For the best experience, open
https://m.punjabitribuneonline.com
on your mobile browser.
Advertisement

ਕਥਨੀ ਤੇ ਕਰਨੀ ਇੱਕ ਰੱਖਣ ਵਾਲਾ ਸ਼ਾਇਰ ਸੀ ਹਰਭਜਨ ਸਿੰਘ ਹੁੰਦਲ

08:50 AM Jul 20, 2023 IST
ਕਥਨੀ ਤੇ ਕਰਨੀ ਇੱਕ ਰੱਖਣ ਵਾਲਾ ਸ਼ਾਇਰ ਸੀ ਹਰਭਜਨ ਸਿੰਘ ਹੁੰਦਲ
Advertisement

ਮੱਖਣ ਕੁਹਾੜ

ਹਰਭਜਨ ਸਿੰਘ ਹੁੰਦਲ ਦੀ ਬਹੁਪੱਖੀ ਸ਼ਖ਼ਸੀਅਤ, ਉਸ ਵੱਲੋਂ ਰਚੇ ਮੁੱਲਵਾਨ ਬਹੁ-ਵਿਧਾਵੀ ਪੰਜਾਬੀ ਸਾਹਿਤ, ਨਿਰੰਤਰ ਤੋਰ, ਉਸ ਦੀ ਪ੍ਰਗਤੀਵਾਦੀ ਸ਼ਾਇਰੀ ਦੀ ਵਿਲੱਖਣਤਾ, ਜਨਤਕ ਮਸਲਿਆਂ ਪ੍ਰਤੀ ਜਥੇਬੰਦਕ ਪਹੁੰਚ, ਅਣਖੀਲੀ ਜੀਵਨ ਜਾਚ, ਸਾਦ-ਮੁਰਾਦੀ ਜੀਵਨ ਆਦਿ ਬਾਰੇ ਗੱਲ ਕਰਨ ਲਈ ਢੁੱਕਵੇਂ ਸ਼ਬਦ ਲੱਭਣੇ ਕਠਨਿ ਹਨ। ਉਹ ਦਰਵੇਸ਼ ਆਦਮੀ ਸੀ। ਖੱਬੇ ਪੱਖੀ ਸੋਚ ਦਾ ਮਘਦਾ ਸੂਰਜ ਸੀ। ਉਹ ਐਸਾ ਸ਼ਾਇਰ ਸੀ ਜਿਸ ਨੇ ਇਨਕਲਾਬੀ ਸ਼ਾਇਰੀ ਵਿਚ ਆਪਣਾ ਲੋਹਾ ਮਨਵਾਇਆ। ਉਹ ਕਵੀ, ਵਾਰਤਕ ਲੇਖਕ ਹੋਣ ਦੇ ਨਾਲੋ-ਨਾਲ ਹਾਕਮ ਨਾਲ ਲੋਹਾ ਲੈਣ ਵਾਲੀਆਂ ਜਥੇਬੰਦੀਆਂ ਦਾ ਹਮਸਫ਼ਰ ਵੀ ਸੀ। ਉਹ ਬਹੁਪੱਖੀ ਸ਼ਖ਼ਸੀਅਤ ਦਾ ਐਸਾ ਮੁਜੱਸਮਾ ਸੀ ਜਿਸ ’ਤੇ ਹਰ ਕੋਈ ਮਾਣ ਕਰਦਾ ਸੀ। ਉਸ ਨੇ ਹਰ ਦਰਦ ਹੱਸ-ਹੱਸ ਜਰਿਆ। ਦੁਖੀ ਲੋਕਾਈ ਦੇ ਦਰਦ ਨੂੰ ਉਸ ਨੇ ਹਮੇਸ਼ਾ ਆਪਣਾ ਦਰਦ ਸਮਝਿਆ। ਹਾਕਮਾਂ ਦਾ ਜ਼ੁਲਮ ਵੀ ਖ਼ੂਬ ਸਹਿਣ ਕੀਤਾ, ਪਰ ਸਾਰੀ ਉਮਰ ਸਥਾਪਤੀ ਵਿਰੋਧੀ ਸੋਚ ’ਤੇ ਡਟ ਕੇ ਪਹਿਰਾ ਦਿੰਦਾ ਰਿਹਾ, ਕਦੇ ਵੀ ਡੋਲਿਆ ਥਿੜਕਿਆ ਨਹੀਂ। ਸਾਹਿਤਕ ਕਲਾ ਜੁਗਤਾਂ ਖ਼ਾਸਕਰ ਆਪਣੀ ਵਿਲੱਖਣ ਸ਼ਾਇਰੀ ਰਾਹੀਂ ਉਸ ਨੇ ਸਾਹਿਤ ਵਿਚਲੇ ਨਿਰਪੱਖਤਾ ਦੇ ਢੰਡੋਰਚੀਆਂ ਦਾ ਪਰਦਾਫਾਸ਼ ਕੀਤਾ ਤੇ ਸਾਹਿਤਕ ਪ੍ਰਤੀਬੱਧਤਾ ਦਾ ਹੋਕਾ ਦਿੱਤਾ।
ਦਸ ਮਾਰਚ 1934 ਨੂੰ ਚੱਕ ਨੰਬਰ 64, ਨਿਹਾਲੋਆਣਾ, ਬੰਡਾਲਾ, ਤਹਿਸੀਲ ਜੜ੍ਹਾਂ ਵਾਲਾ ਜ਼ਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ) ’ਚ ਪਿਤਾ ਦੀਦਾਰ ਸਿੰਘ ਅਤੇ ਮਾਤਾ ਸ੍ਰੀਮਤੀ ਗੁਲਾਬ ਕੌਰ ਦੇ ਘਰ ਜੰਮੇ-ਪਲੇ ਹਰਭਜਨ ਸਿੰਘ ਨੂੰ ਵਿਰਸੇ ਵਿੱਚ ਹੱਕਾਂ ਲਈ ਜੂਝਣ ਦੀ ਗੁੜ੍ਹਤੀ ਮਿਲੀ ਸੀ। ਉਸ ਦੇ ਪਿੰਡ ਦੇ ਚਾਰ ਸਿੱਖ ਗੁਰਦੁਆਰਾ ਸੁਧਾਰ ਲਹਿਰ ਦੌਰਾਨ 1921 ਦੇ ਨਨਕਾਣਾ ਸਾਹਬਿ ਸਾਕੇ ਵਿੱਚ ਸ਼ਹੀਦ ਹੋਏ ਸਨ। ਹੁੰਦਲ ਦੇ ਦੋ ਤਾਏ ਵੀ 1921-1925 ’ਚ ਇਸ ਲਹਿਰ ਵਿੱਚ ਸ਼ਹੀਦ ਹੋਏ ਤੇ ਉਨ੍ਹਾਂ ਦੀ ਬਹਾਦਰੀ ਦੀਆਂ ਵਾਰਾਂ ਢਾਡੀ ਗਾਉਂਦੇ ਸਨ। ਇਸ ਤੋਂ ਹੀ ਉਸ ਨੂੰ ਹੱਕਾਂ ਲਈ ਜੂਝਣ ਦੀ ਪ੍ਰੇਰਨਾ ਮਿਲੀ। ਹੁੰਦਲ ਦਾ ਪਿਤਾ ਸ. ਦੀਦਾਰ ਸਿੰਘ ਗੁਰਦੁਆਰਾ ਸੁਧਾਰ ਲਹਿਰ ਤੋਂ ਉੱਭਰਿਆ ਅਕਾਲੀ ਜਥੇਦਾਰ ਸੀ ਜੋ 1925 ਤੋਂ 1947 ਤੱਕ ਲਗਾਤਾਰ ਬਨਿਾਂ ਮੁਕਾਬਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਦਾ ਰਿਹਾ। ਅੰਗਰੇਜ਼ਾਂ ਨੇ ਖੇਤੀ ਪੈਦਾਵਾਰ ਲਈ ਉਨ੍ਹੀਵੀਂ ਸਦੀ ਦੇ ਅਖੀਰ ਵਿੱਚ ਆਪਣੀ ਅਨਾਜ ਦੀ ਲੋੜ ਪੂਰਤੀ ਲਈ ਬਾਰਾਂ ਵਸਾਈਆਂ ਅਤੇ ਓਥੇ ਨਹਿਰਾਂ ਪੁੱਟ ਕੇ ਸਿੰਚਾਈ ਸਾਧਨ ਵੀ ਦਿੱਤੇ ਤਾਂ ਹਰਭਜਨ ਸਿੰਘ ਹੁੰਦਲ ਹੋਰਾਂ ਦੇ ਪਰਿਵਾਰ ਵਰਗੇ ਅਨੇਕਾਂ ਹੋਰ ਕਿਸਾਨਾਂ ਨੂੰ ਇਹ ਜ਼ਮੀਨ ਆਬਾਦ ਕਰਨ ਲਈ ਮੁਰੱਬੇ ਦਿੱਤੇ ਗਏ ਸਨ। ਪਿੰਡ ਬੁੰਡਾਲਾ (ਜਲੰਧਰ) ਤੋਂ ਕਈ ਪਰਿਵਾਰ ਵਾਂਗੂੰ ਉਨ੍ਹਾਂ ਦਾ ਪਰਿਵਾਰ ਵੀ ਉੱਥੇ ਜਾ ਵਸਿਆ। ਪਰਿਵਾਰ ਨੇ ਬਹੁਤ ਸਖ਼ਤ ਮਿਹਨਤ ਕਰ ਕੇ ਜ਼ਮੀਨ ਨੂੰ ਵਾਹੀ ਯੋਗ ਬਣਾਇਆ। ਪਿੰਡ ਵਸਾਏ। ਪੱਕੇ ਘਰ ਬਣਾਏ। ਚੁਫ਼ੇਰੇ ਨੂੰ ਨਿਹਾਰਿਆ ਸਵਾਰਿਆ, ਪਰ ਜਲਦੀ ਹੀ ਦੇਸ਼ ਦੀ ਵੰਡ ਕਾਰਨ ਉੱਜੜ-ਪੁੱਜੜ ਕੇ ਫਿਰ ਥਾਂ-ਥਾਂ ਖੱਜਲ-ਖੁਆਰੀ ਬਾਅਦ ਪਿੰਡ ਫੱਤੂ ਚੱਕ ਨੇੜੇ ਢਿੱਲਵਾਂ (ਕਪੂਰਥਲਾ) ਵਿਖੇ ਆ ਕੇ ਮੁੜ ਵਸੇਬਾ ਕੀਤਾ। ਇਨ੍ਹਾਂ ਮੁਸ਼ਕਿਲਾਂ ਨਾਲ ਜੂਝਦਿਆਂ ਹਰਭਜਨ ਸਿੰਘ ਹੁੰਦਲ ਇੱਕ ਜੁਝਾਰੂ ਸ਼ਖ਼ਸੀਅਤ ਬਣ ਗਏ। ਸੁਹਿਰਦ ਮਾਰਕਸੀ ਚਿੰਤਕ ਅਧਿਆਪਕ ਜੈ ਚੰਦ ਬਨਿਾਤੀ ਦੀ ਸੰਗਤ ਵਿੱਚ ਆਉਣ ਕਰਕੇ ਸਮਾਜਿਕ ਬਣਤਰ ਵਿਚਲੀ ਰਾਜ ਕਰਦੀ ਉੱਚ ਅਮੀਰ ਸ਼੍ਰੇਣੀ ਤੇ ਪਿਸ ਰਹੀ ਗ਼ਰੀਬ ਸ਼੍ਰੇਣੀ ਵਿੱਚ ਵੰਡੇ ਸਮਾਜ ਬਾਰੇ ਜਾਣਕਾਰੀ ਪ੍ਰਾਪਤ ਹੋਈ। ਇਸ ਸੂਹੀ ਸੋਚ ਦੀ ਸੂਝ ਨੇ ਹੁੰਦਲ ਨੂੰ ਇਨਕਲਾਬੀ ਯੋਧਾ ਬਣਾ ਦਿੱਤਾ। ਰਣਧੀਰ ਕਾਲਜ ਕਪੂਰਥਲਾ ਤੋਂ (1957-1959 ’ਚ) ਬੀ.ਏ. ਕਰਨ ਉਪਰੰਤ ਐਮ.ਏ. ਬੀ.ਐੱਡ. ਕਰ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਾਸਟਰ ਤੇ ਫਿਰ ਲੈਕਚਰਾਰ ਬਣੇ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਸਾਧੂ ਰਾਮ ਵਿਰਲੀ ਅਤੇ ਮਹਾਂਵੀਰ ਸਿੰਘ ਦਰਦੀ ਦੇ ਸਾਥ ਨਾਲ ਅਧਿਆਪਕ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਵਿੱਚ ਖ਼ੂਬ ਕੰਮ ਕੀਤਾ ਤੇ ਤਰਲੋਚਨ ਰਾਣਾ - ਹਰਕੰਵਲ ਦੀ ਅਗਵਾਈ ਵਿੱਚ ਅਧਿਆਪਕਾਂ ਨੂੰ ਲਾਮਬੰਦ ਕਰਦੇ ਰਹੇ। ਹੁੰਦਲ ਦਾ ਛੋਟਾ ਭਰਾ ਕੁਲਬੀਰ ਸਿੰਘ ਵੀ ਗੌਰਮਿੰਟ ਟੀਚਰਜ਼ ਯੂਨੀਅਨ ਦਾ ਬਲਾਕ ਪ੍ਰਧਾਨ ਸੀ। ਅਕਤੂਬਰ 1986 ’ਚ ਕੁਲਬੀਰ ਸਿੰਘ ਦੀ ਹੋਈ ਮੌਤ ਦਾ ਉਨ੍ਹਾਂ ਨੂੰ ਬਹੁਤ ਦੁੱਖ ਪੁੱਜਾ ਜਿਵੇਂ ਸੱਜੀ ਬਾਂਹ ਟੁੱਟ ਗਈ ਹੋਵੇ। 1978 ਦੇ ਬੇਰੁਜ਼ਗਾਰ ਅਧਿਆਪਕਾਂ ਦੇ ਘੋਲ ਵਿੱਚ ਤਿੰਨ ਮਹੀਨੇ ਜੇਲ੍ਹ ਵਿੱਚ ਰਹੇ ਅਤੇ ‘ਜੇਲ੍ਹ ਅੰਦਰ ਜੇਲ੍ਹ’ ਪੁਸਤਕ ਲਿਖੀ। ਮਾਅਰਕੇਬਾਜ਼ੀ ਤੇ ਸੋਧਵਾਦ ਦਾ ਅਧਿਐਨ ਤੇ ਵਿਚਾਰਧਾਰਕ ਮੁਕਾਬਲਾ ਕੀਤਾ। ਉਸਾਰੂ ਬਹਿਸਾਂ ਕਰ ਕੇ ਘੋਲ ਨੂੰ ਜਿੱਤ ਤੱਕ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਈ। ਸੇਵਾਮੁਕਤੀ ਤੱਕ ਲਗਾਤਾਰ ਉਨ੍ਹਾਂ ਨੇ ਮੁਲਾਜ਼ਮਾਂ ਦੀ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਆਗੂ ਬਣ ਕੇ ਮੁਲਾਜ਼ਮ ਹੱਕਾਂ ’ਤੇ ਪਹਿਰਾ ਦਿੱਤਾ। 31 ਮਾਰਚ 1992 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿੱਲਵਾਂ ਤੋਂ ਹਰਭਜਨ ਸਿੰਘ ਹੁੰਦਲ ਸੇਵਾਮੁਕਤ ਹੋਏ। ਸੇਵਾਮੁਕਤੀ ਮਗਰੋਂ ਉਹ ਸਾਹਿਤ ਰਚਨਾ ਦੇ ਨਾਲ-ਨਾਲ ਲੇਖਕਾਂ, ਮਜ਼ਦੂਰਾਂ, ਕਿਸਾਨਾਂ ਤੇ ਹੋਰ ਜਨਤਕ ਘੋਲਾਂ ਨੂੰ ਪ੍ਰਚੰਡ ਕਰਨ ਹਿੱਤ ਖੁੱਲ੍ਹ ਕੇ ਕੰਮ ਕਰਨ ਲੱਗੇ। ਉਨ੍ਹਾਂ ਨੇ ਖੱਬੀ ਲਹਿਰ ਨੂੰ ਹੋਰ ਮਜ਼ਬੂਤ ਕਰਨ ਲਈ ਡਟ ਕੇ ਕੰਮ ਕੀਤਾ।
ਹਰਭਜਨ ਸਿੰਘ ਹੁੰਦਲ ਨੇ ਆਪਣੀ 89 ਸਾਲ ਉਮਰ ’ਚੋਂ ਤਕਰੀਬਨ 65 ਸਾਲ ਲਗਾਤਾਰ ਨਿੱਠ ਕੇ ਸਾਹਿਤ ਰਚਨਾ ਕੀਤੀ। ਉਹ ਪ੍ਰਗਤੀਵਾਦੀ ਗਾਇਕੀ ਦਾ ਧਰੂ ਤਾਰਾ ਬਣੇ। ਇਨਕਲਾਬੀ ਸ਼ਾਇਰੀ ਕਰਦਿਆਂ ਉਨ੍ਹਾਂ ਨੂੰ ਹਕੂਮਤੀ ਤਸ਼ੱਦਦ ਦਾ ਸਾਹਮਣਾ ਵੀ ਕਰਨਾ ਪਿਆ। ਮੋਗਾ ਗੋਲੀ ਕਾਂਢ ਸਮੇਂ ਪੁਲੀਸ ਨੇ ਹੁੰਦਲ ਨੂੰ 16 ਅਕਤੂਬਰ 1972 ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਲਗਾਤਾਰ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ। ਉਨ੍ਹਾਂ ਨੇ ਐਮਰਜੈਂਸੀ ਦਾ ਵਿਰੋਧ ਕਰਨ ਕਾਰਨ 16 ਸਤੰਬਰ 1976 ਤੋਂ 27 ਜਨਵਰੀ 1977 ਤਕਰੀਬਨ ਸਾਢੇ ਚਾਰ ਮਹੀਨੇ ਕਪੂਰਥਲੇ ਦੀ ਜੇਲ੍ਹ ਵਿੱਚ ਕੱਟੇ। ਸਾਹਿਤਕਾਰਾਂ ਨੂੰ ਸਹੀ ਦਿਸ਼ਾ ਦੇਣ ਅਤੇ ਅਗਾਂਹਵਧੂ ਸਾਹਿਤ ਨੂੰ ਪ੍ਰਫੁੱਲਿਤ ਕਰਨ ਹਿੱਤ ਉਨ੍ਹਾਂ ਮਾਰਚ 1992 ਵਿੱਚ ਤ੍ਰੈਮਾਸਕ ਰਸਾਲਾ ‘ਚਿਰਾਗ’ ਸ਼ੁਰੂ ਕੀਤਾ ਜੋ ਨਿਰੰਤਰ ਹੁਣ ਤੀਕ ਚੱਲ ਰਿਹਾ ਹੈ। ਸਿਹਤ ਨਾਸਾਜ਼ ਹੋਣ ਕਾਰਨ ਉਨ੍ਹਾਂ ਰਸਾਲੇ ਦੀ ਸੰਪਾਦਨਾ ਦਾ ਕਾਰਜ ਕਰਮਜੀਤ ਸਿੰਘ ਨੂੰ ਸੌਂਪ ਦਿੱਤਾ ਸੀ। ਹਰਭਜਨ ਸਿੰਘ ਹੁੰਦਲ ਨੇ ਕਵਿਤਾ ਦੀ ਹਰ ਵੰਨਗੀ, ਗ਼ਜ਼ਲ, ਸ਼ਾਹ ਮੁਹੰਮਦ ਦੀ ਤਰਜ਼ ’ਤੇ ਜੰਗਨਾਮਾ ਪੰਜਾਬ ਆਦਿ ਸ਼ਾਇਰੀ ਰਾਹੀਂ ਰਾਜਨੀਤਕ ਪ੍ਰਤੀਬੱਧਤਾ ਨੂੰ ਅੱਗੇ ਤੋਰਿਆ ਅਤੇ ਨਿਰਪੱਖਤਾ ਦੀ ਸ਼ਾਇਰੀ ਨੂੰ ਮੂਲੋਂ ਰੱਦ ਕੀਤਾ। ਉਨ੍ਹਾਂ ਨੇ ਵਾਰਤਕ ਵੀ ਖ਼ੂਬ ਲਿਖੀ। ਸਵੈ-ਜੀਵਨੀ ‘ਕਿਵੇਂ ਗੁਜ਼ਾਰੀ ਜ਼ਿੰਦਗੀ’ ਰਾਹੀਂ ਹੁੰਦਲ ਨੇ ਪੂਰੇ ਜੀਵਨ ਦੇ ਬਿਰਤਾਂਤਾਂ ਦੇ ਨਾਲ-ਨਾਲ ਉਸ ਸਮੇਂ ਤੋਂ ਅੱਜ ਤੱਕ ਦੇ ਸਮਾਜਿਕ, ਆਰਥਿਕ, ਰਾਜਨੀਤਕ ਹਾਲਾਤ ਅਤੇ ਇਤਿਹਾਸ ਦੀ ਵੀ ਸਿਰਜਣਾ ਕੀਤੀ ਹੈ। ਆਲੋਚਨਾ, ਸਫ਼ਰਨਾਮੇ, ਨਬਿੰਧ, ਅਨੁਵਾਦ ਆਦਿ ਸਾਹਿਤ ਦੀਆਂ ਸਾਰੀਆਂ ਵੰਨਗੀਆਂ ਰਾਹੀਂ ਖੱਬੀ ਵਿਚਾਰਧਾਰਾ ਨੂੰ ਹੋਰ ਸਾਰਥਕ ਰੂਪ ਦਿੱਤਾ।
ਸੰਸਾਰ ਪ੍ਰਸਿੱਧ ਇਨਕਲਾਬੀ ਸ਼ਾਇਰਾਂ ਤੇ ਲੇਖਕਾਂ ਬਾਰੇ ਭਰਪੂਰ ਜਾਣਕਾਰੀ ਵੀ ਪੰਜਾਬੀ ਸਾਹਿਤ ਦੇ ਪਾਠਕਾਂ ਦੀ ਝੋਲੀ ਪਾਈ ਤੇ ਉਨ੍ਹਾਂ ਦਾ ਅਨੁਵਾਦ ਵੀ ਕੀਤਾ। ਇਨ੍ਹਾਂ ਵਿੱਚ ਚਿੱਲੀ ਦੇ ਪ੍ਰਸਿੱਧ ਕਵੀ ਪਾਬਲੋ ਨੇਰੂਦਾ, ਇਟਲੀ ਦੇ ਉਸਿਆਨਾ, ਰੂਸ ਦੇ ਪ੍ਰਸਿੱਧ ਕ੍ਰਾਂਤੀਕਾਰੀ ਕਵੀ ਵਲਾਦੀਮੀਰ ਸਾਇਕੋਵਸਕੀ, ਜਰਮਨ ਨਾਟਕਕਾਰ ਬਰਤੋਲਤ ਬਰੈਖਤ, ਤੁਰਕੀ ਦੇ ਨਾਜ਼ਿਮ ਹਿਕਮਤ, ਬਾਬਾ ਨਜ਼ਮੀ (ਪਾਕਿਸਤਾਨ), ਫਲਸਤੀਨ ਦੇ ਮਹਿਮੂਦ ਦਰਵੇਸ਼, ਫੀਦਲ ਕਾਸਤਰੋ, ਕਾਰਲ ਮਾਰਕਸ, ਚੀ ਗਵੇਰਾ, ਅੰਮ੍ਰਿਤਾ ਸ਼ੇਰਗਿੱਲ, ਅਫਜ਼ਲ ਤੌਸੀਫ, ਫੈਜ਼ ਅਹਿਮਦ ਫੈਜ਼, ਹਬੀਬ ਜਾਲਬਿ, ਫਰੈਡਰਿਕ ਏਂਜਲ, ਉਸਤਾਦ ਦਾਮਨ ਆਦਿ ਅਨੇਕਾਂ ਸੰਸਾਰ ਪ੍ਰਸਿੱਧ ਲੇਖਕਾਂ ਬਾਰੇ ਲਿਖਿਆ ਵੀ ਤੇ ਉਨ੍ਹਾਂ ਦੀਆਂ ਪੁਸਤਕਾਂ ਦੇ ਅਨੁਵਾਦ ਵੀ ਬਾਖ਼ੂਬੀ ਕੀਤੇ। ਇੰਜ ਉਨ੍ਹਾਂ ਨੇ 100 ਦੇ ਕਰੀਬ ਪੁਸਤਕਾਂ ਲਿਖੀਆਂ ਜਨਿ੍ਹਾਂ ’ਚੋਂ ਵਧੇਰੇ ਉਨ੍ਹਾਂ ਦੀ ਸ਼ਾਇਰੀ ਦੀਆਂ ਹਨ। ਉਨ੍ਹਾਂ ਨੂੰ ਸੈਂਕੜੇ ਇਨਾਮ ਸਨਮਾਨ ਸਾਹਿਤਕ ਸੰਸਥਾਵਾਂ ਵੱਲੋਂ ਮਿਲੇ, ਪਰ ਹਕੂਮਤਾਂ ਦੇ ਲੋਕ ਵਿਰੋਧੀ ਕਾਰਨਾਮਿਆਂ ਨੂੰ ਜੱਗ ਜ਼ਾਹਰ ਕਰਨ ਕਰਕੇ ਸਰਕਾਰਾਂ ਦਾ ਉਨ੍ਹਾਂ ਨੂੰ ਅਣਗੌਲੇ ਰੱਖਣਾ ਕੁਦਰਤੀ ਸੀ, ਪਰ ਉਨ੍ਹਾਂ ਨੇ ਕਿਸੇ ਸਰਕਾਰੀ ਮਾਨਤਾ ਦੀ ਕਦੇ ਝਾਕ ਨਹੀਂ ਰੱਖੀ।
ਲੇਖਕ ਹੋਣ ਨਾਤੇ ਹਰਭਜਨ ਸਿੰਘ ਹੁੰਦਲ ਨੇ ਪੰਜਾਬੀ ਲੇਖਕਾਂ ਦੀ ਸਾਂਝੀ ਜਥੇਬੰਦੀ, ਕੇਂਦਰੀ ਪੰਜਾਬੀ ਲੇਖਕ ਸਭਾ ਦੀ ਲਗਾਤਾਰ ਅਗਵਾਈ ਕੀਤੀ ਤੇ ਲੇਖਕਾਂ ਨੂੰ ਜਥੇਬੰਦ ਕਰ ਕੇ ਹਾਕਮ ਸ਼੍ਰੇਣੀ ਦੇ ਲੋਕ ਵਿਰੋਧੀ ਕਾਰਨਾਮਿਆਂ ਨੂੰ ਜੱਗ ਜ਼ਾਹਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਪੰਜਾਬੀ ਭਾਸ਼ਾ ਨੂੰ ਉਸ ਦਾ ਬਣਦਾ ਸਥਾਨ ਦਿਵਾਉਣ ਤੇ ਪੰਜਾਬ, ਪੰਜਾਬੀਅਤ, ਪੰਜਾਬੀ ਸਾਹਿਤ ਤੇ ਸੱਭਿਆਚਾਰ ਦੀ ਪ੍ਰਫੁਲਤਾ ਲਈ ਕੇਂਦਰੀ ਸਭਾ ਨੂੰ ਹਰ ਪੱਖੋਂ ਮਜ਼ਬੂਤ ਕਰਨ ਲਈ ਉਪਰਾਲੇ ਕੀਤੇ। ਲੇਖਕਾਂ ਨੂੰ ਪ੍ਰਗਤਵਾਦੀ ਪ੍ਰਤੀਬੱਧਤਾ ਵਾਲੀ ਸੋਚ ਨਾਲ ਜੋੜਨ ਹਿਤ ਲਗਾਤਾਰ ਯਤਨ ਕੀਤੇ। ਕੇਂਦਰੀ ਪੰਜਾਬੀ ਲੇਖਕ ਸਭਾ ਨੂੰ ਸਹੀ ਦਿਸ਼ਾ ’ਤੇ ਤੋਰੀ ਰੱਖਣ ਲਈ ਉਨ੍ਹਾਂ ਨੇ ਹਰ ਸੰਭਵ ਉਪਰਾਲਾ ਕੀਤਾ।
ਹਰਭਜਨ ਸਿੰਘ ਹੁੰਦਲ ਦੀਆਂ ਪ੍ਰਾਪਤੀਆਂ ਬਾਰੇ ਜਿੰਨਾ ਵੀ ਜ਼ਿਕਰ ਕੀਤਾ ਜਾਵੇ, ਥੋੜ੍ਹਾ ਹੈ। ਉਹ ਪੰਜਾਬੀ ਸਾਹਿਤ ਜਗਤ ਤੇ ਜਥੇਬੰਦਕ ਲਹਿਰਾਂ ਦਾ ਐਸਾ ਚਾਨਣ-ਮੁਨਾਰਾ ਸੀ ਜੋ ਹਮੇਸ਼ਾ-ਹਮੇਸ਼ਾ ਪਾਂਧੀਆਂ ਦਾ ਪੰਧ ਰੁਸ਼ਨਾਉਂਦਾ ਰਹੇਗਾ। ਹੁੰਦਲ ਬਹੁਵਿਧਾਵੀ ਲੇਖਕ ਸੀ। ਉਨ੍ਹਾਂ ਨੇ ਸਾਹਿਤ ਦੀ ਹਰ ਵਿਧਾ ’ਚ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ, ਪਰ ਉਨ੍ਹਾਂ ਨੂੰ ਪ੍ਰਗਤੀਵਾਦੀ-ਇਨਕਲਾਬੀ ਕਵੀ ਦੇ ਤੌਰ ’ਤੇ ਵਧੇਰੇ ਜਾਣਿਆ ਜਾਂਦਾ ਹੈ। ਹੁੰਦਲ ਦੀ ਪਛਾਣ ਉਸ ਦੀ ਸ਼ਾਇਰੀ ਹੈ। ਸਥਾਪਤੀ ਵਿਰੋਧੀ ਤੇ ਲੋਕਪੱਖੀ ਸ਼ਾਇਰੀ ਕਰਦਿਆਂ ‘ਸਾਹਿਤ ਤੇ ਕਲਾ ਲੋਕਾਂ ਲਈ’ ਦੇ ਝੰਡਾਬਰਦਾਰ ਰਹੇ।
ਹਰਭਜਨ ਸਿੰਘ ਹੁੰਦਲ ਨੇ ਪਾਕਿਸਤਾਨ ਦੇ ਬਟਵਾਰੇ ਦਾ ਦਰਦ ਵੀ ਝੱਲਿਆ, ਨਕਲਸੀ ਲਹਿਰ, ਖਾੜਕੂ ਲਹਿਰ ਵਿੱਚ ਆਪਣਾ ਵਿਚਾਰਧਾਰਕ ਵਿਰੋਧ ਵੀ ਦਰਜ ਕਰਵਾਇਆ ਤੇ ਸਾਹਿਤ ਨੂੰ ਆਪਣਾ ਜੀਵਨ ਆਧਾਰ ਬਣਾਇਆ। ਪੰਜਾਬੀ ਸਾਹਿਤਕਾਰ ਅਤੇ ਜਥੇਬੰਦਕ ਲਹਿਰਾਂ ਦੇ ਸੰਚਾਲਕ ਉਨ੍ਹਾਂ ਨੂੰ ਹਮੇਸ਼ਾ ਯਾਦ ਕਰਦੇ ਰਹਿਣਗੇ। ਉਨ੍ਹਾਂ ਦਾ ਸਾਰਾ ਜੀਵਨ ਲੋਕ-ਪੱਖੀ ਸ਼ਾਇਰੀ ਅਤੇ ਸੰਘਰਸ਼ ਕਰਦਿਆਂ ਬੀਤਿਆ। ਪੰਜਾਬੀ ਸਾਹਿਤ ਦਾ ਇਹ ਮਘਦਾ ਸੂਰਜ 9 ਜੁਲਾਈ 2023 ਨੂੰ ਸਾਥੋਂ ਓਹਲੇ ਹੋ ਗਿਆ, ਪਰ ਉਸ ਦੀ ਰੌਸ਼ਨੀ ਹਮੇਸ਼ਾ-ਹਮੇਸ਼ਾ ਹਨੇਰਿਆਂ ਨੂੰ ਦੂਰ ਕਰਦੀ ਰਹੇਗੀ।
ਇਹ ਸ਼ਰਫ਼ ਵੀ ਹੁੰਦਲ ਸਾਹਬਿ ਨੂੰ ਹਾਸਲ ਹੈ ਕਿ ਪਤਨੀ ਰਘਬੀਰ ਕੌਰ ਨੇ ਸਾਰੀ ਉਮਰ ਉਨ੍ਹਾਂ ਦਾ ਸਾਥ ਦਿੱਤਾ। ਉਹ ਸਕੂਲ ਅਧਿਆਪਕਾ ਸਨ ਤੇ ਉਹ ਹਰਭਜਨ ਸਿੰਘ ਹੁੰਦਲ ਦੀ ਹਰ ਸਰਗਰਮੀ ਤੇ ਦੁੱਖ-ਸੁੱਖ ਵਿੱਚ ਭਾਈਵਾਲ ਰਹੇ। ਉਨ੍ਹਾਂ ਦੀ ਬੇਟੀ ਨਵਜੋਤ ਕੌਰ ਮਾਤਾ ਗੰਗਾ ਕਾਲਜ, ਤਰਨਤਾਰਨ ਵਿੱਚ ਪ੍ਰੋਫੈਸਰ ਵਜੋਂ ਸੇਵਾ ਨਿਭਾਅ ਰਹੀ ਹੈ। ਉਹ ਵੀ ਆਪਣੇ ਪਿਤਾ ਦੀ ਸੋਚ ਨੂੰ ਪ੍ਰਣਾਈ ਹੋਈ ਹੈ। ਬੇਟਾ ਹਰਪ੍ਰੀਤ ਸਿੰਘ ਸਿੱਖ ਨੈਸ਼ਨਲ ਕਾਲਜ, ਕਾਦੀਆਂ ਵਿੱਚ ਬਤੌਰ ਕਾਰਜਕਾਰੀ ਪ੍ਰਿੰਸੀਪਲ ਭੂਮਿਕਾ ਨਿਭਾ ਰਿਹਾ ਹੈ। ਛੋਟਾ ਬੇਟਾ ਹਰਿੰਦਰਪਾਲ ਸਿੰਘ ਕੈਨੇਡਾ ਵਿੱਚ ਕਮਿਊਨਿਸਟ ਪਾਰਟੀ ਆਫ ਕੈਨੇਡਾ (ਸੀ.ਪੀ.ਸੀ.) ਦਾ ਸਰਗਰਮ ਆਗੂ ਹੈ ਅਤੇ ਵਿਧਾਇਕ ਦੀ ਚੋਣ ਵੀ ਲੜ ਚੁੱਕਾ ਹੈ।
ਹਰਭਜਨ ਸਿੰਘ ਹੁੰਦਲ ਕਥਨੀ ਤੇ ਕਰਨੀ ਵਿੱਚ ਇਕਸਾਰਤਾ ਅਤੇ ਆਪਣੀ ਸ਼ਾਇਰੀ ਤੇ ਪ੍ਰਤੀਬੱਧਤਾ ਸਦਕਾ ਹਮੇਸ਼ਾ ਅਮਰ ਰਹਿਣਗੇ।
ਸੰਪਰਕ: 95013-65522

Advertisement

ਥਾਣੇਦਾਰ ਦੇ ਰੂਬਰੂ

(ਵਾਰਤਾਲਾਪ)
ਕਵੀ ਨੂੰ ਥਾਣੇ ਸੱਦਿਆ ਗਿਆ
ਥਾਣੇਦਾਰ ਰੂਲ ਘੁਮਾਉਂਦਾ ਪੁੱਛਣ ਲੱਗਾ-
‘‘ਬੁੱਢਿਆ! ਤੇਰੀ ਰਿਪੋਰਟ ਭੇਜਣੀ ਹੈ
ਕੀ ਲਿਖਦਾ ਰਹਨਿਾ ਏਂ ਤੂੰ?
ਸਾਰੇ ਮਹਿਕਮੇ ਨੂੰ ਵਖ਼ਤ ਪਾਈ ਰੱਖਦੈਂ?’’

Advertisement

‘‘ਮੈਨੂੰ ਵੀ ਪੜ੍ਹਾ ਛੱਡ ਕੋਈ ਆਪਣੀ ਕਿਤਾਬ
ਕੀ ਲਿਖਦਾਂ ਮੈਂ ਤੇਰੇ ਬਾਰੇ?’’

ਮੈਂ ਆਖਿਆ-
‘‘ਲਿਖ ਦੇ! ਇਹ ਹੁਣ ਅੱਸੀਆਂ ਸਾਲਾਂ ਦਾ ਬੁੱਢਾ ਹੈ
ਭੱਜ ਨੱਠ ਨਹੀਂ ਕਰ ਸਕਦਾ
ਇਸ ਦੀ ਫਾਈਲ ਬੰਦ ਕੀਤੀ ਜਾਵੇ।’’

ਸੁਣ ਕੇ ਥਾਣੇਦਾਰ ਹੱਸਿਆ
ਆਖਣ ਲੱਗਾ-
‘‘ਬੁੱਢਿਆ! ਕਿਉਂ ਲੱਗਾ ਏਂ ਮੈਨੂੰ ਮਰਵਾਉਣ
ਫਾਈਲ ਤਾਂ ਮਰਨ ਬਾਅਦ ਹੀ ਬੰਦ ਹੁੰਦੀ ਹੈ।’’

ਸੁਣ ਕੇ ਮੈਂ ਹੱਸਿਆ
‘‘ਲਿਖ ਦੇ ਇਹ ਹੁਣ ਬੁੱਢਾ ਬੰਦਾ ਹੈ
ਇਸ ਕੋਲੋਂ ਕੁਝ ਲਿਖ-ਪੜ੍ਹ ਨਹੀਂ ਹੁੰਦਾ।’’

ਥਾਣੇਦਾਰ ਫਿਰ ਮੱਥੇ ’ਤੇ ਹੱਥ ਮਾਰ ਕੇ ਹੱਸਿਆ
ਆਖਣ ਲੱਗਾ-
‘‘ਕਵਿਤਾ ਤਾਂ ਬੁੱਢਾ ਬੰਦਾ ਵੀ ਲਿਖ ਸਕਦੈ।’’

ਹੁਣ ਹੱਸਣ ਦੀ ਵਾਰੀ ਮੇਰੀ ਸੀ
ਮੈਂ ਆਖਿਆ-
‘‘ਚੰਗਾ ਫਿਰ, ਜੋ ਮਰਜ਼ੀ ਲਿਖ ਦੇ
ਮੈਨੂੰ ਕੋਈ ਫ਼ਰਕ ਨਹੀਂ ਪੈਂਦਾ।’’

‘‘ਫ਼ਰਕ ਤਾਂ ਤੈਨੂੰ ਹੀ ਪੈਣਾ
ਜੇ ਗ਼ਲਤ ਲਿਖਿਆ ਤਾਂ।’’

ਸੁਣ ਕੇ ਥਾਣੇਦਾਰ ਆਖਣ ਲੱਗਾ-
‘‘ਜਾਹ, ਬੁੱਢਿਆ! ਮੇਰ ਜਾਨ ਛੱਡ
ਮੈਂ ਆਪੇ ਹੀ ਲਿਖ ਲਵਾਂਗਾ ਤੇਰੀ ਰਿਪੋਰਟ।’’
* * *

ਆਪਣੀਆਂ ਕਵਿਤਾਵਾਂ ਪੜ੍ਹੀਏ

ਆਓ ਬਹਿ ਕੇ
ਆਪਣੀਆਂ ਕਵਿਤਾਵਾਂ ਨੂੰ ਹੁਣ
ਫਿਰ ਤੋਂ ਪੜ੍ਹੀਏ।
ਅੰਦਰ ਬਾਹਰ ਤਲਾਸ਼ ਕੇ ਸੱਚ
ਹਥੇਲੀ ਧਰੀਏ।

ਆਓ ਤੱਕੀਏ
ਕਿਹੜੇ ਗੁਰਜ ਅਸਾਂ ਨੇ ਜਿੱਤੇ?
ਕਿਹੜੀ ਮੱਲ ਜੋ ਆਪਾਂ ਮਾਰੀ?
ਕਿੰਨੇ ਜਾਲ ਸਿਤਮ ਦੇ ਆਪਾਂ
ਤੋੜ ਕੇ ਸੁੱਟੇ।
ਕੁਫ਼ਰ ਫਰੇਬ ਦੇ ਕਿੰਨੇ ਘੇਰੇ
ਸਾਡੇ ਹੱਥੋਂ ਟੁੱਟੇ।

ਸਾਡੇ ਸ਼ਿਅਰਾਂ
ਕਿੱਥੇ ਕਿੱਥੇ ਨਾਲ ਸ਼ਾਸਕਾਂ
ਆਢਾ ਲਾਇਆ
ਤੇ ਕਿੱਥੇ ਦੜ ਵੱਟੀ ਰੱਖੀ?
ਕਿਸ ਪਲ ਮਟਕਾ ਚੌਕ ’ਚ ਜਾ ਕੇ
ਪੁਲਸ-ਕੁੜੱਤਣ ਚੱਖੀ

ਕਿਹੜੇ ਕਿਹੜੇ
ਸੁੱਚੇ ਵਿਸ਼ਵਾਸਾਂ ਤੋਂ
ਤਿਲਕਦਿਆਂ ਸੀ
ਪਿੱਠ ਲੋਕਾਂ ਨੂੰ ਦਿੱਤੀ
ਕਿਹੜੇ ਸੂਹੇ ਸੁਪਨਿਆਂ ਨਾਲ
ਅਸਾਂ ਗੱਦਾਰੀ ਕੀਤੀ।

ਜੋੜਾਂ ਤੋੜਾਂ ਨਾਲ ਜੋ ਆਪਾਂ
ਪੁਰਸਕਾਰ ਹਥਿਆਏ
ਉਹ ਸਾਡੇ ਕਿਹੜੇ ਕੰਮ ਆਏ?
ਆਓ ਲੱਭੀਏ
ਜਿੱਥੇ ਜਿੱਥੇ ਇਨ੍ਹਾਂ ਕਵਿਤਾਵਾਂ ਨੇ
ਜਾ ਕੇ
ਸੱਚ ਦੇ ਬੂਹੇ ਪਹਿਰੇ ਦਿੱਤੇ
ਤੇ ਸ਼ਬਦਾਂ ਦੇ ਦੀਪ ਜਗਾਏ।
ਰੌਸ਼ਨੀਆਂ ਦੇ ਸ਼ਗਨ ਮਨਾਏ
ਉਨ੍ਹਾਂ ਸੁੱਚੇ ਸ਼ਿਅਰਾਂ ਦੇ ਅੱਜ
ਸਦਕੇ ਜਾਈਏ
ਇਨ੍ਹਾਂ ਲਾਜ ਅਸਾਡੀ ਰੱਖੀ
ਇਨ੍ਹਾਂ ਦੇ ਸਿਰ ਉੱਤੇ ਅੱਜ ਵੀ
ਵਿਚ ਮਹਿਫ਼ਲਾਂ
ਨਾਲ ਫ਼ਖ਼ਰ ਦੇ ਆਈਏ ਜਾਈਏ
‘ਵਾਰਸ ਸ਼ਾਹ’ ਤੇ ‘ਬੁੱਲ੍ਹੇ ਸ਼ਾਹ’ ਦੇ
ਵਾਰਸ ਅਖਵਾਈਏ
ਆਓ ਆਓ
ਉਹ ਕਵਿਤਾਵਾਂ ਫਿਰ ਤੋਂ ਪੜ੍ਹੀਏ
ਸੁੱਚਾ ਸੱਚ ਤਲਾਸ਼ ਹਥੇਲੀ ਧਰੀਏ।

Advertisement
Tags :
Author Image

joginder kumar

View all posts

Advertisement