ਹਰਿਆਣਾ: ਢਾਈ ਲੱਖ ਕਿਸਾਨਾਂ ਲਈ 300 ਕਰੋੜ ਰੁਪਏ ਦਾ ਬੋਨਸ ਜਾਰੀ
ਟ੍ਰਿਬਿਊਨ ਨਿਉਜ਼ ਸਰਵਿਸ
ਚੰਡੀਗੜ੍ਹ, 15 ਨਵੰਬਰ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ’ਤੇ ਕਿਸਾਨਾਂ ਨੂੰ ਤੋਹਫਾ ਦਿੰਦਿਆਂ 2 ਲੱਖ 62 ਹਜ਼ਾਰ ਕਿਸਾਨਾਂ ਲਈ 300 ਕਰੋੜ ਰੁਪਏ ਬੋਨਸ ਦੀ ਰਾਸ਼ੀ ਜਾਰੀ ਕੀਤੀ। ਸ੍ਰੀ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਾਉਣੀ ਸੀਜ਼ਨ ਦੌਰਾਨ ਨੁਕਸਾਨੀ ਗਈ ਫ਼ਸਲ ਲਈ 2000 ਰੁਪਏ ਪ੍ਰਤੀ ਏਕੜ ਬੋਨਸ ਦੇਣ ਦਾ ਐਲਾਨ ਕੀਤਾ ਸੀ। ਇਸ ਦੀ ਪਹਿਲੀ ਕਿਸ਼ਤ ਵਿੱਚ 500 ਕਰੋੜ ਰੁਪਏ ਦੀ ਰਾਸ਼ੀ 16 ਅਗਸਤ ਨੂੰ ਜਾਰੀ ਕੀਤੀ ਗਈ ਸੀ। ਉਸ ਦੀ ਦੂਜੀ ਕਿਸ਼ਤ ਵਜੋਂ ਅੱਜ 300 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜਦਕਿ ਰਹਿੰਦੇ 580 ਕਰੋੜ ਜਲਦ ਹੀ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ‘ਮੇਰੀ ਫ਼ਸਲ ਮੇਰਾ ਬਿਓਰਾ’ ਪੋਰਟਲ ’ਤੇ ਰਜਿਸਟਰੇਸ਼ਨ ਕਰਵਾਈ ਹੈ, ਉਨ੍ਹਾਂ ਕਿਸਾਨਾਂ ਦੇ ਬੈਂਕ ਖਤਿਆਂ ਵਿੱਚ ਬੋਨਸ ਦੀ ਰਾਸ਼ੀ ਸਿੱਧੀ ਭੇਜੀ ਜਾ ਰਹੀ ਹੈ। ਸ੍ਰੀ ਸੈਣੀ ਨੇ ਅੱਜ ਕਿਸਾਨਾਂ ਲਈ ਇਕ ਹੋਰ ਪਹਿਲ ਕਰਦਿਆਂ ਵਟਸਐਪ ਰਾਹੀਂ 40 ਲੱਖ ਮਿੱਟੀ ਸਿਹਤ ਕਾਰਡ ਵੰਡਣ ਦੀ ਵੀ ਸ਼ੁਰੂਆਤ ਕੀਤੀ।