ਹਰਕੇਸ਼ ਸਿੱਧੂ ਦੀ ਸਵੈ-ਜੀਵਨੀ ‘ਸਰਪੰਚ ਤੋਂ ਡੀਸੀ ਤੱਕ’ ਲੋਕ ਅਰਪਣ
ਪੱਤਰ ਪ੍ਰੇਰਕ
ਪਟਿਆਲਾ, 25 ਜੁਲਾਈ
ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਸਾਬਕਾ ਆਈਏਐੱਸ ਡਾ. ਹਰਕੇਸ਼ ਸਿੰਘ ਸਿੱਧੂ ਦੀ ਸਵੈ-ਜੀਵਨੀ ‘ਸਰਪੰਚ ਤੋਂ ਡੀਸੀ ਤੱਕ’ ਲੋਕ ਅਰਪਣ ਕੀਤੀ। ਉਨ੍ਹਾਂ ਦੇ ਨਾਲ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਵੀ ਮੌਜੂਦ ਸਨ। ਇਸ ਦੌਰਾਨ ਪੁਸਤਕ ’ਤੇ ਹੋਈ ਚਰਚਾ ਦੌਰਾਨ ਵਿਦਵਾਨਾਂ ਨੇ ਡਾ. ਹਰਕੇਸ਼ ਸਿੰਘ ਸਿੱਧੂ ਦੀ ਸਵੈ-ਜੀਵਨੀ ਸਮਾਜਿਕ ਸਰੋਕਾਰਾਂ ’ਤੇ ਚਾਨਣਾ ਪਾਉਣ ਲਈ ਸਾਹਿਤ ਲਈ ਵਡਮੁੱਲੀ ਪੁਸਤਕ ਕਰਾਰ ਦਿੱਤੀ। ਮੰਡਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਹਰਕੇਸ਼ ਸਿੰਘ ਸਿੱਧੂ ਨੂੰ ਸੱਚ ’ਤੇ ਪਹਿਰਾ ਦੇ ਕੇ ਹਮੇਸ਼ਾ ਗ਼ਲਤ ਵਿਰੁੱਧ ਡਟ ਕੇ ਪਹਿਰਾ ਦੇਣ ਵਾਲਾ ਅਧਿਕਾਰੀ ਆਖਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਸਰਪੰਚ ਤੇ ਡੀਸੀ ਦੋਵੇਂ ਸ਼ਬਦ ਪਾਵਰ ਦਾ ਪ੍ਰਤੀਕ ਹਨ ਅਤੇ ਹਰਕੇਸ਼ ਸਿੰਘ ਸਿੱਧੂ ਨੇ ਇਨ੍ਹਾਂ ਦੋਵਾਂ ਸ਼ਬਦਾਂ ਦਰਮਿਆਨ ਸ਼ਾਨਦਾਰ ਸਫ਼ਰ ਕਰਕੇ ਆਪਦੀ ਇਸ ਜ਼ਿੰਦਗੀ ਦਾ ਪ੍ਰਗਟਾਵਾ ਆਪਣੀ ਸਵੈ ਜੀਵਨੀ ਵਿੱਚ ਕੀਤਾ ਹੈ। ਸਾਬਕਾ ਆਈਏਐੱਸ ਹਰਕੇਸ਼ ਸਿੰਘ ਸਿੱਧੂ ਨੇ ਦਲਜੀਤ ਸਿੰਘ ਮਾਂਗਟ ਤੇ ਹੋਰਨਾਂ ਦਾ ਧੰਨਵਾਦ ਕੀਤਾ। ਪੁਸਤਕ ’ਤੇ ਮੁੱਖ ਪਰਚਾ ਡਾ. ਰਾਜਿੰਦਰ ਸਿੰਘ ਬਰਾੜ ਨੇ ਪੜ੍ਹਿਆ। ਪੰਮੀ ਬਾਈ ਨੇ ਕਿਹਾ ਕਿ ਇਹ ਕਿਤਾਬ ਡਾ. ਹਰਕੇਸ਼ ਸਿੰਘ ਸਿੱਧੂ ਦੇ ਜੀਵਨ ’ਤੇ ਚਾਨਣਾ ਪਾਉਂਦੀ ਹੋਈ ਨੌਜਵਾਨਾਂ ਨੂੰ ਅੱਗੇ ਵਧਣ ਲਈ ਉਤਸ਼ਾਹਤ ਕਰੇਗੀ। ਸਾਬਕਾ ਡੀਪੀਆਰਓ ਉਜਾਗਰ ਸਿੰਘ ਨੇ ਮੰਚ ਸੰਚਾਲਨ ਕੀਤਾ ਅਤੇ ਸੁਖਵਿੰਦਰ ਸਿੰਘ ਫੁੱਲ ਨੇ ਧੰਨਵਾਦ ਕੀਤਾ।