ਤੇਂਦੁਏ ਨਾਲ ਮਜ਼ਾਕ ਕਰਨਾ ਪਿਆ ਮਹਿੰਗਾ, ਵੀਡੀਓ ਵਾਇਰਲ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 23 ਅਕਤੂਬਰ
ਮੱਧ ਪ੍ਰਦੇਸ਼ ਦੇ ਸ਼ਾਹਡੋਲ ਵਿੱਚ ਤੇਂਦੁਏ ਵੱਲੋਂ ਹਮਲਾ ਕੀਤੇ ਜਾਣ ਦੀ ਘਟਨਾ ਵਾਪਰਨ ਤੋਂ ਬਾਅਦ ਇੱਕ ਜੰਗਲੀ ਰੇਂਜ ਵਿੱਚ ਕੁਝ ਦਿਨ ਪਹਿਲਾਂ ਇਸ ਖੇਤਰ ਤੋਂ ਦੂਰ ਰਹਿਣ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ।
ਪਰ ਪਿਕਨਿਕ ਮਨਾਉਣ ਲਈ ਆਏ ਵਿਅਕਤੀਆਂ ਦੇ ਇੱਕ ਸਮੂਹ ਨੇ ਜੰਗਲ ਵਿੱਚ ਜਾਣ ਤੋਂ ਗੁਰੇਜ਼ ਨਹੀਂ ਕੀਤਾ ਜਿਸ ਦੇ ਨਤੀਜੇ ਵਜੋਂ ਉਨ੍ਹਾਂ ਵਿੱਚੋਂ ਇੱਕ ਨੂੰ ਤੇਂਦੁਏ ਦੇ ਹਮਲੇ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ ਕੁੱਝ ਵਿਅਕਤੀ ਸ਼ਾਹਡੋਲ ਰੇਂਜ ਦੇ ਖਿਤੌਲੀ ਬੀਟ ਵਿੱਚ ਸੋਨ ਨਦੀ ਦੇ ਕੋਲ ਪਿਕਨਿਕ ਮਨਾ ਰਹੇ ਸਨ। ਉਨ੍ਹਾਂ ਵਿੱਚੋਂ ਇੱਕ ਵੱਲੋਂ ਸ਼ੂਟ ਕੀਤੀ ਗਈ ਇੱਕ 30 ਸੈਕਿੰਡ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿਚ ਤੇਂਦੁਆ ਉਨ੍ਹਾਂ ’ਤੇ ਹਮਲਾ ਕਰਦਾ ਦਿਖਾਈ ਦਿੰਦਾ ਹੈ।
ਵੀਡੀਓ ਰਿਕਾਰਡ ਕਰਦਿਆਂ ਤੇਂਦੁਏ ਨੂੰ ਹਮਲਾ ਕਰਨ ਲਈ ਉਕਸਾਇਆ
ਪਿਕਨਿਕ ਮਨਾਉਣ ਲਈ ਆਏ ਵਿਅਕਤੀਆਂ ਨੇ ਵੀਡੀਓ ਰਿਕਾਰਿਡੰਗ ਕਰਦਿਆਂ ਤੇਂਦੁਏ ਨੂੰ ਹਮਲਾ ਕਰਨ ਨੂੰ ਉਕਸਾਇਆ ਸੀ। ਤੇਂਦੁਏ ਦੇ ਹਮਲੇ ’ਚ ਤਿੰਨ ਵਿਅਕਤੀ ਜ਼ਖਮੀ ਹੋ ਗਏ। ਸ਼ਿਕਾਰ ਹੋਏ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਵੀਡੀਓ ਦੀ ਸ਼ੁਰੂਆਤ ਵਿਅਕਤੀਆਂ ਦੇ ਸਮੂਹ ਵੱਲੋਂ ਚੀਤੇ ਨੂੰ ਬੁਲਾਉਣ ਨਾਲ ਹੁੰਦੀ ਹੈ, ਜੋ ਝਾੜੀਆਂ ਵਿੱਚ ਲੁਕਿਆ ਹੋਇਆ ਸੀ, ਉਹ ਤੇਂਦੁਏ ਨੂੰ "ਆਜਾ ਆਜਾ" ਕਹਿ ਰਹੇ ਸਨ ਅਤੇ ਇਕ ਵੀਡੀਓ ਸ਼ੂਟ ਕਰ ਰਿਹਾ ਸੀ। ਹਾਲਾਂਕਿ, ਉਨ੍ਹਾਂ ਦਾ ਇਹ ਮਜ਼ਾ ਜਲਦੀ ਹੀ ਦਹਿਸ਼ਤ ਵਿੱਚ ਬਦਲ ਗਿਆ ਜਦੋਂ ਤੇਂਦੁਆ ਦੌੜਦਾ ਆਇਆ ਅਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।
ਦੇਖੋ ਵਾਇਰਲ ਵੀਡੀਓ:-
ਇਸ ਦੌਰਾਨ ਤੇਂਦੁਏ ਨੇ ਦੋ ਲੋਕਾਂ ’ਤੇ ਹਮਲਾ ਕੀਤਾ ਅਤੇ ਇਕ ਹੋਰ ਵਿਅਕਤੀ ਨੂੰ ਜ਼ਮੀਨ ’ਤੇ ਘਸੀਟ ਕੇ ਲੈ ਗਿਆ, ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਹਮਲੇ ਵਿਚ ਆਪਣੀ ਜਾਨ ਬਚਾਉਣ ਲਈ ਸਭ ਨੇ ਇੱਧਰ ਉੱਧਰ ਭੱਜਣਾ ਸ਼ੁਰੂ ਕਰ ਦਿੱਤਾ। ਇਹ ਸਾਰੀ ਘਟਨਾ ਉਨ੍ਹਾਂ ਵੱਲੋਂ ਬਣਾਈ ਜਾ ਰਹੀ ਵੀਡੀਓ ਵਿਚ ਕੈਦ ਹੋ ਗਈ।