ਅੱਧੀਆਂ ਅਧੂਰੀਆਂ
ਜਗਜੀਤ ਸਿੰਘ ਲੋਹਟਬੱਦੀ
“ਮੰਨ ਜਾ, ਰੂਪ! ਮੰਨ ਜਾ... ਮੌਕੇ ਰੋਜ਼ ਨਹੀਂ ਆਉਂਦੇ... ਆਹੀ ਦੋ ਢਾਈ ਮਹੀਨੇ ਨੇ। ਫਿਰ ਬੇੜੀ ਦਾ ਪੂਰ...” ਗੁਗਨੀ ਨੇ ਲੰਮਾ ਸਾਹ ਲੈ ਕੇ ਗੱਲ ਅੱਧ ਵਿਚਾਲੇ ਛੱਡ ਦਿੱਤੀ।
“ਸਖੀਏ! ਮੇਰਾ ਮਨ ਜਿਹਾ ਨੀ ਮੰਨਦਾ। ਮਨਾਲੀ ਮੈਂ ਹੋ ਆਈ ਆਂ ਸੱਤ ਅੱਠ ਸਾਲ ਪਹਿਲਾਂ। ਓਹੀ ਪਹਾੜ, ਓਹੀ ਨਦੀ।”
“ਇਸ ਵਾਰ ਮਜ਼ਾ ਕੁਛ ਹਟ ਕੇ ਆਊਗਾ। ਮਸੀਂ ਤਾਂ ਐਮ.ਜੀ. ਸਰ ਟੂਰ ਲਿਜਾਣ ਨੂੰ ਮੰਨੇ ਨੇ। ਬੱਸ ਤੂੰ ਹਾਂ ਕਰ ਦੇ।” “ਚੱਲ ਮੈਂ ਕੱਲ੍ਹ ਦੱਸਦੀ ਹਾਂ ਬੇਬੇ ਬਾਪੂ ਨੂੰ ਪੁੱਛ ਕੇ।” ਰੂਪ ਨੇ ਗੱਲ ਟਾਲੀ।
“ਓ ਅਜੇ ਤੱਕ ਤੂੰ ਆਪ ਫ਼ੈਸਲੇ ਲੈਣ ਜੋਗੀ ਨੀ ਹੋਈ! ਮੈਨੂੰ ਕੁਝ ਨੀ ਪਤਾ... ਮੈਂ ਤੇਰਾ ਨਾਮ ਲਿਸਟ ਵਿੱਚ ਪੁਆਉਣ ਲੱਗੀ ਆਂ। ਇਹ ਮੇਰਾ ਹੁਕਮ ਐ।” ਗੁਗਨੀ ਡਾਢੀ ਬਣੀ ਖੜ੍ਹੀ ਸੀ।
“ਚੰਗਾ, ਜਿਵੇਂ ਤੁਹਾਡੀ ਮਰਜ਼ੀ, ਗੁਗਨੀ ਜੀ ਉਰਫ਼ ਗੁਰ...ਇੰਦਰ...ਕੌਰ...ਗਿੱਲ... ਛੋਟੀਆਂ ਭੈਣਾਂ ਸੱਚੀਂ ਧਾਕੜ ਹੁੰਦੀਆਂ ਨੇ।” ਰੂਪ ਨੇ ਹਾਰ ਮੰਨ ਲਈ ਸੀ।
ਬੀ.ਐੱਡ. ਬੈਚ ਦੇ ਅਖੀਰਲੇ ਤਿੰਨ ਮਹੀਨੇ ਬਾਕੀ ਸਨ। ਟੂਰ ਤੋਂ ਵਾਪਸ ਆਉਣ ’ਤੇ ਇਮਤਿਹਾਨ ਅਤੇ ਟੀਚਿੰਗ ਪ੍ਰੈਕਟਿਸ। ਫਿਰ ਸਬੱਬੀਂ ਮੇਲੇ।
ਗੁਗਨੀ ਅਤੇ ਰੂਪ ਨੇ ਇਕੱਠੀਆਂ ਖ਼ਾਲਸਾ ਕਾਲਜ ਤੋਂ ਗਰੈਜੂਏਸ਼ਨ ਕੀਤੀ ਸੀ। ਚਹੁੰ ਜਣਿਆਂ ਦਾ ਗਰੁੱਪ ਹੁੰਦਾ ਸੀ, ਇੰਗਲਿਸ਼ ਲਿਟਰੇਚਰ ਸਬਜੈਕਟ ਵਿੱਚ। ਜੈਵੀਰ ਤੇ ਅਨੰਤ ਸਾਊ ਸੁਭਾਅ ਦੇ ਮੁੰਡੇ ਸਨ। ਪੜ੍ਹਾਕੂ ਤੇ ਸ਼ਰਮਾਕਲ ਜਿਹੇ, ਦਰਮਿਆਨੇ ਘਰਾਂ ਤੋਂ। ਮੁੱਲ ਦੀ ਗੱਲ ਕਰਦੇ। ਰੂਪ ਵੀ ਚੁੱਪ ਚੁੱਪ ਰਹਿੰਦੀ। ਬੱਸ, ਗੁਗਨੀ ਖੁੱਲ੍ਹ ਕੇ ਬੋਲਦੀ, ਹੱਸਦੀ। ਬਾਪ ਫ਼ੌਜ ਵਿੱਚ ਕਰਨਲ ਹੋਣ ਕਰਕੇ ਕਈ ਥਾਂਈਂ ਪੋਸਟਿੰਗਜ਼ ਹੋਈਆਂ ਸਨ। ਸਾਲ ਛਿਮਾਹੀ ਪਿੱਛੋਂ ਸ਼ਿਫਟ ਕਰਨ ਦਾ ਸਬੱਬ ਬਣਿਆ ਰਹਿੰਦਾ। ਹੁਣ ਸੈਨਿਕ ਸਕੂਲ ਵਿੱਚ ਡਾਇਰੈਕਟਰ ਦੇ ਅਹੁਦੇ ’ਤੇ ਲੱਗਣ ਕਰਕੇ ਜ਼ਿੰਦਗੀ ਵਿੱਚ ਥੋੜ੍ਹਾ ਟਿਕਾਅ ਆਇਆ ਸੀ। ਰੂਪ ਦਾ ਪੇਂਡੂ ਪਿਛੋਕੜ ਹੋਣ ਕਰਕੇ ਸੁਭਾਅ ਕੁਝ ਸੁੰਗੜਿਆ ਰਹਿੰਦਾ। ਪਰਿਵਾਰ ਦੀ ਆਰਥਿਕ ਹਾਲਤ ਦਿਲੋ ਦਿਮਾਗ਼ ’ਤੇ ਛਾਈ ਰਹਿੰਦੀ ਪਰ ਗੁਗਨੀ ਜ਼ਿੰਦਗੀ ਜੀਅ ਭਰ ਕੇ ਜਿਉਣਾ ਲੋਚਦੀ। ਅੰਦਾਜ਼ ਕਦੇ ਕਦੇ ਬਾਗੀਆਨਾ ਹੋ ਜਾਂਦਾ। ਖ਼ੈਰ, ਦੋਵਾਂ ਨੇ ਡਿਗਰੀ ਵਧੀਆ ਨੰਬਰਾਂ ਨਾਲ ਹਾਸਲ ਕਰ ਕੇ ਇਕੱਠਿਆਂ ਬੀ.ਐੱਡ. ਵਿੱਚ ਦਾਖਲਾ ਲਿਆ ਸੀ।
ਰੰਗ-ਬਰੰਗੇ ਲਬਿਾਸਾਂ ਵਿੱਚ ਸਜੀਆਂ ਕਾਲਜ ਦੀਆਂ ਮੁਟਿਆਰਾਂ ਨਾਲ ਭਰੀ ਬੱਸ, ਵਲੇਵੇਂ ਖਾਂਦੀ ਸੜਕ ਉੱਤੇ ਹਰੀਆਂ ਕਚੂਰ ਵਾਦੀਆਂ ਨੂੰ ਚੀਰਦੀ ਜਾ ਰਹੀ ਸੀ। ਦਿਓਦਾਰ ਦੇ ਦਰਖ਼ਤ, ਪੱਥਰਾਂ ਦੀਆਂ ਰੋਕਾਂ ਨੂੰ ਪਿਛਾਂਹ ਸੁੱਟਦਾ ਨੀਲੀ ਭਾਹ ਮਾਰਦਾ ਬਿਆਸ ਦਾ ਪਾਣੀ, ਸਫ਼ਰ ਦੇ ਹਮਰਾਹੀ ਬਣੇ ਨਾਲ ਨਾਲ ਚੱਲ ਰਹੇ ਸਨ। ਉੱਚੀਆਂ ਉੱਡਦੀਆਂ ਬੱਦਲੀਆਂ। ਕੁੜੀਆਂ ਦੇ ਗੀਤ- ਸੰਗੀਤ ਤੇ ਬੋਲੀਆਂ ਨੇ ਮਾਹੌਲ ਰੰਗੀਨ ਬਣਾ ਦਿੱਤਾ ਸੀ ਪਰ ਗੁਗਨੀ ਅਤੇ ਰੂਪ ਆਪਣੇ ਖ਼ਿਆਲਾਂ ਵਿੱਚ ਗ਼ਲਤਾਨ, ਸ਼ੋਰ ਸ਼ਰਾਬੇ ਤੋਂ ਬੇਖ਼ਬਰ।
“ਗੁਗਨੀ, ਦੇਖ ਯਾਰ, ਇਹ ਸੱਪਣੀ ਦੀ ਤੋਰ ਤੁਰਦੀ
ਸੜਕ ਆਪਣੀ ਜ਼ਿੰਦਗੀ ਵਰਗੀ ਨੀ? ਟੇਢੀ ਮੇਢੀ, ਕਦੇ
ਖੱਬੇ ਕਦੇ ਸੱਜੇ... ਕਦੇ ਉਚਾਣ ਕਦੇ ਨਿਵਾਣ। ਆਪਣੀ
ਰੋਜ਼ਾਨਾ ਜ਼ਿੰਦਗੀ ਵਾਂਗੂੰ...”
“ਗੱਲ ਤਾਂ ਤੇਰੀ ਸਹੀ ਐ। ਪਹੁੰਚਣਾ ਤਾਂ ਮੰਜ਼ਿਲ ’ਤੇ ਹੀ ਐ। ਟੋਇਆਂ ਟਿੱਬਿਆਂ ਨੂੰ ਹੱਸ ਕੇ ਪਾਰ ਕਰਨ ਨੂੰ ‘ਜ਼ਿੰਦਗੀ ਜਿਊਣ ਦੀ ਕਲਾ’ ਕਹਿੰਦੇ ਨੇ। ਰੋਂਦਿਆਂ ਦੇ ਤਾਂ ਨਾਲ ਵੀ ਨਹੀਂ ਰੋਂਦਾ ਕੋਈ। ਜ਼ਿੰਦਗੀ ਇਨਜੌਇ ਕਰਨ ਲਈ ਹੁੰਦੀ ਏ। ਦੋ ਪੈਰ
ਘੱਟ ਤੁਰਨਾ... ਚੱਲ ਪਾ ਗਿੱਧਾਏ...।” ਇਉਂ ਪਤਾ ਹੀ ਨਹੀਂ ਲੱਗਿਆ ਕਦੋਂ ਮਨਾਲੀ ਦੇ ਮਨਮੋਹਕ ਸੈਰ ਸਪਾਟਾ ਹੋਟਲ
ਵਿੱਚ ਜਾ ਡੇਰੇ ਲਾਏ।
ਸਵੇਰੇ ਅੱਖ ਖੁੱਲ੍ਹੀ ਤਾਂ ਮਨਾਲੀ ਨੂੰ ਚਿੱਟੀ ਚਾਦਰ ਵਿੱਚ ਲਿਪਟੀ ਹੋਈ ਦੇਖਿਆ। ਬੈਰਾ ਦੱਸ ਰਿਹਾ ਸੀ ਕਿ ‘ਵ੍ਹਾਈਟ ਕ੍ਰਿਸਮਸ’ ਸੈਲਾਨੀਆਂ ਨੂੰ ਕਿਸਮਤ ਨਾਲ ਹੀ ਮਿਲਦੀ ਹੈ। ਮੁਟਿਆਰਾਂ ਨਾਸ਼ਤਾ ਭੁੱਲ ਕੇ ਬਾਹਰਲੇ ਨਜ਼ਾਰਿਆਂ ਦਾ ਆਨੰਦ ਲੈਣ ਲਈ ਕਾਹਲੀਆਂ ਸਨ। ਬਰਫ਼ ਦੇ ਗੋਹੜੇ ਅਜੇ ਵੀ ਰੁਕ ਰੁਕ ਕੇ ਡਿੱਗ ਰਹੇ ਸਨ।
ਹੋਟਲ ਤੋਂ ਮੰਦਰ ਤਕਰੀਬਨ ਦੋ ਢਾਈ ਕਿਲੋਮੀਟਰ ਦੇ ਫ਼ਾਸਲੇ ’ਤੇ ਸੀ। ਰਸਤੇ ਵਿਚਲੀ ਬਰਫ਼ ’ਤੇ ਤੁਰਦਿਆਂ ਪੈਰਾਂ ਹੇਠਲੀ ਕਿਰਚ ਕਿਰਚ ਅਤੇ ਸੁਹਾਵਣੇ ਮੌਸਮ ਦਾ ਲੁਤਫ਼ ਟੂਰ ਨੂੰ ਰੁਮਾਂਚਿਕ ਬਣਾ ਰਿਹਾ ਸੀ। ਤਿੱਬਤੀ ਬਾਜ਼ਾਰ ਵਿੱਚ ਵਿਕਦੇ ਛਾਪਾਂ-ਛੱਲੇ ਅਤੇ ਮਾਲਾ-ਮਣਕੇ ਜਵਾਨ ਦਿਲਾਂ ਨੂੰ ਧੂਹ ਪਾਉਣ ਲੱਗੇ। ਜੇ ਇੱਕ ਨੇ ਆਪਣੇ ਦਿਲਦਾਰ ਦਾ ਨਾਂ ਖੁਣਵਾ ਕੇ ਚਾਬੀ ਵਾਲਾ ਛੱਲਾ ਖ਼ਰੀਦਿਆ ਤਾਂ ਦੂਜੀ ਨੇ ਲੱਕੜੀ ਦੇ ਛੋਟੇ ਜਿਹੇ ਟੁਕੜੇ ’ਤੇ ਰੁਮਾਨੀ ਸ਼ੇਅਰ ਲਿਖਵਾ ਕੇ ਮੁਹੱਬਤੀ ਰੀਝਾਂ ਦੀ ਗਵਾਹੀ ਭਰੀ। ਗੁਗਨੀ ਨੇ ਵੀ ਆਪਣੇ ਚਹੇਤੇ ਵਲੈਤੀਏ ਦੇ ਨਾਂ ਵਾਲਾ ਲਾਕਟ ਖਰੀਦ ਲਿਆ। ਰੂਪ ਦੀਆਂ ਚੀਰਵੀਆਂ ਨਜ਼ਰਾਂ ਨੇ ਉਸ ਦੇ ਚਿਹਰੇ ਦੀ ਗੁਲਾਬੀ ਭਾਹ ਨੂੰ ਤਾੜ ਲਿਆ ਸੀ, ‘‘ਕੋਈ ਨੀ, ਪੁੱਛਦੀ ਆਂ ਤੈਨੂੰ, ਤੇਰੇ ਰਾਂਝੇ ਦੇ ਬੇਲਿਆਂ ਵਾਲੇ ਕਿੱਸੇ...।’’
ਰਸਤੇ ਵਿੱਚ ਬਿਆਸ ਨਦੀ ਦੇ ਸਰ ਸਰ ਕਰਦੇ ਪਾਣੀਆਂ ਵਿੱਚ ਪੈਰ ਨਿੱਘੇ ਕਰਦੀਆਂ ਰੂਪ ਤੇ ਗੁਗਨੀ ਨੂੰ ਜਿਵੇਂ ਕੋਈ ਪੁਰਾਣਾ ਖ਼ਜ਼ਾਨਾ ਮਿਲ ਗਿਆ ਹੋਵੇ। ਅੱਜ ਰੂਪ ਨਟਖ਼ਟ ਲਹਿਜੇ ਵਿੱਚ ਸੀ, “ਸੁਣਾ ਫੇਰ, ਕੀ ਹਾਲ ਐ ਤੇਰੇ ਬਲੌਰੀ ਅੱਖਾਂ ਵਾਲੇ ਦਾ? ਕਦੋਂ ਹੋਣੇ ਨੇ ਮੇਲ? ਨੈਕਲਸ ਵਿਚਲੇ ਦਿਲ ਵਿੱਚ ਤੀਰ ਡੂੰਘਾ ਖੁੱਭਿਆ ਲੱਗਦੈ...।”
“ਚੱਲ ਪਰ੍ਹੇ, ਸ਼ਰਾਰਤੀ ਨਾ ਹੋਵੇ ਤਾਂ...” ਸੰਗਦੀ ਗੁਗਨੀ ਦੀਆਂ ਗੱਲ੍ਹਾਂ ਲਾਲ ਹੋ ਗਈਆਂ ਸਨ।
“ਅਰੇ ਜੂਲੀਅਟ! ਕੁਛ ਤਾਂ ਪੱਲੇ ਪਾ ਦੇ ਆਪਣੇ ਰੋਮੀਓ ਬਾਰੇ...” ਰੂਪ ਕਿਸੇ ਵੀ ਤਰ੍ਹਾਂ ਢਿੱਲ ਦੇਣ ਨੂੰ ਤਿਆਰ ਨਹੀਂ ਸੀ। ਖਹਿੜਾ ਛੁੱਟਦਾ ਨਾ ਦੇਖ, ਗੁਗਨੀ ਨੇ ਸ਼ਰਮਾ ਕੇ ਬੁੱਕਲ ਖੋਲ੍ਹੀ, “ਪ੍ਰੀਤਇੰਦਰ ਡੈਡ ਦਾ ਪਸੰਦੀਦਾ ਵਿਦਿਆਰਥੀ ਸੀ ਸੈਂਟਰਲ ਸਕੂਲ ਵਿੱਚ। ਪੜ੍ਹਾਈ ਵਿੱਚ ਅੱਵਲ। ਐਕਟੀਵਿਟੀਜ਼ ਵਿੱਚ ਆਲਰਾਊਂਡਰ। ਕਈ ਵਾਰ ਘਰ ਵੀ ਆਇਆ। ਕੋਈ ਖਿੱਚ ਜਿਹੀ ਸੀ ਉਹਦੇ ਵਿੱਚ। ਕੀ ਸੀ? ਮੈਨੂੰ ਆਪ ਸਮਝ ਨੀ ਆਈ। ਬੱਸ, ਓਦੋਂ ਤੋਂ ਮੈਂ ਉਹਦੇ ਵੱਲ ਖਿੱਚੀ ਗਈ। ਅੱਜ ਕੱਲ੍ਹ ਲੈਸਟਰ ਯੂਨੀਵਰਸਿਟੀ ਵਿੱਚ ਲਾਅ ਕਰ ਰਿਹੈ...।”
“ਫੇਰ ਕਦੋਂ ਲੈਣੀਆਂ ਭੁਆਂਟਣੀਆਂ?” ਰੂਪ ਨੇ ਅਗਲਾ
ਹੱਲਾ ਬੋਲਿਆ।
“ਹਜੇ ਉਹਦੇ ਦੋ ਸਾਲ ਰਹਿੰਦੇ ਆ ਪੜ੍ਹਾਈ ਦੇ... ਤਦ ਤੱਕ ਆਪਣੀ ਵੀ ਐੱਮ.ਐੱਡ. ਪੂਰੀ ਹੋ ਜੂ।” ਗੁਗਨੀ ਨੇ ਨੱਕਾ ਲਾ ਦਿੱਤਾ ਤੇ ਨਾਲ ਹੀ ਪੁੱਛਿਆ, “ਹੁਣ ਤੂੰ ਦੱਸ ਤੇਰਾ ਕੀ ਪ੍ਰੋਗਰਾਮ ਐ? ਕੀ ਕਹਿੰਦੈ ਤੇਰਾ ਰਾਜਕੁਮਾਰ।”
“ਕਿਹੜਾ ਰਾਜਕੁਮਾਰ?”
“ਸੱਚੀਂ, ਦਿਲ ’ਤੇ ਹੱਥ ਰੱਖ ਕੇ ਦੱਸ, ਜੈਵੀਰ ਕਿਵੇਂ ਐ?”
ਰੂਪ ਸੰਜੀਦਾ ਹੋ ਗਈ, “ਅੜੀਏ, ਮੁੰਡਾ ਤਾਂ ਮਾੜਾ ਨੀ, ਪਰ ਘਰਦਿਆਂ ਦੀ ਮਰਜ਼ੀ ਤੋਂ ਬਗੈਰ ਮੈਂ ਕੋਈ ਵੀ ਕਦਮ ਨਹੀਂ ਚੁੱਕਣਾ। ਬਾਕੀ ਉਹਦੇ ਹੁੰਗਾਰੇ ਦਾ ਮੈਨੂੰ ਪਤਾ ਨੀ।” ਗੱਲਾਂ ਦੀ ਲੜੀ ਉਦੋਂ ਟੁੱਟੀ ਜਦੋਂ ਸਾਥਣਾਂ ਨੇ ਦੱਸਿਆ ਕਿ ਮੰਦਰ ਨੇੜੇ ਤੇੜੇ ਹੀ ਹੈ।
ਸੰਘਣੇ ਜੰਗਲਾਂ ਨਾਲ ਘਿਰਿਆ ਹੜਿੰਬਾ ਦੇਵੀ ਦਾ ਮੰਦਰ ਪੁਰਾਤਨ ਕਲਾ ਦਾ ਸ਼ਾਨਦਾਰ ਨਮੂਨਾ ਸੀ। ਪੈਗੋਡਾ ਸ਼ੈਲੀ ਵਿੱਚ ਬਣਿਆ, ਅੱਸੀ ਫੁੱਟ ਉੱਚਾ, ਚਹੁੰ-ਛੱਤਾ ਧਰਮ ਅਸਥਾਨ ਹੜਿੰਬਾ ਦੀ ਖ਼ੂਬਸੂਰਤ ਯਾਦਗਾਰ। ਮਿਥਿਹਾਸਕ ਕਥਾ ਦੇ ਆਧਾਰ ’ਤੇ ਪੁਜਾਰੀ ਦੱਸ ਰਿਹਾ ਸੀ: “ਜਦੋਂ ਬਣਵਾਸ ਸਮੇਂ ਪਾਂਡਵ ਇੱਥੇ ਆਏ ਸਨ ਤਾਂ ਹੜਿੰਬਾ ਦੇਵੀ ਨੇ ਭੀਮ ਨਾਲ ਵਿਆਹ ਕਰਵਾਇਆ ਸੀ ਅਤੇ ਘਟੋਤਕੱਚ ਦਾ ਜਨਮ ਹੋਇਆ ਸੀ। ਮਾਤਾ ਹੜਿੰਬਾ ਨੇ ਇਸ ਸਥਾਨ ’ਤੇ ਇੱਕ ਚਟਾਨ ਉੱਪਰ
ਬੈਠ ਕੇ ਸਮਾਧੀ ਲਾ ਕੇ ਭਗਤੀ ਕੀਤੀ ਸੀ ਅਤੇ ਉਸੇ ਜਗ੍ਹਾ ਰਾਜਾ ਬਹਾਦਰ ਸਿੰਘ ਨੇ 1553 ਈ. ਵਿੱਚ ਇਸ ਮੰਦਰ ਦਾ ਨਿਰਮਾਣ ਕੀਤਾ...।” ਸ਼ਰਧਾਲੂ ਅਤੇ ਸੈਲਾਨੀ ਮੰਤਰ-ਮੁਗਧ ਹੋਏ ਇਹ ਸੁਣ ਰਹੇ ਸਨ। ਬਹੁਤ ਸਾਰੇ ਵਿਦੇਸ਼ੀ ਨਾਗਰਿਕ ਵੀ ਆਪਣੀ ਧੁਨ ਵਿੱਚ ਮਸਤ ਹੋਏ ਇਸ ਬਿਰਤਾਂਤ ਦਾ ਆਨੰਦ ਮਾਣ ਰਹੇ ਸਨ।
“ਇਨ੍ਹਾਂ ਫਿਰੰਗੀਆਂ ਨੂੰ ਕੀ ਸਮਝ ਆਉਂਦੀ ਹੋਊ ਵੇਦ ਗ੍ਰੰਥਾਂ ਦੇ ਪ੍ਰਵਚਨਾਂ ਦੀ?” ਰੂਪ ਨੇ ਪਰਦੇਸੀਆਂ ਵੱਲ ਵੇਖ ਗੁਗਨੀ ਨੂੰ ਸਵਾਲ ਕੀਤਾ। “ਮੈਂ ਤਾਂ ਆਪ ਹੈਰਾਨ ਹਾਂ। ਔਹ ਦੇਖ, ਅੱਧਖੜ ਉਮਰ ਦੀ ਗੋਰੀ ਕਿਵੇਂ ਕਥਾ ਵਿੱਚ ਖੁੱਭੀ ਪਈ ਐ।”
ਘੰਟੇ ਕੁ ਦੇ ਸਤਸੰਗ ਤੋਂ ਬਾਅਦ ਉਹੀ ਪ੍ਰਦੇਸਣ ਬਾਹਰ
ਆਈ। ਉਸ ਦੇ ਹੱਥ ਵਿੱਚ ਇੱਕ ਮੋਟੀ ਕਿਤਾਬ ਸੀ। ਉਸ ਬਾਰੇ ਜਾਣਨ ਦੀ ਰੂਪ ਤੇ ਗੁਗਨੀ ਦੀ ਜਗਿਆਸਾ ਬਹੁਤ ਭਾਰੂ ਹੋ ਗਈ। ਰੁਲੇ-ਖੁਲੇ ਕੱਪੜਿਆਂ ਵਿੱਚ ਵੀ ਉਹ ਬੜੀ ਦਿਲ ਖਿੱਚਵੀਂ ਲੱਗ ਰਹੀ ਸੀ।
“ਹੈਲੋ ਮੈਮ, ਹਾਓ ਆ ਯੂ?” ਗੁਗਨੀ ਨੇ ਨੇੜੇ ਹੋ ਗੱਲ ਸ਼ੁਰੂ ਕੀਤੀ।
“ਹਾਏ, ਫਾਈਨ... ਆ ਮ ਰੋਜ਼ਾਲਿਨ ਫਰੇਰਾ ਫਰਾਮ ਸਪੇਨ...” ਗੋਰੀ ਨੂੰ ਗੱਲ ਕਰਨ ਵਿੱਚ ਕੋਈ ਝਿਜਕ ਨਹੀਂ ਸੀ।
“ਡੂ ਯੂ ਲਾਈਕ ਹਿੰਦੂ ਮਿਥੌਲਅਜਿ?” ਰੂਪ ਨੇ ਚੱਲਦਿਆਂ ਚੱਲਦਿਆਂ ਅਗਲਾ ਸਵਾਲ ਕੀਤਾ।
“ਓਹ, ਯਾ... ਐਟ ਪਰੈਜ਼ੈਂਟ ਆ ਮ ਰੀਡਿੰਗ ਮਹਾਂਭਾਰਤਾ। ਯੂ ਸੀ...” ਉਸ ਨੇ ਹੱਥ ਵਿੱਚ ਫੜੇ ਮਹਾਂਕਾਵਿ ਵੱਲ ਇਸ਼ਾਰਾ ਕੀਤਾ।
“ਮੈਮ, ਪਲੀਜ਼.. ਕੈਨ ਯੂ ਸਪੇਅਰ ਸਮ ਟਾਈਮ ਫਾਰ ਅਸ?”
“ਯਾ, ਵਾਇ ਨ੍ਹਾਟ... ਵੈਲਕਮ...” ਰੋਜ਼ਾਲਿਨ ਸਹਿਜ ਸੀ।
ਉਹ ਤਿੰਨੇ ਜਣੀਆਂ ਨੇੜਲੇ ਚਾਹ ਦੇ ਖੋਖੇ ’ਤੇ ਲੱਕੜੀ ਦੇ ਬਣੇ ਸਟੂਲਾਂ ’ਤੇ ਬੈਠ ਗਈਆਂ। ਗੋਰੀ ਨੇ ਦੱਸਿਆ ਕਿ ਉਹ ਆਪਣੇ ਦੇਸ਼ ਵਿੱਚ ਐੱਨ.ਜੀ.ਓ. ਚਲਾਉਂਦੀ ਹੈ ਜੋ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਨੂੰ ਸਾਂਭਦੀ ਹੈ। ਘਰੋਂ ਰੱਜ ਕੇ ਅਮੀਰ ਹੈ ਪਰ ਜੋ ਤ੍ਰਿਪਤੀ ਲੋੜਵੰਦਾਂ ਦੀ ਮੱਦਦ ਕਰ ਕੇ ਮਿਲਦੀ ਹੈ, ਉਹੀ ਉਸ ਦਾ ਸਰਮਾਇਆ ਹੈ। ਹੁਣ ਉਹ ਅਧਿਆਤਮਿਕਤਾ ’ਤੇ ਖੋਜ ਕਰਨ ਲਈ ਇੰਡੀਆ ਆਈ ਹੈ। ਪਿਛਲੇ ਛੇ ਮਹੀਨੇ ਤੋਂ ਜ਼ਿੰਦਗੀ ਨੂੰ ਨੇੜਿਉਂ ਜਾਣਨ ਦੀ ਕੋਸ਼ਿਸ਼ ਵਿੱਚ ਹੈ।
“ਵਾਇ ਹੈਵ ਯੂ ਕਮ ਟੂ ਦਿਸ ਪਲੇਸ?” ਰੋਜ਼ਾਲਿਨ ਜਾਨਣਾ ਚਾਹੁੰਦੀ ਸੀ। “ਜਸਟ ਫਨ... ਏ ਟਰਿੱਪ ਟੂ ਇਨਜੌਇ...” ਗੁਗਨੀ ਚਹਿਕ ਰਹੀ ਸੀ।
“ਵੁਡ ਯੂ ਲਾਈਕ ਟੂ ਵਿਜ਼ਿਟ ਮਾਈ ਕਾਟੇਜ?” ਗੋਰੀ ਵੱਡੇ ਦਿਲ ਵਾਲੀ ਸੀ।
“ਯਾ... ਸੁਅ...” ਦੋਹਾਂ ਦੀ ਉਤਸੁਕਤਾ ਕੁਝ ਹੋਰ ਜਾਣਨ ਦੀ ਸੀ।
ਬਿਆਸ ਕੰਢੇ ਜੰਗਲੀ ਬੂਟੀਆਂ ਨਾਲ ਘਿਰੀ ਉਸਦੀ ਸਾਦੀ ਜਿਹੀ ਝੌਂਪੜੀ ਦੇਖ ਰੂਪ ਤੇ ਗੁਗਨੀ ਅਚੰਭਿਤ ਹੋ ਗਈਆਂ। ਕਾਨਿਆਂ ਦੀ ਕੁਟੀਆ ਵਿੱਚ ਕੋਈ ਐਸ਼ੋ-ਆਰਾਮ ਦਾ ਸਾਮਾਨ ਨਹੀਂ ਸੀ। ਪਾਣੀ ਦਾ ਘੜਾ, ਤਖਤਪੋਸ਼, ਚਾਹ ਦੀ ਕੇਤਲੀ, ਢੇਰ ਸਾਰੀਆਂ ਕਿਤਾਬਾਂ ਤੇ ਰੇਡੀਓ...। ‘‘ਰੋਜ਼ਾਲਿਨ ਦੀ ਜ਼ਿੰਦਗੀ ਕਿੰਨੀ ਖ਼ੂਬਸੂਰਤ ਹੈ ਅਤੇ ਅਸੀਂ ਚਕਾਚੌਂਧ ਵਿੱਚ ਉਲਝੇ ਹੋਏ ਹਾਂ।’’ ਕਿੰਨਾ ਹੀ ਚਿਰ ਭਾਵੁਕਤਾ ਦੀ ਸਾਂਝ ਬਣੀ ਰਹੀ। ਵਿਦਾਇਗੀ ਸਮੇਂ ਜਿਵੇਂ ਅੰਦਰਲਾ ਮਨ ਚਾਨਣ ਦੀਆਂ ਛਿੱਟਾਂ ਨਾਲ ਰੁਸ਼ਨਾ ਗਿਆ ਹੋਵੇ।
“ਰੂਪ, ਇਹਨੂੰ ਰੋਜ਼ਾ ਨੂੰ ਦੇਖ ਕੇ ਤਾਂ ਦਿਲ ਸਾਧਣੀ ਬਣਨ ਨੂੰ ਕਰਦੈ...” ਬਾਹਰ ਆ ਕੇ ਗੁਗਨੀ ਦੇ ਮਨ ਨੇ ਉਛਾਲਾ ਖਾਧਾ।
“ਕਿਉਂ, ਕਿਸੇ ਸਾਧ ਦੇ ਚੇਲੇ ਪੱਟਣੇ ਐ... ਅਜੇ ਤਾਂ ਬਿੱਲੀਆਂ ਅੱਖਾਂ ਵਾਲਾ ਉਡੀਕਦਾ ਤੈਨੂੰ, ਲਾਡੋ!”
ਵਸ਼ਿਸ਼ਟ ਰਿਸ਼ੀ ਦਾ ਮੰਦਰ, ਮੂਨ ਟੈਂਪਲ, ਸੋਲੰਗ ਘਾਟੀ ਅਤੇ ਰੋਹਤਾਂਗ ਦੇ ਕੁਦਰਤੀ ਨਜ਼ਾਰਿਆਂ ਨੇ ਘਰ ਦੀ ਯਾਦ ਹੀ ਨਹੀਂ ਆਉਣ ਦਿੱਤੀ।
“ਗੁਗਨੀ, ਤੂੰ ਸੱਚ ਕਹਿੰਦੀ ਸੀ ਕਿ ਇਸ ਵਾਰ ਮਨਾਲੀ ਦਾ ਮਜ਼ਾ ਵੱਖਰਾ ਹੋਏਗਾ... ਚਿਰਾਂ ਤੱਕ ਚੇਤਿਆਂ ’ਚ ਰਹਿਣਗੇ ਇਹ ਚਾਰ ਦਿਨ...।”
ਵੱਡੇ ਦਿਨਾਂ ਦੀਆਂ ਛੁੱਟੀਆਂ ਮਗਰੋਂ ਕਾਲਜ ਵਿੱਚ ਫਿਰ ਚਹਿਲ ਪਹਿਲ ਪਰਤ ਆਈ ਸੀ। ਪੇਪਰਾਂ ਦੀ ਡੇਟਸ਼ੀਟ ਜਾਰੀ ਹੋ ਗਈ। ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਸਨ। ਸਾਲਾਨਾ ਵਿਦਾਇਗੀ ਪਾਰਟੀ ਦਾ ਦਿਨ ਸੀ। ਸਭ ਚਿਹਰਿਆਂ ’ਤੇ ਉਦਾਸੀ ਦੀਆਂ ਲੀਕਾਂ ਨਜ਼ਰ ਆਈਆਂ। ਕੌਣ, ਕਦੋਂ ਤੇ ਕਿੱਥੇ ਮਿਲੇਗਾ? ਸਵਾਲ ਚੀਸ ਦਿੰਦਾ ਸੀ। ਸਹਿਪਾਠਣਾਂ ਨੇ ਇੱਕ ਦੂਜੇ ਨਾਲ ਨੰਬਰ ਵਟਾਏ। ਫਿਰ ਮਿਲਣ ਦੀ ਕਾਮਨਾ ਕੀਤੀ। ਸੈਸ਼ਨ ਦਾ ਅੰਤ ਹੋ ਗਿਆ ਅਤੇ ਨਤੀਜੇ ਦੀ ਤਾਂਘ ਸੀ। ਰੂਪ ਤੇ ਗੁਗਨੀ ਨੇ ਐਮ.ਐੱਡ. ਵਿੱਚ ਇਕੱਠਿਆਂ ਦਾਖਲਾ ਲੈਣ ਦੀ ਆਸ ਜਿਉਂਦੀ ਰੱਖੀ ਸੀ।
ਕਿਸਮਤ ਦੇ ਰੰਗ ਬਦਲੇ ਬਦਲੇ ਸਨ। ਰੂਪ ਦਾ ਕਿਸੇ ਵੱਡੇ ਘਰ ਦੀ ‘ਰਾਣੀ’ ਬਣਨ ਦਾ ਸੰਜੋਗ ਬਣ ਗਿਆ ਸੀ। ਵਿਚੋਲੇ ਨੇ ਰੂਪ ਦੇ ਮਾਂ ਪਿਉ ਨੂੰ ਗੱਲਾਂ ਨਾਲ ਭਰਮਾ ਲਿਆ ਸੀ ਕਿ ਖ਼ਾਨਦਾਨੀ ਘਰਾਂ ਦੇ ਰਿਸ਼ਤੇ ਮੁਕੱਦਰਾਂ ਨਾਲ ਹੀ ਮਿਲਦੇ ਹਨ। ਪਰਿਵਾਰ ਏਕੜਾਂ ਵਿੱਚ ਫੈਲੀ ਜ਼ਮੀਨ ਜਾਇਦਾਦ ਦਾ ਮਾਲਕ ਸੀ। “ਕੀ ਹੋਇਆ ਜੇ ਮੁੰਡਾ ਦਸ ਸਾਲ ਵੱਡਾ ਤੇ ਘੱਟ ਪੜ੍ਹਿਆ ਲਿਖਿਆ? ਮਾਂ ਪਿਉ ਉੱਚ ਸਰਕਾਰੀ ਅਫਸਰ ਨੇ... ਕੁੜੀ ਸਾਰੀ ਉਮਰ ਸੁਖ ਭੋਗੇਗੀ।” ਰੂਪ ਸੁਣ ਕੇ ਸੁੰਨ ਹੋਈ ਪਈ ਸੀ। ਮਨ ਵਿੱਚ ਸੋਚ ਆਈ ‘ਜੇ ਮਾਪੇ ਇੰਨੇ ਉੱਚੇ ਅਹੁਦਿਆਂ ’ਤੇ ਨੇ ਤਾਂ ਪੁੱਤ ਕਿਉਂ ਪੜ੍ਹਾਈ ਵਿੱਚ ਪਛੜ ਗਿਆ ਅਤੇ ਉਮਰ ਕਿਉਂ ਵਡੇਰੀ ਹੋ ਗਈ?’
ਰੂਪ ਨੂੰ ਕਿਸੇ ਗੱਲ ਦੀ ਸਮਝ ਨਹੀਂ ਸੀ ਆ ਰਹੀ। ਜੇ ਆ ਰਹੀ ਸੀ ਤਾਂ ਸਿਰਫ਼ ਇੱਕੋ ਗੱਲ ਦੀ ਕਿ ਪਿਉ ਛੋਟਾ ਕਿਸਾਨ ਹੈ ਅਤੇ ਦੋ ਛੋਟੀਆਂ ਭੈਣਾਂ ਵੀ ਵਿਆਹੁਣ ਯੋਗ ਹਨ। ਬੱਸ ‘ਹਾਂ’ ਹੀ ਇੱਕ ਹੱਲ ਸੀ। ਵੈਸੇ ਵੀ ਉਸ ਨੇ ਬਾਪੂ ਦੀ ਗੱਲ ਕਦੇ ਮੋੜੀ ਨਹੀਂ ਸੀ। ਜੇ ਕਦੇ ਮਨ ਵਿੱਚ ਬਗ਼ਾਵਤੀ ਸੁਰਾਂ ਉੱਭਰੀਆਂ ਵੀ ਤਾਂ
ਬਾਪ ਦੇ ਚਿਹਰੇ ਸਾਹਵੇਂ ਟਿਕ ਨਹੀਂ ਸਕੀਆਂ ਸਨ। ਸਰਦਾਰਾਂ
ਨੂੰ ਦਾਜ ਦਹੇਜ ਦਾ ਕੋਈ ਲਾਲਚ ਨਹੀਂ ਸੀ। ਸੋ ਰੂਪ ਹੁਣ ਜ਼ੈਲਦਾਰਾਂ ਦੇ ਪਰਿਵਾਰ ਦੀ ਨੂੰਹ ‘ਬੀਬਾ ਰੂਪਵੰਤ ਕੌਰ ਗਰੇਵਾਲ’ ਬਣ ਗਈ ਸੀ।
ਗੁਗਨੀ ਦਾ ਫੋਨ ਸੀ, “ਸਹੇਲੀਏ, ਰਿਜ਼ਲਟ ਆ ਗਿਐ... ਤੂੰ ਤਾਂ ਮੇਰੇ ਤੋਂ ਵੀ ਬਾਜ਼ੀ ਮਾਰ ਗਈ। ਦਾਖਲਾ ਫਾਰਮ ਇਕੱਠੇ ਭਰਾਂਗੇ।” ਰੂਪ ਦੀ ਧਾਹ ਨਿਕਲ ਗਈ। ਆਵਾਜ਼ ਬੁੱਲ੍ਹਾਂ ਤੋਂ ਬਾਹਰ ਨਹੀਂ ਆ ਰਹੀ ਸੀ।
“ਰੂਪ... ਰੂਪ...” ਕੋਈ ਜਵਾਬ ਨਹੀਂ ਸੀ ਉੱਧਰੋਂ।
ਗੁਗਨੀ ਦਾ ਦਿਲ ਬੈਠ ਗਿਆ। ਜੇਰਾ ਜਿਹਾ ਕਰ ਕੇ ਫਿਰ ਫੋਨ ਲਾਇਆ। ਦਸ ਕੁ ਮਿੰਟਾਂ ਬਾਅਦ ਮੱਧਮ ਜਿਹੀ ਆਵਾਜ਼ ਆਈ, “ਭੈਣੇ, ਮੈਂ ਅੱਗੇ ਨਹੀਂ ਪੜ੍ਹਨਾ... ਮੇਰਾ ਵਿਆਹ ਹੋ...” ਫੋਨ ਕੱਟ ਗਿਆ। ਗੁਗਨੀ ਗ਼ਮ ਦੇ ਸਮੁੰਦਰ ਵਿੱਚ ਵਹਿ ਗਈ। ਉਸ ਦਾ ਮਨ ਉੱਡ ਕੇ ਰੂਪ ਦੇ ਪਿੰਡ ਜਾਣ ਨੂੰ ਕਰ ਰਿਹਾ ਸੀ। ਫਿਰ ਸੋਚ ਆਈ ਕਿ ਉਹ ਤਾਂ ਹੁਣ ਸਹੁਰੇ ਘਰ ਬੈਠੀ ਹੋਣੀ ਐ। ਇੱਕ ਡੂੰਘਾ ਰਹੱਸ ਉਸ ਦੇ ਸਾਹਮਣੇ ਆ ਖੜ੍ਹਾ ਸੀ। ਅੱਗੇ ਵਾਰਤਾਲਾਪ ਵੀ ਬੰਦ ਹੋ ਗਈ।
ਵੱਡੇ ਸ਼ਹਿਰ ਦੀ ਵੱਡੀ ਕੋਠੀ ਰੂਪ ਨੂੰ ਸੁੰਨੀ ਲੱਗਦੀ। ਸਾਰਾ ਦਿਨ ਚੁੱਪ-ਗੜੁੱਪ ਬੈਠੀ ਝੂਰਦੀ ਰਹਿੰਦੀ। ਸੱਸ ਕਿਸੇ ਨਾ ਕਿਸੇ ਬਹਾਨੇ ਉਸ ਨੂੰ ਪਰਚਾਉਣ ਦੀ ਕੋਸ਼ਿਸ਼ ਕਰਦੀ ਪਰ ਵਿਅਰਥ। ਪਤੀ ਮਹਿਤਾਬ ਸਿੰਘ ਹੋਰੀਂ ਪੰਜ ਭਰਾ ਸਨ, ਸਭ ਆਪਣੇ ਘਰਾਂ ਕੋਠੀਆਂ ਵਿੱਚ ਸ਼ਾਹਾਨਾ ਜੀਵਨ ਬਤੀਤ ਕਰਦੇ। ਜਾਇਦਾਦ ਸਾਰੇ ਪਰਿਵਾਰ ਦੀ ਸਾਂਝੀ ਸੀ ਅਤੇ ਬਟਵਾਰੇ ਬਾਰੇ ਕੋਈ ਕੁਸਕ ਨਹੀਂ ਸੀ ਸਕਦਾ ਜਿੰਨਾ ਚਿਰ ‘ਵੱਡੇ ਸਰਦਾਰ ਜੀ’ ਬੈਠੇ ਸਨ। ਮਹਿੰਗੇ ਲਬਿਾਸਾਂ ਅਤੇ ਗਹਿਣਿਆਂ ਨਾਲ ਲੱਦੀ ਹੋਈ ਵੀ ਰੂਪ ਆਪਣੇ ਆਪ ਨੂੰ ਗ਼ਰੀਬੜੀ ਜਿਹੀ ਸਮਝਦੀ। ਕਿਸੇ ਨਾਲ ਖੁੱਲ੍ਹ ਕੇ ਗੱਲ ਨਾ ਕਰਦੀ।
ਪੰਦਰਾਂ ਕੁ ਦਿਨਾਂ ਮਗਰੋਂ ਪੇਕੇ ਘਰ ਆਈ ਤਾਂ ਮਾਂ ਨੂੰ ਮਿਲ ਕੇ ਰੁਕਿਆ ਹੋਇਆ ਹੜ੍ਹ ਅੱਖਾਂ ਥਾਣੀਂ ਵਹਿ ਗਿਆ।
“ਮਾਂ, ਮੈਂ ਨੀ ਜਾਣਾ ਉੱਥੇ...” ਰੂਪ ਕੁਰਲਾ ਰਹੀ ਸੀ।
“ਧੀਏ, ਦੇਖ ਲੈ, ਹੁਣ ਤਾਂ ਸਾਡੀ ਇੱਜ਼ਤ ਤੇਰੇ ਹੱਥ ਐ,” ਮਾਤਾ ਦੇ ਬੋਲਾਂ ਵਿੱਚ ਲਾਚਾਰੀ ਸੀ।
ਰੂਪ ਸੋਚ ਰਹੀ ਸੀ ਕਿ ਮਾਂ ਨੂੰ ਕਿਵੇਂ ਸਮਝਾਵਾਂ। ਅਖੀਰ ਹੌਸਲਾ ਜਿਹਾ ਕਰ ਕੇ ਮਾਂ ਨੂੰ ਕੰਨ ਵਿੱਚ ਦੱਸਿਆ, “ਸਰਦਾਰ ਨਸ਼ੇੜੀ ਆ... ਉਹਦੇ ਕੋਲੋਂ ਕੋਈ ਫੁੱਲ ਖਿੜਨ ਦੀ ਆਸ ਨੀ ਮੈਨੂੰ...।” ਸੁਣ ਕੇ ਮਾਤਾ ਦੀ ਖਾਨਿਉਂ ਗਈ। ਰੂਪ ਦੇ ਪਿਉ ਬਚਿੱਤਰ ਸਿੰਹੁ ਨੂੰ ਵੀ ਡਾਢਾ ਝਟਕਾ ਲੱਗਿਆ।
“ਕੋਈ ਨੀ ਅਸੀਂ ਕਰਦੇ ਹਾਂ ਗੱਲ। ਸਾਡੇ ਨਾਲ ਧੋਖਾ ਹੋਇਆ। ਤੂੰ ਇੱਕ ਵਾਰ ਜਾਂਦੀ ਰਹਿ।” ਹੋਰ ਕੋਈ ਰਾਹ ਵੀ ਨਜ਼ਰ ਨਹੀਂ ਸੀ ਆ ਰਿਹਾ।
ਨਾ ਚਾਹੁੰਦੀ ਵੀ ਰੂਪ ਫਿਰ ਵੱਡੀ ਕੋਠੀ ਚਲੀ ਗਈ। ਪਿਉ ਦਾ ਚਿਹਰਾ ਸਾਹਮਣੇ ਆਣ ਖਲੋਤਾ ਸੀ। ਵੱਡੇ ਸਰਦਾਰ ਜੀ ਨੇ ਰੂਪ ਦੇ ਬਾਪ ਨੂੰ ਸਮਝਾ ਬੁਝਾ ਕੇ ਮੋੜ ਦਿੱਤਾ ਕਿ ਥੋੜ੍ਹਾ ਸਮਾਂ ਹੋਰ ਦਿਓ, ਮਹਿਤਾਬ ਦਾ ਡਾਕਟਰੀ ਇਲਾਜ ਚੱਲ ਰਿਹਾ ਹੈ। ‘ਕੋਈ ਹੋਰ ਚਾਰਾ ਵੀ ਤਾਂ ਨਹੀਂ, ਮੰਨਣ ਤੋਂ ਬਿਨਾਂ।’ ਅੱਜ ਹੋਰ, ਕੱਲ੍ਹ ਹੋਰ। ਪਤਾ ਨਹੀਂ ਇਲਾਜ ਦਾ ਅਸਰ ਸੀ ਜਾਂ ਕਿਸੇ ਮੰਨਤ ਦਾ, ਰੂਪ ਦੀ ਕੁੱਖ ਹਰੀ ਹੋ ਗਈ। ਮਨ ਨੂੰ ਧਰਵਾਸ ਮਿਲਿਆ। ਕਰਨਵੀਰ ਦੇ ਜਨਮ ਨਾਲ ਇਉਂ ਲੱਗਿਆ ਕਿ ਵੱਸਦਿਆਂ ਵਿੱਚ ਹੋ ਗਏ ਹਾਂ ਪਰ ਮਹਿਤਾਬ ਸਿੰਘ ਦੇ ਚਾਲੇ ਪਹਿਲਾਂ ਵਾਲੇ ਹੀ ਸਨ।
ਕਰਨਵੀਰ ਦੇ ਜਨਮ ਲੈਣ ਸਾਰ ਹੀ ਚਾਚਿਆਂ ਤਾਇਆਂ ਦੀਆਂ ਆਸਾਂ ’ਤੇ ਪਾਣੀ ਫਿਰ ਗਿਆ ਕਿਉਂਕਿ ਜਾਇਦਾਦ ਦਾ ਇੱਕ ਹੋਰ ਹਿੱਸੇਦਾਰ ਆ ਗਿਆ। ਹੌਲ਼ੀ ਹੌਲ਼ੀ ਕਰਨਵੀਰ ਨੂੰ ਆਪਣੇ ਪਾਲੇ ਵਿੱਚ ਕਰਨ ਦੀਆਂ ਵਿਉਂਤਾਂ ਬਣਨ ਲੱਗੀਆਂ ਕਿ ਉਸ ਨੂੰ ਭੜਕਾ ਕੇ ਮਾਂ ਪਿਉ ਤੋਂ ਦੂਰ ਕੀਤਾ ਜਾਵੇ। ਮਹਿਤਾਬ ਦੀ ਸਿਹਤ ਨਾਸਾਜ਼ ਸੀ ਪਰ ਸ਼ਰੀਕਾਂ ਨੇ ਕਰਨ ਨੂੰ ਸਟੱਡੀ ਵੀਜ਼ੇ ’ਤੇ ਕੈਨੇਡਾ ਭੇਜ ਦਿੱਤਾ। ‘ਵੱਡੇ ਸਰਦਾਰ ਜੀ’ ਦੇ ਜਿਉਂਦੇ ਜੀਅ ਸਾਰਾ ਖਰਚ ਸਾਂਝੀ ਜਾਇਦਾਦ ਵਿੱਚੋਂ ਹੋਣਾ ਸੀ। ਰੂਪ ਕੁਰਲਾਉਂਦੀ ਰਹੀ ਪਰ ਇਕੱਲੀ ਜਾਨ ਦੀ ਕੌਣ ਸੁਣਦਾ? ਮਹਿਤਾਬ ਸਿੰਘ ਨੂੰ ਤਾਂ ਕੋਈ ਸੁਧ ਹੀ ਨਹੀਂ ਸੀ। ਵੱਡੇ
ਸਰਦਾਰ ਵਿੱਚ ਰੂਪ ਨੂੰ ਆਪਣਾ ਹਮਦਰਦ ਦਿਸਦਾ ਸੀ।
ਉਹ ਵੀ ਇੱਕ ਦੋ ਦਿਨ ਹਸਪਤਾਲ ਦਾਖਲ ਰਹਿਣ ਮਗਰੋਂ ਅਲਵਿਦਾ ਕਹਿ ਗਏ।
ਰੂਪ ਫਿਰ ਸੁੰਨ-ਮਸੁੰਨ ਰਹਿਣ ਲੱਗੀ। ਕੁਝ ਸਮੇਂ ਬਾਅਦ ਕਰਨ ਨੇ ਫੋਨ ਕਰਨਾ ਅਤੇ ਸੁਣਨਾ ਬੰਦ ਕਰ ਦਿੱਤਾ। ਇਹ ਬਹੁਤ ਵੱਡੀ ਸੱਟ ਸੀ। ਚਾਰੇ ਪਾਸੇ ਹਨੇਰਾ ਛਾਇਆ ਲੱਗਦਾ। ਅੰਤ ਕਰਨਵੀਰ ਨੂੰ ਮਹਿਤਾਬ ਸਿੰਘ ਦੀ ਵਿਗੜ ਰਹੀ ਸਿਹਤ ਦਾ ਵਾਸਤਾ ਪਾ ਕੇ ਮੁੜਨ ਦਾ ਤਰਲਾ ਕੀਤਾ। ਰੂਪ ਨੂੰ ਭਰੀ ਦੁਨੀਆਂ ਵਿੱਚ ਪੁੱਤ ਦਾ ਸਹਾਰਾ ਹੀ ਸੀ। ਉਸ ਨੇ ਮਨ ਵਿੱਚ ਸੋਚ ਵਿਚਾਰ ਕਰ ਕੇ ਕਰਨਵੀਰ ਦਾ ਵਿਆਹ ਕਰਨ ਦੀ ਠਾਣ ਲਈ। ‘ਇੱਕ ਤਾਂ ਉਹ ਕੈਨੇਡਾ ਮੁੜਨ ਦੀ ਨਹੀਂ ਸੋਚੇਗਾ ਅਤੇ ਦੂਜਾ ਮਹਿਤਾਬ ਦੀ ਦੇਖਭਾਲ ਕਰੇਗਾ।’ ਪਰ ਉਹ ਤਾਂ ਕਿਸੇ ਹੋਰ ਮਿੱਟੀ ਦਾ ਬਣਿਆ ਸੀ। ਮਨ ਵਿੱਚ ਗੁੰਝਲਾਂ ਲਈ ਫਿਰਦਾ ਸੀ। ਬੜੀ ਧੂਮਧਾਮ ਨਾਲ ਕਰਨ ਦਾ ਵਿਆਹ ਕੀਤਾ। ਰੂਪ ਦੇ ਪਾਣੀ ਵਾਰਦੀ ਦੇ ਧਰਤੀ ’ਤੇ ਪੈਰ ਨਹੀਂ ਸਨ ਲੱਗ ਰਹੇ।
ਮਹਿਤਾਬ ਸਿੰਘ ਨੂੰ ਹਾਰਟ ਅਟੈਕ ਹੋਇਆ ਤਾਂ ਵੱਡੇ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਡਾਕਟਰਾਂ ਨੇ ਦੱਸ ਦਿੱਤਾ ਸੀ ਕਿ ਜ਼ਰੂਰੀ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਹਫ਼ਤੇ ਕੁ ਦੇ ਇਲਾਜ ਤੋਂ ਬਾਅਦ ਪ੍ਰਾਣ ਪੰਖੇਰੂ ਉੱਡ ਗਏ। ਰੂਪ ਫਿਰ ਇਕੱਲੀ ਹੋ ਗਈ। ਖ਼ੁਸ਼ੀਆਂ ਉਸ ਤੋਂ ਨਾਰਾਜ਼ ਹੋ ਗਈਆਂ ਸਨ। ਦੁਖਦਾਈ ਸੱਟ ਤਾਂ ਉਦੋਂ ਵੱਜੀ, ਜਦੋਂ ਕਰਨ ਨੇ ਇੱਕ ਦਿਨ ਰੂਪ ਦਾ ਹੱਥ ਆਪਣੇ ਸਿਰ ਉੱਪਰ ਰੱਖ ਕੇ ਸਹੁੰ ਖਾਣ ਲਈ ਕਿਹਾ, “ਮੌਮ, ਮੈਨੂੰ ਸੱਚ ਦੱਸ... ਮੈਂ ਕਿਸ ਦਾ ਪੁੱਤਰ ਹਾਂ?” ਰੂਪ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੂੰ ਲੱਗਿਆ ਕਿ ਧਰਤੀ ਹੁਣੇ ਵਿਹਲ ਦੇ ਦੇਵੇ ਤੇ ਉਹ ਉਸ ਵਿੱਚ ਸਮਾ ਜਾਵੇ। ਇਸ ਤਰ੍ਹਾਂ ਦਾ ਸਵਾਲ ਉਸਨੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ। ਸ਼ਰੀਕਾਂ ਦੀ ਬੇਵਜ੍ਹਾ ਲਾਈ ਤੀਲ੍ਹੀ ਨੇ ਸਭ ਕੁਝ ਰਾਖ ਕਰ ਦਿੱਤਾ ਸੀ।
ਕਰਨ ਨੇ ਸਾਫ਼ ਕਹਿ ਦਿੱਤਾ, “ਮੌਮ, ਵੀ ਆਰ ਨਾਟ ਕਮਫਟਅਬਲ ਵਿਦ ਯੂ।” ਰੂਪ ਨੇ ਕੋਠੀ ਛੱਡ ਕੇ ਜਾਣਾ ਬਿਹਤਰ ਸਮਝਿਆ। ਉਸ ਨੂੰ ਸ਼ਹਿਰ ਦੇ ਬਾਹਰਵਾਰ ਇੱਕ ਫਲੈਟ ਖਰੀਦ ਕੇ ਦੇ ਦਿੱਤਾ ਗਿਆ ਅਤੇ ਮਹੀਨਾਵਾਰ ਖਰਚ ਭੇਜਣ ਦਾ ਵੀ ਇਕਰਾਰ ਕੀਤਾ। ਕਿਸੇ ਵਾਕਫ਼ਕਾਰ ਦੇ ਪੁੱਛਣ ’ਤੇ ਉਹ ਦੱਸਦੀ, “ਮੈਂ ਆਪਣੀ ਇੱਛਾ ਨਾਲ ਇੱਥੇ ਖੁੱਲ੍ਹੀ ਹਵਾ ਵਿੱਚ ਸਾਹ ਲੈਣ ਆਈ ਹਾਂ। ਆਪਣੀ ਮਰਜ਼ੀ ਨਾਲ ਪਕਾਈਦਾ, ਮਰਜ਼ੀ ਨਾਲ ਖਾਈਦਾ। ਸ਼ਹਿਰ ਦੀ ਭੱਜ-ਦੌੜ ਨਾਲੋਂ ਸ਼ਾਂਤੀ ਐ।” ਪਰ ਮਨ ਦਾ ਸਕੂਨ ਤਾਂ ਕਦੋਂ ਦਾ ਉੱਡ ਚੁੱਕਾ ਸੀ। ਸਿਹਤ ਵੀ ਪਹਿਲਾਂ ਵਰਗੀ ਨਹੀਂ ਸੀ ਅਤੇ ਕਈ ਵਾਰ ਤਾਂ ਖਾਣਾ ਖਾਣ ਦਾ ਵੀ ਦਿਲ ਨਹੀਂ ਸੀ ਹੁੰਦਾ।
ਰੂਪ ਅਕਸਰ ਕੋਸ਼ਿਸ਼ ਕਰਦੀ ਕਿ ਪੜ੍ਹਨ ਲਿਖਣ ਵਿੱਚ ਮਨ ਪਰਚਿਆ ਰਹੇ। ਇੱਕ ਦਿਨ ਅਚਾਨਕ ਅਖ਼ਬਾਰ ਵਿੱਚ ਕਿਸੇ ਮੈਡੀਟੇਸ਼ਨ ਸੈਂਟਰ ਦੀ ਖ਼ਬਰ ਪੜ੍ਹੀ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਬਣੇ ਇਸ ਸ਼ਿਵਰ ਨੂੰ ਦੇਖਣ ਦਾ ਮਨ ਬਣਿਆ ਕਿ ‘ਸ਼ਾਇਦ ਕੋਈ ਠੰਢੀ ਹਵਾ ਦਾ ਬੁੱਲ੍ਹਾਂ ਅੰਦਰਲੀ ਅਗਨ ਨੂੰ ਸ਼ਾਂਤ ਕਰਨ ਵਿੱਚ ਸਹਾਈ ਹੋਵੇ।’ ਟੈਕਸੀ ਕੀਤੀ, ਫਾਸਲਾ ਜ਼ਿਆਦਾ ਦੂਰ ਨਹੀਂ ਸੀ।
ਸੈਂਟਰ ਸੱਚਮੁੱਚ ਹੀ ਰਮਣੀਕ ਜਗ੍ਹਾ ’ਤੇ ਬਣਿਆ ਹੋਇਆ ਸੀ। ਛੋਟੀਆਂ ਛੋਟੀਆਂ ਪਹਾੜੀਆਂ ਨਾਲ ਘਿਰਿਆ, ਕਈ ਤਰ੍ਹਾਂ ਦੇ ਕੁਦਰਤੀ ਰੁੱਖ, ਪੰਛੀਆਂ ਦੇ ਆਲ੍ਹਣੇ, ਫੁੱਲਾਂ ਦੀ ਵਾਦੀ।। ਗੇਟ ਦੇ ਅੰਦਰਵਾਰ ਕੋਈ ਉੱਚੀ ਕੰਕਰੀਟ ਦੀ ਇਮਾਰਤ ਨਜ਼ਰ ਨਹੀਂ ਆਈ। ਸਾਦੀਆਂ ਬਾਂਸ ਦੀਆਂ ਛਿਟੀਆਂ ਨਾਲ ਬਣੀਆਂ ਚਾਰਦੀਵਾਰੀਆਂ ਅਤੇ ਸਰਕੜੇ ਦੀਆਂ ਛੱਤਾਂ ਵਾਲੀਆਂ ਚਾਰ ਪੰਜ ਛੱਪਰੀਆਂ ਤੇ ਇੱਕ ਹਾਲ ਜਿਸ ਨੂੰ ‘ਅੰਤਰ ਧਿਆਨ ਕੇਂਦਰ’ ਕਹਿੰਦੇ, ਬਣੇ ਹੋਏ। ਕੇਂਦਰ ਦੇ ਅੰਦਰਲੇ ਵਾਸੀ ਸ਼ਾਂਤ ਚਿੱਤ, ਧੁੱਪ ਸੇਕਦੇ, ਕੁਦਰਤ ਨਾਲ ਗੱਲਾਂ ਕਰਦੇ, ਸ਼ੋਰ ਸ਼ਰਾਬੇ ਦੀ ਦੁਨੀਆਂ ਤੋਂ ਮੁਕਤ!
ਸੇਵਾਦਾਰ ਨੇ ਰੂਪ ਨੂੰ ਕੁਝ ਦੇਰ ਉਡੀਕ ਕਰਨ ਦੀ ਬੇਨਤੀ ਕੀਤੀ। ਉਸਦਾ ਹਿਰਦਾ ਅੰਦਰ ਆਉਣ ਸਾਰ ਕਿਸੇ ਮਾਨਸਿਕ ਸ਼ਾਂਤੀ ਵਿੱਚ ਤ੍ਰਿਪਤ ਹੋ ਗਿਆ ਸੀ। ਸਾਲਾਂ ਤੋਂ ਉਚਾਟ ਹੋਏ ਮਨ ਨੂੰ ਜਿਵੇਂ ਕਿਸੇ ਦੈਵੀ ਸ਼ਕਤੀ ਨੇ ਠਾਰ ਦਿੱਤਾ ਹੋਵੇ। ਸੇਵਾਦਾਰ ਦੀ ਆਵਾਜ਼ ਨਾਲ ਉਸ ਦਾ ਮੌਨ ਟੁੱਟਿਆ, “ਤੁਸੀਂ ਦੀਦੀ ਨੂੰ ਮਿਲ ਸਕਦੇ ਹੋ।” ਉਹ ਰੂਪ ਨੂੰ ਇੱਕ ਕੁਟੀਆ ਤੱਕ ਛੱਡ ਆਇਆ। ਅੰਦਰ ਸੂਰਜ ਦੀਆਂ ਕਿਰਨਾਂ ਨਾਲ ਨਿੰਮੀ ਨਿੰਮੀ ਚਾਨਣੀ ਬਿੱਖਰੀ ਹੋਈ ਸੀ। ਜ਼ਮੀਨ ਉੱਤੇ ਚਿੱਟੀਆਂ ਚਾਦਰਾਂ ਵਿਛੀਆਂ ਹੋਈਆਂ ਸਨ। ਕਿਸੇ ਕਿਸਮ ਦਾ ਫਰਨੀਚਰ ਜਾਂ ਹੋਰ ਸਾਜ਼ੋ-ਸਾਮਾਨ ਨਹੀਂ ਸੀ ਟਿਕਿਆ ਹੋਇਆ। ਇੱਕ ਖੂੰਜੇ ਵਿੱਚ ਦੋ ਤਿੰਨ ਅਲਮਾਰੀਆਂ ਵਿੱਚ ਕਿਤਾਬਾਂ ਰੱਖੀਆਂ ਹੋਈਆਂ। ਰੂਪ ਕੰਧ ਨਾਲ ਢੋਹ ਲਾ ਕੇ ਬੈਠ ਗਈ। ਨੇਤਰ ਬੰਦ... ਅੰਤਰ ਧਿਆਨ ਦੀ ਮੁਦਰਾ!
ਇੰਨੇ ਨੂੰ ਕੁਟੀਆ ਵਿੱਚ ਚਿੱਟੇ ਦੁੱਧ ਪਹਿਰਾਵੇ ਵਿੱਚ ਕਿਸੇ ਆਕਾਰ ਨੇ ਪ੍ਰਵੇਸ਼ ਕੀਤਾ। ਸੂਰਜੀ ਕਿਰਨਾਂ ਥੋੜ੍ਹੀਆਂ ਮੱਧਮ ਹੋਈਆਂ। ਫਿਰ ਰੌਸ਼ਨੀ ਪੂਰੀ ਕੁਟੀਆ ਵਿੱਚ ਫੈਲ ਗਈ।
‘ਦੀਦੀ’, ਰੂਪ ਦੇ ਸਾਹਮਣੇ ਖੜ੍ਹੀ ਸੀ... ਖ਼ਾਮੋਸ਼... ਮੰਤਰ ਮੁਗਧ। ਅੱਧਖੜ ਉਮਰ ਦੀ ਗੋਰੀ ਰੂਪ ਦੇ ਚੇਤਿਆਂ ਵਿੱਚ ਉੱਭਰ ਆਈ। ਹੂਬਹੂ ਕੱਦ ਕਾਠ ਅਤੇ ਰੰਗ ਰੂਪ।
“ਸਖੀ! ਤੂੰ...?” ਰੂਪ ਚੌਂਕ ਉੱਠੀ।
ਬਗਲਗੀਰ ਹੋਈਆਂ ਸਹੇਲੀਆਂ ਦੇ ਮੂੰਹੋਂ ਸ਼ਬਦ ਨਹੀਂ ਸਨ ਨਿਕਲ ਰਹੇ। ਬੱਸ ਨੈਣੋਂ ਨੀਰ ਵਹਿ ਰਿਹਾ ਸੀ।
“ਇਹ ਕੀ, ਅੜੀਏ... ਕੀ ਹੋਇਆ ਤੈਨੂੰ। ਮੈਂ ਤਾਂ ਇਸ ਤਰ੍ਹਾਂ ਨਹੀਂ ਸੀ ਛੱਡ ਕੇ ਆਈ ਆਪਣੀ ਲਾਡਲੀ ਨੂੰ...” ਕਿੰਨੇ ਹੀ ਸਵਾਲ ਗੁਗਨੀ ਨੇ ਇੱਕੋ ਸਾਹੇ ਕਰ ਦਿੱਤੇ।
ਚੁੱਪ ਫਿਰ ਛਾ ਗਈ।
ਮਨ ਹੌਲਾ ਹੋਇਆ ਤਾਂ ਰੂਪ ਨੇ ਸਾਰੀ ਵਿੱਥਿਆ ਸੁਣਾ ਦਿੱਤੀ। ਗੁਗਨੀ ਸੁਣ ਕੇ ਡਾਢੀ ਮੁਰਝਾ ਗਈ।
“ਕਿਸੇ ਨੂੰ ਦੋਸ਼ ਦੇਣ ਦਾ ਕੋਈ ਫਾਇਦਾ ਨੀ। ਅਤੀਤ ਨੂੰ ਅਤੀਤ ਰਹਿਣ ਦੇ। ਮੇਰੀ ਰੂਪ ਸਲਾਮਤ ਐ ਤਾਂ ਕੁਝ ਵੀ ਨਹੀਂ ਗੁਆਚਿਆ।” ਗੁਗਨੀ ਦੇ ਬੋਲ ਤਪਦੇ ਮਾਰੂਥਲ ਵਿੱਚ ਕਣੀਆਂ ਦੀ ਨਿਆਈਂ ਜਾਪੇ।
“ਹੁਣ ਤੂੰ ਆਪਣੀ ਸੁਣਾ... ਕਿੱਥੋਂ ਚੱਲ ਕੇ ਕਿੱਥੇ ਪਹੁੰਚ ਗਈ?” ਕਹਿੰਦੇ ਨੇ ਦੁੱਖ ਵੰਡਿਆਂ ਅੱਧਾ ਰਹਿ ਜਾਂਦਾ।
“ਐੱਮ.ਐੱਡ. ਮੈਂ ਪੂਰੀ ਕਰ ਲਈ ਸੀ। ਤੈਥੋਂ ਬਿਨਾਂ ਸਭ ਸੁੰਨਾ ਲੱਗਦਾ। ਡੈਡ ਦੀ ਬਦਲੀ ਕਪੂਰਥਲੇ ਤੋਂ ਲੇਹ ਦੀ ਹੋ ਗਈ ਸੀ। ਮੈਂ ਨਾਲ ਨਹੀਂ ਗਈ। ਇੱਥੇ ਹੀ ਜਾਬ ਜਾਇਨ ਕਰ ਲਈ ਸੀ।”
“ਪ੍ਰੀਤ ਇੰਦਰ ਨਾਲ ਗੱਲ ਹੁੰਦੀ ਰਹੀ?”
“ਉਹ ਜਦੋਂ ਵੀ ਫੋਨ ਕਰਦਾ, ਮੈਨੂੰ ਕੁਝ ਅਜੀਬ ਲੱਗਦਾ। ਸੋਚਦੀ ਸੀ ਉਹ ਵਾਪਸ ਆਏਗਾ, ਨਵੀਂ ਜ਼ਿੰਦਗੀ ਸ਼ੁਰੂ ਕਰਾਂਗੇ। ਮੈਂ ਉਸ ਦੇ ਸੁਪਨਿਆਂ ਵਿੱਚ ਗੁਆਚੀ ਰਹਿੰਦੀ...।” ਗੁਗਨੀ ਦਾ ਮਨ ਉਦਾਸ ਸੀ।
“ਅੱਜਕੱਲ੍ਹ ਕਿੱਥੇ ਐ?”
“ਕੈਥਰੀਨ ਨਾਲ ਯੂਰਪ ਘੁੰਮ ਰਿਹਾ ਹੋਣੈ। ਇੰਡੀਆ ਆਇਆ ਤਾਂ ਕਹਿੰਦਾ ਲੰਡਨ ਦੀ ਗੋਰੀ ਨੇ ਪ੍ਰੋਪੋਜ਼ ਕੀਤਾ ਮੈਨੂੰ... ਮੈਂ ਨਾਂਹ ਨਹੀਂ ਕਰ ਸਕਿਆ। ਸੋ ਸੌਰੀ...।”
“ਇਹ ਪਰਵਾਸੀ ਪੰਛੀ ਹੁੰਦੇ ਨੇ ਅੜੀਏ...।”
“ਮੈਂ ਵੀ ਕਹਿ ਦਿੱਤਾ... ਮੈਂ ਤਾਂ ਤੈਨੂੰ ਪਿਆਰ ਕੀਤਾ ਸੀ। ਜੇ ਤੂੰ ਨਹੀਂ ਤਾਂ ਕੋਈ ਵੀ ਨਹੀਂ। ਡੈਡ ਨੇ ਮੇਰੇ ਨਾਂ ’ਤੇ ਕੋਠੀ ਖਰੀਦੀ ਸੀ ਮੁਹਾਲੀ... ਵੇਚ ਕੇ ਇੱਥੇ ਆ ਗਈ। ਮੈਨੂੰ ਇੱਥੇ ਠੰਢਕ ਮਿਲੀ... 15-20 ਲਾਚਾਰ ਬਿਰਧ ਨੇ ਇੱਥੇ। ਪਾਠ ਪੂਜਾ ਕਰਦੇ ਨੇ। ਜਦੋਂ ਮੈਂ ਉਨ੍ਹਾਂ ਦੇ ਚਿਹਰਿਆਂ ’ਤੇ ਰੌਣਕ ਦੇਖਦੀ ਹਾਂ ਤਾਂ ਰੂਹ ਖਿੜ ਜਾਂਦੀ ਐ। ਵਕਤ ਗੁਜ਼ਾਰਨਾ ਚੰਗਾ ਲੱਗਦਾ।”
ਰਾਤ ਕਾਫ਼ੀ ਬੀਤ ਚੁੱਕੀ ਸੀ। ਰੂਪ ਨੂੰ ਸ਼ਾਇਦ ਵਰ੍ਹਿਆਂ ਬਾਅਦ ਨੀਂਦਰ ਰਾਣੀ ਨੇ ਰੱਜ ਕੇ ਘੇਰਿਆ ਸੀ। ਸਵੇਰ ਦੀ ਲਾਲੀ ਵਿੱਚ ਜੀਅ ਭਰ ਕੇ ਆਸ਼ਰਮ ਨੂੰ ਤੱਕਿਆ। ਬੜੇ ਸਾਲਾਂ ਪਿੱਛੋਂ ਸੂਰਜ ਦਾ ਨਿੱਘ ਮਹਿਸੂਸ ਕੀਤਾ।
“ਫਿਰ ਮਨਾਲੀ ਜਾਣ ਨੂੰ ਦਿਲ ਨੀ ਕਰਦਾ?” ਰੂਪ ਨੇ ਛੇੜਿਆ।
“ਮਨਾਲੀ ਨੇ ਬਹੁਤ ਕੁਝ ਸਿਖਾਇਆ... ਰੋਜ਼ਾਲਿਨ ਰੋਲ ਮਾਡਲ ਬਣ ਕੇ ਸਾਹਮਣੇ ਆ ਖੜੋਂਦੀ ਆ। ਜ਼ਿੰਦਗੀ ਜਿਉਣ ਦਾ ਢੰਗ ਦੱਸਿਆ ਉਹਨੇ। ਸ਼ੀਸ਼ੇ ਸਾਹਵੇਂ ਖਲੋ ਆਪਣੇ ਨਾਲ ਸੰਵਾਦ ਰਚਾਉਣ ਦਾ।” ‘ਦੀਦੀ’ ਸਹਿਜ ਸੀ।
“ਚੰਗਾ ਸਖੀਏ... ਮੈਂ ਫਿਰ ਆਵਾਂਗੀ।” ਰੂਪ ਨੇ ਅਣਮੰਨੇ ਜਿਹੇ ਦਿਲ ਨਾਲ ਜਾਣ ਦੀ ਆਗਿਆ ਮੰਗੀ।
“ਨਾ ਸਹੇਲੀਏ ਨਾ... ਹੁਣ ਨੀ ਵਿੱਛੜਨਾ... ਇਹ ਆਲਾ ਦੁਆਲਾ ਤੇਰਾ ਏ ਤੇ ਤੂੰ ਮੇਰੀ। ਤੈਥੋਂ ਬਿਨਾਂ ਮੈਂ ਅਧੂਰੀ ਸੀ।”
“ਮੈਂ ਵੀ...” ਰੂਪ ਦੇ ਬੁੱਲ੍ਹ ਫ਼ਰਕੇ।
ਸੰਪਰਕ: 89684-33500