ਹਰਸਿਮਰਤ ਬਾਦਲ ਨੇ ਦਸ ਸਾਲਾ ਅਕਾਲੀ ਰਾਜ ਦੀਆਂ ਪ੍ਰਾਪਤੀਆਂ ਗਿਣਾਈਆਂ
ਇਕਬਾਲ ਸਿੰਘ ਸ਼ਾਂਤ
ਲੰਬੀ, 25 ਫਰਵਰੀ
ਦਸਮੇਸ਼ ਗਰਲਜ ਕਾਲਜ ਬਾਦਲ ਵਿੱਚ ਅੱਜ ਡਿਗਰੀ ਵੰਡ-2024 ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਾਲ 2016 ਤੋਂ 2020 ਵਿੱਦਿਅਕ ਸੈਸ਼ਨ ਦੀਆਂ ਗਕਰੀਬ 350 ਗ੍ਰੈਜੂਏਟ/ਪੋਸਟ ਗ੍ਰੈਜੂਏਟ ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ ਗਈਆਂ। ਇਸ ਮੌਕੇ ਬਠਿੰਡਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਵਿਦਿਆਰਥਣਾਂ ਨੂੰ ਡਿਗਰੀਆਂ ਵੰਡਣ ਤੋਂ ਪਹਿਲਾਂ ਆਪਣੀ ਤਕਰੀਰ ਵਿੱਚ ਆਖਿਆ ਕਿ ਬਦਕਿਸਮਤੀ ਨਾਲ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਭਾਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਅਤੇ ਸਮਾਜ ਨੂੰ ਸਹੀ ਦਿਸ਼ਾ ਲਈ ਵੋਟ ਕੰਮਾਂ ਦੇ ਆਧਾਰ ’ਤੇ ਦੇਣ ਦੀ ਲੋੜ ਹੈ।
ਸੰਸਦ ਮੈਂਬਰ ਨੇ ਅਕਾਲੀ ਸਰਕਾਰ ਦੇ ਦਸ ਸਾਲਾ ਰਾਜ ਦੀਆਂ ਪ੍ਰਾਪਤੀਆਂ ਦੱਸਦੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੀ ਸਿੱਖਿਆ-ਪੱਖੀ ਭਾਵਨਾ ਕਾਰਨ ਉਦੋਂ ਸਕੂਲ ਸਿੱਖਿਆ ਪੰਜਾਬ ਪੱਖੋਂ 14ਵੇਂ ਨੰਬਰ ਤੋਂ ਦੇਸ਼ ਵਿੱਚ ਦੂਜੇ ਨੰਬਰ ’ਤੇ ਪੁੱਜਿਆ ਸੀ। ਬਿਹਤਰ ਸਿੱਖਿਆ ਲਈ 2.75 ਲੱਖ ਭਰਤੀਆਂ ਵਿੱਚੋਂ 70 ਹਜ਼ਾਰ ਅਧਿਆਪਕ ਭਰਤੀ ਕੀਤੇ ਗਏ। ਗਰੀਬ ਹੋਣਹਾਰ ਵਿਦਿਆਰਥੀਆਂ ਲਈ ਆਦਰਸ਼ ਸਕੂਲ ਤੇ ਮੈਰੀਟੋਰੀਅਸ ਸਕੂਲ ਸਥਾਪਤ ਕੀਤੇ ਗਏ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਬਾਦਲ ਸਾਹਿਬ ਨੇ ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਬਾਦਲ ਵਿੱਚ ਦਸਮੇਸ਼ ਵਿੱਦਿਅਕ ਅਦਾਰਾ ਸਥਾਪਿਤ ਕੀਤਾ ਸੀ, ਜਿਸਦਾ ਅੱਜ ਸਿੱਖਿਆ, ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਸਮਾਜ ਲਈ ਰੋਲ ਮਾਡਲ ਦੱਸਦਿਆਂ ਨਵੀਂ ਪੀੜ੍ਹੀਂ ਨੂੰ ਉਨ੍ਹਾਂ ਦੇ ਚੰਗੇ ਗੁਣਾ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ।
ਪ੍ਰਿੰਸੀਪਲ ਡਾ. ਐੱਸ.ਐੱਸ. ਸੰਘਾ ਨੇ ਕਾਲਜ ਗਤੀਵਿਧੀਆਂ ’ਤੇ ਚਾਨਣਾ ਪਾਉਂਦਿਆਂ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ। ਪੀ.ਯੂ. ਦੇ ਸਾਬਕਾ ਸਿੰਡੀਕੇਟ ਮੈਂਬਰ ਡਾ. ਤਰਲੋਕ ਬੰਧੂ ਗੈਸਟ ਆਫ਼ ਆਨਰ ਵਜੋਂ ਸ਼ਾਮਲ ਹੋਏ। ਸਮਾਗਮ ਮੌਕੇ ਯੂਨੀਵਰਸਿਟੀ ਤੇ ਕਾਲਜ ਦੀਆਂ 25 ਟੌਪਰ ਗ੍ਰੈਜੂਏਟ/ਪੋਸਟ ਗ੍ਰੈਜੂਏਟ ਵਿਦਿਆਰਥਣਾਂ ਨੂੰ ‘ਰੋਲ ਆਫ਼ ਆਨਰ’ ਨਾਲ ਸਨਮਾਨਿਤ ਕੀਤਾ ਗਿਆ। ਕਾਲਜ ਦੇ ਪੀਐੱਚਡੀ ਲੈਕਚਰਾਰਾਂ ਤੇ ਫਿਜਿਓਥੈਰੇਪਿਸਟ ਬਲਵਿੰਦਰ ਸਿੰਘ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਟੇਜ ਦਾ ਸੰਚਾਲਨ ਸਹਾਇਕ ਪ੍ਰੋ. ਰਮਨ ਕੌਰ ਸਿੱਧੂ ਵੱਲੋਂ ਕੀਤਾ ਗਿਆ। ਇਸ ਮੌਕੇ ਸੁਖਬੀਰ ਸਿੰਘ ਬਾਦਲ ਦੇ ਨਿੱਜੀ ਸਕੱਤਰ ਗੁਰਚਰਨ ਸਿੰਘ ਤੇ ਪੀਏ ਵਿਕਰਮ ਭੁੱਲਰ, ਦਸਮੇਸ਼ ਸਿੱਖਿਆ ਕਾਲਜ ਦੀ ਪ੍ਰਿੰਸੀਪਲ ਡਾ. ਵਨੀਤਾ, ਮਾਲਵਾ ਸਕੂਲ ਗਿੱਦੜਬਾਹਾ ਦੇ ਪ੍ਰਿੰਸੀਪਲ ਸੁਧਾਂਸ਼ੂ ਆਰਿਯਾ, ਉਪ ਪ੍ਰਿੰਸੀਪਲ ਇੰਦਰਾ ਪਹੂਜਾ, ਮਹੇਸ਼ ਬਾਂਸਲ, ਮਨਜੀਤ ਸਿੰਘ ਸਾਹੋਕੇ, ਸਹਾਇਕ ਪ੍ਰੋ. ਸੁਸ਼ਮਾ ਮਿੱਡਾ ਤੇ ਸਹਾਇਕ ਪ੍ਰੋ. ਸਿਮਰਜੀਤ ਕੌਰ ਬਰਾੜ ਵੀ ਮੌਜੂਦ ਸਨ।