ਛੱਤ ਡਿੱਗਣ ਅਤੇ ਅੱਗ ਲੱਗਣ ਕਾਰਨ ਅੱਧੀ ਦਰਜਨ ਵਿਅਕਤੀ ਜ਼ਖ਼ਮੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਦਸੰਬਰ
ਉੱਤਰੀ ਦਿੱਲੀ ਵਿੱਚ ਅੱਜ ਦੋ ਮੰਜ਼ਿਲਾ ਮਕਾਨ ਦੀ ਛੱਤ ਡਿੱਗਣ ਅਤੇ ਅੱਗ ਲੱਗਣ ਕਾਰਨ ਇੱਕ ਪਰਿਵਾਰ ਦੇ ਛੇ ਮੈਂਬਰ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 7 ਵਜੇ ਦੇ ਕਰੀਬ ਸ਼ਨੀ ਬਾਜ਼ਾਰ ਇਲਾਕੇ ਵਿੱਚ ਵਾਪਰੀ। ਜਦੋੋਂ ਇਹ ਘਟਨਾ ਵਾਪਰੀ ਉਦੋਂ ਪਰਿਵਾਰ ਖਾਣਾ ਬਣਾ ਰਿਹਾ ਸੀ, ਜਿਸ ਕਾਰਨ ਪਰਿਵਾਰ ਦੇ ਜੀਅ ਝੁਲਸ ਗਏ ਅਤੇ ਜ਼ਖਮੀ ਹੋ ਗਏ। ਦਿੱਲੀ ਫਾਇਰ ਵਿਭਾਗ ਦੇ ਮੁਖੀ ਅਤੁਲ ਗਰਗ ਨੇ ਕਿਹਾ ਕਿ ਸਾਨੂੰ ਸਵੇਰੇ 7.53 ਵਜੇ ਨਰੇਲਾ ਦੇ ਸ਼ਨੀ ਬਾਜ਼ਾਰ ਖੇਤਰ ਵਿੱਚ ਅੱਗ ਲੱਗਣ ਅਤੇ ਇਮਾਰਤ ਢਹਿਣ ਦੀ ਸੂਚਨਾ ਮਿਲੀ। ਦੋ ਫਾਇਰ ਟੈਂਡਰ ਤੁਰੰਤ ਮੌਕੇ ’ਤੇ ਪਹੁੰਚਾਏ ਗਏ। ਉਨ੍ਹਾਂ ਕਿਹਾ ਕਿ ਡੀਡੀਏ ਜਨਤਾ ਫਲੈਟ ਦੀ ਛੱਤ ਡਿੱਗ ਗਈ।
ਇਸ ਕਾਰਨ ਪੀਐੱਨਜੀ ਗੈਸ ਪਾਈਪ ਲਾਈਨ ਟੁੱਟ ਗਈ ਅਤੇ ਅੱਗ ਲੱਗ ਗਈ। ਅੱਗ ਸਾਰੇ ਘਰ ਵਿੱਚ ਫੈਲ ਗਈ। ਰਾਜੂ (40), ਉਸ ਦੀ ਪਤਨੀ ਰਾਜੇਸ਼ਵਰੀ (35), ਉਨ੍ਹਾਂ ਦਾ ਪੁੱਤਰ ਰਾਹੁਲ (18), ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਮੋਹਿਨੀ (12), ਵਰਸ਼ਾ (5) ਅਤੇ ਮਾਹੀ (3) ਰਸੋਈ ਵਿੱਚ ਸਨ ਜਦੋਂ ਛੱਤ ਡਿੱਗ ਗਈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਮਲਬੇ ਹੇਠੋਂ ਕੱਢਿਆ ਗਿਆ। ਜ਼ਖਮੀਆਂ ਨੂੰ ਰਾਜਾ ਹਰੀਸ਼ਚੰਦਰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਡਾਕਟਰਾਂ ਨੇ ਕਿਹਾ ਕਿ ਪਰਿਵਾਰ ਦੇ ਮੈਂਬਰਾਂ ਨੂੰ ਮਲਬੇ ਤੋਂ ਪ੍ਰਭਾਵਿਤ ਸੱਟਾਂ ਅਤੇ ਖਾਣਾ ਪਕਾਉਣ ਵਾਲੀ ਅੱਗ ਦੇ ਨੇੜੇ ਹੋਣ ਕਾਰਨ ਲੱਗੀਆਂ। ਡਾਕਟਰਾਂ ਅਨੁਸਾਰ ਰਾਜੂ 52 ਫ਼ੀਸਦੀ, ਉਸ ਦੀ ਪਤਨੀ 45 ਅਤੇ ਪੁੱਤਰ 45 ਫ਼ੀਸਦੀ ਝੁਲਸ ਗਿਆ। ਉਨ੍ਹਾਂ ਦੱਸਿਆ ਕਿ ਉਸ ਦੀਆਂ ਧੀਆਂ ਮੋਹਿਨੀ, ਵਰਸ਼ਾ ਅਤੇ ਮਾਹੀ ਕ੍ਰਮਵਾਰ 50 ਫ਼ਿੀਸਦੀ, ਛੇ ਅਤੇ ਅੱਠ ਫ਼ੀਸਦੀ ਝੁਲਸ ਗਈਆਂ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।