ਛੇੜਛਾੜ ਮਾਮਲਾ: ਪ੍ਰਿਥਵੀ ਸ਼ਾਅ ਖ਼ਿਲਾਫ਼ ਜਾਂਚ ਦੇ ਨਿਰਦੇਸ਼
ਮੁੰਬਈ, 3 ਅਪਰੈਲ
ਅਦਾਲਤ ਨੇ ਅੱਜ ਪੁਲੀਸ ਨੂੰ ਕ੍ਰਿਕਟਰ ਪ੍ਰਿਥਵੀ ਸ਼ਾਅ ਖ਼ਿਲਾਫ਼ ਪਿਛਲੇ ਸਾਲ ਸੋਸ਼ਲ ਮੀਡੀਆ ਇਨਫਲੂਐਂਸਰ ਸਪਨਾ ਗਿੱਲ ਦੀ ਛੇੜਛਾੜ ਸਬੰਧੀ ਸ਼ਿਕਾਇਤ ’ਤੇ ਜਾਂਚ ਦੇ ਆਦੇਸ਼ ਦਿੱਤੇ ਹਨ। ਮੈਟਰੋਪੌਲਿਟਨ ਮੈਜਿਸਟ੍ਰੇਟ ਐੱਸ ਸੀ ਤਾਇੜੇ ਨੇ ਪੁਲੀਸ ਨੂੰ 19 ਜੂਨ ਤੱਕ ਜਾਂਚ ਰਿਪੋਰਟ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਹਾਲਾਂਕਿ ਸ਼ਾਅ ਅਤੇ ਹੋਰਾਂ ਖ਼ਿਲਾਫ਼ ਐੱਫਆਈਆਰ ਦਰਜ ਨਾ ਕਰਨ ਸਬੰਧੀ ਪੁਲੀਸ ਖ਼ਿਲਾਫ਼ ਕਾਰਵਾਈ ਦੀ ਗਿੱਲ ਦੀ ਦਲੀਲ ਰੱਦ ਕਰ ਦਿੱਤੀ। ਸ਼ਾਅ ਨੇ ਦੋਸ਼ਾਂ ਦਾ ਖੰਡਨ ਕੀਤਾ ਹੈ। ਸਪਨਾ ਗਿੱਲ ਨੇ ਦੋਸ਼ ਲਾਇਆ ਸੀ ਕਿ ਸ਼ਾਅ ਨੇ ਅੰਧੇਰੀ ਵਿੱਚ ਇੱਕ ਪੱਬ ਵਿੱਚ ਉਸ ਨਾਲ ਛੇੜਛਾੜ ਕੀਤੀ ਸੀ। ਗਿੱਲ ਨੂੰ ਫਰਵਰੀ 2023 ਵਿੱਚ ਹੋਰ ਲੋਕਾਂ ਨਾਲ ਸ਼ਾਅ ’ਤੇ ਹਮਲੇ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਸੈਲਫੀ ਲੈਣ ਕਾਰਨ ਉਨ੍ਹਾਂ ਦੀ ਬਹਿਸ ਹੋਈ ਸੀ। ਗਿੱਲ ਇਸ ਸਮੇਂ ਜ਼ਮਾਨਤ ’ਤੇ ਹੈ। ਜ਼ਮਾਨਤ ਮਿਲਣ ਮਗਰੋਂ ਉਹ ਸ਼ਾਅ, ਉਨ੍ਹਾਂ ਦੇ ਦੋਸਤ ਆਸ਼ੀਸ਼ ਯਾਦਵ ਅਤੇ ਹੋਰਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਅੰਧੇਰੀ ਹਵਾਈ ਅੱਡੇ ਦੇ ਥਾਣੇ ਪਹੁੰਚੀ। ਪੁਲੀਸ ਵੱਲੋਂ ਮਾਮਲਾ ਦਰਜ ਨਾ ਕੀਤੇ ਜਾਣ ਮਗਰੋਂ ਉਸ ਨੇ ਅਦਾਲਤ ਦਾ ਰੁਖ਼ ਕੀਤਾ। -ਪੀਟੀਆਈ