ਸਥਾਪਤੀ ਵਿਰੋਧੀ ਸ਼ਾਇਰੀ ਦਾ ਮਘਦਾ ਸੂਰਜ ਸੀ ਹਰਭਜਨ ਸਿੰਘ ਹੁੰਦਲ
ਹਰਭਜਨ ਸਿੰਘ ਹੁੰਦਲ ਦੀ ਬਹੁਪੱਖੀ ਸ਼ਖ਼ਸੀਅਤ, ਉਸ ਵੱਲੋਂ ਰਚੇ ਮੁੱਲਵਾਨ ਬਹੁ-ਵਿਧਾਵੀ ਪੰਜਾਬੀ ਸਾਹਿਤ, ਨਿਰੰਤਰ ਤੋਰ, ਉਸ ਦੀ ਪ੍ਰਗਤੀਵਾਦੀ ਸ਼ਾਇਰੀ ਦੀ ਵਿਲੱਖਣਤਾ, ਜਨਤਕ ਮਸਲਿਆਂ ਪ੍ਰਤੀ ਜਥੇਬੰਦਕ ਪਹੁੰਚ, ਅਣਖੀਲੀ ਜੀਵਨ ਜਾਚ, ਸਾਦ-ਮੁਰਾਦੀ ਜੀਵਨ ਆਦਿ ਬਾਰੇ ਗੱਲ ਕਰਨ ਲਈ ਢੁੱਕਵੇਂ ਸ਼ਬਦ ਲੱਭਣੇ ਕਠਨਿ ਹਨ। ਉਹ ਦਰਵੇਸ਼ ਆਦਮੀ ਸੀ। ਖੱਬੇ ਪੱਖੀ ਸੋਚ ਦਾ ਮਘਦਾ ਸੂਰਜ ਸੀ। ਉਹ ਐਸਾ ਸ਼ਾਇਰ ਸੀ ਜਿਸ ਨੇ ਇਨਕਲਾਬੀ ਸ਼ਾਇਰੀ ਵਿਚ ਆਪਣਾ ਲੋਹਾ ਮਨਵਾਇਆ। ਉਹ ਕਵੀ, ਵਾਰਤਕ ਲੇਖਕ ਹੋਣ ਦੇ ਨਾਲੋ-ਨਾਲ ਹਾਕਮ ਨਾਲ ਲੋਹਾ ਲੈਣ ਵਾਲੀਆਂ ਜਥੇਬੰਦੀਆਂ ਦਾ ਹਮਸਫ਼ਰ ਵੀ ਸੀ। ਉਹ ਬਹੁਪੱਖੀ ਸ਼ਖ਼ਸੀਅਤ ਦਾ ਐਸਾ ਮੁਜੱਸਮਾ ਸੀ ਜਿਸ ’ਤੇ ਹਰ ਕੋਈ ਮਾਣ ਕਰਦਾ ਸੀ। ਉਸ ਨੇ ਹਰ ਦਰਦ ਹੱਸ-ਹੱਸ ਜਰਿਆ। ਦੁਖੀ ਲੋਕਾਈ ਦੇ ਦਰਦ ਨੂੰ ਉਸ ਨੇ ਹਮੇਸ਼ਾ ਆਪਣਾ ਦਰਦ ਸਮਝਿਆ। ਹਾਕਮਾਂ ਦਾ ਜ਼ੁਲਮ ਵੀ ਖ਼ੂਬ ਸਹਿਣ ਕੀਤਾ, ਪਰ ਸਾਰੀ ਉਮਰ ਸਥਾਪਤੀ ਵਿਰੋਧੀ ਸੋਚ ’ਤੇ ਡਟ ਕੇ ਪਹਿਰਾ ਦਿੰਦਾ ਰਿਹਾ, ਕਦੇ ਵੀ ਡੋਲਿਆ ਥਿੜਕਿਆ ਨਹੀਂ। ਸਾਹਿਤਕ ਕਲਾ ਜੁਗਤਾਂ ਖ਼ਾਸਕਰ ਆਪਣੀ ਵਿਲੱਖਣ ਸ਼ਾਇਰੀ ਰਾਹੀਂ ਉਸ ਨੇ ਸਾਹਿਤ ਵਿਚਲੇ ਨਿਰਪੱਖਤਾ ਦੇ ਢੰਡੋਰਚੀਆਂ ਦਾ ਪਰਦਾਫਾਸ਼ ਕੀਤਾ ਤੇ ਸਾਹਿਤਕ ਪ੍ਰਤੀਬੱਧਤਾ ਦਾ ਹੋਕਾ ਦਿੱਤਾ।
- ਮੱਖਣ ਕੁਹਾੜ
ਸੰਪਰਕ: 95013-65522
ਹਰਭਜਨ ਸਿੰਘ ਹੁੰਦਲ ਦੀਆਂ ਕੁਝ ਕਵਿਤਾਵਾਂ
ਭਾਜੜ ਸੰਨ ਸੰਤਾਲੀ
1.
ਕੋਹਾਂ ਪਿੱਛੇ ਰਹਿ ਗਏ ਰੰਗਾਂ ਦੇ ਦਰਿਆ
ਅੱਖਾਂ ਦੇ ਵਿਚ ਰੜਕਦੀ ਤੱਤੀ ਰੇਤ, ਸਵਾਹ!
ਪੈਰ ਪੈਰ ’ਤੇ ਠੋਕਰਾਂ, ਸੂਲਾਂ ਵਿੰਨ੍ਹੇ ਪੈਰ
‘ਚਿੰਤਾ ਚਿਤਾ ਬਰਾਬਰੀ’ ਕਿਤੇ ਨਹੀਂ ਅਟਕਾਅ।
ਝੱਖੜ, ਝਾਂਜੇ, ਦਲਦਲਾਂ, ਖੁੱਭ ਜਾਵਣ ਦਾ ਖ਼ੌਫ਼
ਕਿੱਥੇ ਗਈਆਂ ਬੇੜੀਆਂ, ਕਿੱਥੇ ਯਾਰ-ਮਲਾਹ।
2.
ਨਾ ਕੋਈ ਹਮਦਰਦ ਸੀ, ਨਾ ਕੋਈ ਹਮਰਾਜ਼
ਕਿਸ ਨੂੰ ਬਹਿ ਕੇ ਪੁੱਛਦੇ, ਕੋਈ ਨੇਕ ਸਲਾਹ।
ਕਦੇ ਸੀ ਜਿੱਥੇ ਮਹਿਕਦੇ, ਫੁੱਲਾਂ ਵਰਗੇ ਬੋਲ
ਸਭ ਕੁਝ ਲਗਦਾ ਹੋ ਗਿਆ, ਰਾਤੋ ਰਾਤ ਫਨਾਹ!
ਅੱਗੇ ਪਿੱਛੇ ਮੌਤ ਸੀ, ਖ਼ੌਫ਼ ਸੁਕਾਵੇ ਖ਼ੂਨ
ਪੱਤਾ ਵੀ ਜੇ ਖੜਕਦਾ, ਜਾਵੇ ਨਿਕਲ ਤਰਾਹ।
3.
‘‘ਜੋ ਕੁਝ ਪੱਲੇ ਕਿਸੇ ਦੇ, ਰੱਖੋ ਕੱਢ ਕੇ ਬਾਹਰ।’’
ਪੁਲ ’ਤੇ ਪਹਿਰੇਦਾਰ ਨੇ, ਦਿੱਤਾ ਹੁਕਮ ਸੁਣਾ।
ਕਿਹੜੇ ਵੇਲੇ ਉੱਤਰੇ, ਲਹੂ-ਪੀਣੇ ਬਘਿਆੜ
ਜਨਿ੍ਹਾਂ ਮੱਲੇ ਆਣ ਕੇ, ਚਾਰ-ਚੁਫ਼ੇਰੇ ਰਾਹ।
ਬੂਹੇ ਬੂਹੇ ਖੜ੍ਹ ਗਏ ਆਣ ਮੌਤ ਦੇ ਦੂਤ
ਜਨਿ੍ਹਾਂ ਅੱਗੇ ਚੱਲਦੀ, ਨਹੀਂ ਕਿਸੇ ਦੀ ਵਾਹ।
4.
ਕਿਵੇਂ ਗੁਜ਼ਾਰੇ ਹੋਣਗੇ ਛੱਤ ਪਰਾਈ ਹੇਠ?
ਕਿਸ ਪਲ ਹਾਸੇ ਪਰਤਣੇ, ਆਊ ਸੁੱਖ ਦਾ ਸਾਹ?
ਲੰਮੇ ਪੈਂਡੇ ਮਾਰ ਕੇ, ਕਿਸ ਥਾਂ ਪਹੁੰਚੇ ਆਣ
ਸਭ ਕੁਝ ਛੱਡ ਛੁਡਾ ਕੇ, ਭੱਜੇ ਜਾਨ ਬਚਾਅ।
ਕਿਸ ਰਾਜੇ ਦੇ ਸਾਹਮਣੇ, ਜਾ ਕਰੀਏ ਫਰਿਆਦ
ਬੋਲ਼ੇ ਹੋਏ ਮੁਨਸਫ਼ੀ, ਡਾਕੂ, ਚੋਰ, ਗਵਾਹ।
* * *
ਕਿੰਝ ਕਰੇਂਗਾ ?
ਹੁਣ ਤਾਂ ਤੈਨੂੰ
ਅੰਬਰ ਜੇਡੀ
ਵੱਡੀ ਕੈਨਵਸ ਚਾਹੀਦੀ।
ਇਸ ਉੱਤੇ ਇਕ ਚਿਤਰ ਬਣਾ
ਇਸ ’ਤੇ ਸੱਤੇ ਰੰਗ ਭਰੀਂ।
ਇੰਝ ਕਰੀਂ;
ਗੂੜ੍ਹਾ ਕਾਲਾ ਰੰਗ
ਪਿਛੋਕੜ ਦਾ ਹੋਵੇ।
ਕੰਧਾਂ ਦੀ ਥਾਂ
ਇਕ ਕੰਡਿਆਲੀ ਤਾਰ ਦਿਸੇ।
ਏਸ ਤਾਰ ਦੇ ਵਿਚੋਂ ਦੀ
ਬਿਜਲੀ ਦੀ ਰੌਂਅ ਲੰਘਦੀ ਹੋਵੇ।
ਇਕ ਬਾਹੀ ’ਤੇ
ਲੋਹੇ-ਰੰਗਾ
ਉੱਚਾ ਗੇਟ ਬਣਾ ਦੇਵੀਂ।
ਇਸ ਕੰਡਿਆਲੀ ਤਾਰ ਦੇ ਉਹਲੇ
ਖ਼ੁਸ਼ਬੂ ਸਾਰੀ ਬੰਦ ਦਿਸੇ।
ਖ਼ੁਸ਼ਬੂ ਦਾ ਕੀ ਰੰਗ ਭਰੇਂਗਾ?
ਕਿੰਝ ਕਰੇਂਗਾ?
* * *
ਮਾਂ ਦੀ ਅਸੀਸ
ਕਿਹੜੀ ਸ਼ੈਅ ਨੂੰ ਲੱਭਦਾ ਫਿਰਦਾ
ਦੇਸ ਦੇਸਾਂਤਰ ਜਾਵਾਂ।
ਕਿਹੜੇ ਮੇਰੇ ਗੀਤ ਗਵਾਚੇ
ਪੁੱਛਾਂ ਪਿਆ ਸਿਰਨਾਵਾਂ।
ਤੁਰਾਂ ਤਾਂ ਘਟਦਾ ਦਿਲ ਅੰਮਾਂ ਦਾ
ਮੁੜਾਂ ਤਾਂ ਸ਼ੁਕਰ ਕਰੇਂਦੀ
ਕੈਸੀ ਭਟਕਣ ਮੇਰੇ ਪੱਲੇ
ਕੱਸੀਆਂ ਰਹਿਣ ਤਣਾਵਾਂ।
‘ਤੇਰੇ ਲੇਖੀਂ ਭ੍ਰਮਣ ਲਿਖਿਆ’
ਅੰਮਾਂ ਆਖ ਸੁਣਾਵੇ
ਸੋਚਾਂ ਕਿਹੜੀ ਮੱਲ ਮਾਰ ਕੇ
ਮਾਂ ਨੂੰ ਆਣ ਵਿਖਾਵਾਂ।
ਇਹ ਪੈਰਾਂ ਦਾ ਚੱਕਰ ਅੰਮਾਂ
ਬਹਿਣ ਨਹੀਂ ਜੋ ਦਿੰਦਾ
ਪਾ ਕੇ ਸੰਗਲ ਕਿਵੇਂ ਇਨ੍ਹਾਂ ਨੂੰ
ਕਿੱਲੇ ਬੰਨ੍ਹ ਬਹਾਵਾਂ।
ਤੁਰਾਂ ਤਾਂ ਰਹਿੰਦੀ ਠੀਕ ਤਬੀਅਤ
ਰੁਕਾਂ ਤਾਂ ਰੋਗ ਸਹੇੜਾਂ
ਮੇਰੇ ਪੈਰ ਨੇ ਕਾਹਲੇ ਪੈਂਦੇ
ਵੇਖ, ਧੂੜ, ਘਟਨਾਵਾਂ।
ਮਾਂ ਨੂੰ ਪੁੱਛ ਕਵੁਣ ਗਵਾਂਢਣ
ਗੁੜ੍ਹਦੀ ਦੇਣ ਸੀ ਆਈ।
ਆਖੇ ‘ਪੁੱਤਰ ਕੀਹਦੇ ਉੱਤੇ
ਅੱਜ ਇਲਜ਼ਾਮ ਲਗਾਵਾਂ’।
‘ਬੇਟਾ ਤੇਰੇ ਲੱਛਣ ਮੁੱਢੋਂ
ਚੰਗੇ ਨਾ ਸੀ ਦਿਸਦੇ
ਨਿੱਕੇ ਹੁੰਦੇ ਜੇ ਨਾ ਸਮਝੀ
ਹੁਣ ਮੈਂ ਕੀ ਸਮਝਾਵਾਂ।
ਛਾਹ-ਵੇਲਾ ਖਾ ਘਰੋਂ ਨਿਕਲਦਾ
ਫੇਰ ਪਰਤ ਨਾ ਆਉਂਦਾ
ਪੁੱਛਦੀ ਫਿਰਦੀ, ਗਲੀ ਮੁਹੱਲੇ
ਲੱਭਦਾ ਨਾ ਪਰਛਾਵਾਂ।
ਜੋ ਮਿਲਦਾ, ਹੈ ਮਿਲਦਾ ਭਾਗੀਂ
ਐਵੇਂ ਕੁਝ ਨਾ ਲੱਭੇ
ਕਰੀਏ ਭਾਵੇਂ ਕਈ ਉਪਰਾਲੇ
ਮਿਟੀਆਂ ਨਾ ਰੇਖਾਵਾਂ।’
ਮੈਂ ਆਖਾਂ: ‘ਮਾਂ ਛੱਡ ਇਹ ਗੱਲਾਂ
ਇਹ ਹਨ ਕੂੜੇ ਕਿੱਸੇ
ਆਪਣੇ ਹੱਥੀਂ ਲੇਖ ਲਿਖੀਦੇ
ਰੰਗ ਕੇ ਅੱਖਰ ਪਾਵਾਂ।’
ਮਾਂ ਨੂੰ ਦੱਸਣ ਦੇ ਮੈਂ ਕੀਤੇ
ਬਹਿ ਕੇ ਯਤਨ ਬਥੇਰੇ
ਮਨ ’ਤੇ ਉੱਕਰੇ ਬੋਲ ਨਾ ਮਿਟਦੇ
ਕੀਕਣ ਭਰਮ ਮਿਟਾਵਾਂ।
ਜਦ ਪਿਘਲੇ ਤਾਂ ਦਵੇ ਅਸੀਸਾਂ
ਆਖੇ: ਬੁਰਾ ਨਾ ਮੰਨੀਂ
ਮੈਂ ਤਾਂ ਪੁੱਤਰ ਉੱਠਦੀ ਬਹਿੰਦੀ
ਤੇਰੀ ਖ਼ੈਰ ਮਨਾਵਾਂ।
‘ਜਾਵੀਂ ਬੇਟਾ, ਸੈਰ-ਸਪਾਟੇ
ਸੌ ਵਾਰੀ ਤੁਰ ਜਾਵੀਂ
ਤੇਰਾ ਸਫ਼ਰ ਸੁਹਾਣਾ ਹੋਵੇ
ਤੇਰੀਆਂ ਦੂਰ ਬਲਾਵਾਂ’।
‘ਸੱਚ ਦੇ ਬੋਲ ਤੁਰੀਂ ਬੰਨ੍ਹ ਪੱਲੇ
ਕੂੜ-ਕੁਸੱਤ ਤਿਆਗੀਂ
ਜਦ ਪਰਤੇਂ ਤਾਂ ਸੁੱਖਾਂ ਮੰਗਣ
ਬੂਹੇ ਅਟਕ ਹਵਾਵਾਂ।’
‘ਤੇਰੇ ਰਾਹ ’ਤੇ ਫੁੱਲ ਖਿੜਨਗੇ
ਖ਼ੁਸ਼ਬੂ ਰਸਤਾ ਰੋਕੂ
ਜਿੱਥੋਂ ਲੰਘੇਂ, ਲੋਕ ਕਰਨਗੇ
ਸਿਰ ’ਤੇ ਹੱਥੀਂ ਛਾਵਾਂ।’
ਜਾਵੀਂ ਸੱਤ ਸਮੁੰਦਰ ਪਾਰੋਂ
ਮੋਤੀ ਲੱਭ ਲਿਆਵੀਂ
ਜਿੱਥੇ ਜਿੱਥੇ ਖ਼ੁਸ਼ਬੂ ਬਹਿੰਦੀ
ਢੂੰਡ ਲਈਂ ਉਹ ਥਾਵਾਂ।
ਤੇਰੇ ਪਿੱਛੋਂ ਧੁੱਪ ਉਦਾਸੀ
ਆਣ ਬਨੇਰੇ ਬਹਿੰਦੀ
ਤੇਰਾ ਆਉਣ ਉਡੀਕਦੀਆਂ ਨੇ
ਬੂਹੇ ਬਹਿ ਕਵਿਤਾਵਾਂ।
ਮਾਂ ਦੀ ਤਾਂਘ ਕਿ ਚਾਨਣ ਦਿੰਦਾ
ਜਗੇ ਚਿਰਾਗ਼ ਬਨੇਰੇ
ਸੌ ਵਾਰੀ ਭੁੱਲ ਜਾਵਾਂ ਗੱਲਾਂ
ਸੱਚ ਨਾ ਮੂਲ ਭੁਲਾਵਾਂ।
ਸੱਚ ਦੀ ਭਾਲ ਨਹੀਂ ਪਰ ਸੌਖੀ
ਨਾ ਸਿੱਧ-ਪੱਧਰੀ ਹੁੰਦੀ
ਜਿੱਥੋਂ ਜਿੱਥੋਂ ਲੱਭੇ ਕਿਣਕਾ
ਪੱਲੇ ਬੰਨ੍ਹੀ ਜਾਵਾਂ।
ਇਸ ਮਾਰਗ ’ਤੇ ਤੁਰਦੇ ਹੋਏ
ਪੈਰ ਪੈਰ ’ਤੇ ਰੋਕਾਂ
ਉੱਡਦੀ ਧੂੜ ਆਵਾਜ਼ਾਂ ਮਾਰੇ
ਚੁੱਕ ਮਸਤਕ ’ਤੇ ਲਾਵਾਂ।
ਕਾਹਦਾ ਮਾਣ ਕਰਾਂ ਪਰ ਐਵੇਂ
ਕਿਸ ਕੰਮ ਕੂੜੇ ਦਾਅਵੇ
ਭੁੱਲਦੀਆਂ ਨਹੀਂ ਅਸੀਸਾਂ ਮੈਨੂੰ
ਸੌ ਗੱਲਾਂ ਭੁੱਲ ਜਾਵਾਂ।