ਅਰਦਾਸ ਨੂੰ ਲੈ ਕੇ ਹਰਮੀਤ ਢਿੱਲੋਂ 'ਤੇ ਨਸਲੀ ਟਿੱਪਣੀਆਂ ਦੀ ਨਿੰਦਾ
ਵਾਸ਼ਿੰਗਟਨ, 20 ਜੁਲਾਈ
ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜ ਕ੍ਰਿਸ਼ਨਮੂਰਤੀ ਨੇ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ’ਚ ਅਰਦਾਸ ਨੂੰ ਲੈ ਕੇ ਪਾਰਟੀ ਮੈਂਬਰ ਹਰਮੀਤ ਢਿੱਲੋਂ ਖ਼ਿਲਾਫ਼ ਕੀਤੀ ਜਾ ਰਹੀ ਨਸਲੀ ਟਿੱਪਣੀਆਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਟਿੱਪਣੀਆਂ ਨੂੰ ਕਦੇ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਹੈ। ਰਿਪਬਲਿਕਨ ਨੈਸ਼ਨਲ ਕਮੇਟੀ ਦੀ ਮੈਂਬਰ ਅਤੇ ਨਾਗਰਿਕ ਹੱਕਾਂ ਨਾਲ ਜੁੜੇ ਮਾਮਲਿਆਂ ਦੀ ਅਟਾਰਨੀ ਢਿੱਲੋਂ ਨੇ ਕਨਵੈਨਸ਼ਨ ’ਚ ਅਰਦਾਸ ਕੀਤੀ ਸੀ। ਇਸ ਮੌਕੇ ਰਾਸ਼ਟਰਪਤੀ ਅਹੁਦੇ ਲਈ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਵੀ ਮੌਜੂਦ ਸਨ। ਅਰਦਾਸ ਮਗਰੋਂ ਢਿੱਲੋਂ ਦੀ ਸੋਸ਼ਲ ਮੀਡੀਆ ’ਤੇ ਨੁਕਤਾਚੀਨੀ ਕੀਤੀ ਜਾ ਰਹੀ ਸੀ।
ਇਲੀਨੋਇਸ ਤੋਂ ਚਾਰ ਵਾਰ ਸੰਸਦ ਮੈਂਬਰ ਚੁਣੇ ਗਏ ਕ੍ਰਿਸ਼ਨਾਮੂਰਤੀ ਡੈਮੋਕਰੈਟਿਕ ਪਾਰਟੀ ਦੇ ਆਗੂ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਨਸਲ ਜਾਂ ਧਰਮ ਦੇ ਅਧਾਰ ਤੇ ਵਿਤਕਰੇ ਲਈ ਕੋਈ ਥਾਂ ਨਹੀਂ ਹੈ, ਜਦੋਂ ਅਜਿਹਾ ਹੁੰਦਾ ਹੈ ਤਾਂ ਡੈਮੋਕਰੇਟਿਕ ਅਤੇ ਰਿਪਬਲਿਕਨ ਪਾਰਟੀਆਂ ਦੋਵਾਂ ਨੂੰ ਇਸ ਦੀ ਸਖ਼ਤ ਨਿੰਦਾ ਕਰਨੀ ਚਾਹੀਦੀ ਹੈ। -ਪੀਟੀਆਈ