ਹਰਿਭਜਨ ਸਿੰਘ: ਅਹਿ ਇਕ ਤਾਰਾ ਹੋਰ!
ਗੁਰਬਚਨ
ਉਹ ਸਿਰਫ਼ ਕਵੀ ਹੀ ਨਹੀਂ ਸੀ। ਸਮੀਖਿਆ ਤੇ ਅਕਾਦਮਿਕ ਪਿੜਾਂ ਵਿਚ ਦੇਰ ਤੱਕ ਉਹਦਾ ਡੰਕਾ ਵਜਦਾ ਰਿਹਾ। ਉਹਦੀ ਜਨਮ ਸ਼ਤਾਬਦੀ ਦੇ ਮੌਕੇ ਲੋੜ ਉਸਦੇ ਸਾਹਿਤਕ ਵਿਅਕਤਿਤਵ ਨੂੰ ਸਮਝਣ ਅਤੇ ਉਹਦੀ ਪ੍ਰਤਿਭਾ ਦੀਆਂ ਤੈਹਾਂ ਤੱਕ ਪੁੱਜਣ ਦੀ ਹੈ। ਇਸ ਲੇਖ ਵਿਚ ਸੰਕੇਤ ਮਾਤਰ ਗੱਲਾਂ ਹੀ ਕੀਤੀਆਂ ਜਾ ਸਕਦੀਆਂ ਹਨ।
ਹਰਿਭਜਨ ਸਿੰਘ ਜਿਹਾ ਸ਼ਬਦ-ਸ਼ਿਲਪੀ ਪੰਜਾਬੀ ਵਿਚ ਹੋਰ ਕੋਈ ਦੇਖਣ ਵਿਚ ਨਹੀਂ ਆਇਆ। ਉਹ ਵੀਹਵੀਂ ਸਦੀ ਦੇ ਪੰਜਾਬੀ ਸਾਹਿਤ ਦਾ ਪ੍ਰਥਮ ਸ਼ਬਦ ਪੁਰਸ਼ ਸੀ। ਉਹਨੇ ਜ਼ਿੰਦਗੀ ਭਰ ਸੁਨੱਖੀ ਕਾੱਨੀਕਾਰੀ ਦਾ ਪ੍ਰੋਤਸਾਹਨ ਕੀਤਾ। ਪੰਜਾਬੀ ਸਾਹਿਤ ਨੂੰ ਉਹਦੀ ਇਹ ਦੇਣ ਅਦਭੁਤ ਤਰਜ਼ ਦੀ ਸੀ।
ਉਹ ਸਿਰਫ਼ ਕਵੀ ਹੀ ਨਹੀਂ ਸੀ। ਸਮੀਖਿਆ ਤੇ ਅਕਾਦਮਿਕ ਪਿੜਾਂ ਵਿਚ ਦੇਰ ਤੱਕ ਉਹਦਾ ਡੰਕਾ ਵਜਦਾ ਰਿਹਾ। ਉਹਦੀ ਜਨਮ ਸ਼ਤਾਬਦੀ ਦੇ ਮੌਕੇ ਲੋੜ ਉਸਦੇ ਸਾਹਿਤਕ ਵਿਅਕਤਿਤਵ ਨੂੰ ਸਮਝਣ ਅਤੇ ਉਹਦੀ ਪ੍ਰਤਿਭਾ ਦੀਆਂ ਤੈਹਾਂ ਤੱਕ ਪੁੱਜਣ ਦੀ ਹੈ। ਇਸ ਲੇਖ ਵਿਚ ਸੰਕੇਤ ਮਾਤਰ ਗੱਲਾਂ ਹੀ ਕੀਤੀਆਂ ਜਾ ਸਕਦੀਆਂ ਹਨ।
ਪੰਜਾਬੀ ਕਾਵਿ-ਭੂਮੀ ਵਿਚ ਉਹਦੀ ਐਂਟਰੀ ਵਲ ਧਿਆਨ ਦਿਉ। ਪ੍ਰਥਮ ਕਾਵਿ ਕਿਤਾਬ ਲਾਸਾਂ ਵਿਚ ਪਹਿਲੀ ਕਵਿਤਾ ਦੇ ਬੋਲ ਹਨ:
ਅਹਿ ਇਕ ਤਾਰਾ ਹੋਰ
ਇਹਦੀ ਜੋਤ ਵਿਲੱਖਣ ਲਿਸ਼ਕਦੀ
ਇਹਦੀ ਝਿਲਮਿਲ ਨਵੀਂ ਨਕੋਰ
ਪਰ ਇਹਨੂੰ ਵੀ ਲਖ ਤਾਰਿਆਂ
ਦੇ ਪਿੜ ਵਿਚ ਦੇਵੋ ਜੋੜ।
ਉਕਤ ਸਤਰਾਂ ਰਾਹੀਂ ਕਵੀ ਦੀ ਕਾਵਿ-ਹਉਂ ਗੂੜ੍ਹੀ ਹੁੰਦੀ ਦਿਖਦੀ ਹੈ। ਅਜਿਹਾ ਕਰਨਾ ਉਸ ਦੌਰ ਵਿਚ, ਜਦ ਉਹ ਹੋਇਆ/ਵਿਚਰਿਆ, ਚੋਖੇ ਮਾਰ੍ਹਕੇ ਵਾਲੀ ਗੱਲ ਸੀ। ਉਹਦੀ ਖਾਹਸ਼ ਸੀ ਕਿ ਉਹਨੂੰ ਸਿਤਾਰਿਆਂ ਦੇ ਪਿੜ ਵਿਚ ਜੋੜ ਲਿਆ ਜਾਵੇ। ਧਿਆਨ ਉਹਦੇ ਅਪਾਰ ਸਵੈ-ਵਿਸ਼ਵਾਸ ਵਲ ਵੀ ਜਾਂਦਾ ਹੈ।
ਸਮਾਂ ਪੰਜਾਹਾਂ ਦੇ ਅੱਧ ਦਹਾਕੇ ਦਾ ਸੀ। ਤਦੋਂ ਪ੍ਰਗਤੀਸ਼ੀਲਤਾ ਦਾ ਝੰਡਾ ਚੋਖਾ ਉੱਚਾ ਲਹਿਰਾ ਰਿਹਾ ਸੀ। ਸਾਹਿਤਕ ਨਿਰਖ ਪਰਖ ਦਾ ਪਰਮ ਪੁਰਸ਼ ਸੰਤ ਸਿੰਘ ਸੇਖੋਂ ਸੀ, ਜਿਸ ਦੀ ਕਾਵਿ ਸਿਧਾਂਤਕੀ ਬਾਰੇ ਕਿਤਾਬ ਸਾਹਿਤਾਰਥ (1958) ਨੂੰ ਪ੍ਰਮਾਣਿਕ ਪਾਠ ਪੁਸਤਕ ਸਵੀਕਾਰ ਕੀਤਾ ਜਾਣ ਲੱਗ ਪਿਆ ਸੀ। ਮੋਹਨ ਸਿੰਘ ਸਮੇਤ ਹਰੇਕ ਵੱਡਾ ਛੋਟਾ ਕਵੀ ਸੇਖੋਂ ਤੋਂ ਸਮਾਜਵਾਦੀ ਹੋਣ ਦਾ ਪ੍ਰਮਾਣ ਪਤਰ ਲੈਣ ਦਾ ਇੱਛੁਕ ਸੀ।
ਹਰਿਭਜਨ ਸਿੰਘ ਨੇ ਸੇਖੋਂਵਾਦੀ ਚਿੰਤਨ ਤੋਂ ਉਲਟ ਆਪਣੀ ਕਾਵਿ-ਪ੍ਰਤਿਭਾ ਦਾ ਐਲਾਨ ਕੀਤਾ। ਪਿੜ ਨਾਲ ਜੁੜਨ ਤੋਂ ਵੱਧ ਉਹਦੇ ਲਈ ਜ਼ਰੂਰੀ ਆਪਣੀ ਵਿਲੱਖਣਤਾ ਨੂੰ ਦ੍ਰਿੜ੍ਹ ਕਰੀ ਰੱਖਣਾ ਸੀ। ਕਵੀ ਲਈ ਅਜਿਹਾ ਆਰੰਭ ਵਹਾਅ ਦੇ ਉਲਟ ਸੀ, ਚੁਣੌਤੀਆਂ ਭਰਿਆ। ਸੋਚ ਵੱਖਰੀ, ਕਵਿਤਾ ਕਹਿਣ ਦਾ ਅੰਦਾਜ਼ ਆਪਣਾ। ਉਹਦੀ ਰਗ਼ ਕਿਸੇ ਹੋਰ ਕਵੀ ਨਾਲ ਮਿਲਦੀ ਨਹੀਂ ਸੀ। ਉਸ ਯੁੱਗ ਵਿਚ ਜਦ ਸ਼ਬਦ ਸਾਧਨਾ ਬਾਰੇ ਅਲਗ਼ਰਜ਼ੀ ਭਾਰੂ ਸੀ, (ਜਿਵੇਂ ਹੁਣ ਵੀ ਭਾਰੂ ਹੈ) ਸ਼ਿਲਪਕਾਰੀ ਹਰਿਭਜਨ ਸਿੰਘ ਲਈ ਬ੍ਰਹਮ ਅਸਤਰ ਸੀ। ਇਹਦੇ ਰਾਹੀਂ ਉਹ ਹਰ ਹਿਕਾਰਤੀ ਨਜ਼ਰ ਨੂੰ ਬੇਅਸਰ ਕਰਨ ਦੇ ਸਮਰਥ ਸੀ ਤੇ ਵਿਰੋਧੀ ਵਿਚਾਰਧਾਰਾ ਨਾਲ ਖਹਿ ਸਕਦਾ ਸੀ। ਉਹਦੀ ਕਾਵਿਕਾਰੀ ਦੀ ਮਹਿਮਾ ਨੂੰ ਨਿਮਨ ਕਰਕੇ ਕੋਈ ਦੇਖ ਨਹੀਂ ਸੀ ਸਕਦਾ, ਉਹਦੇ ਵਿਚਾਰਾਂ/ਅਕੀਦਿਆਂ ਦੇ ਵਿਰੋਧ ਵਿਚ ਖੜ ਜ਼ਰੂਰ ਸਕਦਾ ਸੀ। ਅਜਿਹਾ ਹੀ ਹੋਇਆ।
ਸੰਤ ਸਿੰਘ ਸੇਖੋਂ ਨੂੰ ਉਹਦੀ ਵੱਖਰੀ ਲਿਸ਼ਕੋਰ ਦੀ ਪਛਾਣ ਹੋਈ। ਪਰ ਜਿਸ ਵਿਚਾਰਧਾਰਕ ਜੇਲ੍ਹਘਰ (ideological prison house) ਦਾ ਸੇਖੋਂ ਨੇ ਨਿਰਮਾਣ ਕਰ ਰੱਖਿਆ ਸੀ, ਉਸ ਵਿਚ ਦਾਖਲ ਹੋਣ ਤੋਂ ਇਨਕਾਰੀ ਕਵੀ ਨੂੰ ਉਹ ਕਿਹੜੀ ਸੰਗਿਆ ਮੁਹੱਈਆ ਕਰਦਾ? ਉਹਨੇ ਹਰਿਭਜਨ ਸਿੰਘ ਨੂੰ ਸੁਹਜਵਾਦੀ ਹੋਣ ਦਾ ਲਕਬ ਅਦਾ ਕਰ ਦਿੱਤਾ।
ਹਰਿਭਜਨ ਸਿੰਘ ਇਸ ਲਕਬ ਤੋਂ ਖ਼ਫ਼ਾ ਹੋ ਗਿਆ। ਇਹ ਪ੍ਰਸੰਸਾ ਜਾਂ ਸਮਰਥਣ ਨਹੀਂ ਸੀ, ਸਗੋਂ ਮੁੱਖਧਾਰਾ ਤੋਂ ਲਾਂਭੇ ਕਰਨ ਦਾ ਉਪਾਅ ਸੀ। ਇਸ ਲਕਬ ਨੂੰ ਉਹਨੇ ਆਪਣਾ ਨਿਸ਼ੇਧ ਸਮਝਿਆ ਤੇ ਇਕ ਕਵਿਤਾ ਰਾਹੀਂ ਬਿਨਾਂ ਨਾਂ ਲਿਆਂ ਸੇਖੋਂ ਦੀ ਸਾਹਿਤਕ ਸਮਝ ਬਾਰੇ ਟਕੋਰਾਂ ਕੱਸੀਆਂ।
ਇਹਦੇ ਨਾਲ ਸੇਖੋਂ-ਹਰਿਭਜਨ ਸਿੰਘ ਵਿਚਕਾਰ ਮੂਕ ਤਰਜ਼ ਦੀ ਤਨਾਤਨੀ ਦਾ ਆਰੰਭ ਹੋ ਗਿਆ।
ਸੇਖੋਂ ਨੇ ਜਲਦੀ ਹੀ ਹਰਿਭਜਨ ਦੀ ਕਾਵਿ ਨਿਪੁੰਨਤਾ ਨੂੰ ਸਵੀਕਾਰ ਕਰ ਲਿਆ। ਗੱਲ ਠੱਪ ਹੋ ਗਈ। ਹਰਿਭਜਨ ਸਿੰਘ ਦੀ ਪਿੜ ਵਿਚ ਜੁੜਨ ਦੀ ਤਲਬ ਪੂਰੀ ਨਾ ਹੋਈ। ਅਸੁਰੱਖਿਆ ਦੀ ਰੀਂਗ ਜੋ ਬਚਪਨ ਤੋਂ ਬੇਚੈਨ ਕਰੀ ਰੱਖਦੀ, ਅਤੇ ਜਿਸ ਨੇ ਉਹਨੂੰ ਪ੍ਰਗੀਤਕ ਰਚਨਾਕਾਰੀ ਅਤੇ ਸ਼ਬਦ ਸਾਧਨਾ ਵਲ ਸੇਧਿਆ ਸੀ, ਉਸ ਰੀਂਗ ਨੂੰ ਸੰਤੁਸ਼ਟ ਕਰਨ ਲਈ ਉਹਨੇ ਆਪਣੇ ਬਿੰਬ ਦੀ ਰੱਖਿਆ ਕਰਨ ਦਾ ਆਪ ਬੀੜਾ ਚੁੱਕ ਲਿਆ।
ਛੁੱਟ-ਪੁਟ ਲਿਖਤਾਂ ਅਤੇ ਅਕਾਦਮਿਕ ਭਾਸ਼ਣਾਂ ਵਿਚ ਉਹਨੇ ਆਪਣੇ ਸਾਹਿਤਕ ਅਕੀਦਿਆਂ ਨੂੰ ਦ੍ਰਿੜ੍ਹ ਕਰਨਾ ਸ਼ੁਰੂ ਕਰ ਦਿੱਤਾ। ਉਹਦੀ ਸ਼ਬਦ ਸੁਨੱਖ ਦੀ ਤਲਾਸ਼ ਅਤੇ ਸਾਹਿਤਕਾਰ ਦੀ ਸੁਤੰਤਰਤਾ ਦੇ ਮੁਦਈ ਪੈਦਾ ਹੋ ਗਏ, ਜਿਨ੍ਹਾਂ ਵਿਚ ਡਾਕਟਰ ਜਸਵੰਤ ਸਿੰਘ ਨੇਕੀ ਅਤੇ ਅਤਰ ਸਿੰਘ ਪ੍ਰਮੁੱਖ ਸਨ।
ਨਤੀਜਾ: ਵਿਚਾਰਾਂ ਦੀ ਤਨਾਤਨੀ ਕਰਕੇ ਇਕ ਦੌਰ ਨਵੀਂ ਗਰਮਾਇਸ਼ ਨਾਲ ਭਖ਼ ਗਿਆ। ਪੰਜਾਬੀ ਸਾਹਿਤਕਾਰਾਂ ਦੇ ਨਿਕਟ ਹੋਣ-ਵਿਚਰਣ ਦਾ ਲੁਤਫ਼ ਆਉਣ ਲੱਗਾ।
ਸੇਖੋਂ ਦਾ ਪ੍ਰਭੁਤਵ ਇਕ ਪਾਸੇ ਤੇ ਹਰਿਭਜਨ ਸਿੰਘ ਦੀ ਵਿਲੱਖਣਤਾ ਦੂਜੇ ਪਾਸੇ! ਇਕ ਦਾ ਡੰਕਾ ਪੰਜਾਬ ਵਿਚ, ਦੂਜੇ ਦੀ ਚੜ੍ਹਤ ਦਿੱਲੀ ਵਿਚ – ਉਸ ਦਿੱਲੀ ਵਿਚ ਜੋ ਦੇਸ ਦੀ ਰਾਜਧਾਨੀ ਸੀ ਅਤੇ ਸੱਤਾ-ਸਥਾਪਨਾ ਦਾ ਗੜ੍ਹ ਸੀ। ਸੇਖੋਂ ਵਿਚਾਰਧਾਰਕ ਤੌਰ ’ਤੇ ਸੱਤਾ-ਸਥਾਪਨਾ ਦਾ ਵਿਰੋਧੀ ਸੀ। ਇਸ ਦੀ ਖਾਤਰ ਉਹਨੇ ਦੁਸ਼ਵਾਰੀਆਂ ਸਹਿਣ ਕੀਤੀਆਂ, ਨੌਕਰੀ ਤੋਂ ਕੱਢਿਆ ਗਿਆ, ਤੇ ਅਨੇਕ ਜਿੱਤਾ-ਹਾਰਾਂ ਵਿਚੋਂ ਗੁਜ਼ਰਿਆ ਸੀ। ਦੂਜੇ ਪਾਸੇ, ਹਰਿਭਜਨ ਸਿੰਘ ਨੂੰ ਕੋਈ ਸੱਤਾ-ਸਥਾਪਨਾ ਮਾੜੀ ਨਾ ਲੱਗਦੀ। ਨਾ ਦੁਸ਼ਟ/ਗ਼ੈਰ ਮਾਨਵੀ ਮੁਹਾਜ਼ਾਂ ਨੂੰ ਉਹ ਬਹੁਤਾ ਗੌਲਦਾ। ਆਪਣੇ ਸਵੈ-ਬਿੰਬ ਨੂੰ ਤਕੜਾ ਕਰਨ ਲਈ ਅਜਿਹਾ ਕਰਨਾ ਉਹਦੇ ਲਈ ਜ਼ਰੂਰੀ ਹੋ ਗਿਆ ਸੀ। ਜਾਂ ਉਹਦੀ ਪ੍ਰਕ੍ਰਿਤੀ ਹੀ ਅਜਿਹੀ ਸੀ। ਪੰਜਾਬੀ ਦੇ ਪ੍ਰਗਤੀਆਂ ਵਾਂਗ ਉਹਦੀ ਰਚਨਾਕਾਰੀ ਦਾ ਦਿਸ਼ਾ ਨਿਰਦੇਸ਼ਨ ਕਰਨ ਵਾਲੀ ਕੋਈ ਮਹਾਂ-ਦ੍ਰਿਸ਼ਟੀ ਨਹੀਂ ਸੀ। ਆਸ ਪਾਸ ਦਾ ਵਰਤਾਰਾ ਉਹਦੀ ਕਾਵਿਕ ਨਿਪੁੰਨਤਾ ਨੂੰ ਪ੍ਰਗਟ ਕਰਨ ਦਾ ਮਸੌਦਾ (ਵਸਤੂ) ਜ਼ਰੂਰ ਬਣਦਾ। ਇਸ ਦੇ ਦਰਸ ਉਹਦੀ ਕਿਤਾਬ ਨਾ ਧੁੱਪੇ ਨਾ ਛਾਵੇਂ ਵਿਚ ਹੁੰਦੇ ਹਨ, ਖਾਸ ਕਰਕੇ ਕਵਿਤਾ ‘ਅਪ੍ਰਮਾਣਿਕ’ ਵਿਚ। ਅਕਸਰ ਕਵਿਤਾ ਵਿਚ ਨਿੱਜੀ ਖਲਲ ਦਾ ਇਜ਼ਹਾਰ ਹੁੰਦਾ ਜਾਂ ਅਜਿਹੀ ਕੋਈ ਵਿਸੰਗਤੀ ਜੋ ਮਨੁੱਖ ਦੇ ਵਿਹਾਰੀ ਸੰਸਾਰ ਵਿਚ ਨਿਹਤ ਹੁੰਦੀ ਹੈ।
ਖੈਰ, ਵਿਗੋਚਾ ਉਹਦੀ ਕਾਵਿ ਸੰਵੇਦਨਾ ਦੀ ਸਥਾਈ ਇਕਾਈ ਬਣ ਚੁੱਕਾ ਸੀ। (ਉਹਨੂੰ ਲੱਗਦਾ ਉਹਦਾ ਬਸਤਾ ਗੁਆਚ ਗਿਆ ਹੈ ਤੇ ਇਹ ਬਸਤਾ ਕਦੇ ਨਹੀਂ ਸੀ ਮਿਲਣਾ।) ਵਿਗੋਚਾ ਹੀ ਉਹਨੂੰ ਆਪਣੇ ਸਵੈ-ਬਿੰਬ ਪ੍ਰਤਿ ਭਾਵੁਕ ਕਰਦਾ ਤੇ ਉਹ ਮੱਥੇ ਦੀ ਜੋਤ ਦੀ ਅਲਖ ਜਗਾਉਂਦਾ। ਅ-ਸਵੈ ਦੇ ਪਰਿਹਾਰ ਤੋਂ ਬਚਣ ਲਈ ਆਪਣੇ ਸ਼ਬਦ ਕਰਤੱਬ ਵਿਚ ਸਮਾਅ ਜਾਣਾ ਚਾਹੁੰਦਾ, ਜਿਵੇਂ ਕਕੂਨ ਕਰਦਾ। ਲਟ ਲਟ ਬਲਦੀ ਜੋਤ ਨੂੰ ਉਹ ਸਵੈ-ਸੱਤਾ ਦਾ ਸਰੋਤ ਸਮਝਦਾ। ਸ਼ਬਦ ਸ਼ਿਲਪ ਪ੍ਰਤਿ ਚੇਤਨਾ ਮੱਥੇ ਦੇ ਦੀਵੇ ਲਈ ਤੇਲ ਸੀ।
ਅਪਾਰ ਸ਼ਿਲਪ ਦੇ ਬਾਵਜੂਦ ਉਹਦੀ ਸੂਖ਼ਮ/ਅਮੂਰਤ ਕਾਵਿਕਾਰੀ ਬਾਰੇ ਨੁਕਤਾਚੀਨ ਕਹਿੰਦੇ – ਇਹ ਸ਼ਬਦ ਖੇਡ ਹੈ। ਵਿਚਲੀ ਗੱਲ ਇਹ ਸੀ ਕਿ ਕਵੀ ਜਿਸ ਤਰ੍ਹਾਂ ਸ਼ਬਦਾਂ ਨਾਲ ਖੇਡਦਾ, ਪਾਠਕ ਨੂੰ ਉਸ ਖੇਡ ਦਾ ਪਤਾ ਨਹੀਂ ਸੀ। ਸਾਂਝ ਪੈਣੀ ਮੁਸ਼ਕਿਲ ਸੀ। ਕਵੀ ਸਮਝਦਾ ਉਹ ਕਵਿਤਾ ਰਾਹੀਂ ਵਾਪਰਿਆ ਹੈ। ਸਮਕਾਲ ਦੇ ਪਾਠਕ ਲਈ ਨਹੀਂ ਤਾਂ ਗ਼ੈਰ-ਹਾਜ਼ਰ ਪਾਠਕ ਲਈ ਵਾਪਰਿਆ ਹੈ।
ਸਮਾਂ ਗੁਜ਼ਰਦਾ ਗਿਆ। ਸੱਤਾ ਦੇ ਅਦਾਰਿਆਂ, ਅਕਾਦਮੀਆਂ ਵਿਚ ਉਸ ਦਾ ਨਾਂ-ਸਿਰਨਾਵਾਂ ਗੂੜ੍ਹਾ ਹੁੰਦਾ ਗਿਆ। ਦਿੱਲੀ ਯੂਨੀਵਰਸਟੀ ਵਿਚ ਪੰਜਾਬੀ ਦਾ ਪ੍ਰੋਫੈਸਰ ਬਣਿਆ ਤਾਂ ਪੈਂਠ ਹੋਰ ਵੱਧ ਗਈ। ਯੂਨੀਵਰਸਟੀਆਂ ਦੇ ਪੰਜਾਬੀ ਵਿਭਾਗਾਂ ਵਿਚ ਚੜ੍ਹਤ ਬੇਮਿਸਾਲ ਹੋ ਗਈ।
ਉਦੋਂ ਹੀ ਮੈਂ ਦਿੱਲੀ ਵਿਚ ਲੈਕਚਰਾਰ ਬਣ ਕੇ ਗਿਆ ਸੀ। ਮੈਂ ਦੇਖਿਆ ਸਾਹਿਤ ਅਕਾਦਮੀ ਐਵਾਰਡ (1969) ਲਈ ਹਰਿਭਜਨ ਸਿੰਘ ਅਤੇ ਸੰਤ ਸਿੰਘ ਸੇਖੋਂ ਦੀਆਂ ਕਿਤਾਬਾਂ ਆਹਮੋ ਸਾਹਮਣੇ ਹਨ। ਸੇਖੋਂ ਦੇ ਮੁਕਾਬਲੇ ਹਰਿਭਜਨ ਸਿੰਘ ਨੂੰ ਐਵਾਰਡ ਮਿਲਣ ਦੀ ਸੰਭਾਵਨਾ ਮੈਨੂੰ ਅਖਰਦੀ ਸੀ। ਮੈਂ ਸੇਖੋਂ ਨੂੰ ਅੱਵਲ ਦਰਜੇ ਦਾ ਰਚਨਾਤਮਿਕ ਬੁੱਧੀਜੀਵੀ ਮੰਨਦਾ ਸੀ, ਉਹਦੀ ਸੱਚ ਦੀ ਤਲਾਸ਼ ਵਿਚ ਸੁੱਚ ਪੱਖੋਂ ਤੋਟ ਨਹੀਂ ਸੀ। ਉਹਦੀ ਰਚਨਾਕਾਰੀ ਵਿਚ ਬੌਧਿਕ ਰਸ ਸੀ ਅਤੇ ਇਤਿਹਾਸਕ ਚੇਤਨਾ ਸੀ। ਉਹਨੂੰ ਪੰਜਾਬ ਦੇ ਇਤਿਹਾਸ ਦੀ ਘਣੀ ਸਮਝ ਸੀ ਅਤੇ ਉਹ ਇਸ ਭੋਇੰ ਦੀ ਮਹਿਮਾ ਦਾ ਝੰਡਾ ਬਰਦਾਰ ਸੀ। ਇਨ੍ਹਾਂ ਗੱਲਾਂ ਸਮੇਤ ਸੱਤਾ ਸਥਾਪਨਾ ਵਿਰੁੱਧ ਸਟੈਂਡ ਲੈਣ ਕਰਕੇ ਉਹਦਾ ਚੋੋਖਾ ਆਦਰ ਮਾਣ ਸੀ। ਹਰਿਭਜਨ ਸਿੰਘ ਦੀ ਕਵਿਤਾ ਮੇਰੇ ਲਈ ਓਪਰੀ ਸੀ, ਇਹ ਕਵਿਤਾ ਘੁੰਡੀ ਵੀ ਬਣੀ ਹੋਈ ਸੀ। ਇਸ ਨਾਲ ਮੈਂ ਉਸ ਕਦਰ ਜੁੜਿਆ ਮਹਿਸੂਸ ਨਾ ਕਰਦਾ ਜਿਵੇਂ ਜਸਵੰਤ ਸਿੰਘ ਨੇਕੀ ਅਤੇ ਅਤਰ ਸਿੰਘ ਆਪਣੀਆਂ ਲਿਖਤਾਂ ਰਾਹੀਂ ਜੁੜੇ ਹੋਏ ਸਨ।
ਮੈਨੂੰ ਹਰਿਭਜਨ ਸਿੰਘ ਦੀ ਨਸਰ ਚੋਖਾ ਮੋਹੰਦੀ। ਉਸਦੇ ਕਈ ਨਬਿੰਧਾਂ ਦਾ ਮੈਂ ਚਾਅ ਨਾਲ ਪਾਠ ਕਰ ਚੁੱਕਾ ਸੀ। ‘ਸਿਮਰ ਮਣਾਈ ਸਿਰਜਣਾ’ ਨਾਂ ਹੇਠ ਉਹਦਾ ਕਾਲਮ ‘ਆਰਸੀ’ ’ਚ ਛੱਪਦਾ ਰਿਹਾ ਸੀ। ਇਨ੍ਹਾਂ ਲੇਖਾਂ ਦੀ ਧਾਕ ਮੇਰੇ ਚਿੱਤ ’ਤੇ ਦਰਜ ਸੀ। ਲੇਖਾਂ ਵਿਚ ਪੱਛਮੀ ਕਿਤਾਬਾਂ ਦਾ ਸਾਰ ਪੇਸ਼ ਕਰਦਿਆਂ ਉਹ ਬੇਹਤਰੀਨ ਟਿਪਣੀਆਂ ਅਦਾ ਕਰਦਾ; ਵਿਚ-ਵਿਚਾਲੇ ਆਪਣੀ ਕਵਿਤਾ ਜੜਦਾ। ਤਿਆਰ ਹੋਈ ਕੰਪੋਜ਼ੀਸ਼ਨ ਲਾਜੁਆਬ ਬਣੀ ਦਿਖਦੀ। ਉਹਨੇ ਅਮਰੀਕੀ ਨਾਟਕਕਾਰ ਯੂਜੀਨ ਓ’ਨੀਲ ਦੇ ਨਾਟਕ Mourning becomes Electra ਨੂੰ ਸੂਖ਼ਮ ਕਾਵਿਕ ਅੰਦਾਜ਼ ’ਚ ਪ੍ਰਸਤੁਤ ਕੀਤਾ। ਇਹ ਨਾਟ-ਤਿਕੜੀ ਮੈਂ ਆਪਣੇ ਐਮ ਏ ਅੰਗਰੇਜ਼ੀ ਦੇ ਕੋਰਸ ਵਿਚ ਪੜ੍ਹੀ ਹੋਈ ਸੀ। ਮੈਂ ਸੋਚਦਾ ਹਰਿਭਜਨ ਸਿੰਘ ਦੀ ਨਸਰ ਅਦਾਇਗੀ ਵਿਚ ਕਿਹੜੀ ਗੱਲ ਮੈਨੂੰ ਏਨਾ ਪ੍ਰਭਾਵਿਤ ਕਰ ਰਹੀ ਹੈ। ਵਿਚਲੀ ਗੱਲ ਇਹ ਸੀ ਇਸ ਨਸਰ ਵਿਚ ਸ਼ਬਦ ਸ਼ਿਲਪ ਅਦਭੁਤ ਸੀ। ਮੈਂ ਨੋਟ ਕੀਤਾ ਕਿ ਉਹਨੂੰ ਬਣਤ (ਕੰਪੋਜ਼ੀਸ਼ਨ) ਦੀ ਘਣੀ ਸਮਝ ਹੈ। ਵਾਕ ਬਣਤ ’ਚ ਕਿਸੇ ਤਰ੍ਹਾਂ ਦੀ ਢਿਲਕ ਉਹ ਰਹਿਣ ਨਹੀਂ ਦੇਂਦਾ। ਉਹਦੀ ਕਵਿਤਾ ’ਚ ਸੁਨੱਖ ਦਾ ਕਾਰਣ ਵੀ ਮੈਨੂੰ ਬੇਨੁਕਸ ਕੰਪੋਜ਼ੀਸ਼ਨ ਦਿਖਿਆ। ਉਹਦੇ ਸ਼ਬਦ ਮਾਂਜੇ ਸੰਵਾਰੇ ਹੁੰਦੇ। ਨਿੱਖਰੇ ਹੋਏ, ਮੱਧਰੇ, ਸੁਨੱਖੇ। ਮੈਂ ਉਹਦੇ ਲਿਖਣ ਦੇ ਅੰਦਾਜ਼ ਨੂੰ ਨੇੜਿਉਂ ਦੇਖਣ ਲੱਗਾ। ਉਹ ਫਿਕਰਾ ਲਿਖਦਾ ਜਿਵੇਂ ਸ਼ਬਦਾਂ ਦੀ ਚਿਨਾਈ ਕੀਤੀ ਜਾਂਦੀ ਹੈ। ਇਕ ਫ਼ਿਕਰੇ ਤੇ ਅਗਲੇ ਵਿਚਕਾਰ ਕਾਹਲ ਨਹੀਂ। ਫਿਕਰੇ ਸੌਖਾ ਸਾਹ ਲੈਂਦੇ, ਜਿਵੇਂ ਲੇਡ-ਬੈਕ ਅਵਸਥਾ ’ਚ ਹੋਣ। ਧੀਮੀ ਲੈਅ ਇਕ ਵਾਕ ਨੂੰ ਦੂਜੇ ਵਾਕ ਨਾਲ ਜੋੜਦੀ। ਪੰਜ ਸੱਤ ਫ਼ਿਕਰੇ ਲਿਖ ਕੇ ਉਹ ਸਾਹ ਲੈਂਦਾ। ਪੈਰ੍ਹਾ ਜਿੱਥੋਂ ਸ਼ੁਰੂ ਹੁੰਦਾ ਉੱਥੋਂ ਦੋਬਾਰਾ ਪੜ੍ਹਣ ਲੱਗਦਾ। ਕੁਝ ਹੋਰ ਜੋੜਨਾ ਹੁੰਦਾ ਤਾਂ ਤੀਰ ਬਣਾ ਕੇ ਹਾਸ਼ੀਏ ’ਚ ਜੜਦਾ, ਹੌਲੇ ਹੌਲੇ। ਅਜਿਹੀ ਰਚਨਾ ਦਾ ਪਾਠ ਕਰਨ ਵਾਲਾ ਵਿਚਾਰਾਂ ਦੀ ਲੈਅ ਨਾਲ ਤੁਰਦਾ ਹੈ, ਕਿਉਂਕਿ ਸ਼ਬਦ ਬਣਤ ਨੇ ਉਹਨੂੰ ਬੰਨ੍ਹ ਰੱਖਿਆ ਹੁੰਦਾ। ਫਿਕਰੇ ਦੀ ਅੰਤਰ-ਧੁਨੀ ਅਸਰ ਕਰਨ ਲੱਗਦੀ ਤੇ ਪਾਠਕ ਲੇਖਕ ਦੇ ਸ਼ਿਲਪ ਵਿਚੋਂ ਹੀ ਰਸ ਪ੍ਰਾਪਤ ਕਰਨ ਲੱਗਦਾ। ਅਜਿਹੀ ਕੰਪੋਜ਼ੀਸ਼ਨ ਪਾਠਕ ਨੂੰ ਆਪਣੇ ਅੰਦਰਲੇ ਸ਼ੋਰ ਤੋਂ ਤੋੜਦੀ ਹੈ ਅਤੇ ਲਿਖਤ ਵਿਚਲੇ ਮੂਡ ਦਾ ਸੰਗੀ ਬਣਾਂਦੀ ਹੈ।
ਸਾਹਿਤ ਅਕਾਦਮੀ ਐਵਾਰਡ ਬਾਰੇ ਭਾਵੇਂ ਲੋਕ ਰਾਇ ਸੇਖੋਂ ਦੇ ਹੱਕ ਵਿਚ ਸੀ, ਸਭ ਜਾਣਦੇ ਸਨ ਕਿ ਅੰਤਿਮ ਚੋਣ ਅੰਮ੍ਰਿਤਾ ਪ੍ਰੀਤਮ ਕਮੇਟੀ ਦੀ ਸੂਤ੍ਰਧਾਰ ਹੋਣ ਕਰਕੇ ਫੈਸਲਾ ਸੇਖੋਂ ਦੇ ਵਿਰੁੱਧ ਜਾਣਾ ਸੀ। ਹਰਿਭਜਨ ਸਿੰਘ ਦੀ ਨਾ ਧੁੱਪੇ ਨਾ ਛਾਵੇਂ ਨੂੰ ਐਵਾਰਡ ਦੇਣ ਦਾ ਐਲਾਨ ਹੋ ਗਿਆ। ਉਹ ਇਸ ਵਿਜੈ ਉੱਤੇ ਚੋਖਾ ਖੁਸ਼ ਸੀ, ਭਾਵੇਂ ਮੂੰਹੋਂ ਕੋਈ ਅਨੁਚਿਤ ਸ਼ਬਦ ਨਾ ਵਰਤਦਾ। ਗੱਲ ਏਥੇ ਨਾ ਮੁੱਕੀ।
ਕੁਝ ਦਨਿਾਂ ਬਾਅਦ ਗੁਰੂ ਨਾਨਕ ਦੀ ਪੰਜਵੀਂ ਜਨਮ ਸ਼ਤਾਬਦੀ ਦੇ ਜਸ਼ਨ ਮੌਕੇ ਹੋਏ ਕਵੀ ਦਰਬਾਰ ਵਿਚ ਸ਼ਾਮਿਲ ਹੋਣ ਅੰਮ੍ਰਿਤਾ ਪ੍ਰੀਤਮ ਤੇ ਹਰਿਭਜਨ ਸਿੰਘ ਕਠਮੰਡੂ (ਨੇਪਾਲ) ਗਏ। ਉਥੇ ਹਰਿਭਜਨ ਸਿੰਘ ਨੇ ਲਹਿਰ ਵਿਚ ਆ ਕੇ ਅੰਮ੍ਰਿਤਾ ਦੀ ਮੌਜੂਦਗੀ ਵਿਚ ਭਾਸ਼ਣ ਦਿੱਤਾ ਅਤੇ ਕਿਹਾ ਕਿ ਉਹਦੇ ਧੰਨ ਭਾਗ ਜੋ ਉਹ ਅੰਮ੍ਰਿਤਾ ਪ੍ਰੀਤਮ ਦੇ ਯੁੱਗ ਵਿਚ ਪੈਦਾ ਹੋਇਆ ਹੈ। ਇਸ ਕਥਨ ਨੂੰ ਅੰਮ੍ਰਿਤਾ ਪ੍ਰੀਤਮ ਨੇ ਆਪਣੇ ਮਾਸਿਕ ਪਤਰ ਨਾਗਮਣੀ ਦੇ ਅਗਲੇ ਅੰਕ ਵਚ ਛਾਪ ਦਿੱਤਾ।
ਇਸ ਘਟਨਾ-ਕ੍ਰਮ ਨੇ ਮੇਰੇ ਅੰਦਰ ਹਰਿਭਜਨ ਸਿੰਘ ਦੇ ਸਾਹਿਤਕ ਵਿਅਕਤਿਤਵ (literary praxis) ਬਾਰੇ ਸ਼ੰਕੇ ਪੈਦਾ ਕਰ ਦਿੱਤੇ। ਮੈਨੂੰ ਉਹਦੇ ਸ਼ਬਦਾਂ ਦੀ ਪਾਕੀਜ਼ਗੀ ਵਿਚਲਾ ਸੱਚ ਤਿੜਕਦਾ ਦਿਖਾਈ ਦੇਣ ਲੱਗਾ। ਮਹਿਸੂਸ ਹੋਇਆ ਸਾਹਿਤਕਾਰੀ ਉਹਦੇ ਲਈ ਕਿਸੇ ਮਹਾਂ-ਕਾਰਜ ਦੀ ਪੂਰਤੀ ਦਾ ਜ਼ੱਰੀਆ ਨਹੀਂ, ਜਿਵੇਂ ਕਿ ਮੈਂ ਸੋਚਦਾ ਸੀ।
ਜਿਨ੍ਹਾਂ ਅਕਾਂਖਿਆਵਾਂ/ਵਿਚਾਰਾਂ ਦੇ ਪ੍ਰਗਟਾ ਰਾਹੀਂ ਪੰਜਾਬ ਵਿਚ ਉੱਤਮ ਰਚਨਾਕਾਰੀ ਦੀ ਪਛਾਣ ਕੀਤੀ ਜਾਂਦੀ ਸੀ (ਸਮਾਜਿਕ ਚੇਤਨਾ, ਪ੍ਰਤਿਰੋਧ ਆਦਿ), ਹਰਿਭਜਨ ਸਿੰਘ ਉਨ੍ਹਾਂ ਦਾ ਕਾਟਾਮਾਰ ਬਣ ਗਿਆ। ਉਹ ਕਹਿੰਦਾ ‘ਸਮਾਜਵਾਦੀ’ ਲੇਖਕ ਸਾਹਿਤਕਤਾ ਨੂੰ ਬਾਈਪਾਸ ਕਰਕੇ ਸੁੱਕੀ ਸਮਾਜਿਕਤਾ ਦੀ ਤਲਾਸ਼ ਕਰਦੇ ਹਨ। ਰੂਪ ਨੂੰ ‘ਇਗਨੋਰ’ ਕਰਕੇ ਵਸਤੂ ਦੀ ਹੀ ਗੱਲ ਕਰਦੇ ਹਨ ਜਦਕਿ ਬਿਨਾਂ ਰੂਪ ਦੇ ਵਸਤੂ ਦਾ ਕੋਈ ਵਜੂਦ ਨਹੀਂ ਹੁੰਦਾ। ਉਹ ਕਵਿਤਾ ’ਚੋਂ ਸਿਆਸੀ ਰੈਟ੍ਰਿਕ ਦੀ ਤਲਾਸ਼ ਕਰਦੇ ਹਨ, ਜਦ ਕਿ ਰੈਟ੍ਰਿਕ ਕਵਿਤਾ ਦੀ ਹਨਨਕਾਰ ਹੈ। ਹਰਿਭਜਨ ਸਿੰਘ ਦੇ ਇਹ ਕਥਨ ਕਾਫ਼ੀ ਹੱਦ ਤੱਕ ਦਰੁੱਸਤ ਦਿਖਾਈ ਦੇਂਦੇ ਪਰ ਸੁਆਲ ਇਹ ਸੀ ਕਿ ਉਹ ਆਪ ਖੁਦ ਜਿਸ ਤਰ੍ਹਾਂ ਦੇ ਸਾਹਿਤਕ ਅਕੀਦਿਆਂ ਰਾਹੀਂ ਪਰਿਭਾਸ਼ਿਤ ਹੋਣਾ ਚਾਹੁੰਦਾ ਸੀ, ਉਹ ਅਧੂਰੇ ਸਨ। ਵਿਰੋਧੀਆਂ ਨਾਲ ਪੈਦਾ ਹੋਈ ਖਿੱਚੋਤਾਨ ਕਰਕੇ ਉਹ ਆਪਣੀ ਸੀਮਾ ਨੂੰ ਗੌਲਣ ਲਈ ਤਿਆਰ ਨਾ ਹੋਇਆ।
ਪ੍ਰਗਤੀਵਾਦ ਦੇ ਪੈਰੋਕਾਰਾਂ ਦੀ ਨਜ਼ਰ ਵਿਚ ਉਹ ਖਾਸਾ ਰੜਕਣ ਲੱਗਾ। ਮਾਹੌਲ ਗ਼ੈਰ-ਸੰਵਾਦੀ ਅਤੇ ਅਬੌਧਿਕ ਹੋ ਗਿਆ। ਨਿੰਦਕੀ/ਪ੍ਰਤਿਕਰਮੀ (reactive) ਵਰਤਾਰਾ ਅਗਾਂਹ ਆ ਗਿਆ। ਹਰਿਭਜਨ ਸਿੰਘ ਨੇ ਤੈਸ਼ ਵਿਚ ਆ ਕੇ ਇਕ ਕਵਿਤਾ ਵਿਚ ਕਮਿਊਨਿਸਟ ਝੰਡੇ ਨੂੰ ਲਾਲ ਟਾਕੀ ਕਹਿ ਕੇ ਠਿਠ ਕਤਾ। ਤਕੜਾ ਹੋ-ਹੱਲਾ ਹੋਇਆ। ਅੰਤ ਫਰਵਰੀ 1973 ਵਿਚ ਦਿੱਲੀ ਦੇ ਕੰਸਟੀਚਿਊਸ਼ਨ ਹਾਲ ਵਿਚ ਹੋਈ ਪੰਜਾਬੀ ਕਾਨਫਰੰਸ ਵਿਚ ਉਹਨੂੰ ਮੁਆਫ਼ੀ ਮੰਗਣੀ ਪਈ। ਅੱਜ ਦੀ ਵਿੱਥ-ਸੂਝ ਤੋਂ ਲੱਗਦਾ ਹਰਿਭਜਨ ਸਿੰਘ ਨੂੰ ਸਪਾਟ ਢੰਗ ਨਾਲ ਅਜਿਹੀ ਖਹਬਿਾਜ਼ੀ ਵਿਚ ਪੈਣ ਦੀ ਲੋੜ ਨਹੀਂ ਸੀ। ਤਦੋਂ ਉਹ ਸਵੈ-ਬਿੰਬ ਦੇ ਬੋਝ ਹੇਠ ਸੀ ਜਿਸ ਕਰਕੇ ਉਹਦੀ ਰਚਨਾਤਮਿਕ ਊਰਜਾ ਅਜਾਈਂ ਜਾ ਰਹੀ ਸੀ।
ਹਰਿਭਜਨ ਸਿੰਘ ਦੇ ਨਿਕਟ ਵਿਚਰਦਿਆਂ ਮੈਂ ਨੋਟ ਕੀਤਾ ਕਿ ਦਿਖਾਵਾ ਉਹਦੇ ‘ਹੋਣੇ’ ਦਾ ਪ੍ਰਮੁੱਖ ਜੁਜ਼ ਹੈ। ਉਹਦੀ ਕਵਿਤਾ ਵਿਚ ਵੀ ਸ਼ਿਲਪ ਦਿਖਦਾ, ਵਸਤੂ ਸ਼ਬਦ ਸੁਨੱਖ ਦੇ ਜਲਵੇ ਹੇਠ ਦੱਬ ਜਾਂਦਾ। ਇਹ ਗੱਲ ਮੈਨੂੰ ਉਹਦੀ ਮੰਚੀ ਪੇਸ਼ਕਾਰੀ ਰਾਹੀਂ ਤਸਦੀਕ ਹੁੰਦੀ ਦਿਖੀ। ਮੈਂ ਲਿਖਿਆ: ‘‘ਉਸਦੀ ਮੰਚ ਪੇਸ਼ਕਾਰੀ ਕਮਾਲ ਦੀ ਹੈ। ਜਦੋਂ ਭਾਸ਼ਣ ਦਿੰਦਾ, ਉਸ ਦੇ ਹੱਥਾਂ ਦੀ ਅਦਾਇਗੀ ਦੇਖਣ ਵਾਲੀ ਹੁੰਦੀ ਹੈ, ਜਿਵੇਂ ਅੋਰਕੈਸਟਰਾ ਦਾ ਨਿਰਦੇਸ਼ਨ ਕਰ ਰਿਹਾ ਹੋਵੇ। ਉਸ ਦੇ ਉਚਾਰਣ ਦੇ ਉਤਰਾ-ਚੜ੍ਹਾਅ ਵਲ ਧਿਆਨ ਦਿਓ। ਉਸ ਦੇ ਸ਼ਬਦਾਂ ਦੀ ਚੋਣ, ਬੋਲਾਂ ਵਿਚਲਾ ਵਕਫਾ, ਵਕਫੇ ਅੰਦਰ ਖਿੜੀ ਮੁਸਕਰਾਹਟ, ਮੁਸਕਰਾਹਟ ਦੀ ਨਫਾਸਤ, ਨਫਾਸਤ ਦਾ ਸੁਹਜ- ਤੁਸੀਂ ਭੁੱਲ ਜਾਓਗੇ ਕਿ ਉਸ ਨੇ ਕਿਹਾ ਕੀ ਹੈ। ਪੇਸ਼ਕਾਰੀ ਦਾ ਜਲਵਾ ਅੱਖਾਂ ਅੱਗੇ ਤੈਰਦਾ ਦਿਸੇਗਾ।”
ਉਹਨੇ ਪੱਛਮ ਦੀਆਂ ਅਜਿਹੀਆਂ ਕਿਤਾਬਾਂ ਅਤੇ ਚਿੰਤਨ ਲਹਿਰਾਂ ਦਾ ਅਧਿਅਨ ਕਰਕੇ ਇਨ੍ਹਾਂ ਦਾ ਪਾਸਾਰ ਕੀਤਾ ਜੋ ਉਸ ਦੀ ਸਾਹਿਤਕ ਅਮਲ ਪ੍ਰਕ੍ਰਿਆ (literary praxis) ਦੇ ਹੱਕ ਵਿਚ ਭੁਗਤਦੀਆਂ ਸਨ। ਪੰਜਾਬੀ ਵਿਚ ਬਦੇਸ਼ੀ ਰਚਨਾਵਾਂ ਨੂੰ ਅਨੁਵਾਦ ਕਰਕੇ ਆਪਣੇ ਨਾਂ ਹੇਠ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ। ਪਹਿਲਾਂ ਰੈਨੇ ਵੈਲਕ ਦੀ ਰੂਪ-ਅਧਾਰਿਤ ਸਿਧਾਂਤਕੀ ਨੂੰ ਅਪਣਾਇਆ, ਫਿਰ ਰੂਸੀ ਰੂਪਵਾਦ ਅਤੇ ਪਰਾਗ ਭਾਸ਼ਾ ਅਧਿਅਨ ਸਕੂਲ ਦੇ ਉਨ੍ਹਾਂ ਚਿੰਤਕਾਂ ਦਾ ਅਧਿਅਨ ਕੀਤਾ ਜੋ ਕੱਥ ਸੰਸਾਰ ਤੋਂ ਅਗਾਂਹ ਨਹੀਂ ਸਨ ਜਾਂਦੇ। ਪਟਿਆਲੇ ਤੋਂ ਸੰਰਚਨਾਵਾਦ ਬਾਰੇ ਗੱਲ ਤੁਰ ਕੇ ਦਿੱਲੀ ਪੁੱਜੀ ਤਾਂ ਉਸ ਨੂੰ ਅਧੂਰੇ ਢੰਗ ਨਾਲ ਸਮਝ ਕੇ ਰੂਪਵਾਦ ਤੱਕ ਸੀਮਤ ਕਰ ਦਿੱਤਾ, ਜਦਕਿ ਤਦੋਂ ਹੀ ਸੰਰਚਨਾਵਾਦ ਦੀਆਂ ਊਣਾਂ ਦੀ ਨਿਸ਼ਾਨਦੇਹੀ ਹੋ ਚੁੱਕੀ ਸੀ ਤੇ ਹਰਿਭਜਨ ਸਿੰਘ ਇਸ ਗੱਲ ਤੋਂ ਜਾਣੂ ਸੀ।
ਦਿਲਚਸਪ ਗੱਲ ਇਹ ਹੈ ਕਿ ਉਹਨੇ ਅਨੇਕ ਉੱਤਮ ਦਰਜੇ ਦੀਆਂ ਕਵਿਤਾਵਾਂ ਰਚੀਆਂ ਜੋ ਉਸ ਦੀ ਮਿਥੀ ਸਿਧਾਂਤਕੀ ਨੂੰ ਤਸਦੀਕ ਨਹੀਂ ਕਰਦੀਆਂ। ਅਹਿਮ ਕਵਿਤਾਵਾਂ, ਉਹਨੇ ਸਾਕਾ ‘ਨੀਲਾ ਤਾਰਾ’ ਤੇ ‘ਨਵੰਬਰ ਚੌਰਾਸੀ’ ਦੇ ਸੰਬੰਧ ਵਿਚ ਲਿਖੀਆਂ। ਇਨ੍ਹਾਂ ਵਿਚ ਪੰਜਾਬ ਦੇ ਲੋਕ-ਮਾਨਸ ਦੀ ਤੜਪ ਅਤੇ ਮਨੋਵੇਗ ਹੈ। ਇਨ੍ਹਾਂ ਦਾ ਪਾਠ ਕਰਕੇ ਹਰਿਭਜਨ ਸਿੰਘ ਦੇ ਉਸ ਬ੍ਰਹਮ-ਅਸਤਰ ਦੀ ਸਾਰਥਿਕਤਾ ਦਾ ਪਤਾ ਚਲਦਾ ਜਿਸ ਨੂੰ ਉਹ ਜ਼ਿਆਦਾ ਕਰਕੇ ਸਵੈ-ਬਿੰਬ ਨੂੰ ਉਸਾਰਨ ਵਿਚ ਵਰਤਦਾ ਰਿਹਾ। ਇਨ੍ਹਾਂ ਕਵਿਤਾਵਾਂ ਨੂੰ ਉਹਨੇ ਥਾਂ ਥਾਂ ਸੁਣਾਇਆ। ਵਾਹਵਾਹ ਖੱਟੀ। ਇਕ ਕਵਿਤਾ ਹੇਠ ਦਿੱਤੀ ਜਾਂਦੀ ਹੈ:
ਚੱਲ ਬੁਲ੍ਹਿਆ ਤੈਨੂੰ ਪਿੰਡੋਂ ਬਾਹਰ ਛੱਡ ਆਵਾਂ
ਏਸ ਪਿੰਡ ਵਿਚ ਭੈਣ ਭਰਾਵਾਂ
ਸਿਰ ਕਾਵਾਂ ਦੀਆਂ ਛਾਵਾਂ
ਕਾਲੀ ਜੀਭ ਨੇ ਸੂਲੀ ਗੱਡੀ
ਭੋਗਣ ਲੋਕ ਸਜ਼ਾਵਾਂ
ਘਰ ਘਰ ਤਾਲੇ ਮਾਰ ਕੇ ਲੋਕੀ
ਬੈਠੇ ਵਿਚ ਸਰਾਵਾਂ
ਹਰ ਕੋਈ ਸੋਚੇ ਲੋਕੀ ਜਾਵਣ
ਤਾਂ ਮੈਂ ਘਰ ਨੂੰ ਜਾਵਾਂ
ਕੋਈ ਨਾ ਮੇਰਾ ਬੋਲ ਪਛਾਣੇ
ਕਿਸ ਨੂੰ ਕੂਕ ਸੁਣਾਵਾਂ
ਮੈਂ ਹਾਂ ਜੀਕਣ ਹੋਰ ਕਿਸੇ ਦਾ
ਭਟਕ ਰਿਹਾ ਪਰਛਾਵਾਂ
ਮਰਨ ਲਿਸਟ ਵਿਚ ਤੂੰ
ਤੇਰੇ ਤੇ ਗੋਲੀ ਦੀਆਂ ਨਿਗਾਹਵਾਂ
ਜੀਉਣ ਲਿਸਟ ਵਿਚ ਬੁਲ੍ਹਿਆ
ਤੇਰਾ ਕੀਕਣ ਨਾਉਂ ਲਿਖਾਵਾਂ
ਏਸ ਪਿੰਡ ਵਿਚ ਤੇਰਾ ਕੋਈ ਨਾ ਮਹਿਰਮ
ਕਿਸ ਤੋਂ ਮੁੱਲ ਕਰਾਵਾਂ
ਏਸ ਪਿੰਡ ਤੋਂ ਚੰਗੀਆਂ ਬੁਲ੍ਹਿਆ
ਓਝੜ ਓਬੜ ਥਾਵਾਂ
ਚੱਲ ਬੁਲ੍ਹਿਆ ਤੈਨੂੰ ਪਿੰਡੋਂ ਬਾਹਰ ਛੱਡ ਆਵਾਂ
ਆਪਣੀ ਕੁੱਲ ਰਚਨਾਕਾਰੀ ਦੀ ਕਿਤਾਬ ‘ਮੇਰੀ ਕਾਵਿ ਯਾਤਰਾ’ ਪ੍ਰਕਾਸ਼ਿਤ ਕਰਵਾਈ ਤਾਂ ਉਹਨੇ 1984 ਵਾਲੀਆਂ ਬੇਹਤ੍ਰੀਨ ਕਵਿਤਾਵਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਦੀ ਬੁਲੰਦੀ ਬਾਰੇ ਉਹਨੂੰ ਸ਼ੱਕ ਸੀ। ਉਹਨੇ ਕਿਹਾ, ‘‘ਮੈਂ ਫੈਸਲਾ ਨਹੀਂ ਕਰ ਸਕਿਆ ਕਿ ਇਨ੍ਹਾਂ ਨੂੰ ਕਿਤਾਬ ਵਿਚ ਸ਼ਾਮਿਲ ਕਰਾਂ ਜਾਂ ਨਾ ਕਰਾਂ”।
ਅੰਤ ਵਿਚ ਕਹਿਣਾ ਹੈ ਕਿ ਅੱਜ ਸਾਡੇ ਵਿਚਕਾਰ ਤੀਬਰ ਵਿਚਾਰਾਂ ਨਾਲ ਭਖ਼ਦੇ ਮਨ ਬਹੁਤ ਹਨ, ਜਿਵੇਂ ਉਸ ਦੌਰ ਵਿਚ ਵੀ ਸਨ। ਉਦੋਂ ਸਾਡੇ ਵਿਚਕਾਰ ਸ਼ਬਦ ਸਾਧਨਾ ਲਈ ਮਰ ਮਿਟਣ ਵਾਲਾ ਹਰਿਭਜਨ ਸਿੰਘ ਸੀ; ਸੰਤ ਸਿੰਘ ਸੇਖੋਂ, ਸ਼ਿਵ ਕੁਮਾਰ ਅਤੇ ਪਾਸ਼ ਸਨ। ਵਿਚਾਰਾਂ ਨੂੰ ਸੁਹਜ ਸੁਨੱਖ ਦੀ ਲੈਅ ਵਿਚ ਬੰਨ੍ਹ ਕੇ ਪ੍ਰਸਤੁਤ ਕਰਨ ਵਾਲਿਆਂ ਦੇ ਨਾਲ ਯੁੱਗ ਨੂੰ ਸੰਵਾਦ ਨਾਲ ਭਖਾਉਣ ਵਾਲੇ ਵੀ ਤੁਰ ਗਏ ਹਨ। ਪਿਛਾਂਹ ਪੰਜਾਬੀ ਸਾਹਿਤ ਭੂਮੀ ਰੁੰਡ-ਮੁੰਡ ਹੋਈ ਦਿਖਦੀ ਹੈ।
ਸੰਪਰਕ: 98725-06926