ਫ਼ਸਲੀ ਮੁਆਵਜ਼ੇ ਬਾਰੇ ਲੋਕਾਂ ਨੂੰ ਗੁਮਰਾਹ ਕਰਨ ਲਈ ਮੁਆਫ਼ੀ ਮੰਗਣ ਹਰਸਿਮਰਤ: ਖੁੱਡੀਆਂ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 15 ਮਈ
ਪੰਜਾਬ ਦੇ ਖੇਤੀਬਾੜੀ ਮੰਤਰੀ ਅਤੇ ਬਠਿੰਡਾ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਬਠਿੰਡਾ ਜ਼ਿਲ੍ਹੇ ’ਚ ਮੌਸਮ ਦੀ ਕਰੋਪੀ ਕਾਰਨ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਕਰੀਬ 15.21 ਕਰੋੜ ਰੁਪਏ ਮੁਆਵਜ਼ਾ ਦੇਣ ਲਈ ਪੰਜਾਬ ਸਰਕਾਰ ਨੂੰ ਦਿੱਤੀ ਪ੍ਰਵਾਨਗੀ ਲਈ ਜਿੱਥੇ ਚੋਣ ਕਮਿਸ਼ਨ ਤੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ ਹੈ ਉਥੇ ਉਨ੍ਹਾਂ ਹਰਸਿਮਰਤ ਕੌਰ ਬਾਦਲ ’ਤੇ ਅਜਿਹੇ ਸੰਵੇਦਨਸ਼ੀਲ ਮੁੱਦੇ ’ਤੇ ਘਟੀਆ ਰਾਜਨੀਤੀ ਕਰਨ ਦਾ ਦੋਸ਼ ਲਾਇਆ ਹੈ।
ਗੌਰਤਲਬ ਹੈ ਕਿ ਲੰਘੀ 10 ਮਈ ਨੂੰ ਭੁੱਚੋ ਹਲਕੇ ’ਚ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ’ਤੇ ਫ਼ਸਲੀ ਮੁਆਵਜ਼ਾ ਦੇਣ ਤੋਂ ‘ਨਾ’ ਕਰਨ ਦਾ ਦੋਸ਼ ਲਾਉਂਦਿਆਂ ਖੇਤੀਬਾੜੀ ਮੰਤਰੀ ਨੂੰ ਸਵਾਲ ਕੀਤਾ ਸੀ ਕਿ ਅਜਿਹਾ ਕਰਕੇ ਉਹ ਵੋਟਾਂ ਕਿਉਂ ਮੰਗ ਰਹੇ ਹਨ? ਸ੍ਰੀ ਖੁੱਡੀਆਂ ਨੇ ਕਿਹਾ ਕਿ ਹਰਸਿਮਰਤ ਵੱਲੋਂ ਅਜਿਹੀ ਬਿਆਨਬਾਜ਼ੀ ਕਰਕੇ ਕਿਸਾਨ ਵਰਗ ਨੂੰ ਉਨ੍ਹਾਂ ਖ਼ਿਲਾਫ਼ ਉਕਸਾਉਣ ਦੀ ਘਟੀਆ ਖੇਡ ਖੇਡੀ ਗਈ ਜਿਸ ਦੀ ਹੁਣ ਹਰਸਿਮਰਤ ਕੌਰ ਬਾਦਲ ਨੂੰ ਬਿਨਾਂ ਦੇਰੀ ਜਨਤਕ ਤੌਰ ’ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਸ੍ਰੀ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਨੀਅਤ ਸ਼ੁਰੂ ਤੋਂ ਹੀ ਸਾਫ਼ ਸੀ ਪਰ ਚੋਣ ਜ਼ਾਬਤਾ ਮੁਆਵਜ਼ਾ ਦੇਣ ਦੇ ਕੰਮ ’ਚ ਅੜਿੱਕਾ ਬਣ ਗਿਆ ਸੀ ਜੋ ਹੁਣ ਪ੍ਰਵਾਨਗੀ ਮਿਲਣ ਤੋਂ ਬਾਅਦ ਜ਼ਿਲ੍ਹੇ ਅੰਦਰ ਕਰੀਬ 15 ਕਰੋੜ ਰੁਪਏ ਫੌਰੀ ਪੀੜਤਾਂ ਨੂੰ ਵੰਡ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਨੇ ਤਾਂ ਲੋਕਾਂ ਨੂੰ ਗੁਮਰਾਹ ਕਰਦਿਆਂ ਇਥੋਂ ਤੱਕ ਆਖਿਆ ਸੀ ਕਿ ‘ਜਦੋਂ ਗਿਰਦਾਵਰੀਆਂ ਹੀ ਨਹੀਂ ਹੋਈਆਂ, ਮੁਆਵਜ਼ਾ ਕਾਹਦੇ ਨਾਲ ਮਿਲੂ?’ ਸ੍ਰੀ ਖੁੱਡੀਆਂ ਨੇ ਉਲਟਾ ਸਵਾਲ ਕੀਤਾ ਕਿ ਹਰਸਿਮਰਤ ਦੱਸਣ ਕਿ ਉਸ ਮੁਤਾਬਿਕ ਜੇ ਗਿਰਦਾਵਰੀਆਂ ਨਹੀਂ ਹੋਈਆਂ ਸਨ, ਤਾਂ ਮੁਆਵਜ਼ਾ ਕਿੱਥੋਂ ਆਇਆ?