ਹਲਵਾਰਾ ਹਵਾਈ ਅੱਡਾ: ਪੇਂਡੂੂ ਖੇਤਰ ’ਤੇ ਟਿਕੀ ਕਾਰੋਬਾਰੀਆਂ ਦੀ ਨਜ਼ਰ
ਸੰਤੋਖ ਗਿੱਲ
ਗੁਰੂਸਰ ਸੁਧਾਰ, 9 ਅਗਸਤ
ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦੇ ਜਲਦ ਮੁਕੰਮਲ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਇਲਾਕੇ ਵਿੱਚ ਰੀਅਲ-ਅਸਟੇਟ ਕਾਰੋਬਾਰੀਆਂ ਦੀ ਸਰਗਰਮੀ ਇਕਦਮ ਕਾਫ਼ੀ ਤੇਜ਼ ਹੋ ਗਈ ਹੈ। ਕੁਝ ਦਿਨਾਂ ਵਿੱਚ ਹੀ ਦਰਜਨਾਂ ਕਾਰੋਬਾਰੀਆਂ ਨੇ ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਕਸਬਾ ਗੁਰੂਸਰ ਸੁਧਾਰ ਅਤੇ ਹਲਵਾਰਾ ਵਿੱਚ ਥਾਂ-ਥਾਂ ਆਪਣੇ ਕਾਰੋਬਾਰ ਦੇ ਫਲੈਕਸ ਬੋਰਡ ਇਮਾਰਤਾਂ ਦੀਆਂ ਕੰਧਾਂ ਤੇ ਸੜਕ ਕਿਨਾਰੇ ਦਰੱਖਤਾਂ ਉੱਪਰ ਟੰਗ ਦਿੱਤੇ ਹਨ। ਹਾਲਾਂਕਿ ਜ਼ਮੀਨਾਂ ਦੀ ਖ਼ਰੀਦ-ਫ਼ਰੋਖ਼ਤ ਦੀ ਬਹੁਤੀ ਹਿਲਜੁਲ ਨਹੀਂ ਹੈ ਪਰ ਰੀਅਲ-ਅਸਟੇਟ ਕਾਰੋਬਾਰੀਆਂ ਵੱਲੋਂ ਸਰਗਰਮੀ ਇਕਦਮ ਵੱਧ ਜਾਣ ਨਾਲ ਲੋਕਾਂ ਨੂੰ ਕੁਝ ਉਮੀਦ ਜਾਗੀ ਹੈ। ਪੰਜਾਬ ਵਿੱਚ ‘ਆਪ’ ਸਰਕਾਰ ਬਣਨ ਤੋਂ ਬਾਅਦ ਆਨਲਾਈਨ ਐੱਨਓਸੀ ਦੀ ਗੁੰਝਲਦਾਰ ਪ੍ਰਕਿਰਿਆ ਅਤੇ ਖ਼ਰੀਦ-ਫ਼ਰੋਖ਼ਤ ਦੇ ਨਿਯਮਾਂ ਵਿੱਚ ਸਖ਼ਤੀ ਬਾਅਦ ਰੀਅਲ-ਅਸਟੇਟ ਕਾਰੋਬਾਰ ਕਾਫ਼ੀ ਠੰਢਾ ਪੈ ਗਿਆ ਸੀ ਪਰ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦੇ ਨਿਰਮਾਣ ਨਾਲ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਚਿਹਰੇ ਜ਼ਰੂਰ ਖਿੜ੍ਹੇ ਹਨ।
ਮੁੰਬਈ, ਗੁਜਰਾਤ, ਪੁਣੇ, ਬੰਗਲੂਰੂ, ਹੈਦਰਾਬਾਦ, ਕਲਕੱਤਾ, ਦਿੱਲੀ, ਗੁਰੂਗ੍ਰਾਮ ਵਰਗੇ ਵੱਡੇ ਸ਼ਹਿਰਾਂ ਦੇ ਉਦਯੋਗਪਤੀਆਂ ਅਤੇ ਵੱਡੇ ਕਾਰੋਬਾਰੀਆਂ ਨੇ ਹਵਾਈ ਅੱਡੇ ਦੇ ਨੇੜ-ਤੇੜ ਵਾਲੀ ਜ਼ਮੀਨ ਬਾਰੇ ਜਾਣਕਾਰੀ ਲੈਣੀ ਜ਼ਰੂਰ ਸ਼ੁਰੂ ਕਰ ਦਿੱਤੀ ਹੈ। ਕੁਝ ਵੱਡੀਆਂ ਨਿਰਮਾਣ ਕੰਪਨੀਆਂ, ਬਿਲਡਰ, ਫਾਈਨਾਂਸਰ ਅਤੇ ਹੋਰ ਕਾਰੋਬਾਰੀ ਵੀ ਆਪਣੇ ਦਲਾਲਾਂ ਰਾਹੀਂ ਰੀਅਲ-ਅਸਟੇਟ ਡੀਲਰਾਂ ਨਾਲ ਸੰਪਰਕ ਕਰਨ ਵਿੱਚ ਲੱਗੇ ਹੋਏ ਹਨ। ਪੰਜ ਤਾਰਾ ਹੋਟਲਾਂ ਦੀ ਚੇਨ ਤੋਂ ਇਲਾਵਾ ਛੋਟੇ ਹੋਟਲ ਮਾਲਕਾਂ, ਹਵਾਈ ਯਾਤਰਾ ਨਾਲ ਜੁੜੇ ਹੋਰ ਕਾਰੋਬਾਰੀਆਂ ਜਿਨ੍ਹਾਂ ਵਿੱਚ ਟਰੈਵਲ ਏਜੰਸੀਆਂ, ਟੈਕਸੀ ਸੇਵਾ ਵਰਗੀਆਂ ਸਾਰੀਆਂ ਛੋਟੀਆਂ-ਵੱਡੀਆਂ ਕੰਪਨੀਆਂ ਦੀ ਨਜ਼ਰ ਇਸ ਪੇਂਡੂ ਖੇਤਰ ’ਤੇ ਆ ਟਿਕੀ ਹੈ। ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਮੁੱਲਾਂਪੁਰ ਦੇ ਸਿੰਗਲਾ ਐਨਕਲੇਵ ਵਿੱਚ ਬਣੀ ਏਅਰੋ ਹੱਬ ਮਾਰਕੀਟ ਖਿੱਚ ਦਾ ਕੇਂਦਰ ਬਣੀ ਹੋਈ ਹੈ ਅਤੇ ਇੱਥੇ ਸਾਰੇ ਮਹਿੰਗੇ ਬਰਾਂਡ ਦੇ ਸ਼ੋਅਰੂਮ ਖੁੱਲ੍ਹ ਚੁੱਕੇ ਹਨ। ਇੱਥੇ ਸ਼ੋਅਰੂਮ ਦੀ ਕੀਮਤ ਕਰੀਬ 2 ਕਰੋੜ ਰੁਪਏ ਅਤੇ ਕਿਰਾਇਆ ਇੱਕ ਲੱਖ ਰੁਪਏ ਮਹੀਨਾ ਹੈ। ਘੁਮਾਣ ਚੌਕ ਨੇੜੇ ਸਥਿਤ ਪੁੱਡਾ ਪ੍ਰਵਾਨਿਤ ਰਾਇਲ ਪ੍ਰਾਪਰਟੀਜ਼ ਦੇ ਮਾਲਕ ਟੀਟੂ ਕੁਲਾਰ ਅਤੇ ਇੰਦਰਪਾਲ ਸਿੰਘ ਕਾਕਾ ਬੁਰਜ ਲਿੱਟਾਂ ਅਨੁਸਾਰ ਮੁੜ ਇਕ ਵਾਰ ਇਲਾਕੇ ਵਿਚ ਵਾਹੀ-ਯੋਗ ਅਤੇ ਵਪਾਰਕ ਜ਼ਮੀਨਾਂ ਦੇ ਭਾਅ ਦੋ ਤੋਂ ਤਿੰਨ ਗੁਣਾ ਵੱਧ ਗਏ ਹਨ। ਲੁਧਿਆਣਾ-ਬਠਿੰਡਾ ਮੁੱਖ ਮਾਰਗ ’ਤੇ ਮੁੱਲਾਂਪੁਰ ਤੋਂ ਰਾਏਕੋਟ ਤੱਕ ਵਪਾਰਕ ਜ਼ਮੀਨ ਦਾ ਰੇਟ ਵੀ 2 ਤੋਂ 5 ਕਰੋੜ ਰੁਪਏ ਪ੍ਰਤੀ ਏਕੜ ਤੱਕ ਪਹੁੰਚ ਗਿਆ ਹੈ। ਕਾਰੋਬਾਰ ਨਾਲ ਜੁੜੇ ਮਾਹਿਰਾਂ ਅਨੁਸਾਰ ਸਰਕਾਰ ਨੂੰ ਜ਼ਮੀਨਾਂ ਦੀ ਖ਼ਰੀਦ-ਫ਼ਰੋਖ਼ਤ ਬਾਰੇ ਨਿਯਮ ਸਰਲ ਕਰਨੇ ਪੈਣਗੇ, ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸਰਕਾਰ ਨੂੰ ਮਾਲੀਏ ਦਾ ਭਾਰੀ ਨੁਕਸਾਨ ਹੋ ਸਕਦਾ ਹੈ।