For the best experience, open
https://m.punjabitribuneonline.com
on your mobile browser.
Advertisement

ਬੁਢਲਾਡਾ ਹਲਕੇ ’ਚ ਹਰਿਆਣਾ ਦੀਆਂ ਹੱਦਾਂ ਸੀਲ

08:58 AM Feb 13, 2024 IST
ਬੁਢਲਾਡਾ ਹਲਕੇ ’ਚ ਹਰਿਆਣਾ ਦੀਆਂ ਹੱਦਾਂ ਸੀਲ
ਬੁਢਲਾਡਾ-ਬੋਹਾ ਬਾਰਡਰ ’ਤੇ ਜਾਇਜ਼ਾ ਲੈਂਦੇ ਹੋਏ ਹਰਿਆਣਾ ਪੁਲੀਸ ਦੇ ਅਧਿਕਾਰੀ।
Advertisement

ਨਿੱਜੀ ਪੱਤਰ ਪ੍ਰੇਰਕ
ਬੁਢਲਾਡਾ, 12 ਫਰਵਰੀ
ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਦੌਰਾਨ ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਕਰ ਦਿੱਤਾ ਗਿਆ ਹੈ, ਪ੍ਰੰਤੂ ਹਰਿਆਣਾ ਸਰਕਾਰ ਵੱਲੋਂ ਪੰਜਾਬ ਨਾਲ ਲੱਗਦੇ ਹਰਿਆਣਾ ਬਾਰਡਰ ਤੋਂ ਪਹਿਲਾਂ ਪੈਂਦੇ ਰੋਜਾਵਾਲੀ ਪੁਲ (ਬੋਹਾ) ’ਤੇ ਪੱਕੀ ਬੈਰੀਕੇਡ ਕਰ ਦਿੱਤੀ ਗਈ ਹੈ। ਬੋਹਾ ਸਮੇਤ ਹਰਿਆਣੇ ਨਾਲ ਲੱਗਦੇ 40 ਪਿੰਡਾਂ ਚ ਇੰਟਰਨੈੱਟ ਸੇਵਾਵਾਂ ਬੰਦ ਹਨ। ਸਰਹੱਦ ਸੀਲ ਹੋਣ ਦੌਰਾਨ ਜਿੱਥੇ ਲੋਕਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ, ਉੱਥੇ ਪੰਜਾਬ ਦਾ ਹਰਿਆਣਾ ਅਤੇ ਦਿੱਲੀ ਨਾਲੋਂ ਸੰਪਰਕ ਟੁੱਟ ਗਿਆ ਹੈ। ਆਵਾਜਾਈ ਠੱਪ ਹੋਣ ਕਾਰਨ ਰੋਜ਼ਮਰਾ ਦੀਆਂ ਜ਼ਰੂਰਤ ਵਾਲੀਆਂ ਵਸਤਾਂ ਦੁੱਧ ਅਤੇ ਸਬਜ਼ੀਆਂ ਦੇ ਮੁੱਲ ਵੀ ਪ੍ਰਭਾਵਿਤ ਹੋਏ ਹਨ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸੂਬਾ ਮੀਤ ਪ੍ਰਧਾਨ ਪ੍ਰਸ਼ੋਤਮ ਸਿੰਘ ਗਿੱਲ ਨੇ ਦੱਸਿਆ ਕਿ ਹਰਿਆਣਾ ਦੀ ਭਾਜਪਾ ਸਰਕਾਰ ਨੇ ਪੁਲਾਂ ’ਤੇ ਪੱਕੇ ਸੀਮਿੰਟਡ ਬੈਰੀਕੇਡ ਲਾ ਕੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ ਪਰ ਲੋਕਤੰਤਰ ਦੇ ਇਸ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ ਹੈ। ਇਸ ਦੌਰਾਨ ਹਰਿਆਣਾ ਅੰਦਰ ਦਾਖਲ ਹੋਣ ਵਾਲੇ ਪੰਜਾਬ ਦੇ ਦਰਜਨ ਤੋਂ ਵੱਧ ਪਿੰਡਾਂ ਅੰਦਰ ਪੁਲੀਸ ਵੱਲੋਂ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਕਿਸਾਨ ਦਿੱਲੀ ਜ਼ਰੂਰ ਪਹੁੰਚਣਗੇ। ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਕਿਸਾਨਾਂ ਨੂੰ ਦਿੱਲੀ ਵੱਲ ਮਾਰਚ ਕਰਨ ਤੋਂ ਰੋਕਣ ਲਈ ਬੁਢਲਾਡਾ ਹਲਕੇ ਦੇ ਬੋਹਾ ਦੇ ਪੰਜਾਬ-ਹਰਿਆਣਾ ਹੱਦ ’ਤੇ ਲਗਾਤਾਰ ਨਾਕਾਬੰਦੀ ਕਰ ਰਿਹਾ ਹੈ। ਪਿੰਡ ਰੋਝਾਂਵਾਲੀ ਵਿੱਚ ਰਤੀਆ-ਬੁਢਲਾਡਾ ਰੋਡ ਨੂੰ ਪੁੱਟ ਕੇ ਕਰੀਬ 10 ਫੁੱਟ ਡੂੰਘਾ ਅਤੇ 15 ਫੁੱਟ ਚੌੜਾ ਟੋਆ ਪਾ ਦਿੱਤਾ ਤਾਂ ਜੋ ਕਿਸਾਨ ਲੰਘ ਨਾ ਸਕਣ। ਹਜ਼ਾਰਾਂ ਟਨ ਬੱਜਰੀ ਵਾਲਾ ਰੋਡ ਰੋਲਰ ਸੜਕ ਦੇ ਵਿਚਕਾਰ ਹੀ ਰੋਕ ਦਿੱਤਾ ਗਿਆ ਹੈ। ਰੋਡ ਰੋਲਰ ਦੇ ਦੋਵੇਂ ਪਾਸੇ ਮਿੱਟੀ, ਲੋਹੇ ਦੇ ਬੈਰੀਕੇਡ ਅਤੇ ਕੰਡਿਆਲੀ ਤਾਰ ਨਾਲ ਢਕੇ ਹੋਏ ਹਨ। ਪੁਲੀਸ ਨੇ ਸੜਕ ਵਿਚਕਾਰ ਲੋਹੇ ਦੇ ਖੰਭੇ ਲਗਾਉਣ ਤੋਂ ਇਲਾਵਾ ਪੁਲ ਦੀ ਰੇਲਿੰਗ ਦੇ ਨਾਲ ਕੰਕਰੀਟ ਦੇ ਬਲਾਕਾਂ ਦੀ ਦੀਵਾਰ ਵੀ ਵੈਲਡਿੰਗ ਕੀਤੀ ਹੈ। ਇੱਥੇ ਟੋਏ, ਬੈਰੀਕੇਡ, ਲੋਹੇ ਦੀ ਕੰਡਿਆਲੀ ਤਾਰ, ਸੜਕ ’ਤੇ ਨੁਕੀਲੀਆਂ ਮੇਖਾਂ, ਮਿੱਟੀ ਦੀਆਂ ਕੰਧਾਂ ਅਤੇ ਵੱਖ-ਵੱਖ ਪਰਤਾਂ ਨਾਲ ਬਾਰਡਰ ਦੀ ਸੁਰੱਖਿਆ ਕੀਤੀ ਗਈ ਹੈ। ਇਸ ਦੌਰਾਨ ਬਾਰਡਰ ਦੀ ਨਿਗਰਾਨੀ ਹਰਿਆਣਾ ਦੀ ਐੱਸਪੀ ਆਸਥਾ ਮੋਦੀ ਅਤੇ ਡੀਐੱਸਪੀ ਵਰਿੰਦਰ ਸਿੰਘ ਕਰ ਰਹੇ ਹਨ। ਦੂਸਰੇ ਪਾਸੇ ਰੋਜਾਵਾਲੀ ਨਹਿਰ ’ਚ ਮਿੱਟੀ ਪਾ ਕੇ ਬਣਾਈ ਆਰਜ਼ੀ ਸੜਕ ਨੂੰ ਵੀ ਪੁੱਟ ਦਿੱਤਾ ਗਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×