ਸੱਚ ਨੂੰ ਫਾਂਸੀ
ਪਾਲੀ ਰਾਮ ਬਾਂਸਲ
ਬਠਿੰਡੇ ਤੋਂ ਆਏ ਬੈਂਕ ਦੇ ਸਾਥੀ ਨਾਲ ਚਾਹ ਪੀਣ ਬਾਅਦ ਉਹਨੂੰ ਉਡੀਕ ਕਰਨ ਦੀ ਬੇਨਤੀ ਕੀਤੀ, “ਦੁੱਗਲ ਸਾਹਿਬ, ਤੁਸੀਂ ਬੈਠੋ ਪਲੀਜ਼, ਮੈਂ ਕੱਪੜੇ ਬਦਲ ਲਵਾਂ।” ਮੈਂ, ਦੁੱਗਲ ਅਤੇ ਸਾਡੀ ਜਥੇਬੰਦੀ ਦੇ ਪ੍ਰਧਾਨ ਨੇ ਚੰਡੀਗੜ੍ਹ ਜਥੇਬੰਦਕ ਕੰਮ ਸਬੰਧੀ ਰੀਜਨਲ ਲੇਬਰ ਕਮਿਸ਼ਨਰ ਨੂੰ ਮਿਲਣ ਜਾਣਾ ਸੀ। ਪ੍ਰਧਾਨ ਨੇ ਫਿਰੋਜ਼ਪੁਰ ਤੋ ਸਿੱਧਾ ਚੰਡੀਗੜ੍ਹ ਪਹੁੰਚਣਾ ਸੀ। ਮੈਂ ਬਤੌਰ ਮੈਨੇਜਰ ਗਹਿਲਾਂ ਬਰਾਂਚ ਵਿੱਚ ਸੇਵਾ ਨਿਭਾਅ ਰਿਹਾ ਸੀ ਤੇ ਅੱਜ ਛੁੱਟੀ ਲਈ ਹੋਈ ਸੀ।
ਅਜੇ ਪੈਂਟ ਕਮੀਜ਼ ਕੱਢਣ; ਲਈ ਅਲਮਾਰੀ ਖੋਲ੍ਹੀ ਹੀ ਸੀ ਕਿ ਮੋਬਾਈਲ ਦੀ ਘੰਟੀ ਵੱਜੀ, “ਸਰ, ਗੀਤਾ ਰਾਣੀ ਗਸ਼ ਖਾ ਕੇ ਗਿਰ ਗਈ। ਬੇਹੋਸ਼ ਹੋ ਗਈ। ਹਾਲਤ ਗੰਭੀਰ ਹੈ। ਅਸੀਂ ਹਸਪਤਾਲ ਐਮਰਜੈਂਸੀ ’ਚ ਲਿਜਾ ਰਹੇ ਹਾਂ। ਤੁਸੀਂ ਜਿੱਥੇ ਵੀ ਹੋ, ਹਸਪਤਾਲ ਪਹੁੰਚ ਜਾਓ।” ਦੂਜੇ ਪਾਸੇ ਤੋਂ ਮੇਰੇ ਸਹਿ-ਕਰਮੀ ਦੀ ਚਿੰਤਾ ਭਰੀ ਆਵਾਜ਼ ਸੀ।
ਮੈ ਫਟਾ-ਫਟ ਪੈਂਟ ਕਮੀਜ਼ ਪਾਈ ਅਤੇ ਮੋਟਰਸਾਈਕਲ ’ਤੇ ਹਸਪਤਾਲ ਪਹੁੰਚ ਗਿਆ। ਗੀਤਾ ਰਾਣੀ ਐਮਰਜੈਂਸੀ ਵਾਰਡ ਵਿੱਚ ਬੇਸੁੱਧ ਪਈ ਸੀ। ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਤਾਂ ਅੱਖ ਵੀ ਨਹੀਂ ਸੀ ਝਪਕ ਰਹੀ। ਗੀਤਾ ਨਾਲ ਆਏ ਸਹਿ-ਕਰਮੀ ਨੂੰ ਪੁੱਛਿਆ, “ਗੱਲ ਕੀ ਹੋਈ?”
“ਸਰ, ਉਸ ਅਫਸਰ ਦੀ ਕੈਬਿਨ ’ਚ ਗਈ ਸੀ। ਉਹ ਕੁਝ ਮਾੜਾ ਚੰਗਾ ਬੋਲਿਆ ਇਹਨੂੰ ਤੇ ਸਾਡੇ ਦੇਖਦੇ ਇਹ ਕੈਬਿਨ ’ਚ ਹੀ ਗਿਰ ਗਈ।” ਸਹਿ-ਕਰਮੀ ਨੇ ਅਫਸਰ ਦਾ ਕੁ-ਨਾਂ ਲੈ ਕੇ ਕਿਹਾ।
ਇਹ ਅਫਸਰ ਆਪਣੀ ਘਟੀਆ ਤੇ ਅਸ਼ਲੀਲ ਬੋਲ-ਬਾਣੀ ਲਈ ਬੈਂਕ ਵਿੱਚ ਬਦਨਾਮ ਸੀ।
ਇੰਨੇ ਨੂੰ ਰੀਜਨਲ ਮੈਨੇਜਰ ਵੀ ਹਸਪਤਾਲ ਪਹੁੰਚ ਗਿਆ। ਪੀੜਤ ਮੁਲਾਜ਼ਮ ਦੀ ਬਰਾਦਰੀ ਦੇ ਸੈਂਕੜੇ ਲੋਕ ਉਸ ਦੇ ਹੱਕ ਵਿੱਚ ਇਕੱਠੇ ਹੋ ਗਏ। ਉਹ ਸਮਝਦੇ ਸੀ ਕਿ ਰੀਜਨਲ ਮੈਨੇਜਰ ਦੋਸ਼ੀ ਦੀ ਮਦਦ ਕਰ ਰਿਹਾ ਹੈ। ਮੈਂ ਦੇਖਿਆ, ਉਹ ਰੀਜਨਲ ਮੈਨੇਜਰ ਵੱਲ ਹਮਲਾਵਰ ਰੁਖ਼ ਨਾਲ ਆ ਰਹੇ ਸੀ ਕਿਉਕਿ ਦੋਸ਼ੀ ਅਫਸਰ ਉਸ ਦਾ ਚਹੇਤਾ ਸੀ। ਮੈਂ ਰੀਜਨਲ ਮੈਨੇਜਰ ਨੂੰ ਫਟਾਫਟ ਪਿਛਲੇ ਦਰਵਾਜ਼ੇ ਤੋਂ ਬਾਹਰ ਲੈ ਗਿਆ। ਹਾਲਾਤ ਨੂੰ ਸਮਝਦਾ ਉਹ ਵੀ ਉੱਥੋਂ ਭੱਜ ਗਿਆ।
ਬੈਂਕ ਸਟਾਫ ਵਿੱਚ ਇਸ ਘਟਨਾ ਬਾਰੇ ਰੋਸ ਸੀ। ਜਥੇਬੰਦੀ ਦਾ ਮੁੱਖ ਆਗੂ ਹੋਣ ਨਾਤੇ ਅਤੇ ਸਾਰੇ ਸਟਾਫ ’ਚ ਰੋਹ ਨੂੰ ਦੇਖਦਿਆਂ ਦੋਸ਼ੀ ਅਫਸਰ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ। ਡਾਕਟਰ ਨੇ ਐੱਮਐੱਲਆਰ ਕੱਟ ਕੇ ਥਾਣੇ ਭੇਜ ਦਿੱਤੀ। ਇਸ ਆਧਾਰ ’ਤੇ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਪਹਿਲਾਂ-ਪਹਿਲ ਤਾਂ ਅਫਸਰ ਪਰਾਂ ’ਤੇ ਪਾਣੀ ਹੀ ਨਾ ਪੈਣ ਦੇਵੇ; ਉਸ ਨੂੰ ਬੈਂਕ ਦੇ ਉੱਚ ਪ੍ਰਬੰਧਕਾਂ ਨਾਲ ਨੇੜਤਾ ਦਾ ਹੰਕਾਰ ਸੀ ਪਰ ਜਦੋਂ ਅਹਿਸਾਸ ਹੋਇਆ ਕਿ ਪੈਂਦੀਆਂ ’ਚ ਕੋਈ ਨਹੀਂ ਖੜ੍ਹਦਾ ਤਾਂ ਢੈਲ਼ਾ ਪੈ ਗਿਆ। ਹਸਪਤਾਲ ਜਾ ਕੇ ਪੀੜਤ ਮੁਲਾਜ਼ਮ ਦੇ ਪੈਰ ਫੜੇ ਪਰ ਉਹ ਬਜਿ਼ਦ ਸੀ ਕਿ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਕੁਝ ਦਿਨ ਲੰਘ ਗਏ ਤੇ ਪੀੜਤ ਮਹਿਲਾ ਕਰਮਚਾਰੀ ਨੂੰ ਹਸਪਤਾਲ ਦਾਖਲ ਰਹਿਣਾ ਪਿਆ। ਦੋਸ਼ੀ ਅਫਸਰ ਨੂੰ ਅਹਿਸਾਸ ਹੋ ਗਿਆ ਸੀ ਕਿ ਹੁਣ ਉਸ ਦੀ ਜਾਨ ਕੁੜਿੱਕੀ ’ਚ ਹੈ। ਉਹ ਸਮਝ ਗਿਆ ਸੀ ਕਿ ਜਥੇਬੰਦੀ ਦਾ ਮੁੱਖ ਆਗੂ ਹੋਣ ਨਾਤੇ ਮੈਨੂੰ ‘ਠੰਢਾ’ ਕਰਨਾ ਪਵੇਗਾ। ਉਹਨੇ ਮੈਨੂੰ ਰਿਸ਼ਤੇਦਾਰਾਂ, ਮਿੱਤਰਾਂ, ਸਿਆਸਤਦਾਨਾਂ ਤੋਂ ਫੋਨ ਕਰਵਾਉਣੇ ਸ਼ੁਰੂ ਕਰ ਦਿੱਤੇ ਕਿ ਇਸ ਵਾਰ ਮੁਆਫ਼ ਕਰ ਦਿਓ, ਇਹ ਮੁੜ ਕੇ ਸੰਗਰੂਰ ਵੱਲ ਝਾਕਦਾ ਵੀ ਨਹੀਂ, ਨੌਕਰੀ ਵੀ ਛੱਡਣ ਨੂੰ ਤਿਆਰ ਹੈ। ਬੈਂਕ ਦੇ ਜਿ਼ਆਦਾ ਕਰਮਚਾਰੀ ਅਫਸਰ ਦੀ ਮਾੜੀ ਹਰਕਤ ਕਾਰਨ ਉਸ ਉਪਰ ਕਾਰਵਾਈ ਲਈ ਬਜਿ਼ਦ ਸੀ।
“ਪਾਲੀ ਰਾਮ ਜੀ ਬੋਲ ਰਹੇ ਹੋ... ਮੈਂ ਐੱਸਐੱਚਓ ਸੰਗਰੂਰ ਬੋਲ ਰਿਹਾਂ।” ਫੋਨ ਕਰਨ ਵਾਲੇ ਨੇ ਮੇਰਾ ਜਵਾਬ ਸੁਣਨ ਤੋਂ ਪਹਿਲਾ ਹੀ ਆਪਣੀ ਜਾਣ-ਪਛਾਣ ਕਰਵਾ ਦਿੱਤੀ।
“ਹਾਂਜੀ, ਬੋਲ ਰਿਹਾਂ, ਹੁਕਮ ਕਰੋ।” ਐੱਸਐੱਚਓ ਦੇ ਫੋਨ ਕਰਨ ਦੀ ਵਜ੍ਹਾ ਸਮਝਣ ਦੇ ਬਾਵਜੂਦ ਮੈਂ ਅਣਜਾਣ ਬਣ ਕੇ ਪੁੱਛਿਆ। ਐੱਸਐੱਚਓ ਨਾਲ ਲੰਮੀ ਗੱਲ ਹੋਈ ਤਾਂ ਆਖ਼ੀਰ ਉਹਨੇ ਕਿਹਾ, “ਬਾਈ ਜੀ ਆ ਜੋ, ਬੈਠ ਕੇ ਨਿਬੇੜੀਏ ਮਸਲਾ।”
“ਮੈਂ ਕੀ ਕਰਨਾ ਇਹਦੇ ’ਚ? ਤੁਸੀਂ ਕਾਰਵਾਈ ਕਰੋ ਕਾਨੂੰਨ ਮੁਤਾਬਕ। ਤੁਸੀ ਤਾਂ ਦੋਸ਼ੀ ਨੂੰ ਅਜੇ ਤੱਕ ਫੜਿਆ ਵੀ ਨਹੀ।” ਮੇਰਾ ਲਹਿਜਾ ਥੋੜ੍ਹਾ ਸਖਤ ਸੀ।
“ਫੜਿਆ ਹੋਇਆ, ਥਾਣੇ ’ਚ ਹੀ ਬੈਠਾ।”
“ਬਿਠਾਇਆ ਕਾਹਦੇ ਲਈ ਐ, ਇਹਨੂੰ ਹਵਾਲਾਤ ’ਚ ਦਿਓ।” ਮੈਂ ਪੂਰੇ ਗੁੱਸੇ ਨਾਲ ਕਿਹਾ।
“ਤੁਸੀ ਆਓ ਤਾਂ ਸਹੀ, ਹਵਾਲਾਤ ’ਚ ਵੀ ਦੇ ਦਿੰਦੇ ਆਂ।” ਹੁਣ ਐੱਸਐੱਚਓ ਦਾ ਰੁਖ਼ ਕਾਫੀ ਨਰਮ ਸੀ।
ਅਫਸਰ ਨੂੰ ਹਵਾਲਾਤ ’ਚ ਦੇ ਦਿੱਤਾ ਹੈ ਜਾਂ ਨਹੀਂ, ਇਹ ਪੱਕਾ ਕਰਨ ਲਈ ਆਪਣੇ ਇੱਕ ਸਾਥੀ ਨੂੰ ਥਾਣੇ ਭੇਜਿਆ। ਸਾਥੀ ਨੇ ਪੁਸ਼ਟੀ ਕਰ ਦਿੱਤੀ ਤਾਂ ਮੈਂ ਥਾਣੇ ਵੱਲ ਰਵਾਨਾ ਹੋ ਗਿਆ।
ਬੈਂਕ ਦੇ ਸੈਂਕੜੇ ਕਰਮਚਾਰੀ ਅਤੇ ਪੀੜਤ ਕਰਮਚਾਰੀ ਦੀ ਬਰਾਦਰੀ ਦੇ ਵੱਡੀ ਗਿਣਤੀ ਲੋਕ ਵੀ ਥਾਣੇ ਪਹੁੰਚ ਗਏ। ਅਫਸਰ ਕੁਝ ਸਮਾਂ ਹਵਾਲਾਤ ’ਚ ਗੁਜ਼ਾਰਨ ਤੋਂ ਬਾਅਦ ਪੋਲਾ ਪੈ ਚੁੱਕਾ ਸੀ। ਪੀੜਤ ਦੇ ਪੈਰ ਫੜ ਕੇ ਗਿੜਗੜਾਉਣ ਲੱਗ ਗਿਆ। ਇਕੱਠੇ ਹੋਏ ਬੈਂਕ ਦੇ ਕਰਮਚਾਰੀਆ ਅਤੇ ਦਲਿਤ ਜਥੇਬੰਦੀਆਂ ਦੇ ਆਗੂਆਂ ਨੇ ਉਸ ਨੂੰ ਲਾਹਨਤਾਂ ਪਾਈਆਂ। ਥਾਣੇ ਵਿੱਚ ਬੈਂਕ ਕਰਮਚਾਰੀਆਂ ਤੋਂ ਮੁਆਫ਼ੀ ਮੰਗਣ ਅਤੇ ਲਿਖਤੀ ਤੌਰ ’ਤੇ ਅਪਣੀ ਗ਼ਲਤੀ ਮੰਨਣ ਮਗਰੋਂ ਮਸਲੇ ਦਾ ਨਿਬੇੜਾ ਹੋ ਗਿਆ। ... ਅਜੇ ਇੱਕ ਦਿਨ ਹੀ ਲੰਘਿਆ ਸੀ ਕਿ ਬਾਅਦ ਦੁਪਿਹਰ ਮੇਰੇ ਸਾਥੀ ਹਰਵਿੰਦਰ ਸਿੰਘ ਖਾਲਸਾ ਦਾ ਫੋਨ ਸੀ, “ਆ ਗਏ ਜੀ ਆਰਡਰ?”
“ਕਾਹਦੇ ਆਰਡਰ?” ਮੈਂ ਸਵਾਲ ਕੀਤਾ।
“ਬਦਲੀ ਦੇ। ਤੁਹਾਡੇ, ਮੇਰੇ ਅਤੇ ਭੁੱਲਰ ਸਰ ਦੇ।” ਖ਼ਾਲਸੇ ਦੀ ਆਵਾਜ਼ ’ਚ ਥੋੜ੍ਹੀ ਚਿੰਤਾ ਸੀ।
ਮੈਂ ਈਮੇਲ ਖੋਲ੍ਹੀ ਤਾਂ ਦੇਖਿਆ, ਮੇਰੇ ਤੇ ਸਾਡੀ ਜਥੇਬੰਦੀ ਦੇ ਆਗੂ ਗੁਰਦੀਪ ਭੁੱਲਰ ਤੇ ਹਰਵਿੰਦਰ ਸਿੰਘ ਖਾਲਸਾ ਦੀਆਂ ਬਦਲੀਆਂ ਦੂਰ-ਦੁਰਾਡੇ ਕਰ ਦਿੱਤੀਆਂ ਸਨ; ਦੋਸ਼ੀ ਅਫਸਰ ਦੀ ਬਦਲੀ ਉਸ ਦੇ ਘਰ ਦੇ ਬਹੁਤ ਨਜ਼ਦੀਕ ਕਰ ਦਿੱਤੀ।
ਅਸਲੀ ਵਿੱਚ ਜਥੇਬੰਦੀ ਨੇ ਨਾ ਕੇਵਲ ਬੈਂਕ ਪ੍ਰਬੰਧਨ ਦੇ ਵੱਡੀ ਪੱਧਰ ’ਤੇ ਕੀਤੇ ਭ੍ਰਿਸ਼ਟਾਚਾਰ ਦੀ ਸਿ਼ਕਾਇਤ ਵਿਜੀਲੈਂਸ ਨੂੰ ਕੀਤੀ ਸੀ ਬਲਕਿ ਬੈਂਕ ਅੰਦਰ ਹੋ ਰਹੇ ਅਨੈਤਿਕ ਤੇ ਗ਼ਲਤ ਕੰਮਾਂ ਵਿਰੁੱਧ ਵੀ ਆਵਾਜ਼ ਉਠਾਈ ਸੀ।
ਅਸੀਂ ਹਾਈਕੋਰਟ ਵਿੱਚ ਪਟੀਸ਼ਨ ਪਾਈ ਪਰ ਅਜੇ ਤੱਕ ਫ਼ੈਸਲਾ ਨਹੀਂ ਆਇਆ। ਸਾਡੇ ਤਿੰਨਾਂ ਵਿੱਚੋਂ ਦੋ ਜਣੇ ਰਿਟਾਇਰ ਹੋ ਗਏ ਹਾਂ ਤੇ ਤੀਜੇ ਦੀ ਰਿਟਾਇਰਮੈਂਟ ਅਗਲੇ ਮਹੀਨੇ ਹੈ। ਉਂਝ, ਫ਼ਖ਼ਰ ਹੈ ਕਿ ਅਸੀਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਪ੍ਰਬੰਧਨ ਅੱਗੇ ਝੁਕੇ ਨਹੀਂ। ਸੱਚ ਨੂੰ ਫਾਂਸੀ ਤਾਂ ਲਗਦੀ ਆਈ ਹੈ, ਫਿਰ ਕੀ ਹੋਇਆ ਜੇ ਸੱਚ ਨਾਲ ਖੜ੍ਹਨ ਦੀ ਸਜ਼ਾ ਭੁਗਤੀ ਹੈ।
ਸੰਪਰਕ: 81465-80919