ਹਰਿਆਣਾ: ਭਾਜਪਾ-ਜਜਪਾ ਗੱਠਜੋੜ ਵਿਵਾਦ ਜੇਪੀ ਨੱਢਾ ਕੋਲ ਪੁੱਜਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜੂਨ
ਹਰਿਆਣਾ ‘ਚ ਹਾਕਮ ਧਿਰ ਭਾਜਪਾ-ਜਜਪਾ ਗੱਠਜੋੜ ਵਿਚਾਲੇ ਬਣੇ ਵਿਵਾਦ ਨੂੰ ਦੂਰ ਕਰਨ ‘ਚ ਕੇਂਦਰੀ ਪੱਧਰ ‘ਤੇ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸੂਬੇ ‘ਚ ਦੋਵਾਂ ਪਾਰਟੀਆਂ ਦਾ ਗੱਠਜੋੜ ਜਾਰੀ ਰਹੇਗਾ। ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਤਕਰੀਬਨ ਦਸ ਦਿਨਾਂ ਤੋਂ ਦੋਵਾਂ ਪਾਰਟੀਆਂ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਮਸਲਾ ਭਾਜਪਾ ਪ੍ਰਧਾਨ ਜੇਪੀ ਨੱਢਾ ਕੋਲ ਪਹੁੰਚ ਗਿਆ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕੇਂਦਰੀ ਦਖਲ ਮਗਰੋਂ ਗੱਠਜੋੜ ਨੂੰ ਲੈ ਕੇ ਹੋ ਰਹੀ ਚਰਚਾ ਨੂੰ ਠੱਲ੍ਹ ਪੈ ਸਕਦੀ ਹੈ। ਸੂਤਰਾਂ ਅਨੁਸਾਰ ਜਜਪਾ ਲੀਡਰਸ਼ਿਪ ਨੇ ਭਾਜਪਾ ਦੇ ਹਰਿਆਣਾ ਮਾਮਲਿਆਂ ਦੇ ਇੰਚਾਰਜ ਬਿਪਲਬ ਕੁਮਾਰ ਦੇਵ, ਕੇਂਦਰੀ ਮੰਤਰੀ ਸੰਜੀਵ ਬਾਲਿਆਨ ਤੇ ਹੋਰ ਆਗੂਆਂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਨੂੰ ਲੈ ਕੇ ਜੇਪੀ ਨੱਢਾ ਨਾਲ ਸਿੱਧੀ ਗੱਲ ਕੀਤੀ ਹੈ। ਖ਼ਬਰਾਂ ਤਾਂ ਅਜਿਹੀਆਂ ਵੀ ਹਨ ਕਿ ਜਜਪਾ ਲੀਡਰਸ਼ਿਪ ਨੇ ਨੱਢਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਭਾਜਪਾ ਹਰਿਆਣਾ ‘ਚ ਜਜਪਾ ਨਾਲ ਅੱਗੇ ਚੱਲਣ ਨੂੰ ਤਿਆਰ ਨਹੀਂ ਹੈ ਤਾਂ ਸਥਿਤੀ ਸਪੱਸ਼ਟ ਕੀਤੀ ਜਾਵੇ। ਅਜਿਹੀ ਸੂਚਨਾ ਵੀ ਮਿਲੀ ਹੈ ਕਿ ਭਾਜਪਾ ਵੀ ਜਜਪਾ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਵੱਲੋਂ ਦਿੱਤੇ ਗਏ ਇੱਕ ਬਿਆਨ ਤੋਂ ਕਾਫੀ ਨਾਰਾਜ਼ ਹੈ। ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਭਾਜਪਾ ਤੇ ਜਜਪਾ ਵਿਚਾਲੇ ਗੱਠਜੋੜ ਲੋਕਾਂ ਦੀ ਭਲਾਈ ਨੂੰ ਧਿਆਨ ‘ਚ ਰੱਖ ਕੇ ਕੀਤਾ ਗਿਆ ਸੀ ਤੇ ਇਹ ਭਵਿੱਖ ਵਿੱਚ ਵੀ ਜਾਰੀ ਰਹੇਗਾ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਕੋਈ ਵੀ ਤਬਦੀਲੀ ਨਹੀਂ ਹੋ ਰਹੀ ਤੇ ਇਹ ਗੱਠਜੋੜ ਜਾਰੀ ਰਹੇਗਾ।