵੱਧ ਵੋਟਾਂ ਮਿਲੀਆਂ ਹਨ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਹਰਿਆਣਾ ਜੱਦੀ ਸੂਬਾ ਹੈ, ਜਿੱਥੇ ਉਨ੍ਹਾਂ ਚੋਣਾਂ ਸਮੇਂ ਧੂੰਆਂਧਾਰ ਪ੍ਰਚਾਰ ਵੀ ਕੀਤਾ ਸੀ। ਉਨ੍ਹਾਂ ਨੇ ਜੇਲ੍ਹ ਵਿੱਚੋਂ ਬਾਹਰ ਆਉਣ ਮਗਰੋਂ ਚੋਣਾਂ ਦੀ ਕਮਾਨ ਆਪਣੇ ਹੱਥ ਲੈ ਲਈ ਸੀ ਅਤੇ ਦਰਜਨਾਂ ਅਸੈਂਬਲੀ ਹਲਕਿਆਂ ਵਿੱਚ ਰੋਡ ਸ਼ੋਅ ਵੀ ਕੀਤਾ ਸੀ। ਇਹ ਦੂਜੀ ਵਾਰ ਹੈ ਕਿ ਜਦੋਂ ਕੇਜਰੀਵਾਲ ਨੂੰ ਆਪਣੇ ਜੱਦੀ ਸੂਬੇ ਵਿੱਚੋਂ ਹੀ ਖ਼ਾਲੀ ਹੱਥ ਮੁੜਨਾ ਪਿਆ ਹੈ। ਜਦੋਂ ਹੁਣ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਸਿਰ ’ਤੇ ਹਨ ਅਤੇ ਐਨ ਉਸ ਤੋਂ ਪਹਿਲਾਂ ‘ਆਪ’ ਲਈ ਹਰਿਆਣਾ ਵਿੱਚੋਂ ਇਹ ਬੁਰੀ ਖ਼ਬਰ ਆਈ ਹੈ। ਸਿਰਸਾ ਹਲਕੇ ਤੋਂ ਨੋਟਾ ਨੂੰ 1115 ਅਤੇ ‘ਆਪ’ ਉਮੀਦਵਾਰ ਸ਼ਿਆਮ ਸੁੰਦਰ ਨੂੰ 853 ਵੋਟਾਂ ਮਿਲੀਆਂ ਹਨ ਜਦੋਂਕਿ ਫ਼ਰੀਦਾਬਾਦ ਤੋਂ ‘ਆਪ’ ਦੇ ਪ੍ਰਵੇਸ਼ ਮਹਿਤਾ ਨੂੰ 926 ਅਤੇ ਨੋਟਾ ਨੂੰ 1025 ਵੋਟਾਂ ਮਿਲੀਆਂ। ਘਨੌਰ ਤੋਂ ਨੋਟਾ ਨੂੰ 230 ਤੇ ‘ਆਪ’ ਨੂੰ 174 ਵੋਟਾਂ ਪਈਆਂ ਹਨ।
ਹਲਕਾ ਨੂਹ ’ਚ ਨੋਟਾ ਨੂੰ 369 ਅਤੇ ‘ਆਪ’ ਉਮੀਦਵਾਰ ਨੂੰ 222 ਵੋਟਾਂ ਮਿਲੀਆਂ ਹਨ। ਫ਼ਿਰੋਜ਼ਪੁਰ ਝੀਰਕਾ, ਰਾਏ, ਹੋਦਲ, ਅਟੀਲੀ ਅਤੇ ਅੰਬਾਲਾ ਕੈਂਟ ਆਦਿ ਵਿੱਚ ‘ਆਪ’ ਉਮੀਦਵਾਰ ਨਾਲੋਂ ਨੋਟਾ ਅੱਗੇ ਰਿਹਾ। ਹਰਿਆਣਾ ਵਿੱਚ ‘ਆਪ’ ਵੱਲੋਂ 88 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੀ ਗਈ ਅਤੇ ਪੰਜਾਬ ਦੇ ਵਜ਼ੀਰ ਅਤੇ ਵਿਧਾਇਕ ਵੀ ਇੱਥੇ ਪ੍ਰਚਾਰ ਵਿੱਚ ਡਟੇ ਰਹੇ। ਜਗਾਧਰੀ ਤੋਂ ‘ਆਪ’ ਉਮੀਦਵਾਰ ਆਦਰਸ਼ਪਾਲ ਨੂੰ ਸਭ ਤੋਂ ਵੱਧ 43,813 ਵੋਟਾਂ ਪਈਆਂ ਹਨ ਜੋ ਤੀਜੇ ਨੰਬਰ ’ਤੇ ਰਿਹਾ। ਜਿੱਥੇ ‘ਆਪ’ ਨੂੰ ਵੱਧ ਵੋਟਾਂ ਮਿਲੀਆਂ ਹਨ, ਉਨ੍ਹਾਂ ’ਚ ਭਿਵਾਨੀ ਤੋਂ 17,573, ਬਾਦਸ਼ਾਹਪੁਰ ਤੋਂ 12,943 ਅਤੇ ਰਿਵਾੜੀ ਤੋਂ 18,427 ਵੋਟਾਂ ਮਿਲੀਆਂ ਹਨ। ਸੂਬੇ ਵਿੱਚ ‘ਆਪ’ ਆਪਣਾ ਖਾਤਾ ਵੀ ਖੋਲ੍ਹ ਨਾ ਸਕੀ। ਸਿਰਫ਼ ਚੋਣਵੀਂਆਂ ਸੀਟਾਂ ’ਤੇ ਹੀ ਜ਼ਮਾਨਤ ਬਚ ਸਕੀ। 31 ਸੀਟਾਂ ਅਜਿਹੀਆਂ ਹਨ ਜਿੱਥੇ ‘ਆਪ’ ਨੂੰ ਹਜ਼ਾਰ ਤੋਂ ਘੱਟ ਵੋਟ ਪਈ। ਘਨੌਰ ਵਿੱਚ ਸਿਰਫ਼ 174 ਵੋਟਾਂ, ਹੋਦਲ ਵਿੱਚ 292 ਵੋਟਾਂ ਮਿਲੀਆਂ ਹਨ। ‘ਆਪ’ ਨੂੰ 21 ਸੀਟਾਂ ’ਤੇ ਹਜ਼ਾਰ ਤੋਂ ਦੋ ਹਜ਼ਾਰ ਤੱਕ ਵੋਟ ਪਈ, ਜਿਨ੍ਹਾਂ ਵਿੱਚ ਅੰਬਾਲਾ ਸਿਟੀ ’ਚ 1492 , ਮੁਲਾਨਾ ਵਿੱਚ 1071, ਬਰੋਦਾ ਵਿੱਚ 1286, ਕਲਾਨੌਰ ’ਚ 1062, ਸੋਨੀਪਤ ’ਚ 1200, ਯਮੁਨਾਨਗਰ ਵਿੱਚ 1655, ਇੰਦਰੀ ਵਿੱਚ 1483, ਪਾਣੀਪਤ ਦਿਹਾਤੀ ਵਿੱਚ 1682 ਅਤੇ ਮਹੇਂਦਰਗੜ੍ਹ ਵਿਚ 1740 ਵੋਟਾਂ ਮਿਲੀਆਂ ਹਨ। ਨੌਂ ਹਲਕੇ ਅਜਿਹੇ ਹਨ ਜਿੱਥੇ ‘ਆਪ’ ਦੇ ਉਮੀਦਵਾਰਾਂ ਨੂੰ ਚਾਰ ਤੋਂ ਸੱਤ ਹਜ਼ਾਰ ਵਿਚਾਲੇ ਵੋਟਾਂ ਮਿਲੀਆਂ।
ਇਨ੍ਹਾਂ ਵਿੱਚ ਡੱਬਵਾਲੀ ਤੋਂ 6606, ਰਾਣੀਆਂ ਤੋਂ 4697, ਨਾਰਨੌਲ ਤੋਂ 6188, ਅਸੰਧ ਤੋਂ 4290, ਮਹਿਮ ਤੋਂ 8610, ਕਲਾਇਤ ਤੋਂ 5482 ਅਤੇ ਗੂਹਲਾ ਤੋਂ 4540 ਵੋਟਾਂ ‘ਆਪ’ ਉਮੀਦਵਾਰ ਦੇ ਹਿੱਸੇ ਆਈਆਂ ਹਨ।

Advertisement

ਗਾਰੰਟੀਆਂ ਵੀ ਕਿਸੇ ਕੰਮ ਨਾ ਆਈਆਂ

ਜਦੋਂ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਚੋਣ ਮੁਹਿੰਮ ਚਲਾਈ ਸੀ ਤਾਂ ਉਦੋਂ ਅਰਵਿੰਦ ਕੇਜਰੀਵਾਲ ਨੂੰ ‘ਮਿੱਟੀ ਦਾ ਪੁੱਤ’ ਕਹਿ ਕੇ ਹਰਿਆਣਾ ਦੇ ਵੋਟਰਾਂ ਨੂੰ ਅਪੀਲ ਕੀਤੀ ਸੀ। ਇਸ ਦੌਰਾਨ ਦਿੱਤੀਆਂ ਗਾਰੰਟੀਆਂ ਵੀ ਕਿਸੇ ਕੰਮ ਨਾ ਆ ਸਕੀਆਂ। ‘ਆਪ’ ਨੂੰ ਸਿਰਫ਼ 1.79 ਫ਼ੀਸਦੀ ਜਦੋਂਕਿ ਬਸਪਾ ਨੂੰ 1.82 ਫ਼ੀਸਦੀ ਵੋਟ ਮਿਲੇ। 2019 ਦੀਆਂ ਵਿਧਾਨ ਸਭਾ ਚੋਣਾਂ ਵਿਚ ‘ਆਪ’ ਨੇ ਹਰਿਆਣਾ ਵਿੱਚ 46 ਸੀਟਾਂ ’ਤੇ ਚੋਣ ਲੜੀ ਸੀ ਅਤੇ ਸਭ ਸੀਟਾਂ ’ਤੇ ਹਾਰ ਦਾ ਮੂੰਹ ਦੇਖਣਾ ਪਿਆ ਸੀ। ਉਧਰ, ਦਿੱਲੀ ਸੀਮਾ ਨਾਲ ਲੱਗਦੇ ਹਲਕਿਆਂ ਵਿੱਚ ਵੀ ਇਸ ਵਾਰ ‘ਆਪ’ ਕਾਫ਼ੀ ਪਛੜੀ ਹੈ।

Advertisement

Advertisement
Author Image

sukhwinder singh

View all posts

Advertisement