ਕਠਿਨ ਸਹੀ ਤੇਰੀ ਮੰਜ਼ਿਲ, ਮਗਰ ਉਦਾਸ ਨਾ ਹੋ
ਸਵਰਾਜਬੀਰ
ਨਮ ਅੱਖਾਂ ਤੇ ਧਸੀਆਂ ਗੱਲ੍ਹਾਂ
ਬੋਲਾਂ ਤੋਂ ਕਿਤੇ ਜ਼ਿਆਦਾ ਚੰਗੀ ਤਰ੍ਹਾਂ ਦੱਸਦੀਆਂ ਨੇ
ਉਨ੍ਹਾਂ ਦੀ ਗੱਲ
ਜਿਨ੍ਹਾਂ ਦੀ ਉਦਾਸ ਹਿੱਕ ਵਿਚ
ਡੂੰਘਾ ਗ਼ਮ ਦੱਬਿਐ ਹੁੰਦੈ
ਜਿੱਥੇ ਵੱਸਦੀਆਂ ਨੇ ਯਾਦਾਂ ਦੀਆਂ ਪੈੜਾਂ। -ਪੀਬੀ ਸ਼ੈਲੇ
ਕਈ ਅਖ਼ਬਾਰਾਂ ਦੇ ਪਹਿਲੇ ਪੰਨਿਆਂ ’ਤੇ 23 ਦਸੰਬਰ ਨੂੰ ਇਕੱਠੀਆਂ ਛਪੀਆਂ ਦੋ ਤਸਵੀਰਾਂ ਅਤੇ ਉਨ੍ਹਾਂ ਨਾਲ ਸਬੰਧਿਤ ਖ਼ਬਰਾਂ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ। ਇਕ ਤਸਵੀਰ ਵਿਚ ਓਲੰਪਿਕ ਅਤੇ ਹੋਰ ਕੌਮਾਂਤਰੀ ਮੁਕਾਬਲਿਆਂ ਵਿਚ ਤਗ਼ਮੇ ਜਿੱਤਣ ਵਾਲਾ ਉੱਘਾ ਪਹਿਲਵਾਨ ਬਜਰੰਗ ਪੂਨੀਆ ਨਵੀਂ ਦਿੱਲੀ ਵਿਚ ਕਰਤੱਵਯ ਪਥ ਦੇ ਫੁੱਟਪਾਥ ’ਤੇ ਸਿਰ ਝੁਕਾਈ ਬੈਠਾ ਹੈ; ਉਹਦੇ ਹੱਥਾਂ ਵਿਚ ਪਦਮ ਸ੍ਰੀ ਪੁਰਸਕਾਰ ਹੈ ਜੋ ਉਸ ਨੂੰ 2019 ਵਿਚ ਮਿਲਿਆ ਸੀ; ਉਸ ਦੀਆਂ ਅੱਖਾਂ ਵਿਚ ਉਦਾਸੀ ਹੈ। ਦੂਸਰੀ ਤਸਵੀਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਦੇ ਬਗਲਗੀਰ ਹੋਣ ਦੀ ਹੈ ਜੋ ਫਾਈਲ ਫੋਟੋ ਹੈ; ਮੈਕਰੌਂ 26 ਜਨਵਰੀ 2024 ਨੂੰ ਗਣਤੰਤਰ ਦਿਵਸ ਦੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਇਕ ਤਸਵੀਰ ਘੋਰ ਨਿਰਾਸ਼ਾ ਪ੍ਰਗਟ ਕਰਦੀ ਹੈ ਅਤੇ ਦੂਸਰੀ ਤਸਵੀਰ ਜਸ਼ਨਮਈ ਹੈ। ਬਹੁਤ ਸਾਰੀਆਂ ਅਖ਼ਬਾਰਾਂ ਨੇ ਪਹਿਲੇ ਪੰਨੇ ’ਤੇ ਇਕ ਹੋਰ ਤਸਵੀਰ ਵੀ ਛਾਪੀ ਹੈ ਜਿਸ ਵਿਚ ਵਿਰੋਧੀ ਪਾਰਟੀਆਂ ਦੇ ਆਗੂ ਦਿੱਲੀ ਵਿਚ ਹੀ ਜੰਤਰ-ਮੰਤਰ ’ਤੇ ਸੰਸਦ ’ਚੋਂ 146 ਮੈਂਬਰਾਂ ਦੀ ਮੁਅੱਤਲੀ ਵਿਰੁੱਧ ਰੋਸ ਪ੍ਰਗਟਾ ਰਹੇ ਹਨ। ਜੰਤਰ-ਮੰਤਰ ਉਹ ਥਾਂ ਹੈ ਜਿੱਥੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਧਰਨਾ ਦੇ ਰਹੀਆਂ ਮਹਿਲਾ ਪਹਿਲਵਾਨਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ 28 ਮਈ ਨੂੰ ਹਟਾ ਦਿੱਤਾ ਗਿਆ ਸੀ। ਇਹ ਤਸਵੀਰਾਂ ਦੇਸ਼ ਦੇ ਸਿਆਸੀ ਮਾਹੌਲ ਦੀ ਅੱਕਾਸੀ ਕਰਦੀਆਂ ਹਨ।
2024 ਦੇ ਗਣਤੰਤਰ ਦਿਵਸ ’ਤੇ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਉਣਾ ਸੀ ਪਰ ਉਸ ਨੇ ਆਉਣ ਤੋਂ ਅਸਮਰੱਥਾ ਜ਼ਾਹਿਰ ਕੀਤੀ ਹੈ; ਇਸ ਦੀ ਵਜ੍ਹਾ ਜਨਵਰੀ ਦੇ ਅਖੀਰ ਜਾਂ ਫਰਵਰੀ ਦੇ ਸ਼ੁਰੂ ਵਿਚ ਦਿੱਤੇ ਜਾਣ ਵਾਲਾ ਰਾਸ਼ਟਰਪਤੀ ਦਾ ‘ਸਟੇਟ ਆਫ ਯੂਨੀਅਨ’ (ਦੇਸ਼ ਦੀ ਦਸ਼ਾ) ਭਾਸ਼ਨ/ਸੰਬੋਧਨ ਹੈ ਜਿਸ ਵਿਚ ਬਾਇਡਨ ਮੁੜ ਰਾਸ਼ਟਰਪਤੀ ਦੀ ਚੋਣ ਲੜਨ ਲਈ ਆਪਣਾ ਦਾਅਵਾ ਵੀ ਪੇਸ਼ ਕਰੇਗਾ। ਹੁਣ ਉਸ ਦੀ ਥਾਂ ਮੈਕਰੌਂ ਆਵੇਗਾ–ਮੈਕਰੌਂ ਤੇ ਮੋਦੀ ਦੀ ਤਸਵੀਰ ਤਾਕਤ ਤੇ ਸੱਤਾ ਦੀ ਮਜ਼ਬੂਤੀ ਨੂੰ ਦਰਸਾਉਂਦੀ ਤਸਵੀਰ ਹੈ। ਵਿਰੋਧੀ ਆਗੂਆਂ ਦੀ ਤਸਵੀਰ ਸੰਸਦੀ ਜਮਹੂਰੀਅਤ ਦੀ ਦਸ਼ਾ ਨੂੰ ਬਿਆਨ ਕਰਦੀ ਹੈ ਅਤੇ ਸਿਆਸੀ ਮਾਹਿਰਾਂ ਅਨੁਸਾਰ ਸੰਸਦ ਦੇ 146 ਮੈਂਬਰਾਂ ਦੀ ਮੁਅੱਤਲੀ ਨਾਲ ਸੰਸਦੀ ਜਮਹੂਰੀਅਤ ਦਾ ਤਾਣਾ-ਬਾਣਾ ਲੀਰੋ-ਲੀਰ ਹੋਇਆ ਹੈ। ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਸ ਨੂੰ ‘ਜਮਹੂਰੀਅਤ ਦੀ ਮੁਅੱਤਲੀ’ ਕਰਾਰ ਦਿੱਤਾ ਹੈ ਪਰ ਇਹ ਬਜਰੰਗ ਪੂਨੀਆ ਦੀ ਤਸਵੀਰ ਹੈ ਜਿਸ ਵਿਚੋਂ ਨਾਉਮੀਦੀ ਤੇ ਨਿਰਾਸ਼ਾ ਦੀਆਂ ਭਾਵਨਾਵਾਂ ਅਤਿਅੰਤ ਤੀਬਰਤਾ ਨਾਲ ਝਲਕਦੀਆਂ ਹਨ।
ਓਲੰਪਿਕ ਅਤੇ ਕਈ ਕੌਮਾਂਤਰੀ ਕੁਸ਼ਤੀ ਮੁਕਾਬਲਿਆਂ ਵਿਚ ਤਗ਼ਮੇ ਜਿੱਤਣ ਵਾਲਾ ਅਤੇ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਆ ਜਾਣ ਵਾਲਾ ਬਜਰੰਗ ਪੂਨੀਆ ਏਨਾ ਉਦਾਸ ਕਿਉਂ ਹੈ? ਉਸ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਯਤਨ ਕੀਤਾ ਪਰ ਪੁਲੀਸ ਨੇ ਉਸ ਨੂੰ ਰੋਕਿਆ। ਉਹ ਆਪਣਾ ਪਦਮ ਸ੍ਰੀ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿਚ ਲਪੇਟ ਕੇ ਫੁੱਟਪਾਥ ’ਤੇ ਰੱਖ ਕੇ ਵਾਪਸ ਆ ਗਿਆ। ਉਸ ਨੇ ਅਜਿਹਾ ਕਿਉਂ ਕੀਤਾ? ਬਜਰੰਗ ਅਨੁਸਾਰ, ‘‘ਮੈਨੂੰ ਸਰਕਾਰ ਤੋਂ ਇਹ ਸਨਮਾਨ ਮਿਲਿਆ ਸੀ ਪਰ ਮੈਨੂੰ ਜਾਪਦਾ ਹੈ ਕਿ ਇਸ ਸਨਮਾਨ ਦੇ ਬਾਵਜੂਦ ਮੈਂ ਦੇਸ਼ ਦੀਆਂ ਧੀਆਂ ਦੇ ਸਨਮਾਨ ਦੀ ਰੱਖਿਆ ਨਹੀਂ ਕਰ ਸਕਿਆ। ਇਸ ਲਈ ਮੈਂ ਇਸ ਦਾ ਹੱਕਦਾਰ ਨਹੀਂ ਹਾਂ।’’
ਮਹਿਲਾ ਪਹਿਲਵਾਨਾਂ ਨੇ ਜਨਵਰੀ ਤੋਂ ਵਿਨੇਸ਼ ਫੋਗਾਟ ਤੇ ਸਾਕਸ਼ੀ ਮਲਿਕ ਦੀ ਅਗਵਾਈ ਵਿਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਤਤਕਾਲੀ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਂਦਿਆਂ ਉਸ ਨੂੰ ਹਟਾਉਣ ਲਈ ਅਤੇ ਉਸ ਵਿਰੁੱਧ ਕਾਰਵਾਈ ਕਰਵਾਉਣ ਲਈ ਅੰਦੋਲਨ ਸ਼ੁਰੂ ਕੀਤਾ ਸੀ। ਬਜਰੰਗ ਪੂਨੀਆ ਮਰਦ ਖਿਡਾਰੀਆਂ ਦੀ ਉਸ ਮੂਹਰਲੀ ਕਤਾਰ ਵਿਚ ਸੀ ਜਿਨ੍ਹਾਂ ਨੇ ਮਹਿਲਾ ਪਹਿਲਵਾਨਾਂ ਦਾ ਸਾਥ ਦਿੱਤਾ ਅਤੇ ਉਹ ਅੰਦੋਲਨ ਦਾ ਅੰਗ ਬਣ ਗਿਆ। ਅਪਰੈਲ ਤੋਂ ਉਨ੍ਹਾਂ ਨੇ ਜੰਤਰ-ਮੰਤਰ ਵਿਖੇ ਲਗਾਤਾਰ ਧਰਨਾ ਦਿੱਤਾ। ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਦੇ ਹੋਰ ਆਗੂ ਇਸ ਬਾਰੇ ਚੁੱਪ ਰਹੇ। ਬ੍ਰਿਜ ਭੂਸ਼ਣ ਵਿਰੁੱਧ ਕੇਸ ਵੀ ਸੁਪਰੀਮ ਕੋਰਟ ਦੇ ਦਖ਼ਲ ਤੋਂ ਬਾਅਦ ਦਰਜ ਕੀਤਾ ਗਿਆ। ਅਖੀਰ ਵਿਚ ਖੇਡ ਮੰਤਰੀ ਨੇ ਭਰੋਸਾ ਦਿੱਤਾ ਕਿ ਬ੍ਰਿਜ ਭੂਸ਼ਣ ਦੇ ਕਿਸੇ ਵਫ਼ਾਦਾਰ ਨੂੰ ਕੁਸ਼ਤੀ ਫੈਡਰੇਸ਼ਨ ਦੀ ਚੋਣ ਨਹੀਂ ਲੜਨ ਦਿੱਤੀ ਜਾਵੇਗੀ ਪਰ ਹੋਇਆ ਉਸ ਤੋਂ ਉਲਟ; ਹੁਣ ਹੋਈ ਚੋਣ ਵਿਚ ਉਸ ਦਾ ਪੱਕਾ ਹਮਾਇਤੀ ਤੇ ਵਫ਼ਾਦਾਰ ਸੰਜੇ ਸਿੰਘ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਬਣਿਆ ਹੈ; ਬ੍ਰਿਜ ਭੂਸ਼ਣ ਦਾ ਗਲਾ ਹਾਰਾਂ ਨਾਲ ਭਰਿਆ ਹੈ ਅਤੇ ਉਸ ਦਾ ਪੁੱਤਰ ਪ੍ਰਤੀਕ ਭੂਸ਼ਣ ਸਿੰਘ ਇਹ ਐਲਾਨ ਕਰ ਰਿਹਾ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ ਦਬਦਬਾ ਕਾਇਮ ਰਹੇਗਾ; ਉਸ ਦੇ ਹੱਥ ਵਿਚ ਪੋਸਟਰ ਵੀ ਦਿਖਾਈ ਦਿੰਦਾ ਹੈ ਜਿਸ ਵਿਚ ਉਸ ਦੇ ਪਿਤਾ ਅਤੇ ਹੁਣ ਜੇਤੂ ਹੋਏ ਸੰਜੇ ਸਿੰਘ ਦੀਆਂ ਤਸਵੀਰਾਂ ਹਨ ਅਤੇ ਉਸ ’ਤੇ ਇਹ ਲਿਖਿਆ ਹੋਇਆ ਹੈ, ‘‘ਦਬਦਬਾ ਤੋ ਹੈ। ਦਬਦਬਾ ਤੋ ਰਹੇਗਾ।’’ ਦਿੱਲੀ ਪੁਲੀਸ ਨੇ ਭਾਵੇਂ ਬ੍ਰਿਜ ਭੂਸ਼ਣ ਵਿਰੁੱਧ ਦੋਸ਼-ਪੱਤਰ (ਚਾਰਜਸ਼ੀਟ) ਦਾਖ਼ਲ ਕਰ ਦਿੱਤਾ ਹੈ ਪਰ ਉਸ ਦੇ ਚਿਹਰੇ ’ਤੇ ਪਛਤਾਵੇ ਦੀ ਕੋਈ ਸ਼ਿਕਨ ਦਿਖਾਈ ਨਹੀਂ ਦਿੰਦੀ। ਬ੍ਰਿਜ ਭੂਸ਼ਣ ਤੇ ਉਸ ਦੇ ਸਾਥੀਆਂ ਦੀ ਸਰੀਰਕ ਭਾਸ਼ਾ ਤੇ ਭਾਸ਼ਨ ਹੰਕਾਰਮਈ ਤੇ ਹੈਂਕੜ ਵਾਲੇ ਹਨ।
ਮਹਿਲਾ ਪਹਿਲਵਾਨਾਂ ਨੇ ਰਾਸ਼ਟਰਮੰਡਲ (ਕਾਮਨਵੈੱਲਥ) ਖੇਡਾਂ ਵਿਚ ਸੋਨੇ ਦਾ ਤਗ਼ਮਾ ਜਿੱਤਣ ਵਾਲੀ ਅਨੀਤਾ ਸ਼ਿਓਰਾਨ (ਪ੍ਰਧਾਨਗੀ ਲਈ ਉਮੀਦਵਾਰ) ਅਤੇ ਉਸ ਦੇ ਪੈਨਲ ਦੀ ਹਮਾਇਤ ਕੀਤੀ ਸੀ। ਉਨ੍ਹਾਂ ਨੂੰ ਆਸ ਸੀ ਕਿ ਉਨ੍ਹਾਂ ਦੇ ਸੰਘਰਸ਼ ਦੇ ਮੱਦੇਨਜ਼ਰ ਉਨ੍ਹਾਂ ਨੂੰ ਸਮਰਥਨ ਮਿਲੇਗਾ ਪਰ ਖੇਡ ਸੰਸਥਾਵਾਂ ਵਿਚ ਮਰਦ ਪ੍ਰਧਾਨ ਸੋਚ ਤੇ ਤਾਕਤ ਦਾ ਗੱਠਜੋੜ ਏਨਾ ਤਾਕਤਵਰ ਤੇ ਜ਼ਹਿਰੀਲਾ ਹੈ ਕਿ ਨਿਆਂ ਲਈ ਉੱਠੀਆਂ ਆਵਾਜ਼ਾਂ ਨੂੰ ਹੱਲਾਸ਼ੇਰੀ ਦੇਣ ਦੀ ਥਾਂ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਨੀਤਾ ਸ਼ਿਓਰਾਨ ਨੂੰ ਸਿਰਫ਼ ਸੱਤ ਵੋਟਾਂ ਮਿਲੀਆਂ; ਜੇਤੂ ਹੋਏ ਸੰਜੇ ਸਿੰਘ ਨੂੰ 40 ਵੋਟਾਂ ਪਈਆਂ।
ਨਿਆਂ ਨਾ ਮਿਲਣ ਦੀ ਟੀਸ ਸਿਰਫ਼ ਬਜਰੰਗ ਪੂਨੀਆ ਦੇ ਦਿਲ ਵਿਚ ਹੀ ਨਹੀਂ ਉੱਠ ਰਹੀ ਸਗੋਂ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ, ਹੋਰ ਮਹਿਲਾ ਪਹਿਲਵਾਨ ਅਤੇ ਉਨ੍ਹਾਂ ਦੇ ਹਮਾਇਤੀ ਵੀ ਉਦਾਸ ਹਨ। ਸਾਕਸ਼ੀ ਮਲਿਕ ਨੇ ਖੇਡਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਵਿਰੋਧ ਪ੍ਰਦਰਸ਼ਨ ਵਿਅਰਥ ਗਿਆ ਹੈ ਕਿਉਂਕਿ ਬਦਲਾਅ ਲਈ ਮੁਹਿੰਮ ਚਲਾਉਣ ਦੇ ਬਾਵਜੂਦ ਉਨ੍ਹਾਂ ਨੂੰ ਸਹਿਯੋਗ ਨਹੀਂ ਮਿਲਿਆ। ਐਤਵਾਰ ਨੂੰ ਪਹਿਲਵਾਨ ਵਰਿੰਦਰ ਸਿੰਘ ਯਾਦਵ ਨੇ ਵੀ ਆਪਣਾ ਪਦਮ ਸ੍ਰੀ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਵਰਿੰਦਰ ਨੇ ਹੋਰ ਪ੍ਰਸਿੱਧ ਖਿਡਾਰੀਆਂ ਨੂੰ ਵੀ ਪੁੱਛਿਆ ਹੈ ਕਿ ਉਹ ਇਸ ਬਾਰੇ ਕੀ ਕਰ ਰਹੇ ਹਨ। ਇਸ ਤੋਂ ਬਾਅਦ ਕੇਂਦਰੀ ਖੇਡ ਮੰਤਰਾਲੇ ਨੇ ਭਾਰਤੀ ਕੁਸ਼ਤੀ ਸੰਘ ਨੂੰ ਮੁਅੱਤਲ ਕਰ ਦਿੱਤਾ ਪਰ ਸਰਕਾਰ ਦਾ ਇਹ ਕਦਮ ਵੀ ਇਨ੍ਹਾਂ ਖਿਡਾਰੀਆਂ ਦੇ ਮਨਾਂ ਵਿਚ ਪੈਦਾ ਹੋਈਆਂ ਉਦਾਸੀ ਤੇ ਬੇਗਾਨਗੀ ਦੀਆਂ ਭਾਵਨਾਵਾਂ ਨੂੰ ਦੂਰ ਨਹੀਂ ਕਰ ਸਕਿਆ। 26 ਦਸੰਬਰ ਨੂੰ ਵਿਨੇਸ਼ ਫੋਗਾਟ ਨੇ ਖੇਡ ਰਤਨ ਤੇ ਅਰਜੁਨ ਐਵਾਰਡ ਮੋੜਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿਚ ਵਿਨੇਸ਼ ਫੋਗਾਟ ਨੇ ਲਿਖਿਆ ਹੈ, ‘‘ਮੈਨੂੰ ਸਾਲ ਯਾਦ ਹੈ, 2016; ਜਦੋਂ ਸਾਕਸ਼ੀ ਮਲਿਕ ਓਲੰਪਿਕ ’ਚ ਤਗ਼ਮਾ ਜਿੱਤ ਕੇ ਆਈ ਸੀ ਤਾਂ ਤੁਹਾਡੀ ਸਰਕਾਰ ਨੇ ਉਸ ਨੂੰ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦੀ ਬਰਾਂਡ ਅੰਬੈਸਡਰ ਬਣਾਇਆ ਸੀ।... ਅੱਜ ਜਦੋਂ ਸਾਕਸ਼ੀ ਨੂੰ ਕੁਸ਼ਤੀ ਛੱਡਣੀ ਪੈ ਰਹੀ ਹੈ ਤਾਂ ਮੈਨੂੰ ਉਹ ਸਾਲ 2016 ਵਾਰ ਵਾਰ ਯਾਦ ਆ ਰਿਹਾ ਹੈ। ਕੀ ਅਸੀਂ ਖਿਡਾਰਨਾਂ ਸਰਕਾਰ ਦੇ ਇਸ਼ਤਿਹਾਰਾਂ ਵਿਚ ਛਪਣ ਲਈ ਬਣੀਆਂ ਹਾਂ?... ਸਾਡੀਆਂ ਜ਼ਿੰਦਗੀਆਂ ਉਨ੍ਹਾਂ ਫੈਂਸੀ ਇਸ਼ਤਿਹਾਰਾਂ ਵਰਗੀਆਂ ਬਿਲਕੁਲ ਨਹੀਂ ਹਨ।... ਜਿਹੜਾ ਸ਼ੋਸ਼ਣ ਕਰਨ ਵਾਲਾ ਹੈ, ਉਸ ਨੇ ਵੀ ਆਪਣਾ ਦਬਦਬਾ ਕਾਇਮ ਰੱਖਣ ਦੀ ਮੁਨਾਦੀ ਕੀਤੀ ਹੈ ਤੇ ਬਹੁਤ ਭੈੜੇ ਢੰਗ ਨਾਲ ਨਾਅਰੇ ਵੀ ਲਗਾਏ ਹਨ। ਤੁਸੀਂ ਆਪਣੀ ਜ਼ਿੰਦਗੀ ਦੇ ਸਿਰਫ਼ 5 ਮਿੰਟ ਕੱਢ ਕੇ ਉਸ ਆਦਮੀ ਦੇ ਮੀਡੀਆ ਵਿਚ ਦਿੱਤੇ ਗਏ ਬਿਆਨਾਂ ਨੂੰ ਸੁਣ ਲਵੋ, ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਸ ਨੇ ਕੀ ਕੀਤਾ ਹੈ। ਉਸ ਨੇ ਮਹਿਲਾ ਪਹਿਲਵਾਨਾਂ ਨੂੰ ਮੰਥਰਾ ਦੱਸਿਆ ਹੈ।... ਸਾਨੂੰ ਮਹਿਲਾ ਪਹਿਲਵਾਨਾਂ ਨੂੰ ਜ਼ਲੀਲ ਕਰਨ ਦਾ ਕੋਈ ਮੌਕਾ ਨਹੀਂ ਛੱਡਿਆ। ਉਸ ਤੋਂ ਜ਼ਿਆਦਾ ਗੰਭੀਰ ਇਹ ਹੈ ਕਿ ਇਸ ਨੇ ਕਿੰਨੀਆਂ ਮਹਿਲਾ ਪਹਿਲਵਾਨਾਂ ਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ ਹੈ। ਇਹ ਬਹੁਤ ਭਿਆਨਕ ਹੈ।’’
ਮਹਿਲਾ ਖਿਡਾਰੀਆਂ ਦੇ ਅੰਦੋਲਨ ਨੇ ਦੱਸਿਆ ਸੀ/ਹੈ ਕਿ ਤਗ਼ਮੇ ਜਿੱਤਣ ਅਤੇ ਹੋਰ ਪ੍ਰਾਪਤੀਆਂ ਦੀ ਹੁੰਦੀ ਬੱਲੇ ਬੱਲੇ ਥੱਲੇ ਸਰੀਰਕ ਸ਼ੋਸ਼ਣ ਦਾ ਵਰਤਾਰਾ ਵੀ ਛੁਪਿਆ ਹੋਇਆ ਹੈ। ਸਾਡੇ ਮਰਦ ਪ੍ਰਧਾਨ ਸਮਾਜ ਵਿਚ ਅਜਿਹੇ ਵਰਤਾਰੇ ਵਿਰੁੱਧ ਆਵਾਜ਼ ਉਠਾਉਣਾ ਬਹੁਤ ਹਿੰਮਤ ਵਾਲਾ ਕੰਮ ਸੀ ਅਤੇ ਦੁੱਖ, ਮਾਨਸਿਕ ਕਲੇਸ਼ ਤੇ ਸਮਾਜਿਕ ਦਬਾਅ ਝੱਲਦੀਆਂ ਸਾਡੀਆਂ ਖਿਡਾਰਨਾਂ ਨੇ ਇਹ ਹਿੰਮਤ ਦਿਖਾਈ। ਵਿਨੇਸ਼ ਫੋਗਾਟ ਦਾ ਪੱਤਰ ਪੜ੍ਹ ਕੇ ਰੋਣਾ ਆਉਂਦਾ ਹੈ। ਉਸ ਨੇ ਲਿਖਿਆ ਹੈ, ‘‘ਕਈ ਵਾਰ ਮੈਂ ਇਹ ਸੋਚ ਕੇ ਘਬਰਾ ਜਾਂਦੀ ਹਾਂ ਕਿ ਜਦੋਂ ਮੇਰੀ ਚਾਚੀਆਂ ਤਾਈਆਂ ਟੀਵੀ ’ਤੇ ਸਾਡੀ ਹਾਲਤ ਦੇਖਦੀਆਂ ਹੋਣਗੀਆਂ ਤਾਂ ਉਹ ਮੇਰੀ ਮਾਂ ਨੂੰ ਕੀ ਕਹਿੰਦੀਆਂ ਹੋਣਗੀਆਂ? ਭਾਰਤ ਦੀ ਕੋਈ ਮਾਂ ਨਹੀਂ ਚਾਹੁੰਦੀ ਕਿ ਉਸ ਦੀ ਬੇਟੀ ਦੀ ਇਹੋ ਜਿਹੀ ਹਾਲਤ ਹੋਵੇ। ਹੁਣ ਮੈਂ ਪੁਰਸਕਾਰ ਲੈਣ ਵਾਲੀ ਵਿਨੇਸ਼ ਦੇ ਅਕਸ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹਾਂ ਕਿਉਂਕਿ ਉਹ ਸੁਪਨਾ ਸੀ ਤੇ ਹੁਣ ਜੋ ਸਾਡੇ ਨਾਲ ਹੋ ਰਿਹਾ ਹੈ, ਉਹ ਹਕੀਕਤ ਹੈ।’’ ਇਕ ਥਾਂ ’ਤੇ ਵਿਨੇਸ਼ ਨੇ ਬਹੁਤ ਤਲ਼ਖ ਸਵਾਲ ਵੀ ਕੀਤਾ ਹੈ, ‘‘ਜਦੋਂ ਅਸੀਂ ਆਪਣੇ ਨਿਆਂ ਲਈ ਆਵਾਜ਼ ਉਠਾਈ ਤਾਂ ਸਾਨੂੰ ਦੇਸ਼ਧ੍ਰੋਹੀ ਦੱਸਿਆ ਗਿਆ। ਪ੍ਰਧਾਨ ਮੰਤਰੀ ਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਕੀ ਅਸੀਂ ਦੇਸ਼ਧ੍ਰੋਹੀ ਹਾਂ?’’ ਪਰ ਚਿੱਠੀ ਵਿਚ ਪ੍ਰਮੁੱਖ ਭਾਵਨਾ ਉਦਾਸੀ ਦੀ ਹੈ, ਉਹ ਲਿਖਦੀ ਹੈ, ‘‘ਕਈ ਵਾਰ ਇਸ ਸਾਰੇ ਘਟਨਾਕ੍ਰਮ ਨੂੰ ਭੁੱਲਣ ਦਾ ਯਤਨ ਕੀਤਾ ਹੈ ਪਰ ਇਹ ਏਨਾ ਆਸਾਨ ਨਹੀਂ ਹੈ।... ਕੋਈ ਸਾਡੀ ਸਾਰ (ਸੁੱਧ) ਨਹੀਂ ਲੈ ਰਿਹਾ।’’ ਅਜਿਹੇ ਹਾਲਾਤ ਵਿਚ ਬਜਰੰਗ ਪੂਨੀਆ, ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਅਤੇ ਉਨ੍ਹਾਂ ਦੇ ਸਾਥੀਆਂ ਦਾ ਉਦਾਸ ਹੋ ਜਾਣਾ ਸੁਭਾਵਿਕ ਹੈ। ਬਜਰੰਗ ਦੀ ਉਦਾਸੀ ਤਾਕਤਵਰਾਂ ਤੇ ਸੱਤਾਧਾਰੀਆਂ ਦੁਆਰਾ ਅਨਿਆਂ ਦੀ ਪਿੱਠ ਠੋਕਣ ਦੇ ਵਰਤਾਰੇ ’ਚੋਂ ਉਗਮਦੀ ਉਦਾਸੀ ਦਾ ਪ੍ਰਤੀਕ ਹੈ; ਇਹ ਉਦਾਸੀ ਸਾਡੇ ਸਮਿਆਂ ਦੀ ਦੇਣ ਵੀ ਹੈ ਅਤੇ ਸਾਡੀ ਹੋਣੀ/ਭਾਵੀ ਵੀ।
ਉਦਾਸੀ ਬੁਨਿਆਦੀ ਮਨੁੱਖੀ ਜਜ਼ਬਾ ਹੈ। ਇਹ ਭਵਿੱਖ ਦੇ ਸੰਘਰਸ਼ਾਂ ਦਾ ਵਾਹਕ ਵੀ ਹੋ ਸਕਦਾ ਹੈ ਅਤੇ ਉਪਰਾਮਤਾ ਨੂੰ ਵੀ ਜਨਮ ਦੇ ਸਕਦਾ ਹੈ। ਸੰਘਰਸ਼ ’ਚੋਂ ਉਪਜੀ ਉਦਾਸੀ ਫਲਹੀਣ ਨਹੀਂ ਹੁੰਦੀ; ਇਹ ਸੰਘਰਸ਼ ਕਰਨ ਦੇ ਢੰਗ-ਤਰੀਕਿਆਂ ਬਾਰੇ ਨਵੀਂ ਸੋਚ-ਭੋਇੰ ਤਿਆਰ ਕਰਦੀ ਅਤੇ ਉਸ ਨੂੰ ਸਿੰਜਦੀ ਹੈ। ਮਨੁੱਖੀ ਉਦਾਸੀ ਨੂੰ ਸ਼ਬਦਾਂ ਵਿਚ ਲਿਖਣਾ ਬਹੁਤ ਔਖਾ ਹੁੰਦਾ ਹੈ। 55 ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਸਾਹਿਰ ਲੁਧਿਆਣਵੀ ਨੇ ਲਿਖਿਆ ਸੀ, ‘‘ਮੇਰੇ ਨਦੀਮ, ਮੇਰੇ ਹਮਸਫ਼ਰ ਉਦਾਸ ਨਾ ਹੋ/ਕਠਿਨ ਸਹੀ ਤੇਰੀ ਮੰਜ਼ਿਲ, ਮਗਰ ਉਦਾਸ ਨਾ ਹੋ/ਹਰ ਇਕ ਤਲਾਸ਼ ਕੇ ਰਾਸਤੇ ਮੇਂ ਮੁਸ਼ਕਿਲੇਂ ਹੈ ਮਗਰ/ਹਰ ਇਕ ਤਲਾਸ਼ ਮੁਰਾਦੋਂ ਕੇ ਫੂਲ ਲਾਤੀ ਹੈ/ਹਜ਼ਾਰ ਚਾਂਦ-ਸਿਤਾਰੋ ਕਾ ਖ਼ੂਨ ਹੋਤਾ ਹੈ/ਤੋ ਇਕ ਸੁਬ੍ਹਾ ਫਿਜ਼ਾਓਂ ਮੇਂ ਮੁਸਕਰਾਤੀ ਹੈ/...ਕਦਮ ਕਦਮ ਪੇ ਚਟਾਨੇਂ ਖੜੀ ਰਹੇਂ ਲੇਕਿਨ/ਜੋ ਚਲ ਨਿਕਲਤੇ ਹੈਂ ਦਰੀਆ (ਦਰਿਆ) ਤੋ ਫਿਰ ਨਹੀਂ ਰੁਕਤੇ/ਹਵਾਏਂ ਜਿਤਨਾ ਭੀ ਟਕਰਾਏਂ ਆਂਧੀਆਂ ਬਣ ਕਰ/ਮਗਰ ਘਟਾਓਂ ਕੇ ਪਰਚਮ ਕਭੀ ਨਹੀਂ ਝੁਕਤੇ।’’ ਸੰਘਰਸ਼ ਦੇ ਪਰਚਮਾਂ ਨੇ ਝੁੱਲਦੇ ਰਹਿਣਾ ਹੈ। ਬੰਦੇ ਦੀ ਉਦਾਸੀ ਵੀ ਉਸ ਦੇ ਵਿਰੋਧ ਦਾ ਪਰਚਮ ਹੀ ਹੁੰਦੀ ਹੈ।