For the best experience, open
https://m.punjabitribuneonline.com
on your mobile browser.
Advertisement

ਸੁਖੀ ਵਸੇ ਮੇਰੇ ਬਾਬਲ ਦਾ ਖੇੜਾ...

11:52 AM May 11, 2024 IST
ਸੁਖੀ ਵਸੇ ਮੇਰੇ ਬਾਬਲ ਦਾ ਖੇੜਾ
Advertisement

ਜੋਗਿੰਦਰ ਕੌਰ ਅਗਨੀਹੋਤਰੀ

ਸਮਾਜਿਕ ਤਾਣੇ ਬਾਣੇ ਵਿੱਚ ਅਨੇਕਾਂ ਰਿਸ਼ਤੇ ਸਮਾਏ ਹੋਏ ਹਨ। ਜਿਨ੍ਹਾਂ ਵਿੱਚ ਸਭ ਤੋਂ ਮਹੱਤਵਪੂਰਨ ਰਿਸ਼ਤਾ ਮਾਂ ਤੇ ਪਿਓ ਦਾ ਹੈ। ਇਸ ਲਈ ਮਾਪੇ ਸ਼ਬਦ ਵੀ ਵਰਤਿਆ ਜਾਂਦਾ ਹੈ। ਬੇਸ਼ੱਕ ਭੈਣ-ਭਰਾ ਦਾ ਰਿਸ਼ਤਾ ਵੀ ਬਹੁਤ ਵੱਡਾ ਹੈ ਪਰ ਫਿਰ ਵੀ ਮਾਂ ਅਤੇ ਪਿਓ ਦਾ ਰਿਸ਼ਤਾ ਸਭ ਤੋਂ ਪਹਿਲੇ ਨੰਬਰ ’ਤੇ ਗਿਣਿਆ ਜਾਂਦਾ ਹੈ। ਧੀ ਦਾ ਰਿਸ਼ਤਾ ਸਭ ਤੋਂ ਪਹਿਲਾਂ ਪਿਓ ਨਾਲ ਹੀ ਜੁੜਦਾ ਹੈ। ਧੀ ਹੋਵੇ ਜਾਂ ਪੁੱਤ ਦੋਵੇਂ ਹੀ ਆਪਣੇ ਮਾਤਾ-ਪਿਤਾ ਨਾਲ ਦਿਲ ਦੀ ਗੱਲ ਕਰਨ ਵਿੱਚ ਆਪਣੀ ਸੰਤੁਸ਼ਟੀ ਸਮਝਦੇ ਹਨ। ਮਾਤਾ-ਪਿਤਾ ਉਨ੍ਹਾਂ ਦੀ ਹਰ ਸਮੱਸਿਆ ਨੂੰ ਸੁਣਦੇ ਹਨ ਅਤੇ ਉਸ ਦਾ ਹੱਲ ਕੱਢਦੇ ਹਨ। ਬੱਚਿਆਂ ਦੇ ਗ਼ਲਤੀ ਕਰਨ ’ਤੇ ਮਾਤਾ-ਪਿਤਾ ਉਨ੍ਹਾਂ ਨੂੰ ਝਿੜਕਦੇ ਵੀ ਹਨ ਅਤੇ ਉਨ੍ਹਾਂ ਨੂੰ ਚੰਗੇ ਜੀਵਨ ਮਾਰਗ ਵੱਲ ਚੱਲਣ ਦੀ ਪ੍ਰੇਰਨਾ ਦਿੰਦੇ ਹਨ।
ਧੀਆਂ ਨੂੰ ਸਭ ਅਧਿਕਾਰ ਦੇਣ ਦੇ ਬਾਵਜੂਦ ਸਮਾਜ ਵਿੱਚ ਬੇਗਾਨਾ ਧਨ ਸਮਝਿਆ ਜਾਂਦਾ ਹੈ ਪ੍ਰੰਤੂ ਇਹ ਧਨ ਬੇਗਾਨਾ ਨਹੀਂ ਹੈ। ਪਿਓ ਤੇ ਧੀ ਦਾ ਅਟੁੱਟ ਰਿਸ਼ਤਾ ਹੈ। ਪਿਤਾ ਅਤੇ ਧੀ ਦਾ ਰਿਸ਼ਤਾ ਗੂੜ੍ਹਾ ਹੋਣ ਕਰਕੇ ਉਹ ਇੱਕ ਦੂਜੇ ਨੂੰ ਆਪਣੇ ਦਿਲ ਦੀ ਗੱਲ ਕਹਿ ਸਕਦੇ ਹਨ ਅਤੇ ਆਪਣੀ ਗੱਲ ਮੰਨਵਾ ਸਕਦੇ ਹਨ ਕਿਉਂਕਿ ਇਸ ਵਿੱਚ ਕਹਿਣ ਦੀ ਲੋੜ ਨਹੀਂ ਹੁੰਦੀ ਬਲਕਿ ਉਹ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਹੀ ਸਮਝਦੇ ਹਨ। ਧੀਆਂ ਆਪਣੇ ਬਾਪ ਜਾਂ ਪਿਤਾ ਨੂੰ ਹਮੇਸ਼ਾ ਰਾਜਾ ਹੀ ਸਮਝਦੀਆਂ ਹਨ, ਜਿਨ੍ਹਾਂ ਦਾ ਜ਼ਿਕਰ ਲੋਕ ਗੀਤਾਂ ਵਿੱਚ ਇਸ ਤਰ੍ਹਾਂ ਆਉਂਦਾ ਹੈ:
ਸੁਖੀ ਵਸੇ ਮੇਰੇ ਬਾਬਲ ਦਾ ਖੇੜਾ
ਸਾਡੀ ਤਾਂ ਇਹੋ ਦੁਆ।
ਬਚਪਨ ਤੋਂ ਜਵਾਨੀ ਵੱਲ ਜਾਂਦਿਆਂ ਹੀ ਜਿੱਥੇ ਧੀਆਂ ਦੇ ਬਹੁਤ ਸਾਰੇ ਸੁੱਖ ਹਨ, ਉੱਥੇ ਉਨ੍ਹਾਂ ਪ੍ਰਤੀ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਪੈਂਦੀਆਂ ਹਨ। ਲੜਕੀ ਵੱਡੀ ਹੋ ਕੇ ਸਾਰੇ ਕੰਮ ਸੰਭਾਲ ਲੈਂਦੀ ਹੈ ਅਤੇ ਪਰਿਵਾਰ ਦੇ ਬਾਕੀ ਜੀਆਂ ਨੂੰ ਕਿਸੇ ਕੰਮ ਦੀ ਕੋਈ ਚਿੰਤਾ ਨਹੀਂ ਹੁੰਦੀ ਪਰ ਸਹੁਰੇ ਘਰ ਜਾਣ ਤੋਂ ਬਾਅਦ ਮਾਂ ਨੂੰ ਉਸ ਦੀ ਅਤੇ ਉਸ ਦੇ ਕੰਮਾਂ ਦੀ ਯਾਦ ਆਉਂਦੀ ਹੈ। ਲੋਕ ਗੀਤਾਂ ਵਿੱਚ ਇਸ ਦਾ ਜ਼ਿਕਰ ਇੰਜ ਕੀਤਾ ਜਾਂਦਾ ਹੈ:
ਧੀਆਂ ਦੀ ਮਾਂ ਰਾਣੀ
ਬੁਢਾਪੇ ਭਰਦੀ ਪਾਣੀ।
ਲੜਕੀ ਦੇ ਅੰਦਰ ਇਹ ਧਾਰਨਾ ਬਣ ਜਾਂਦੀ ਹੈ ਕਿ ਉਸ ਦਾ ਪਿਤਾ ਹੀ ਉਸ ਦੀ ਹਰ ਇੱਛਾ ਪੂਰੀ ਕਰ ਸਕਦਾ ਹੈ। ਪਿਤਾ ਵੱਲੋਂ ਆਪਣੀ ਧੀ ਲਈ ਵਰ ਘਰ ਲੱਭਣ ਵੇਲੇ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਪਰਿਵਾਰ ਪੜ੍ਹਿਆ ਲਿਖਿਆ ਹੋਵੇ, ਜ਼ਮੀਨ ਜਾਇਦਾਦ ਵਾਲਾ ਹੋਵੇ। ਵਰ ਸੋਹਣਾ ਸੁਨੱਖਾ ਹੋਵੇ ਤਾਂ ਕਿ ਉਸ ਦੀ ਚਰਚਾ ਲੋਕਾਂ ਵਿੱਚ ਹੋਵੇ ਕਿ ਬਹੁਤ ਵਧੀਆ ਵਰ ਘਰ ਲੱਭਿਆ ਹੈ। ਇਹ ਵੀ ਦੇਖਿਆ ਜਾਂਦਾ ਹੈ ਕਿ ਲੜਕੀ ਦਾ ਸਹੁਰਾ ਘਰ ਅਮੀਰ ਹੋਵੇ ਤਾਂ ਕਿ ਉਸ ਨੂੰ ਘਰ ਵਿੱਚ ਕੋਈ ਆਰਥਿਕ ਦਿੱਕਤ ਨਾ ਆਵੇ। ਪੱਕਾ ਘਰ ਹੋਣਾ ਧਨਵਾਨ ਵਿਅਕਤੀਆਂ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਪਹਿਲਾ ਕੱਚੇ ਘਰਾਂ ਨੂੰ ਮਿੱਟੀ ਲਾਉਣਾ ਵੀ ਔਖਾ ਕੰਮ ਸਮਝਿਆ ਜਾਂਦਾ ਸੀ ਕਿਉਂਕਿ ਕਾਲੀ ਮਿੱਟੀ ਨੂੰ ਤਿਆਰ ਕਰਨ ਵਿੱਚ ਕਾਫ਼ੀ ਸਮਾਂ ਲੱਗਦਾ ਹੈ। ਇਸ ਨੂੰ ਕੌੜ ਮਿੱਟੀ ਵੀ ਕਿਹਾ ਜਾਂਦਾ ਹੈ। ਘਰ ਲਿੱਪਣ ਲਈ ਮਿੱਟੀ ਨੂੰ ਤਿਆਰ ਕਰਨ ਵੇਲੇ ਸਰੋਂ ਦੀਆਂ ਖਾਲੀ ਫ਼ਲੀਆਂ ਨੂੰ ਜਿਨ੍ਹਾਂ ਨੂੰ ਪਲ੍ਹੋਂ ਵੀ ਕਿਹਾ ਜਾਂਦਾ ਹੈ, ਮਿੱਟੀ ਵਿੱਚ ਰਲਾ ਕੇ ਭਿਉਂਤਾ ਜਾਂਦਾ ਹੈ ਅਤੇ ਕਈ ਦਿਨ ਤੱਕ ਗਲਾਇਆ ਜਾਂਦਾ ਸੀ ਤਾਂ ਕਿ ਮਿੱਟੀ ਮੁਲਾਇਮ ਹੋ ਸਕੇ। ਇਸ ਮਿੱਟੀ ਨੂੰ ਹਰ ਤੀਸਰੇ ਦਿਨ ਬਾਢ ਦਿੱਤੀ ਜਾਂਦੀ ਸੀ ਭਾਵ ਕਹੀ ਨਾਲ ਫਿਰ ਤੋਂ ਰਲਾਇਆ ਜਾਂਦਾ। ਮਿੱਟੀ ਤਿਆਰ ਹੋਣ ਤੋਂ ਬਾਅਦ ਹੀ ਇਸ ਨਾਲ ਕੋਠਿਆਂ ਦੀ ਲਿਪਾਈ ਕੀਤੀ ਜਾਂਦੀ ਸੀ। ਇਸ ਕੰਮ ਨੂੰ ਕਰਨ ਵਾਸਤੇ ਮਜ਼ਦੂਰ ਔਰਤਾਂ ਅਤੇ ਆਦਮੀਆਂ ਦੀ ਲੋੜ ਹੁੰਦੀ ਅਤੇ ਇਹ ਕੰਮ ਉਨ੍ਹਾਂ ਤੋਂ ਕਰਵਾਇਆ ਜਾਂਦਾ ਸੀ। ਕੋਠੇ ਲਿੱਪਣ ਲਈ ਆਦਮੀਆਂ ਨੂੰ ਲੱਕੜ ਦੀ ਪੌੜੀ ਉੱਤੇ ਚੜ੍ਹ ਕੇ ਉੱਤੇ ਮਿੱਟੀ ਸੁੱਟਣੀ ਪੈਂਦੀ ਸੀ। ਕਈ ਵਾਰ ਇਸ ਕੰਮ ਨੂੰ ਘਰ ਦੀਆਂ ਔਰਤਾਂ ਵੀ ਕਰਦੀਆਂ ਸਨ। ਇਸ ਕਰਕੇ ਹੀ ਪਿਤਾ ਵੱਲੋਂ ਵਰ-ਘਰ ਦੇਖਣ ਵੇਲੇ ਧੀ ਇਹ ਵੀ ਕਹਿੰਦੀ ਹੈ:
ਉਹ ਘਰ ਟੋਲੀਂ ਬਾਬਲਾ
ਜਿੱਥੇ ਲਿੱਪਣੇ ਨਾ ਪੈਣ ਬਨੇਰੇ।
ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ ਕਿਉਂਕਿ ਪਿਤਾ ਅਤੇ ਧੀ ਦਾ ਸਬੰਧ ਇੰਨਾ ਗੂੜ੍ਹਾ ਹੈ ਕਿ ਇਸ ਵਿੱਚ ਆਪਸੀ ਖੁੱਲ੍ਹ ਹੁੰਦੀ ਹੈ। ਲੜਕੀ ਨੂੰ ਆਪਣੇ ਪਿਤਾ ਤੋਂ ਕੁਝ ਵੀ ਮੰਗਣ ਦੀ ਲੋੜ ਨਹੀਂ, ਉਹ ਆਪਣੀ ਧੀ ਦਾ ਇਸ਼ਾਰਾ ਹੀ ਸਮਝ ਜਾਂਦਾ ਹੈ। ਉਹ ਆਪਣੀ ਧੀ ਦੀ ਹਰ ਇੱਛਾ ਪੂਰੀ ਕਰਨ ਲਈ ਤਿਆਰ ਰਹਿੰਦਾ ਹੈ। ਧੀ ਵੀ ਆਪਣੇ ਬਾਪੂ ਜੀ ਦੀ ਸਰਦਾਰੀ ਦਾ ਵਰਣਨ ਕੀਤੇ ਬਗੈਰ ਨਹੀਂ ਰਹਿ ਸਕਦੀ। ਉਹ ਕਹਿੰਦੀ ਹੈ:
ਕੰਢੀ ਪਾ ਕੇ ਤੋਰੀ ਬਾਬਲਾ
ਕੋਈ ਆਖੇ ਨਾ ਨੰਗਾਂ ਦੀ ਧੀ ਜਾਵੇ।
ਹਰ ਮੁਟਿਆਰ ਨੂੰ ਗਹਿਣੇ ਪਾਉਣ ਦਾ ਸ਼ੌਂਕ ਹੁੰਦਾ ਹੈ। ਗਹਿਣੇ ਨੱਕ, ਕੰਨ, ਗਲ ਅਤੇ ਹੱਥ ਦੀਆਂ ਉਂਗਲਾਂ ਤੋਂ ਇਲਾਵਾ ਪੈਰਾਂ ਦੀਆਂ ਉਂਗਲਾਂ ਵਿੱਚ ਵੀ ਪਾਏ ਜਾਂਦੇ ਹਨ। ਕੁਝ ਗਹਿਣੇ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦੀ ਗਿਣਤੀ ਵੱਡੇ ਗਹਿਣਿਆਂ ਵਿੱਚ ਕੀਤੀ ਜਾਂਦੀ ਹੈ, ਜਿਵੇਂ ਹੱਸਬੰਦ, ਬਾਜੂਬੰਦ, ਸੱਗੀ ਫੁੱਲ, ਝਾਂਜਰਾਂ, ਕੰਠੀ। ਕੰਠੀ ਨੂੰ ਕੰਢੀ ਵੀ ਕਿਹਾ ਜਾਂਦਾ ਹੈ। ਇਹ ਵੱਡੇ ਗਹਿਣੇ ਆਮ ਤੌਰ ’ਤੇ ਅਮੀਰ ਘਰ ਹੀ ਪਾਉਂਦੇ ਸਨ। ਲੜਕੀ ਆਪਣੇ ਪਿਓ ਦੀ ਅਮੀਰੀ ਨੂੰ ਸਹੁਰੇ ਅਤੇ ਪੇਕੇ ਪਿੰਡ ਵਿੱਚ ਦਿਖਾਉਣਾ ਚਾਹੁੰਦੀ ਹੈ।
ਧੀ ਲਈ ਚੰਗਾ ਵਰ ਘਰ ਲੱਭਣਾ ਪਿਤਾ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ। ਉਹੀ ਵਰ ਅਤੇ ਘਰ ਪਸੰਦ ਕਰਦਾ ਹੈ। ਵਰ ਤੋਂ ਭਾਵ ਲੜਕੇ ਦੇ ਗੁਣ ਅਤੇ ਉਸ ਦੀ ਸੁੰਦਰਤਾ। ਘਰ ਤੋਂ ਭਾਵ ਖ਼ਾਨਦਾਨ। ਵਰ ਦੀ ਕੁਲ ਦਾ ਸੁੱਚਾ ਹੋਣਾ ਵੀ ਜ਼ਰੂਰੀ ਮੰਨਿਆ ਜਾਂਦਾ ਹੈ। ਹਾਥੀ ਦੀ ਪੈੜ ਵਿੱਚ ਹੀ ਸਾਰੀਆਂ ਪੈੜਾਂ ਆ ਜਾਂਦੀਆਂ ਹਨ ਸੋ ਚੰਗੇ ਖਾਨਦਾਨ ਤੋਂ ਭਾਵ ਹੈ ਕਿ ਉਹ ਪੈਸੇ ਵਾਲਾ ਵੀ ਹੋਵੇ ਅਤੇ ਇੱਜ਼ਤ ਵਾਲਾ ਵੀ ਹੋਵੇ। ਕਿਸੇ ਕਿਸਮ ਦਾ ਅਪਰਾਧੀ ਨਾ ਹੋਵੇ। ਸਮਾਜਿਕ ਮਾਪਦੰਡਾਂ ਵਿੱਚ ਵੱਟੇ ਵਾਲੇ ਰਿਸ਼ਤੇ ਕਰਨ ਵਾਲਿਆਂ ਅਤੇ ਕੁੜੀਆਂ ਨੂੰ ਪੈਸੇ ਲੈ ਕੇ ਵਿਆਹੁਣ ਵਾਲਿਆਂ ਨੂੰ ਦਾਗ਼ੀ ਸਮਝਿਆ ਜਾਂਦਾ ਹੈ ਅਤੇ ਕਈ ਵਾਰ ਅਜਿਹੇ ਖਾਨਦਾਨਾਂ ਦਾ ਭਾਂਡਾ ਵੀ ਛੇਕਿਆ ਜਾਂਦਾ ਸੀ। ਇਸ ਲਈ ਅਜਿਹੇ ਘਰਾਂ ਵਿੱਚ ਲੜਕੀਆਂ ਦਾ ਰਿਸ਼ਤਾ ਕਰਨ ਤੋਂ ਲੋਕ ਗੁਰੇਜ਼ ਕਰਦੇ ਸਨ ਤਾਂ ਕਿ ਉਨ੍ਹਾਂ ਦੀ ਲੜਕੀ ਜਾਂ ਉਸ ਦੇ ਪਰਿਵਾਰ ਨੂੰ ਕੋਈ ਅਜਿਹਾ ਤਾਅਨਾ ਜਾਂ ਮਿਹਣਾ ਨਾ ਸੁਣਨਾ ਪਵੇ। ਲੜਾਈ ਝਗੜੇ ਵੇਲੇ ਅਜਿਹੇ ਮਿਹਣੇ ਘਰਾਂ ਵਿੱਚ ਆਮ ਦਿੱਤੇ ਜਾਂਦੇ ਸਨ। ਲੋਕ ਗੀਤਾਂ ਵਿੱਚ ਇਸ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਗਿਆ ਹੈ:
ਸੌਕਣੇ ਲੜ ਲੈ ਨੀਂ
ਆਜਾ ਸੌਕਣੇ ਲੜ ਲੈ ਨੀਂ
ਨੀਂ ਮੈਂ ਪੁੰਨ ਦੀ ਵਿਆਹੀ
ਤੇਰੇ ਮਾਪਿਆਂ ਨੇ ਉੱਖਲੀ ਭਰਾਈ
ਸੌਂਕਣੇ ਲੜ ਲੈ ਨੀਂ।
ਇਸ ਦਾ ਮਤਲਬ ਹੈ ਕਿ ਪੈਸੇ ਲੈਣ ਵਾਲੇ ਲੋਕ ਝੋਲੀ ਵੀ ਭਰਾਉਂਦੇ ਸਨ ਅਤੇ ਕਈ ਵਾਰ ਉੱਖਲੀ ਵੀ ਭਰਾ ਲੈਂਦੇ ਸਨ। ਉਸ ਸਮੇਂ ਚਾਂਦੀ ਦੇ ਰੁਪਈਆਂ ਦੀ ਉੱਖਲੀ ਜਾਂ ਝੋਲੀ ਭਰਾਈ ਜਾਂਦੀ ਸੀ। ਉੱਖਲੀ ਭਰਨ ਤੋਂ ਬਾਅਦ ਹੀ ਕੁੜੀ ਨੂੰ ਫੇਰਿਆਂ ਜਾਂ ਅਨੰਦ ਕਾਰਜਾਂ ’ਤੇ ਬਿਠਾਇਆ ਜਾਂਦਾ ਸੀ। ਇਸ ਤੋਂ ਪਹਿਲਾਂ ਬੇਸ਼ੱਕ ਬਰਾਤ ਢੁੱਕੀ ਹੁੰਦੀ ਪਰ ਕੁੜੀ ਨੂੰ ਫੇਰਿਆ ’ਤੇ ਨਹੀਂ ਬਿਠਾਇਆ ਜਾਂਦਾ ਸੀ। ਪੈਸੇ ਲੈ ਕੇ ਕੁੜੀ ਦੇ ਮਾਪੇ ਆਪਣੀ ਆਰਥਿਕ ਮੰਦੀ ਨੂੰ ਲੀਹ ’ਤੇ ਲਿਆਉਂਦੇ ਸਨ।
ਕੋਈ ਵੀ ਮਨੁੱਖ ਸੋਲਾਂ ਕਲਾ ਸੰਪੂਰਨ ਨਹੀਂ ਹੁੰਦਾ। ਇਸ ਲਈ ਵਰ ਘਰ ਵੀ ਪੂਰਨ ਰੂਪ ਵਿੱਚ ਨਹੀਂ ਮਿਲਦਾ। ਉਸ ਵਿੱਚ ਵੀ ਕੋਈ ਨਾ ਕੋਈ ਕਮੀ ਰਹਿ ਹੀ ਜਾਂਦੀ ਹੈ ਕਿਉਂਕਿ ਹਰ ਪਿਤਾ ਆਪਣੀ ਧੀ ਲਈ ਵੱਧ ਤੋਂ ਵੱਧ ਸੁੱਖ ਸਹੂਲਤਾਂ ਅਤੇ ਚੰਗੇ ਵਰ ਦੀ ਆਸ ਕਰਦਾ ਹੈ ਪਰ ਫਿਰ ਵੀ ਕੁਝ ਕਮੀ ਦੇਖ ਕੇ ਉਸ ਨੂੰ ਰਿਸ਼ਤਾ ਕਰਨਾ ਹੀ ਪੈਂਦਾ ਹੈ। ਕਈ ਵਾਰ ਲੜਕਾ ਸੁਨੱਖਾ ਹੁੰਦਾ ਹੈ ਪਰ ਉਸ ਵਿੱਚ ਔਗਣ ਹੁੰਦੇ ਹਨ। ਜੇਕਰ ਘਰ ਅਮੀਰ ਹੋਵੇ ਪਰ ਹੋਵੇ ਵੱਟੇ ਵਾਲਾ ਤਾਂ ਉੱਥੇ ਵੀ ਰਿਸ਼ਤਾ ਨਹੀਂ ਕੀਤਾ ਜਾਂਦਾ। ਇਸ ਲਈ ਛੋਟੀ ਮੋਟੀ ਕਮੀ ਨੂੰ ਬਰਦਾਸ਼ਤ ਕਰਨਾ ਪੈਂਦਾ ਹੈ ਕਿਉਂਕਿ ਇਹੋ ਜਿਹੀਆਂ ਕਮੀਆਂ ਹਰ ਵਿਅਕਤੀ ਦੇ ਘਰ ਵਿੱਚ ਹੁੰਦੀਆਂ ਹਨ। ਸਭ ਸਹੂਲਤਾਂ ਹੋਣ ਦੇ ਬਾਵਜੂਦ ਜੇਕਰ ਵਰ ਥੋੜ੍ਹਾ ਜਿਹਾ ਕਰੂਪ ਵੀ ਹੋਵੇ ਤਾਂ ਵੀ ਪਿਤਾ ਆਪਣੀ ਧੀ ਦੇ ਸੁੱਖ ਲਈ ਆਪਣੀ ਸਹਿਮਤੀ ਦੇ ਦਿੰਦਾ ਹੈ। ਅਜਿਹੀ ਸਥਿਤੀ ਵਿੱਚ ਲੜਕੀ ਆਪਣੇ ਪਿਤਾ ਦੇ ਫ਼ੈਸਲੇ ਨੂੰ ਸਿੱਧੇ ਢੰਗ ਨਾਲ ਨਕਾਰਨ ਦੀ ਬਜਾਏ ਆਪਣੇ ਮਨ ਦੇ ਭਾਵਾਂ ਨੂੰ ਇੰਜ ਬਿਆਨ ਕਰਦੀ ਹੈ:
ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ
ਬਾਪੂ ਦੇ ਪਸੰਦ ਆ ਗਿਆ।
ਚਾਲਾਕ ਕੁੜੀਆਂ ਅਜਿਹੇ ਮੌਕੇ ਸਹੇਲੀਆਂ ਵੱਲੋਂ ਇਹ ਆਖੇ ਜਾਣ ’ਤੇ ਕਿ ਘਰਵਾਲਾ ਕਾਲੇ ਰੰਗ ਦਾ ਹੈ ਤਾਂ ਉਹ ਬੜੀ ਚਾਲਾਕੀ ਨਾਲ ਜਵਾਬ ਦਿੰਦੀਆਂ ਹਨ:
ਨਿੰਦੀਏ ਨਾ ਮਾਲਕ ਨੂੰ
ਭਾਵੇਂ ਹੋਵੇ ਕੰਬਲੀ ਤੋਂ ਕਾਲਾ।
ਆਪਣੀਆਂ ਪਰਾਏ ਤੇ ਪਰਾਈਆਂ ਆਪਣੇ ਦੀ ਰਵਾਇਤ ਅਨੁਸਾਰ ਜਦੋਂ ਲੜਕੀ ਆਪਣੇ ਸਹੁਰੇ ਘਰ ਲਈ ਵਿਦਾ ਹੁੰਦੀ ਹੈ ਤਾਂ ਉਸ ਸਮੇਂ ਉਸ ਦੇ ਮਾਤਾ-ਪਿਤਾ ਲਈ ਇਹ ਜੁਦਾਈ ਦਾ ਸਮਾਂ ਬਹੁਤ ਸੰਵੇਦਨਸ਼ੀਲ ਹੁੰਦਾ ਹੈ। ਉਸ ਮੌਕੇ ਪਿਤਾ ਅਤੇ ਧੀ ਦੇ ਅੰਦਰ ਪੈਦਾ ਹੋ ਰਹੇ ਭਾਵਾਂ ਦਾ ਪ੍ਰਗਟਾਅ ਅਜਿਹੇ ਸ਼ਬਦਾਂ ਰਾਹੀਂ ਕੀਤਾ ਜਾਂਦਾ ਹੈ:
ਸਾਡੇ ਬਾਗਾਂ ਦੀ ਕੋਇਲ ਕਹਾਂ ਚੱਲੀ ਐਂ?
ਧਰਮੀ ਬਾਬਲ ਦੇ ਬੋਲ ਪੁਗਾ ਚੱਲੀ ਐ।

Advertisement

ਸੰਪਰਕ: 94178-40323

Advertisement
Author Image

sukhwinder singh

View all posts

Advertisement
Advertisement
×