ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੈਪੀ ਐਂਡਿੰਗ

11:52 AM Apr 21, 2024 IST

ਭੁਪਿੰਦਰ ਸਿੰਘ ਮਾਨ

Advertisement

ਕਥਾ ਪ੍ਰਵਾਹ

‘‘ਰੁਕ ਜਾ ਵੀਰ,’’ ਮੇਰੇ ਕੰਨੀਂ ਬਲਕਰਨ ਦੀ ਆਵਾਜ਼ ਪਈ। ਮੈਂ ਪਿੱਛੇ ਝਾਤ ਮਾਰੀ ਤਾਂ ਦੇਖਿਆ ਉਹ ਸਾਹੋ ਸਾਹੀ ਹੁੰਦਾ ਬੜੀ ਮੁਸ਼ਕਲ ਨਾਲ ਉੱਪਰ ਚੜ੍ਹ ਰਿਹਾ ਸੀ। ਮੈਂ ਉਸ ਨੂੰ ਰਲਾਉਣ ਲਈ ਰੁਕ ਗਿਆ। ਬਲਕਰਨ ਨੇ ਮੇਰਾ ਮੋਢਾ ਫੜਿਆ ਤੇ ਲੰਬੇ ਲੰਬੇ ਸਾਹ ਲੈਂਦਾ ਪੱਥਰ ’ਤੇ ਬੈਠਦਿਆਂ ਬੋਲਿਆ, ‘‘ਕਿੱਥੇ ਪੰਗਾ ਲੈ ਲਿਆ ਯਾਰ!’’
ਉਹ ਕਾਫ਼ੀ ਥੱਕਿਆ ਨਜ਼ਰ ਆ ਰਿਹਾ ਸੀ। ਸਾਡਾ ਗਾਈਡ ਤੇ ਪੋਰਟਰ ਕ੍ਰਿਸ਼ਨਾ ਸਾਰਾ ਸਾਮਾਨ ਚੁੱਕੀ ਚੜ੍ਹਾਈ ਚੜ੍ਹ ਰਿਹਾ ਸੀ। ਮੈਨੂੰ ਉਸ ਦੀ ਤੋਰ ਵੀ ਥੱਕੀ ਥੱਕੀ ਲੱਗੀ। ਮੈਂ ਆਵਾਜ਼ ਮਾਰੀ, ‘‘ਰੁਕ ਯਾਰ, ਥੋੜ੍ਹਾ ਸਮਾਂ ,ਆਰਾਮ ਕਰ ਲੇ।’’
ਅੰਨਪੂਰਣਾ ਚੋਟੀ ਉੱਪਰ ਸੂਰਜ ਦੀ ਰੌਸ਼ਨੀ ਨਾਲ ਬਰਫ਼ ਲਿਸ਼ਕਾਂ ਮਾਰ ਰਹੀ ਸੀ। ਪਹਾੜ ਦੇ ਪੈਰਾਂ ਵਿੱਚ ਦਰਖਤਾਂ ਨਾਲ ਭਰੀ ਹਰਿਆਲੀ ਵਾਲੀ ਘਾਟੀ ਦਿਖਾਈ ਦੇ ਰਹੀ ਸੀ। ਦੂਰੋਂ ਪੋਖਰਾ ਝੀਲ ਛੋਟੇ ਜਿਹੇ ਟੋਬੇ ਵਾਂਗੂੰ ਨਜ਼ਰ ਪਈ ਜਿਸ ਵਿੱਚ ਦਰਿਆ ਦਾ ਪਾਣੀ ਨਾਲੀ ਵਾਂਗੂੰ ਰਲ ਰਿਹਾ ਸੀ। ਮੇਰੀ ਆਵਾਜ਼ ਸੁਣ ਕੇ ਕ੍ਰਿਸ਼ਨਾ ਨੇ ਆਪਣਾ ਸਾਮਾਨ ਪੱਥਰ ’ਤੇ ਰੱਖ ਦਿੱਤਾ ਤੇ ਨੀਵੀਂ ਪਾ ਕੇ ਪੈਰਾਂ ਭਾਰ ਬੈਠ ਗਿਆ। ਬਲਕਰਨ ਪੱਥਰ ’ਤੇ ਬੈਠਾ ਲੰਮੇ ਲੰਮੇ ਸਾਹ ਲੈ ਰਿਹਾ ਸੀ।
‘‘ਦੱਸ ਆਪਾਂ ਨੂੰ ਸਰਦਾ ਨਹੀਂ ਸੀ ਇੱਥੇ ਆਏ ਬਿਨਾ!’’
ਉਸ ਦੀ ਗੱਲ ਸੁਣ ਅਤੇ ਹਾਲਤ ਦੇਖ ਕੇ ਮੇਰੀ ਹਾਸੀ ਨਿਕਲ ਗਈ। ਮੈਂ ਕਿਹਾ, ‘‘ਤੂੰ ਹੀ ਬਾਹਲਾ ਉਤਾਵਲਾ ਸੀ। ਕਿੰਨੇ ਦਿਨਾਂ ਤੋਂ ਲੱਗਿਆ ਸੀ ਟਰੈੱਕ ’ਤੇ ਜਾਣੈ, ਟਰੈੱਕ ’ਤੇ ਜਾਣੈ। ਹੁਣ ਲੈ ਲਾ ਸਵਾਦ।’’
ਬਲਕਰਨ ਨੇ ਆਪਣੇ ਸਾਹ ’ਤੇ ਕਾਬੂ ਪਾ ਲਿਆ। ਉਹ ਮੁਸਕਰਾਉਂਦਾ ਬੋਲਿਆ, ‘‘ਉਹ ਮੈਂ ਤਾਂ ਘੱਟ ਤਿਆਰ ਸੀ। ਆਹ ਕ੍ਰਿਸ਼ਨਾ ਹੀ ਫੋਨ ਤੇ ਫੋਨ ਕਰੀ ਗਿਆ, ਆ ਜਾਓ ਸੋਰਦਾਰ ਜੀ ਆਪ ਨੇ ਵਾਅਦਾ ਕੀਆ ਥਾ। ਇਸ ਭੜੂਏ ਨੇ ਪੱਟੀ ਨਹੀਂ ਬੱਝਣ ਦਿੱਤੀ।’’
ਮੈਂ ਨਜ਼ਰ ਮਾਰੀ ਕ੍ਰਿਸ਼ਨਾ ਆਪਣੀਆਂ ਸੋਚਾਂ ਵਿੱਚ ਗ਼ਲਤਾਨ ਸੀ। ਇਉਂ ਜਾਪਦਾ ਸੀ ਜਿਵੇਂ ਉਹ ਸਾਡੀ ਗੱਲਬਾਤ ਦਾ ਹਿੱਸਾ ਹੀ ਨਾ ਹੋਵੇ। ਸਾਡੇ ਟਰੈੱਕ ਦਾ ਤੀਜਾ ਦਿਨ ਸੀ। ਥੋੜ੍ਹਾਂ ਸਮਾਂ ਆਰਾਮ ਕਰਨ ਤੇ ਪਾਣੀ-ਧਾਣੀ ਪੀਣ ਮਗਰੋਂ ਅਸੀਂ ਤੁਰਨ ਲਈ ਤਿਆਰ ਹੋ ਰਹੇ ਸੀ ਕਿ ਉੱਪਰੋਂ ਵਾਪਸ ਆਉਂਦੇ ਟੋਲੇ ਦੇ ਗਾਈਡ ਨੇ ਕ੍ਰਿਸ਼ਨਾ ਨੂੰ ਬੁਲਾਇਆ, ‘‘ਅਰੇ ਕੈਸਾ ਹੈ ਕ੍ਰਿਸ਼ਨਾ, ਅੰਗਰੇਜ਼ਣ ਛੋੜ ਕੇ ਸਰਦਾਰੋਂ ਕੇ ਸਾਥ ਘੂਮ ਰਹਾ ਹੈ।’’
ਕ੍ਰਿਸ਼ਨਾ ਨੇ ਖਾਲੀ ਨਜ਼ਰਾਂ ਨਾਲ ਉਸ ਵੱਲ ਦੇਖਿਆ ਪਰ ਕੋਈ ਜਵਾਬ ਨਾ ਦਿੱਤਾ। ਉਸ ਦੇ ਚਿਹਰੇ ਉੱਤੇ ਫਿੱਕੀ ਜਿਹੀ ਮੁਸਕਾਨ ਆ ਗਈ। ਉਸ ਨੇ ਸੋਚਾਂ ਵਿੱਚ ਡੁੱਬੇ ਨੇ ਹੀ ਸਾਮਾਨ ਚੁੱਕਿਆ ਤੇ ਫਿਰ ਤੁਰ ਪਿਆ। ਮੇਰੇ ਲਈ ਉਸ ਦਾ ਇਹ ਵਿਹਾਰ ਹੈਰਾਨੀਜਨਕ ਸੀ। ਮੈਨੂੰ ਉਹ ਪਹਿਲਾਂ ਮਿਲਿਆ ਕ੍ਰਿਸ਼ਨਾ ਤਾਂ ਲੱਗ ਹੀ ਨਹੀਂ ਰਿਹਾ ਸੀ। ਪਿਛਲੀ ਵਾਰੀ ਉਹ ਗੱਲਾਂ ਦੀ ਲੜੀ ਨਹੀਂ ਟੁੱਟਣ ਦਿੰਦਾ ਸੀ। ਉਸ ਕੋਲ ਹਰ ਰੋਗ ਦਾ ਇਲਾਜ ਸੀ। ਨੇਪਾਲ ਦੇ ਚੱਪੇ ਚੱਪੇ ਦੀ ਜਾਣਕਾਰੀ ਸੀ। ਪਿਛਲੀ ਯਾਤਰਾ ਸਮੇਂ ਉਸ ਨੇ ਸਾਡਾ ਮਨ ਹੀ ਮੋਹ ਲਿਆ ਸੀ।
ਦਰਅਸਲ, ਉਸ ਨਾਲ ਮਿਲਾਪ ਕੁਦਰਤੀ ਹੀ ਹੋ ਗਿਆ ਸੀ। ਉਦੋਂ ਅਸੀਂ ਤਿੰਨ ਮਿੱਤਰ ਕਾਰ ’ਤੇ ਨੇਪਾਲ ਘੁੰਮਣ ਗਏ ਸੀ। ਉਸ ਸਮੇਂ ਟਰੈੱਕਿੰਗ ਸਾਡੇ ਚਿੱਤ ਚੇਤੇ ਵੀ ਨਹੀਂ ਸੀ। ਅਸੀਂ ਚੀਸਾ ਪਾਣੀ, ਲੁੰਬਿਨੀ ਦੇਖ ਕੇ ਕੁਝ ਦਿਨਾਂ ਲਈ ਪੋਖਰਾ ਸ਼ਹਿਰ ਵਿੱਚ ਆ ਡੇਰੇ ਲਾਏ। ਇੱਥੋਂ ਅਸੀਂ ਅੱਗੇ ਕਾਠਮੰਡੂ ਜਾਣਾ ਸੀ। ਪੋਖਰਾ ਝੀਲ ਵਿੱਚ ਬੋਟਿੰਗ ਕਰਨ ਗਏ ਤਾਂ ਕਿਸ਼ਤੀ ਪੂਰੇ ਦਿਨ ਲਈ ਕਿਰਾਏ ’ਤੇ ਲਈ। ਉਸ ਦਿਨ ਕ੍ਰਿਸ਼ਨਾ ਸਾਡਾ ਮਲਾਹ ਬਣਿਆ। ਉਸ ਨੇ ਸਾਡਾ ਸਵਾਗਤ ‘‘ਆਈਏ ਸੌਰਦਾਰ ਜੀ’’ ਕਹਿ ਕੇ ਕੀਤਾ। ਉਸ ਦੇ ਮੂੰਹੋਂ ਸਰਦਾਰ ਜੀ ਦੀ ਬਜਾਏ ਸੌਰਦਾਰ ਜੀ ਕਹਿਣਾ ਕਾਫ਼ੀ ਜਚਦਾ ਸੀ।
ਪੈਡਲ ਮਾਰਨ ਲਈ ਕਿਸ਼ਤੀ ਵਿੱਚ ਦੋ ਸਥਾਨ ਸਨ। ਸਾਡੀ ਪੇਸ਼ਕਸ਼ ਦੇ ਬਾਵਜੂਦ ਉਹ ਇਕੱਲਾ ਹੀ ਪੈਡਲਾਂ ਨਾਲ ਚਲਾਉਣ ਵਾਲੀ ਕਿਸ਼ਤੀ ਖਿੱਚੀ ਫਿਰਦਾ ਸੀ। ਉਸ ਨੇ ਸਾਨੂੰ ਨੇਪਾਲ ਦੀ ਇਸ ਵੱਡੀ ਝੀਲ ਦੀ ਸੈਰ ਕਰਵਾਈ। ਉਹ ਦੱਸਦਾ ਰਿਹਾ, ‘‘ਊਪਰ ਬੁੱਧ ਜੀ ਕਾ ਪਗੋਡਾ ਹੈ। ਵੋਹ ਸਾਹਮਣੇ ਸ਼ਿਵਜੀ ਕਾ ਮੰਦਰ ਹੈ, ਯਹਾਂ ਕੀ ਮੂਰਤੀ ਪੂਰੇ ਦੇਸ਼ ਮੇਂ ਸਭ ਸੇ ਬੜੀ ਹੈ। ਯਹਾਂ ਤਲਾਬ ਮੇਂ ਬਨੇ ਮੰਦਰ ਮੇਂ ਜਾ ਸਕਤੇ ਹੋ।’’
ਉਸ ਦੇ ਬੋਲਣ ਦਾ ਲਹਿਜਾ ਬਹੁਤ ਮਿੱਠਾ ਤੇ ਦਿਲ ਨੂੰ ਧੂਹ ਪਾਉਣ ਵਾਲਾ ਸੀ। ਉਸ ਦਾ ਸੁਡੌਲ ਸਰੀਰ ਉਸ ਦੀ ਤਾਕਤ ਬਾਰੇ ਦੱਸਦਾ ਸੀ। ਬਲਕਰਨ ਨੇ ਕਿਹਾ, ‘‘ਮੁੰਡਾ ਪੂਰਾ ਭਲਵਾਨਾਂ ਵਰਗੈ, ਯਾਰ ਇਹਦੀ ਫਿਟਨੈਸ ਦੇਖੋ।’’
ਮੈਂ ਉਸ ਨਾਲ ਗੱਲਾਂ ਦਾ ਝਸ ਪੂਰਾ ਕਰਨ ਲੱਗਾ ਤਾਂ ਜੋ ਉੱਥੋਂ ਦੇ ਸੱਭਿਆਚਾਰ ਤੇ ਜੀਵਨ ਬਾਰੇ ਕੁਝ ਨਵਾਂ ਪਤਾ ਲੱਗੇ। ਤਿੰਨ ਘੰਟਿਆਂ ਦੀ ਬੋਟਿੰਗ ਵਿੱਚ ਕ੍ਰਿਸ਼ਨਾ ਨਾਲ ਸਾਡੀ ਕਾਫ਼ੀ ਨੇੜਤਾ ਹੋ ਗਈ। ਸਾਡਾ ਤੀਜਾ ਸਾਥੀ ਦਵਿੰਦਰ ਸ਼ੌਕੀਨ ਸੀ। ਉਸ ਨੇ ਕ੍ਰਿਸ਼ਨਾ ਤੋਂ ਨੇਪਾਲ ਦੀ ਸ਼ਰਾਬ ਬਾਰੇ ਪੁੱਛਿਆ ਤਾਂ ਕ੍ਰਿਸ਼ਨਾ ਨੇ ਕਿਹਾ, ‘‘ਸੌਰਦਾਰ ਜੀ, ਯਹਾਂ ਕੀ ਦਾਰੂ ਕਾ ਨਾਮ ਰੋਕਸੀ ਹੈ। ਆਪ ਇਕ ਬਾਰ ਪੀਓਗੇ ਤੋ ਯਾਦ ਕਰੋਗੇ।’’
‘‘ਦਵਾ ਫਿਰ ਭੈੜਿਆ, ਅਸੀਂ ਵੀ ਯਾਦ ਹੀ ਕਰਨਾ ਚਾਹੁੰਦੇ ਆਂ,’’ ਦਵਿੰਦਰ ਨੇ ਹੱਸਦਿਆਂ ਕਿਹਾ।
ਉਹ ਸਾਨੂੰ ਬੋਟਿੰਗ ਮਗਰੋਂ ਇੱਕ ਦੁਕਾਨ ’ਤੇ ਲੈ ਗਿਆ ਜਿੱਥੇ ਨੇਪਾਲੀ ਦਾਰੂ ਰਾਕਸੀ ਦੋ ਨੰਬਰ ਵਿੱਚ ਮਿਲਦੀ ਸੀ।
‘‘ਸੌਰਦਾਰ ਜੀ, ਕੋਦੂ ਕੀ ਬਣੀ ਹੋਤੀ ਹੈ। ਇਸ ਮੇਂ ਪਾਨੀ ਡਾਲਨੇ ਕੀ ਜ਼ਰੂਰਤ ਨਹੀਂ ਹੋਤੀ,’’ ਕ੍ਰਿਸ਼ਨਾ ਨੇ ਦਾਰੂ ਦੀ ਖਾਸੀਅਤ ਦੱਸੀ। ਕ੍ਰਿਸ਼ਨਾ ਨੂੰ ਵੀ ਆਪਣੇ ਵਾਲੇ ਗਲਾਸ ਵਿੱਚ ਪਿਲਾ ਕੇ ਦਵਿੰਦਰ ਨੇ ਹਮਪਿਆਲਾ ਬਣਾ ਲਿਆ ਸੀ। ਥੋੜ੍ਹੇ ਸਮੇਂ ਵਿੱਚ ਸਰੂਰ ਜਿਹਾ ਆ ਗਿਆ ਤਾਂ ਬਲਕਰਨ ਨੇ ਕ੍ਰਿਸ਼ਨਾ ਨੂੰ ਕਿਹਾ, ‘‘ਕ੍ਰਿਸ਼ਨਾ, ਚਲੋ ਤੁਮ ਭੀ ਹਮਾਰੇ ਸਾਥ, ਆਜ ਏਕ ਸਾਥ ਖਾਣਾ ਖਾਤੇ ਹੈ।’’
ਸੈਰ ਸਪਾਟੇ ’ਤੇ ਗਿਆ ਬੰਦਾ ਉਂਜ ਹੀ ਬਾਦਸ਼ਾਹ ਬਣਿਆ ਹੁੰਦਾ ਹੈ। ਸਾਡੇ ਉੱਪਰ ਤਾਂ ਫੇਰ ਸ਼ਰਾਬ ਦਾ ਵੀ ਅਸਰ ਸੀ।
ਨੇਪਾਲ ਦੇ ਕਿਸੇ ਵੀ ਰੈਸਤਰਾਂ ਵਿੱਚ ਬੈਠ ਕੇ ਤੁਸੀਂ ਪੀ ਸਕਦੇ ਹੋ। ਥੋੜ੍ਹੇ ਸਮੇਂ ਵਿੱਚ ਹੀ ਕ੍ਰਿਸ਼ਨਾ ਆਪਣੇ ਰੰਗ ਵਿੱਚ ਆ ਗਿਆ। ਬਹੁਤੇ ਨੇਪਾਲੀਆਂ ਵਾਂਗੂੰ ਉਹ ਵੀ ਕੁਝ ਸਮਾਂ ਪੂਣੇ ਦੇ ਕਿਸੇ ਹੋਟਲ ਵਿੱਚ ਬੈਰਾ ਰਿਹਾ ਸੀ। ਇਸੇ ਕਰਕੇ ਉਹ ਸੋਹਣੀ ਹਿੰਦੀ ਬੋਲਦਾ ਸੀ। ਸਾਨੂੰ ਵੀ ਉਸ ਨਾਲ ਗੱਲਾਂ ਕਰਦਿਆਂ ਨੂੰ ਸਵਾਦ ਆ ਰਿਹਾ ਸੀ। ਅਸੀਂ ਉਸ ਤੋਂ ਲਗਾਤਾਰ ਨੇਪਾਲ ਤੇ ਉਸ ਦੇ ਕੰਮ ਬਾਰੇ ਪੁੱਛ ਰਹੇ ਸਾਂ।
‘‘ਸੌਰਦਾਰ ਜੀ, ਬੋਟਿੰਗ ਤੋਂ ਮੈਂ ਕਭੀ ਕਭੀ ਕਰਵਾਤਾ ਹੂੰ, ਜਬ ਮੇਰੇ ਪਾਸ ਕਾਮ ਨਹੀਂ ਹੋਤਾ। ਵੈਸੇ ਤੋ ਮੈਂ ਗਾਈਡ ਹੂੰ। ਮੇਰਾ ਅਸਲੀ ਕਾਮ ਤੋਂ ਟਰੈਕਿੰਗ ਕਰਵਾਣਾ ਹੈ।’’
‘‘ਤਾਹੀਓਂ ਮੈਂ ਕਹਾਂ ਬਈ ਇਹ ਇੰਨਾ ਫਿਟ ਕਿਵੇਂ ਹੈ, ਪਹਾੜਾਂ ’ਤੇ ਚੜ੍ਹਨ ਕਰਕੇ ਸਰੀਰ ਬਣਿਆ ਹੋਇਐ,’’ ਦਵਿੰਦਰ ਨੇ ਆਖਿਆ। ਥੋੜ੍ਹਾ ਜਿਹਾ ਤਰਾਰੇ ਵਿੱਚ ਆ ਕੇ ਕ੍ਰਿਸ਼ਨਾ ਟਰੈੱਕ ਦੀਆਂ ਗੱਲਾਂ ਸੁਣਾਉਣ ਲੱਗਿਆ, ‘‘ਸੌਰਦਾਰ ਜੀ, ਜਬ ਭੀ ਹਮ ਟਰੈੱਕ ਪੇ ਗੋਰੀਆਂ ਲੇ ਕੇ ਜਾਤਾ ਹੈ ਨਾ, ਤੋ ਮਜ਼ਾ ਆ ਜਾਤਾ ਹੈ।’’
ਬਲਕਰਨ ਨੇ ਪੁੱਛਿਆ, ‘‘ਕ੍ਰਿਸ਼ਨਾ, ਵੋ ਕੈਸੇ?’’
‘‘ਅਰੇ ਸੌਰਦਾਰ ਜੀ, ਕਿਆ ਬਤਾਏਂ ਆਪ ਕੋ। ਯੇਹ ਗੋਰੀਆਂ ਨਾ ਬੜੀ ਖੁਲੇ ਦਿਲ ਕੀ ਹੋਤੀ ਹੈਂ। ਜਬ ਟਰੈੱਕ ਕਰਤੇ ਹੈਂ ਤੋ ਕਈ ਕਈ ਦਿਨ ਲੱਗ ਜਾਤੇ ਹੈਂ, ਔਰ ਵੋ ਹਮਸੇ ਹਿਲ ਮਿਲ ਜਾਤੀ ਹੈਂ।’’
ਦਵਿੰਦਰ ਨੇ ਸਵਾਦ ਲੈਂਦਿਆਂ ਪੁੱਛਿਆ, ‘‘ਸਿਰਫ਼ ਹਿਲਤੀ ਮਿਲਤੀ ਹੈਂ ਜਾਂ ...?’’
‘‘ਹਾਂ ਜੀ ਸੌਰਦਾਰ ਜੀ, ਜਬ ਟਰੈੱਕ ਪੇ ਸਾਰਾ ਦਿਨ ਖਾਣਾ-ਪੀਣਾ, ਸੋਣਾ ਇਕ ਸਾਥ ਹੋਤਾ ਹੈ ਤੋ ਪਤਾ ਹੀ ਨਹੀਂ ਚਲਤਾ ਕਿ ਕਬ ਹੈਪੀ ਐਂਡਿੰਗ ਪੇ ਪਹੁੰਚ ਜਾਤੇ ਹੈ।’’
‘‘ਹੈਪੀ ਐਂਡਿੰਗ?’’ ਮੈਨੂੰ ਹਾਲੇ ਵੀ ਗੱਲ ਸਮਝ ਨਹੀਂ ਲੱਗੀ ਸੀ।
‘‘ਅਰੇ ਸੌਰਦਾਰ ਜੀ, ਆਪ ਭੀ ਬਹੁਤ ਭੋਲੇ ਹੋ। ਏਕ ਹੀ ਬਿਸਤਰ ਪੇ ਸੋਣੇ ਸੇ ਹੈਪੀ ਐਂਡਿੰਗ ਹੀ ਹੋਗਾ। ਹੈਪੀ ਐਂਡਿੰਗ ਇਸ ਲੀਏ ਬੋਲਤਾ ਹੂੰ ਕਿਉਂਕਿ ਅਕਸਰ ਟਰੈਕਿੰਗ ਕੇ ਆਖਰੀ ਦਿਨੋ ਮੇਂ ਹੀ ਹੋਤੀ ਹੈ। ਪਹਿਲੇ ਤੋ ਧੀਰੇ ਧੀਰੇ ਨਜ਼ਦੀਕੀਆਂ ਹੀ ਬੜਤੀ ਹੈਂ।’’
‘‘ਓ ਬਈ, ਤੂੰ ਤਾਂ ਬੜਾ ਛੁਪਿਆ ਰੁਸਤਮ ਹੈਂ,’’ ਦਵਿੰਦਰ ਬੋਲਿਆ।
‘‘ਅੱਛਾ, ਫਿਰ ਹੈਪੀ ਐਂਡਿੰਗ ਸੇ ਆਗੇ ਵੀ ਗੱਲ ਤੁਰਤੀ ਹੈ ਜਾਂ ਉੱਥੇ ਹੀ ਮੁੱਕ ਜਾਤੀ ਹੈ,’’ ਦਵਿੰਦਰ ਨੇ ਰਲਵੀਂ ਹਿੰਦੀ ਪੰਜਾਬੀ ਵਿੱਚ ਸਵਾਲ ਦਾਗਿਆ।
‘‘ਹੋ ਜਾਤਾ ਹੈ ਆਗੇ ਭੀ ਕਈ ਬਾਰ। ਅਭੀ ਇਕ ਹਾਲੈਂਡ ਕੀ ਗੋਰੀ ਤੋ ਮੁਝੇ ਕਾਠਮੰਡੂ ਭੀ ਲੇ ਗਈ। ਉਸ ਨੇ ਮੇਰੇ ਕੋ ਅਪਨੇ ਸਾਥ ਹੋਟਲ ਮੇਂ ਰੱਖਾ ਔਰ ਬੋਲਾ ਕਿ ਜਿਤਨਾ ਪੈਸਾ ਕਮਾਤਾ ਹੈ ਉਤਨਾ ਤੁਝ ਕੋ ਮੇਂ ਦੂੰਗੀ। ਬਸ ਤੂੰ ਮੇਰੇ ਸਾਥ ਹੀ ਯਹਾਂ ਪੇ ਰਹਿ, ਜਬ ਤੱਕ ਮੈਂ ਨੇਪਾਲ ਮੇਂ ਹੂੰ,’’ ਕ੍ਰਿਸ਼ਨਾ ਨਿਸ਼ੰਗ ਹੋ ਕੇ ਆਪਣੀਆਂ ਰੰਗੀਨੀਆਂ ਦੀ ਗੱਲ ਦੱਸ ਰਿਹਾ ਸੀ।
‘‘ਫੇਰ ਤਾਂ ਤੇਰੇ ਨਜ਼ਾਰੇ ਨੇ ਬਈ,’’ ਮੇਰੇ ਮੂੰਹੋਂ ਆਪਮੁਹਾਰੇ ਨਿਕਲਿਆ।
‘‘ਅਰੇ ਸਾਹਬ, ਐਸੇ ਹਮ ਕਿਸੀ ਕੇ ਸਾਥ ਦਿਲ ਨਹੀਂ ਲਗਾਤੇ, ਯਹ ਤੋ ਮੌਜ ਮਸਤੀ ਹੈ। ਦਿਲ ਤੋਂ ਕਹੀਂ ਔਰ ਲਗਾ ਹੂਆ ਹੈ।’’ ਕ੍ਰਿਸ਼ਨਾ ਨੇ ਅੱਖਾਂ ਬੰਦ ਕਰਦਿਆਂ ਆਖਿਆ ਜਿਵੇਂ ਉਹ ਕਿਸੇ ਦੀ ਤਸਵੀਰ ਆਪਣੇ ਦਿਮਾਗ਼ ਵਿੱਚ ਚਿਤਵ ਰਿਹਾ ਹੋਵੇ।
‘‘ਤੁਮਹਾਰੀ ਸ਼ਾਦੀ ਤੋਂ ਹੂਈ ਹੈ ਨਾ?’’ ਮੈਂ ਪੁੱਛਿਆ।
‘‘ਬਿਲਕੁਲ ਸੌਰਦਾਰ ਜੀ, ਦੋ ਬੇਟੇ ਭੀ ਹੈਂ,’’ ਉਵੇਂ ਹੀ ਅੱਖਾਂ ਬੰਦ ਕਰੀ ਕ੍ਰਿਸ਼ਨਾ ਨੇ ਜਵਾਬ ਦਿੱਤਾ।
‘‘ਅੱਛਾ ਫਿਰ ਤਾਂ ਬਈ ਤੂੰ ਆਪਣੀ ਘਰਵਾਲੀ ਦਾ ਪੂਰਾ ਭਗਤ ਹੈਂ,’’ ਬਲਕਰਨ ਨੇ ਉਸ ਨੂੰ ਛੇੜਿਆ। ਅਸਲ ਵਿੱਚ ਅਸੀਂ ਸਾਰੇ ਹੀ ਉਸ ਦੀ ਪ੍ਰੇਮ ਕਥਾ ਦਾ ਆਨੰਦ ਲੈਣਾ ਚਾਹੁੰਦੇ ਸੀ। ਉਸ ਨੂੰ ਇੱਕ ਪੈੱਗ ਭਰ ਕੇ ਹੋਰ ਫੜਾਇਆ। ਉਹ ਇੱਕ ਡੀਕ ਵਿੱਚ ਹੀ ਪੀ ਗਿਆ ਤੇ ਮੂੰਹ ਪੂੰਝਦਾ ਬੋਲਿਆ, ‘‘ਅਰੇ ਨਹੀਂ ਸੌਰਦਾਰ ਜੀ, ਵੋਹ ਘਰ ਵਾਲੀ ਨਹੀਂ ਕੋਈ ਔਰ ਹੈ। ਉਸਕਾ ਨਾਮ ਦਿਲ ਪੇ ਲਿਖਾ ਹੈ ਔਰ ਯਹਾਂ ਵੀ ਲਿਖਾ ਹੈ, ਯੇ ਦੇਖੀਏ।’’
ਉਸ ਨੇ ਆਪਣੀ ਬਾਂਹ ’ਤੇ ਅੰਗਰੇਜ਼ੀ ਦੇ ਅੱਖਰ ਐੱਸ ਅਤੇ ਕੇ ਲਿਖੇ ਦਿਖਾਏ।
‘‘ਕੇ ਤੋਂ ਤਾਂ ਸਾਨੂੰ ਸਮਝ ਲੱਗ ਗਈ ਕਿ ਤੇਰਾ ਨਾਮ ਹੈ ਕ੍ਰਿਸ਼ਨਾ ਤੇ ਐੱਸ ਕੌਣ ਹੈ?’’ ਦਵਿੰਦਰ ਨੇ ਗੱਲ ਦਾ ਸਿਰਾ ਫੜਿਆ।
‘‘ਸੌਰਦਾਰ ਜੀ, ਐੱਸ ਸੇ ਉਸ ਕਾ ਨਾਮ ਸੁਜਾਤਾ ਹੈ। ਮੇਰੇ ਮੌਸੀ ਕੇ ਲੜਕੇ ਕੀ ਛੋਟੀ ਸਾਲੀ ਹੈ। ਭਾਈ ਕੀ ਸ਼ਾਦੀ ਵਾਲੇ ਦਿਨ ਸੇ ਹੀ ਉਸ ਕੇ ਪ੍ਰੇਮ ਮੇ ਪੜ ਗਏ ਥੇ। ਸੁਜਾਤਾ ਸੇ ਮੇਰਾ ਬੜਾ ਪ੍ਰੇਮ ਰਹਾ। ਹਮ ਜੰਗਲ ਮੇਂ ਮਿਲਨੇ ਜਾਤੇ ਥੇ। ਉਨ ਦਿਨੋਂ ਮੇਂ ਤੋਂ ਸਿਰਫ਼ ਉਸਕੀ ਹੀ ਸ਼ਕਲ ਦਿਖਤੀ ਥੀ ਕੁਛ ਔਰ ਯਾਦ ਹੀ ਨਹੀਂ ਰਹਿਤਾ ਥਾ,’’ ਇਹ ਕਹਿ ਕੇ ਉਹ ਚੁੱਪ ਕਰ ਗਿਆ।
‘‘ਫੇਰ?’’ ਦਵਿੰਦਰ ਨੇ ਗੱਲ ਛੋਹੀ।
ਉਸ ਦਾ ਚਿਹਰਾ ਥੋੜ੍ਹਾ ਜਿਹਾ ਉਦਾਸ ਹੋ ਗਿਆ, ‘‘ਫਿਰ ਕਿਆ ਹਮਾਰੀ ਸ਼ਾਦੀ ਕਾ ਚੱਕਰ ਪੜ ਗਿਆ ਜੀ। ਸ਼ਾਦੀ ਨਹੀਂ ਹੋ ਸਕੀ ਔਰ ਮੈਂ ਉਸੇ ਭੂਲ ਨਹੀਂ ਪਾਇਆ।’’
ਸਾਡੇ ਲਈ ਇਹ ਹੈਰਾਨੀ ਵਾਲੀ ਗੱਲ ਸੀ। ਅਸੀਂ ਦੇਖਿਆ ਸੀ ਕਿ ਨੇਪਾਲ ਵਿੱਚ ਔਰਤਾਂ ਦਾ ਦਰਜਾ ਸਾਡੇ ਦੇਸ਼ ਨਾਲੋਂ ਕਿਤੇ ਉੱਚਾ ਹੈ।
‘‘ਤੇਰੀ ਸ਼ਾਦੀ ਕਿਉਂ ਨਹੀਂ ਹੋਈ, ਯਹਾਂ ਤੋ ਜ਼ਿਆਦਾਤਰ ਪ੍ਰੇਮ ਵਿਆਹ ਹੀ ਹੋਤੇ ਹੈਂ,’’ ਬਲਕਰਨ ਦੇ ਮਨ ਵਿੱਚ ਵੀ ਉਤਸੁਕਤਾ ਸੀ।
ਕ੍ਰਿਸ਼ਨਾ ਦੀ ਅੱਖ ਵਿੱਚ ਨਮੀ ਆ ਗਈ ਸੀ।
‘‘ਕਿਆ ਬਤਾਏ ਸੌਰਦਾਰ ਜੀ, ਕਿਸਮਤ ਹੀ ਖਰਾਬ ਥੀ। ਉਸ ਕੇ ਬਾਪ ਨੇ ਮੇਰੇ ਸਾਮਨੇ ਸ਼ਰਤ ਰੱਖੀ ਕਿ ਅਪਨਾ ਘਰ ਬਨਾਓ। ਘਰ ਬਨਾਨੇ ਕੇ ਲੀਏ ਪੈਸਾ ਨਹੀਂ ਥਾ। ਉਸ ਟਾਈਮ ਮੈਂ ਪੂਨਾ ਚਲਾ ਗਿਆ ਪੈਸਾ ਕਮਾਨੇ। ਜਬ ਤੱਕ ਮੈਂ ਪੈਸਾ ਕਮਾ ਕਰ ਵਾਪਸ ਆਇਆ ਤਬ ਤੱਕ ਸੁਜਾਤਾ ਕੀ ਸ਼ਾਦੀ ਹੋ ਗਈ ਥੀ। ਉਸ ਕੇ ਬਾਪ ਨੇ ਮੇਰਾ ਇੰਤਜ਼ਾਰ ਨਹੀਂ ਕੀਆ। ਉਸ ਕੀ ਸ਼ਾਦੀ ਦੁਬਈ ਮੇਂ ਕਾਮ ਕਰਤੇ ਪਾਸ ਵਾਲੇ ਗਾਂਵ ਕੇ ਲੜਕੇ ਸੇ ਕਰ ਦੀ।’’
‘‘ਓ ਹੋ ਫੇਰ ਤਾਂ ਯਾਰ ਤੇਰੇ ਨਾਲ ਬੜਾ ਧੱਕਾ ਹੋ ਗਿਆ,’’ ਦਵਿੰਦਰ ਨੇ ਉਸ ਦਾ ਮੋਢਾ ਥਾਪੜਦਿਆਂ ਕਿਹਾ।
ਉਸ ਦੀ ਗੱਲ ਅਣਸੁਣੀ ਕਰਕੇ ਲਗਾਤਾਰ ਬੋਲਦਾ ਰਿਹਾ, ‘‘ਮੈਂ ਬੜਾ ਰੋਇਆ। ਫਿਰ ਸੁਜਾਤਾ ਸੇ ਮਿਲਾ ਤੋ ਵੋ ਭੀ ਬਹੁਤ ਰੋਈ ਪਰ ਉਸ ਕਾ ਘਰ ਵਾਲਾ ਦੁਬਈ ਵਾਪਸ ਨਹੀਂ ਗਿਆ ਔਰ ਉਸ ਕੇ ਸਾਥ ਦੋ ਸਾਲ ਰਹਾ। ਏਕ ਸਾਲ ਬਾਅਦ ਉਸ ਕੋ ਹਮਾਰੇ ਪ੍ਰੇਮ ਕੇ ਬਾਰੇ ਮੇਂ ਪਤਾ ਚੱਲ ਗਿਆ। ਵੋ ਉਸੇ ਬਹੁਤ ਪੀਟਤਾ। ਹਮ ਦੋਨੋਂ ਬਹੁਤ ਤੜਪਤੇ। ਵੋ ਦਿਨ ਮੇਰੇ ਲੀਏ ਨਰਕ ਜੈਸੇ ਥੇ। ਫਿਰ ਘਰ ਵਾਲੋਂ ਨੇ ਜ਼ਬਰਦਸਤੀ ਮੇਰੀ ਸ਼ਾਦੀ ਕਰਵਾ ਦੀ ਔਰ ਦੋ ਬੱਚੇ ਭੀ ਹੋ ਗਏ ਲੇਕਿਨ ਮੈਂ ਔਰ ਸੁਜਾਤਾ ਇਕ ਦੂਸਰੇ ਕੋ ਛੋੜ ਨਾ ਸਕੇ।’’
‘‘ਸੱਚ ਯਾਰ, ਇੱਕ ਗੱਲ ਦੱਸ, ਤੇਰੀ ਘਰਵਾਲੀ ਤੇਰੇ ਨਾਲ ਕਲੇਸ਼ ਨਹੀਂ ਕਰਦੀ ਤੇਰੀ ਬਾਂਹ ’ਤੇ ਜਿਹੜਾ ਲਿਖਿਆ ਇਸ ਕਰਕੇ?’’ ਬਲਕਰਨ ਨੇ ਗੰਭੀਰ ਹੁੰਦਿਆਂ ਪੁੱਛਿਆ।
‘‘ਅਰੇ ਨਹੀਂ ਸੌਰਦਾਰ ਜੀ, ਯਹਾਂ ਤੋਂ ਕਿਸਮਤ ਸਾਥ ਦੇ ਗਈ। ਮੇਰੀ ਘਰਵਾਲੀ ਕਾ ਨਾਮ ਭੀ ਸਰਲਾ ਹੈ ਔਰ ਮੈਨੇ ਉਸਕੋ ਪਹਿਲੀ ਰਾਤ ਹੀ ਬਤਾਇਆ ਥਾ ਕਿ ਤੇਰਾ ਨਾਮ ਮੈਨੇ ਆਪਣੀ ਬਾਂਹ ਪੇ ਪਹਿਲੇ ਹੀ ਖੁਦਵਾ ਲੀਆ ਹੈ। ਵੋ ਵਿਚਾਰੀ ਤੋ ਸੁਨ ਕੇ ਬਹੁਤ ਖ਼ੁਸ਼ ਹੋ ਗਈ ਥੀ,’’ ਉਹ ਬੋਲਿਆ।
‘‘ਵਾਹ ਬਈ ਵਾਹ, ਫਿਰ ਤੂੰ ਤਾਂ ਨਜ਼ਾਰੇ ਲੈਨਾ। ਕਿਸੇ ਦੀ ਕਿਸਮਤ ਵਿੱਚ ਇੱਕ ਨਹੀਂ ਹੁੰਦੀ ਤੇ ਕਿਸੇ ਦੀ ਕਿਸਮਤ ਦੇ ਵਿੱਚ ਇੱਕੋ ਜੇ ਅੱਖਰ ਵਾਲੀਆਂ ਦੋ ਦੋ,’’ ਮੈਂ ਚੁਟਕੀ ਲਈ।
‘‘ਹਾਂ ਸੌਰਦਾਰ ਜੀ, ਕਿਸਮਤ ਹੋਤੀ ਹੈ ਕਿਸੀ ਕੀ। ਸੁਜਾਤਾ ਮੁਝੇ ਅਭੀ ਭੀ ਬਹੁਤ ਪਿਆਰ ਕਰਤੀ ਹੈ। ਜਬ ਉਸ ਕਾ ਪਤੀ ਦੁਬਈ ਚਲਾ ਜਾਤਾ ਹੈ ਤੋ ਮੈਂ ਉਸੇ ਮਿਲਨੇ ਜਾਤਾ ਹੂੰ। ਫਿਰ ਹਮ ਮਿਲ ਕਰ ਖ਼ੂਬ ਹੈਪੀ ਐਂਡਿੰਗ ਕਰਤੇ ਹੈਂ,’’ ਉਸ ਦੇ ਬੁੱਲ੍ਹਾਂ ’ਤੇ ਸ਼ਰਾਰਤ ਨੱਚ ਉੱਠੀ ਸੀ।
‘‘ਛੱਡ ਪਰ੍ਹੇ ਹੁਣ ਇਨ੍ਹਾਂ ਗੱਲਾਂ ਨੂੰ ਤੇਰਾ ਘਰ ਪੱਟਿਆ ਜਾਊ। ਤੇਰੀ ਘਰਵਾਲੀ ਨੂੰ ਪਤਾ ਲੱਗ ਜਾਊ ਕਿਸੇ ਦਿਨ,’’ ਬਲਕਰਨ ਨੇ ਸਮਝੌਤੀ ਦਿੱਤੀ।
‘‘ਘਰਵਾਲੀ ਤੋ ਬਿਲਕੁਲ ਗਊ ਹੈ ਮੇਰੀ, ਉਸੇ ਕੈਸੇ ਪਤਾ ਲਗੇਗਾ। ਮੈਂ ਉਸੇ ਟਰੈੱਕ ਪਰ ਜਾਣਾ ਬਤਾ ਕੇ ਚਲਾ ਜਾਤਾ, ਕਭੀ ਕਭੀ ਮਨ ਦੁਖਤਾ ਹੈ,’’ ਹੁਣ ਕ੍ਰਿਸ਼ਨਾ ਵਾਹਵਾ ਸ਼ਰਾਬੀ ਹੋ ਗਿਆ ਸੀ।
‘‘ਤੈਨੂੰ ਕਾਹਦਾ ਦੁੱਖ ਹੈ ਯਾਰ?’’ ਮੈਂ ਕਿਹਾ। ਉਸ ਦਾ ਗਲਾ ਭਰ ਆਇਆ, ‘‘ਸੌਰਦਾਰ ਜੀ ਸੁਜਾਤਾ ਕਹਿਤੀ ਹੈ ਕਿ ਉਸ ਕੇ ਬੇਟੇ ਕੀ ਸ਼ਕਲ ਮੁਜਸੇ ਮਿਲਤੀ ਹੈ, ਵੋ ਤੁਮਾਹਰਾ ਬੇਟਾ ਹੈ। ਮੁਝੇ ਭੀ ਯਹੀ ਲਗਤਾ ਹੈ। ਮੇਰਾ ਦਿਲ ਕਰਤਾ ਹੈ ਕਿ ਮੈਂ ਉਸ ਕੋ ਅਪਨੇ ਸੀਨੇ ਸੇ ਲਗਾਊਂ, ਪਰ ਵੋ ਮੁਝੇ ਉਸ ਕੇ ਪਾਸ ਨਹੀਂ ਜਾਨੇ ਦੇਤੀ ਕਿ ਕਹੀਂ ਬੱਚੇ ਕੋ ਕੁਛ ਪਤਾ ਨਾ ਚਲ ਜਾਏ। ਕਿਆ ਬਤਾਏਂ ਸੌਰਦਾਰ ਜੀ ਬੜਾ ਦਿਲ ਤੜਪਤਾ ਹੈ।’’
ਇੰਨੇ ਵਿੱਚ ਬੈਰਾ ਖਾਣਾ ਰੱਖ ਗਿਆ। ਸਾਡੇ ਨਾਲ ਖਾਣਾ ਖਾਂਦਿਆਂ ਉਹ ਬਹੁਤ ਹਿਲ ਮਿਲ ਗਿਆ। ਅਗਲੇ ਦਿਨਾਂ ਵਿੱਚ ਉਸ ਨੇ ਬਤੌਰ ਗਾਈਡ ਸਾਨੂੰ ਚੰਗੀ ਸੈਰ ਕਰਵਾਈ। ‘‘ਅਰੇ ਸੌਰਦਾਰ ਜੀ, ਇਕ ਬਾਰ ਮੇਰੇ ਸਾਥ ਟਰੈੱਕ ਕਰੋ ਫਿਰ ਆਪਕੋ ਪਤਾ ਲੱਗੇਗਾ ਨੇਪਾਲ ਕੀ ਸੁੰਦਰਤਾ ਕਾ।’’
ਅਸੀਂ ਸਹਿਮਤ ਹੋ ਗਏ ਤਾਂ ਉਹ ਸਾਨੂੰ ਛੋਟੇ ਟਰੈੱਕ ’ਤੇ ਲੈ ਗਿਆ। ‘‘ਸੌਰਦਾਰ ਜੀ ਯੇਹ ਆਸਟਰੇਲੀਆ ਕੈਂਪ ਟਰੈੱਕ ਹੈ।’’
ਇਸ ਕੈਂਪ ਤੱਕ ਚੜ੍ਹਾਈ ਬਹੁਤ ਤਿੱਖੀ ਸੀ। ਉਹ ਬਹੁਤ ਹੀ ਵਾਤਾਵਰਨ ਪ੍ਰੇਮੀ ਸੀ ਜਦੋਂ ਅਸੀਂ ਕਿਸੇ ਚੀਜ਼ ਨੂੰ ਛੂੰਹਦੇ ਤਾਂ ਉਹ ਸਾਨੂੰ ਰੋਕ ਦਿੰਦਾ, ‘‘ਅਰੇ ਐਸੇ ਮਤ ਕੀਜੀਏ ਸੌਰਦਾਰ ਜੀ, ਕੁਦਰਤ ਕੇ ਸਾਥ ਖੇਲੇਂਗੇ ਤੋ ਕੁਦਰਤ ਆਪਕੇ ਸਾਥ ਵੀ ਖੇਲ ਸਕਤੀ ਹੈ। ਕੁਦਰਤ ਕਾ ਖੇਲ ਇਨਸਾਨ ਕੋ ਝੇਲਨਾ ਬੜਾ ਮੁਸ਼ਕਿਲ ਹੋ ਜਾਤਾ ਹੈ, ਧਿਆਨ ਸੇ।’’
ਕੈਂਪ ਤੱਕ ਪਹੁੰਚਦੇ ਪਹੁੰਚਦੇ ਸਾਡੇ ਸਾਰਿਆਂ ਦੀ ਬੱਸ ਹੋ ਗਈ। ਕੈਂਪ ਵਿੱਚ ਪਹੁੰਚ ਕੇ ਮਨ ਆਨੰਦ ਨਾਲ ਭਰ ਗਿਆ। ਉੱਥੋਂ ਸੂਰਜ ਛਿਪਣ ਦੇ ਦ੍ਰਿਸ਼ ਨੇ ਮਨ ਮੋਹ ਲਿਆ ਸੀ। ਜਦੋਂ ਬੱਦਲ ਸਾਡੇ ਪੈਰਾਂ ਤੋਂ ਸਿਰ ਵੱਲ ਨੂੰ ਉੱਪਰ ਉੱਠੇ ਤਾਂ ਦ੍ਰਿਸ਼ ਜ਼ਿੰਦਗੀ ਭਰ ਯਾਦ ਰੱਖਣ ਵਾਲਾ ਬਣ ਗਿਆ। ਕੈਂਪ ਚਲਾਉਣ ਵਾਲਾ ਆਦਮੀ ਬਹੁਤ ਹੀ ਦੋਸਤਾਨਾ ਸੀ ਅਤੇ ਉਹ ਵੀ ਸ਼ਾਨਦਾਰ ਹਿੰਦੀ ਬੋਲਦਾ ਸੀ। ਸਾਨੂੰ ਸੌਣ ਲਈ ਤੰਬੂ ਤੇ ਸਲੀਪਿੰਗ ਬੈਗ ਮਿਲ ਗਏ। ਸ਼ਹਿਦ ਦੇ ਨਾਲ ਕੇਲੇ ਦੇ ਪੈਨ ਕੇਕ, ਦੁੱਧ ਦੀ ਚਾਹ ਤੇ ਨੇਪਾਲੀ ਥਾਲੀ ਖਾ ਕੇ ਸਾਨੂੰ ਲੱਗਿਆ ਕਿ ਜੇਕਰ ਅਸੀਂ ਇੱਥੇ ਨਾ ਆਉਂਦੇ ਤਾਂ ਸਾਡਾ ਨੇਪਾਲ ਟੂਰ ਬੇਕਾਰ ਹੀ ਜਾਣਾ ਸੀ। ਅਸੀਂ ਇਸ ਲਈ ਕ੍ਰਿਸ਼ਨਾ ਦੇ ਬਹੁਤ ਧੰਨਵਾਦੀ ਹੋਏ।
ਤਿੰਨ ਦਿਨ ਦੀ ਟਰੈੱਕਿੰਗ ਨਾਲ ਸਾਡਾ ਮਨ ਪ੍ਰਸੰਨ ਹੋ ਗਿਆ। ਅਸੀਂ ਥੋੜ੍ਹੇ ਜਿਹੇ ਔਖੇ ਤਾਂ ਹੋਏ ਪਰ ਸਾਨੂੰ ਲੱਗਿਆ ਕਿ ਹੋਰ ਵੱਡਾ ਟਰੈੱਕ ਵੀ ਕੀਤਾ ਜਾ ਸਕਦਾ ਹੈ। ਸਾਨੂੰ ਲੱਗਿਆ ਜਿਵੇਂ ਕ੍ਰਿਸ਼ਨਾ ਨੂੰ ਮਿਲ ਕੇ ਸਾਡਾ ਨੇਪਾਲ ਆਉਣਾ ਸਫਲ ਹੋ ਗਿਆ ਹੋਵੇ। ਰੋਜ਼ਮੱਰ੍ਹਾ ਦੀ ਜ਼ਿੰਦਗੀ ਵਿੱਚੋਂ ਨਿਕਲ ਕੇ ਅਜਿਹੇ ਜ਼ਿੰਦਾਦਿਲ ਬੰਦਿਆਂ ਨੂੰ ਮਿਲਣਾ ਵੀ ਤਾਂ ਇੱਕ ਤਰ੍ਹਾਂ ਦਾ ਹਾਸਿਲ ਹੁੰਦਾ ਹੈ। ਅਸੀਂ ਕ੍ਰਿਸ਼ਨਾ ਨਾਲ ਅਗਲੇ ਸਾਲ ਹੋਰ ਵੱਡੇ ਟਰੈੱਕ ’ਤੇ ਟਰੈਕਿੰਗ ਕਰਨ ਦਾ ਵਾਅਦਾ ਕਰ ਲਿਆ ਸੀ। ਜ਼ਿੰਦਗੀ ਦੇ ਝਮੇਲਿਆਂ ਵਿੱਚ ਸਾਨੂੰ ਉਹ ਵਾਅਦਾ ਯਾਦ ਹੀ ਨਾ ਰਿਹਾ। ਨੇਪਾਲ ਕਿਸ ਨੇ ਜਾਣਾ ਸੀ! ਦੋ ਸਾਲ ਤਾਂ ਉਸ ਨੇ ਸਾਨੂੰ ਯਾਦ ਵੀ ਨਹੀਂ ਕੀਤਾ। ਫਿਰ ਪਤਾ ਨਹੀਂ ਕਿਉਂ ਉਸ ਦਾ ਫੋਨ ਲਗਾਤਾਰ ਬਲਕਰਨ ਕੋਲ ਆਉਣ ਲੱਗਿਆ। ਸਾਡੇ ਮਨਾਂ ਵਿੱਚ ਫੇਰ ਨੇਪਾਲ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ। ਛੁੱਟੀਆਂ ਦਾ ਪ੍ਰਬੰਧ ਕਰਕੇ ਅਸੀਂ ਦੋਵੇਂ ਦੋਸਤ ਅਕਤੂਬਰ ਵਿੱਚ ਫਿਰ ਕ੍ਰਿਸ਼ਨਾ ਦੇ ਸੱਦੇ ’ਤੇ ਟਰੈਕਿੰਗ ਕਰਨ ਲਈ ਆ ਪਹੁੰਚੇ। ਇਸ ਵਾਰ ਦਵਿੰਦਰ ਸਾਡੇ ਨਾਲ ਨਹੀਂ ਆਇਆ ਸੀ।
ਪੋਖਰਾ ਪਹੁੰਚ ਕੇ ਕ੍ਰਿਸ਼ਨਾ ਨੂੰ ਹੋਟਲ ਵਿੱਚ ਫੋਨ ਕੀਤਾ ਤਾਂ ਦੇਖਿਆ ਕਿ ਉਸ ਦਾ ਹੁਲੀਆ ਵਿਗੜਿਆ ਹੋਇਆ ਸੀ। ਦੋ ਸਾਲ ਪਹਿਲਾਂ ਮਿਲੇ ਕ੍ਰਿਸ਼ਨਾ ਦਾ ਪਰਛਾਵਾਂ ਮਾਤਰ ਹੀ ਦਿਖਾਈ ਦਿੰਦਾ ਸੀ। ਸਰੀਰ ਵੀ ਪਹਿਲਾ ਨਾਲੋਂ ਕਮਜ਼ੋਰ ਸੀ। ਕ੍ਰਿਸ਼ਨਾ ਸਾਨੂੰ ਮਿਲਿਆ ਤਾਂ ਸਭ ਤੋਂ ਪਹਿਲਾਂ ਉਸ ਨੇ ਮੰਗ ਰੱਖੀ, ‘‘ਅਰੇ ਸੌਰਦਾਰ ਜੀ ਪਹਿਲੇ ਲਗਾਤੇ ਹੈਂ, ਫਿਰ ਬਾਤ ਕਰਤੇ ਹੈਂ।’’
ਮੈਂ ਉਸ ਨੂੰ ਪੈਸੇ ਦਿੱਤੇ ਤਾਂ ਉਹ ਰੋਕਸੀ ਦੀਆਂ ਦੋ ਬੋਤਲਾਂ ਫੜ ਲਿਆਇਆ ਤੇ ਤੁਰੰਤ ਹੀ ਉਸ ਨੇ ਗਲਾਸ ਭਰ ਕੇ ਆਪਣੇ ਅੰਦਰ ਸੁੱਟ ਲਿਆ। ਬਲਕਰਨ ਨੇ ਘਰ ਪਰਿਵਾਰ ਬਾਰੇ ਪੁੱਛਿਆ ਤਾਂ ਉਹ ਠੀਕ ਹੈ, ਬੋਲ ਕੇ ਹੀ ਚੁੱਪ ਕਰ ਗਿਆ। ਅਸੀਂ ਦੋਵਾਂ ਨੇ ਮਹਿਸੂਸ ਕੀਤਾ ਕਿ ਉਸ ਦੇ ਵਰਤਾਉ ਵਿੱਚ ਪਹਿਲਾਂ ਵਾਲੀ ਗੱਲ ਨਹੀਂ ਸੀ। ਕੋਈ ਕਾਰਨ ਤਾਂ ਹੈ ਕਿ ਉਹ ਚੁੱਪਚਾਪ ਬੈਠਾ ਹੈ। ਕੁਝ ਤਾਂ ਅਜਿਹਾ ਹੋਇਆ ਜਿਸ ਨਾਲ ਉਹ ਬਦਲਿਆ ਬਦਲਿਆ ਜਾਪਦਾ। ਪਹਿਲਾਂ ਕ੍ਰਿਸ਼ਨਾ ਗਲੋਟੇ ਵਾਂਗੂ ਉੱਧੜ ਜਾਂਦਾ ਸੀ, ਉਸ ਦੇ ਉਲਟ ਉਹ ਸ਼ਾਂਤ ਹੀ ਰਿਹਾ। ਸਾਨੂੰ ਉਸ ਤੋਂ ਰੰਗੀਨ ਕਿੱਸਿਆਂ ਦੀ ਆਸ ਸੀ ਪਰ ਉਹ ਤਾਂ ਬੋਲ ਹੀ ਮੁੱਲ ਦਾ ਰਿਹਾ ਸੀ।
‘‘ਇਸ ਵਾਰੀ ਕਿੱਧਰ ਲੈ ਕੇ ਜਾਵੇਂਗਾ? ਅੰਨਪੂਰਨਾ ਬੇਸ ਕੈਂਪ ’ਤੇ ਹੀ ਲੈ ਚੱਲ,’’ ਮੈਂ ਟਰੈਂਕਿੰਗ ਸਬੰਧੀ ਜਾਣਕਾਰੀ ਲੈਣ ਲਈ ਪੁੱਛਿਆ।
‘‘ਅਰੇ ਕਿਆ ਬਾਤ ਕਰਤੇ ਹੋ ਸੌਰਦਾਰ ਜੀ, ਵੋ ਤੋ ਕਾਫ਼ੀ ਮੁਸ਼ਕਿਲ ਟਰੈੱਕ ਹੈ, ਆਪਕੋ ਘੋੜੇ ਪਾਨੀ ਪੂਨ ਟਰੈਕ ਪੇ ਲੇ ਕੇ ਜਾਊਂਗਾ, ਪਾਂਚ ਛੇ ਦਿਨ ਕਾ ਟਰੈੱਕ ਹੈ।’’
‘‘ਉੱਥੇ ਕੀ ਖ਼ਾਸ ਹੈ?’’ ਬਲਕਰਨ ਦੇ ਬੋਲਾਂ ਵਿੱਚ ਉਤਸੁਕਤਾ ਸੀ।
‘‘ਸਾਹਿਬ ਬਾਤ ਐਸੀ ਹੈ, ਘੋੜੇ ਪਾਨੀ ਪੂਨ ਪਹਾੜੀ ਟਰੈੱਕ ਹੈ ਨਾ, ਯੇਹ ਪੋਖਰਾ ਕਾ ਸਭ ਸੇ ਬੜੀਆ ਟਰੈੱਕ ਹੈ। ਪੂਨ ਹਿੱਲ ਸੇ ਸਨਸੈੱਟ ਔਰ ਸਨਰਾਈਜ਼ਿੰਗ ਕਾ ਦ੍ਰਿਸ਼ ਬਹੁਤ ਸ਼ਾਨਦਾਰ ਹੋਤਾ ਹੈ। ਪੂਰੇ ਅੰਨਪੂਰਨਾ ਏਰੀਏ ਮੇਂ ਕੋਈ ਔਰ ਵਿਊ ਪੂਨ ਹਿੱਲ ਸੇ ਅੱਛਾ ਨਹੀਂ ਹੋ ਸਕਤਾ।’’
ਉਸ ਨੇ ਖੁੱਲ੍ਹ ਕੇ ਦੱਸਿਆ ਤਾਂ ਅਸੀਂ ਸੰਤੁਸ਼ਟ ਹੋ ਗਏ।
ਟਰੈੱਕ ਸ਼ੁਰੂ ਹੋਇਆ ਤਾਂ ਬਲਕਰਨ ਨੇ ਸਵਾਦ ਲੈਣ ਲਈ ਉਸ ਨੂੰ ਛੇੜਿਆ, ‘‘ਕ੍ਰਿਸ਼ਨਾ, ਫਿਰ ਪਿਛਲੇ ਦੋ ਸਾਲਾਂ ਵਿੱਚ ਕਿੰਨੇ ਵਾਰੀ ਹੈਪੀ ਐਂਡਿੰਗ ਕੀਤੀ?’’
ਉਹ ਗੱਲ ਸੁਣ ਕੇ ਵੀ ਅਣਸੁਣੀ ਕਰਦਾ ਚੁੱਪ ਹੀ ਰਿਹਾ। ਦੋ ਦਿਨ ਉਹ ਸਾਡੇ ਨਾਲ ਕੰਮ ਦੀ ਗੱਲ ਹੀ ਕਰਦਾ ਰਿਹਾ। ਦੋਵੇਂ ਦਿਨ ਅਸੀਂ ਢਾਬਿਆਂ ’ਤੇ ਰੁਕੇ ਤਾਂ ਉਹ ਸਾਡੇ ਤੋਂ ਦੂਰ ਹੀ ਸੌਂ ਜਾਂਦਾ।
ਮੇਰੀ ਸੁਰਤੀ ਵਾਪਸ ਆਈ ਤੇ ਮੈਂ ਦੇਖਿਆ ਉਹ ਸਾਡੇ ਤੋਂ ਖਾਸਾ ਫਾਸਲਾ ਪਾ ਗਿਆ ਸੀ। ਚੋਟੀ ਦੇ ਨੇੜੇ ਜਾਂਦੇ ਜਾਂਦੇ ਅਚਾਨਕ ਤੇਜ਼ ਮੀਂਹ ਨੇ ਸਾਨੂੰ ਘੇਰ ਲਿਆ। ਇੱਕ ਵਾਰ ਤਾਂ ਤੁਰਨਾ ਮੁਸ਼ਕਿਲ ਹੋ ਗਿਆ। ਆਸਰੇ ਲਈ ਆਸੇ-ਪਾਸੇ ਨਜ਼ਰ ਮਾਰੀ ਤਾਂ ਕ੍ਰਿਸ਼ਨਾ ਨੇ ਇੱਕ ਗੁਫ਼ਾ ਲੱਭ ਲਈ। ਅਸੀਂ ਭੱਜ ਕੇ ਉਸ ਵਿੱਚ ਸ਼ਰਨ ਲੈ ਲਈ। ਦਿਨ ਵੀ ਛਿਪਣਾ ਸ਼ੁਰੂ ਹੋ ਗਿਆ ਸੀ। ਥੋੜ੍ਹੇ ਸਮੇਂ ਬਾਅਦ ਮੀਂਹ ਘਟਿਆ ਤਾਂ ਉਹ ਕਾਫ਼ੀ ਸਾਰੀਆਂ ਲੱਕੜਾਂ ਚੁਣ ਲਿਆਇਆ। ਜਦੋਂ ਅੱਗ ਬਲੀ ਤਾਂ ਸਾਰਿਆਂ ਨੇ ਨਿੱਘ ਮਹਿਸੂਸ ਕੀਤਾ। ਅੱਜ ਅੱਗੇ ਟਰੈਕਿੰਗ ਹੋਣ ਦੇ ਆਸਾਰ ਨਜ਼ਰ ਨਹੀਂ ਆ ਰਹੇ ਸਨ। ਇਸ ਲਈ ਅਸੀਂ ਆਪਣੇ ਸਲੀਪਿੰਗ ਬੈਗ ਖੋਲ੍ਹ ਲਏ। ਪਹਾੜਾਂ ਤੋਂ ਆਉਂਦੀ ਠੰਢੀ ਹਵਾ ਸ਼ੂਕ ਰਹੀ ਸੀ। ਬਾਹਰ ਠੱਕਾ ਬਹੁਤ ਤੇਜ਼ ਚੱਲ ਰਿਹਾ ਸੀ। ਥੋੜ੍ਹੇ ਸਮੇਂ ਬਾਅਦ ਮੀਂਹ ਫਿਰ ਤੇਜ਼ ਹੋ ਗਿਆ। ਇੰਨੇ ਵਿੱਚ ਤੁਰਦੇ ਤੁਰਦੇ ਕੁਝ ਟਰੈੱਕਰ ਆਪਣੇ ਗਾਈਡ ਨਾਲ ਅੰਦਰ ਆ ਗਏ। ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਉਹ ਜਰਮਨ ਹਨ ਤੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਨੇਪਾਲ ਵਿੱਚ ਕਈ ਵੱਡੇ ਟਰੈੱਕ ਕਰ ਚੁੱਕੇ ਸਨ। ਉਹ ਸਾਡੇ ਵਾਲੇ ਟਰੈੱਕ ’ਤੇ ਹੀ ਟਰੈੱਕਿੰਗ ਕਰਕੇ ਪਰਤੇ ਸਨ। ਬਲਕਰਨ ਉਨ੍ਹਾਂ ਤੋਂ ਟਰੈੱਕ ਬਾਰੇ ਜਾਣਕਾਰੀ ਲੈਣ ਲੱਗਾ। ਮੇਰਾ ਧਿਆਨ ਕ੍ਰਿਸ਼ਨਾ ਤੇ ਉਨ੍ਹਾਂ ਦੇ ਗਾਈਡ ਦੀਆਂ ਗੱਲਾਂ ਵੱਲ ਗਿਆ। ਉਹ ਕਹਿ ਰਿਹਾ ਸੀ, ‘‘ਕ੍ਰਿਸ਼ਨਾ, ਯੇ ਤੇਰਾ ਕਸਟਮਰ ਲੋਗ ਅਭ ਹਮਾਰੇ ਸਾਥ ਜਾਨੇ ਲਗਾ, ਪਹਿਲੇ ਤੋ ਯੇ ਸਿਰਫ਼ ਤੇਰੇ ਸਾਥ ਹੀ ਜਾਤੇ ਥੇ।’’
ਅੱਗ ਕੋਲ ਬੈਠੀ ਜਰਮਨ ਔਰਤ ਕ੍ਰਿਸ਼ਨਾ ਨੂੰ ਬਹੁਤ ਮੋਹ ਨਾਲ ਦੇਖ ਰਹੀ ਸੀ। ਬਲਕਰਨ ਨੇ ਮੇਰੇ ਵੱਲ ਸੈਨਤ ਮਾਰਦੇ ਆਖਿਆ, ‘‘ਆਹ ਵੀ ਇਹਦੀ ਹੈਪੀ ਐਂਡਿੰਗ ਵਾਲੀ ਲੱਗਦੀ ਹੈ।’’
ਮੈਂ ਵੀ ਉਸ ਦੀ ਗੱਲ ਸੁਣ ਕੇ ਮੁਸਕਰਾ ਪਿਆ ਤੇ ਕ੍ਰਿਸ਼ਨਾ ਵੱਲ ਦੇਖਿਆ। ਉਹ ਨੀਵੀਂ ਪਾਈ ਬੈਠਾ ਸੀ। ਥੋੜ੍ਹੇ ਸਮੇਂ ਬਾਅਦ ਮੀਂਹ ਰੁਕ ਗਿਆ। ਜਰਮਨ ਟਰੈੱਕਰ ਤੇ ਉਨ੍ਹਾਂ ਦਾ ਗਾਈਡ ਹੇਠਾਂ ਨੂੰ ਚਲੇ ਗਏ। ਕ੍ਰਿਸ਼ਨਾ ਨੇ ਪਾਣੀ ਗਰਮ ਕੀਤਾ ਅਤੇ ਸਾਡੇ ਲਈ ਦਾਲ ਚੌਲ ਬਣਾਉਣ ਲੱਗਿਆ। ਅਸੀਂ ਰੰਮ ਦੀ ਬੋਤਲ ਕੱਢ ਲਈ। ਕ੍ਰਿਸ਼ਨਾ ਨੂੰ ਵੀ ਅਸੀਂ ਨਾਲ ਬਿਠਾ ਲਿਆ। ਬਲਕਰਨ ਬੋਲਿਆ, ‘‘ਅਰੇ ਯਾਰ ਇਤਨਾ ਉਦਾਸ ਕਿਉਂ ਹੈ? ਚਲ ਪੈਗ ਲਗਾ।’’
ਉਸ ਨੇ ਚੁੱਪਚਾਪ ਗਲਾਸ ਫੜ ਲਿਆ। ਦੋ ਤਿੰਨ ਪੈੱਗ ਲੱਗਣ ਮਗਰੋਂ ਉਹ ਥੋੜ੍ਹਾ ਜਿਹਾ ਰਉਂ ਵਿੱਚ ਆਇਆ ਤੇ ਸਾਡੇ ਨਾਲ ਗੱਲਾਂ ਕਰਨ ਲੱਗਿਆ। ਬਲਕਰਨ ਨੇ ਕਿਹਾ, ‘‘ਇੱਕ ਗੱਲ ਸੱਚ ਸੱਚ ਦੱਸੀਂ ਕ੍ਰਿਸ਼ਨਾ, ਉਹ ਜਰਮਨ ਔਰਤ ਵੀ ਤੇਰੀ ਹੈਪੀ ਐਂਡਿੰਗ ਵਾਲੀ ਰਹੀ ਲੱਗਦੀ ਐ।’’
ਸਾਡੇ ਦੋਵਾਂ ਦੇ ਚਿਹਰਿਆਂ ’ਤੇ ਸ਼ਰਾਰਤ ਝਲਕ ਰਹੀ ਸੀ। ਕ੍ਰਿਸ਼ਨਾ ਬੋਲਿਆ, ‘‘ਅਰੇ ਸੌਰਦਾਰ ਜੀ ਕੋਈ ਹੈਪੀ ਐਂਡਿੰਗ ਨਹੀਂ ਹੋਤੀ। ਸਭ ਬਕਵਾਸ ਹੈ। ਸਭ ਆਦਮੀ ਕੇ ਮਨ ਕਾ ਵਹਿਮ ਹੈ ਕਿ ਕੁਛ ਹੈਪੀ ਹੋ ਰਹਾ ਹੈ।’’
ਮੈਂ ਉਸ ਵੱਲ ਹੈਰਾਨ ਹੋ ਕੇ ਝਾਕਿਆ। ਕ੍ਰਿਸ਼ਨਾ ਦਾ ਇਉਂ ਕਹਿਣਾ ਸਾਡੇ ਲਈ ਹੈਰਾਨੀਜਨਕ ਸੀ। ਫਿਰ ਉਸ ਨੇ ਆਪਣੇ ਗਲਾਸ ਵਿੱਚ ਖਾਸੀ ਸ਼ਰਾਬ ਪਾਈ ਤੇ ਬਿਨਾਂ ਪਾਣੀ ਤੋਂ ਹੀ ਪੀ ਗਿਆ। ਅਸੀਂ ਇੱਕ ਪੈੱਗ ਲਾਉਂਦੇ ਇੰਨੇ ’ਚ ਉਹ ਦੋ ਤਿੰਨ ਲਾ ਜਾਂਦਾ। ਥੋੜ੍ਹੇ ਸਮੇਂ ਵਿੱਚ ਬੋਤਲ ਦਾ ਥੱਲਾ ਨਜ਼ਰ ਆਉਣ ਲੱਗਾ। ਬਲਕਰਨ ਪੀ ਕੇ ਥੋੜ੍ਹਾ ਜਿਹਾ ਜਜ਼ਬਾਤੀ ਹੋ ਗਿਆ। ਉਸ ਨੇ ਕ੍ਰਿਸ਼ਨਾ ਨੂੰ ਜੱਫੀ ਪਾਉਂਦਿਆਂ ਕਿਹਾ, ‘‘ਉਹ ਯਾਰ ਤੂੰ ਸਾਡਾ ਭਰਾ ਹੈਂ। ਦਿਲ ਛੋਟਾ ਕਰਨੇ ਵਾਲੀ ਬਾਤੇ ਕਿਉਂ ਕਰ ਰਹਾ ਹੈ, ਔਰ ਯੇਹ ਤੁਮ ਹੈਪੀ ਐਂਡਿੰਗ ਕੋ ਬਕਵਾਸ ਕਿਉਂ ਕਹਿ ਰਹੇ ਹੋ? ਪਹਿਲੇ ਤੋ ਬੜੀ ਤਾਰੀਫ਼ ਕਰਤੇ ਥੇ।’’
‘‘ਅਰੇ ਸੌਰਦਾਰ ਜੀ ਕਿਆ ਬਤਾਏਂ! ਇਸ ਹੈਪੀ ਐਂਡਿੰਗ ਨੇ ਤੋਂ ਜ਼ਿੰਦਗੀ ਬਰਬਾਦ ਕਰ ਦੀ,’’ ਕ੍ਰਿਸ਼ਨਾ ਰੋਣਹਾਕਾ ਹੋ ਗਿਆ।
‘‘ਕਿਉਂ, ਕੀ ਹੋ ਗਿਆ?’’ ਮੈਂ ਪੁੱਛਿਆ।
‘‘ਸੌਰਦਾਰ ਜੀ, ਪਿਛਲੇ ਸਾਲ ਮੈਂ ਆਇਰਲੈਂਡ ਕੀ ਦੋ ਗੋਰੀਓਂ ਕੋ ਟਰੈੱਕ ਪੇ ਲੇ ਕੇ ਗਿਆ ਥਾ। ਹਮਨੇ ਖ਼ੂਬ ਅੱਛੇ ਸੇ ਟਰੈੱਕਿੰਗ ਕੀਆ। ਮੈਂ ਉਨਕਾ ਪੋਰਟਰ ਔਰ ਗਾਈਡ ਦੋਨੋਂ ਥਾ। ਮੁਝੇ ਅੱਛੇ ਪੈਸੇ ਭੀ ਮਿਲੇ। ਹਮਾਰਾ ਟਰੈੱਕ ਦੋ ਦਿਨ ਜਲਦੀ ਖ਼ਤਮ ਹੋ ਗਿਆ। ਜਬ ਮੈਂ ਘਰ ਪਹੁੰਚਾ ਤੋ ਦੇਖਾ, ਸਰਲਾ ਕੇ ਗਾਂਵ ਸੇ ਮੇਰੇ ਸਾਲੇ ਕਾ ਦੋਸਤ ਰਮੇਸ਼ ਪਹੁੰਚਾ ਹੂਆ ਥਾ। ਬੱਚੇ ਬਾਹਰ ਖੇਲ ਰਹੇ ਥੇ ਔਰ ਦੋਨੋਂ ਬੜੇ ਤਕੱਲਫ ਸੇ ਬੈਠੇ ਥੇ। ਮੇਰੇ ਕੋ ਦੇਖਤੇ ਰਮੇਸ਼ ਬਹਾਨੇ ਬਣਾਤਾ ਹੂਆ ਨਿਕਲ ਗਿਆ। ਮੇਰੇ ਕੋ ਸ਼ੱਕ ਹੂਆ। ਜਬ ਮੈਨੇ ਧਿਆਨ ਸੇ ਪੂਰੇ ਮਾਮਲੇ ਕੀ ਛਾਨਬੀਨ ਕੀ ਤੋ ਮੇਰੇ ਪਾਂਵ ਕੇ ਨੀਚੇ ਸੇ ਜ਼ਮੀਨ ਖਿਸਕ ਗਈ। ਮੇਰੇ ਕੋ ਪਤਾ ਚਲਾ, ਵੋਹ ਸਰਲਾ ਕਾ ਪ੍ਰੇਮੀ ਹੈ, ਮੇਰੇ ਟਰੈੱਕ ਪੇ ਜਾਨੇ ਕੇ ਬਾਅਦ ਉਸ ਕਾ ਮੇਰੇ ਘਰ ਮੇ ਚੱਕਰ ਲਗਤਾ ਰਹਿਤਾ।’’
‘‘ਆਹ ਤਾਂ ਮਾੜਾ ਕੰਮ ਹੋਇਆ,’’ ਬਲਕਰਨ ਨੇ ਉਸ ਨੂੰ ਦਿਲਾਸਾ ਦਿੱਤਾ।
‘‘ਉਸ ਦਿਨ ਸੇ ਸੁਖ ਚੈਨ ਸਭ ਖ਼ਤਮ ਹੋ ਗਿਆ। ਮੈਂ ਉਸ ਕੀ ਤਸਵੀਰ ਸੇ ਆਪਣੇ ਛੋਟੇ ਬੇਟੇ ਕੀ ਸ਼ਕਲ ਮਿਲਾਤਾ ਹੂੰ ਤੋ ਬਿਲਕੁਲ ਉਸ ਜੈਸੀ ਲਗਤੀ ਹੈ। ਸਰਲਾ ਕੋ ਮੈਨੇ ਬਹੁਤ ਪੀਟਾ।’’
‘‘ਅਰੇ ਯਾਰ ਪੀਟਣਾ ਕਿਉਂ ਥਾ, ਸਮਝਾਣਾ ਥਾ ਉਸੇ,’’ ਮੇਰੇ ਮੂੰਹੋਂ ਨਿਕਲਿਆ।
‘‘ਗੁੱਸਾ ਹੀ ਇਤਨਾ ਆ ਗਿਆ ਥਾ ਕਿਆ ਕਰਤਾ। ਵੋ ਬੋਲੀ ਮੈਂ ਜਾਨਤੀ ਹੂੁੰ, ਤੂੰ ਕਹਾਂ ਕਹਾਂ ਜਾਤਾ ਹੈ। ਛੱਤ ਪੇ ਜਾ ਕੇ ਮੇਰੀ ਸੋਤ ਸੁਜਾਤਾ ਕੋ ਫੋਨ ਕਰਤਾ ਹੈ ਔਰ ਦੋਸਤੋਂ ਕੋ ਗੋਰੀਓਂ ਕੇ ਕਿੱਸੇ ਸੁਨਾਤਾ ਹੈ। ਮੈਂ ਕਹਾਂ ਜਾਤੀ? ਮੁਝੇ ਭੀ ਤੋ ਖ਼ੁਸ਼ੀ ਚਾਹੀਏ। ਮੇਰਾ ਦਿਮਾਗ ਘੂਮ ਗਿਆ। ਰੋਜ਼ ਲਫੜਾ ਲੜਾਈ ਝਗੜਾ। ਉਸੇ ਮੈਂ ਬੱਚੋਂ ਕੇ ਕਾਰਨ ਛੋੜ ਨਹੀਂ ਸਕਤਾ। ਅਬ ਮੇਰਾ ਕੁਛ ਵੀ ਕਰਨੇ ਕੋ ਦਿਲ ਨਹੀਂ ਕਰਤਾ। ਮੈਨੇ ਔਰਤ ਲੋਗ ਕੇ ਸਾਥ ਟਰੈੱਕਿੰਗ ਕਰਨਾ ਭੀ ਬੰਦ ਕਰ ਦੀਆ। ਹੈਪੀ ਐਂਡਿੰਗ ਕੇ ਚੱਕਰ ਮੇਂ ਘਰ ਪੇ ਧਿਆਨ ਹੀ ਨਹੀਂ ਦੇ ਪਾਇਆ। ਬਹੁਤ ਬਰਬਾਦੀ ਹੋ ਗਿਆ। ਕਭੀ ਕਭੀ ਸੋਚਤਾ ਹੂੰ, ਸਾਰਾ ਕਸੂਰ ਹੀ ਮੇਰਾ ਹੈ, ਇਕ ਸਾਲ ਸੇ ਬਿਲਕੁਲ ਕਹੀਂ ਨਹੀਂ ਗਿਆ। ਜੋ ਪੈਸਾ ਜਮਾ ਕੀਆ ਥਾ ਵੋ ਖਤਮ ਹੋ ਗਿਆ। ਆਪ ਲੋਗ ਕੀ ਯਾਦ ਆਈ ਤੋ ਫੋਨ ਕੀਆ। ਸੋਚਾ, ਆਪ ਸੌਰਦਾਰ ਲੋਗ ਅੱਛੇ ਆਦਮੀ ਹੈਂ। ਮੇਰੇ ਕੋ ਭਾਈ ਜੈਸਾ ਪਿਆਰ ਦੀਆ। ਆਪਕੇ ਸਾਥ ਕੁਝ ਦਿਨ ਰਹੂੰਗਾ ਤੋ ਮਨ ਠੀਕ ਹੋ ਜਾਏਗਾ ਔਰ ਕੁਛ ਪੈਸੇ ਭੀ ਕਮਾ ਲੂੰਗਾ।’’
ਇਹ ਕਹਿੰਦੇ ਉਸ ਨੇ ਹਿਚਕੀ ਲਈ ਤੇ ਮੇਰੇ ਗਲ ਲੱਗ ਕੇ ਰੋਣ ਲੱਗਿਆ। ਬਲਕਰਨ ਨੇ ਉਸ ਨੂੰ ਹੌਸਲਾ ਦੇਣ ਲਈ ਉਸ ਦੀ ਬਾਂਹ ਥਪਥਪਾਈ ਤਾਂ ਮੇਰਾ ਧਿਆਨ ਬਾਂਹ ’ਤੇ ਉੱਕਰੇ ਅੰਗਰੇਜ਼ੀ ਦੇ ਅੱਖਰਾਂ ਵੱਲ ਗਿਆ। ਉੱਥੇ ਅੱਖਰਾਂ ਦੀ ਬਜਾਏ ਕਾਲੇ ਰੰਗ ਦਾ ਪੋਚਾ ਮਾਰ ਕੇ ਅੱਖਰਾਂ ਨੂੰ ਮਿਟਾਇਆ ਹੋਇਆ ਸੀ। ਦੂਜੇ ਪਾਸੇ ਦਾਲ ਚੌਲ ਵਾਲਾ ਪਾਣੀ ਉਬਲ ਕੇ ਚੁੱਲ੍ਹੇ ਵਿੱਚ ਪਿਆ ਤੇ ਅੱਗ ਬੁਝ ਗਈ। ਪੂਰੀ ਗੁਫ਼ਾ ਵਿੱਚ ਧੂੰਆ ਹੀ ਧੂੰਆ ਹੋ ਗਿਆ। ਸਾਡੀਆਂ ਅੱਖਾਂ ਵਿੱਚੋਂ ਵੀ ਪਾਣੀ ਨਿਕਲ ਆਇਆ।
ਸੰਪਰਕ: 94170-81419

Advertisement

Advertisement