ਪੁਸਤਕ ਮੇਲੇ ’ਚ ਖਿੱਚ ਦਾ ਕੇਂਦਰ ਬਣਿਆ ਗੁਰਵਿੰਦਰ ਦਾ ਸਟਾਲ
ਸਤਵਿੰਦਰ ਬਸਰਾ
ਲੁਧਿਆਣਾ, 15 ਨਵੰਬਰ
ਜਲਾਲੇਆਣਾ ਪਿੰਡ ਦੇ ਗੁਰਵਿੰਦਰ ਸਿੰਘ ਵੱਲੋਂ ਪੰਜਾਬੀ ਭਵਨ ਵਿੱਚ ਪੁਸਤਕ ਮੇਲੇ ਵਿੱਚ ਲਾਏ ਸਟਾਲ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੁਰਵਿੰਦਰ ਦਾ ਮੰਨਣਾ ਹੈ ਕਿ ਕਿਸੇ ਵੀ ਬੋਲੀ ਨੂੰ ਬੋਲਣ ਵਾਲੇ ਹੀ ਉਸ ਨੂੰ ਸਿਖਰਾਂ ’ਤੇ ਵੀ ਲੈ ਕੇ ਜਾਂਦੇ ਹਨ ਤੇ ਉਨ੍ਹਾਂ ਕਰਕੇ ਹੀ ਕੋਈ ਬੋਲੀ ਸਿਵਿਆਂ ’ਚ ਵੀ ਪੁੱਜਦੀ ਹੈ। ਪੰਜਾਬੀ ਮਾਂ ਬੋਲੀ ਨੂੰ ਲੋਕਾਂ ਵਿੱਚ ਦੁਬਾਰਾ ਬਣਦਾ ਸਨਮਾਨ ਦਿਵਾਉਣ ਲਈ ਗੁਰਵਿੰਦਰ ਸਿੰਘ ਨੇ ਫਾਇਨਾਂਸ ਦੀ ਰਿਕਵਰੀ ਕਰਨ ਦਾ ਕੰਮ ਛੱਡ ਗੁਰਮੁਖੀ ਦੀ ਸੇਵਾ ਕਰਨ ਲਈ ਹੁਣ ਉਹ ਗੁਰਮੁਖੀ ਲਿਖੀਆਂ ਫੱਟੀਆਂ ਅਤੇ ਹੋਰ ਸਾਮਾਨ ਤਿਆਰ ਕਰਕੇ ਵੱਖ ਵੱਖ ਥਾਵਾਂ ’ਤੇ ਸਟਾਲ ਲਾਉਂਦਾ ਹੈ। ਇਸ ਵੱਲੋਂ ਤਿਆਰ ਗੁਰਮੁਖੀ ਲਿਖੀ ਘੜੀ ਅਤੇ ਹੋਰ ਸਾਮਾਨ ਦੀ ਮੰਗ ਵਿਦੇਸ਼ਾਂ ’ਚ ਰਹਿੰਦੇ ਪੰਜਾਬੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ। ਅੱਜਕਲ੍ਹ ਗੁਰਵਿੰਦਰ ਸਿੰਘ ਪੰਜਾਬੀ ਭਵਨ ਵਿੱਚ ਚੱਲ ਰਹੇ ਪੁਸਤਕ ਮੇਲੇ ਵਿੱਚ ਪਹੁੰਚਿਆ ਹੋਇਆ ਹੈ। ਉਸ ਵੱਲੋਂ ਰੱਖਿਆ ਸਾਰਾ ਹੀ ਸਾਮਾਨ ਵਾਤਾਵਰਨ ਅਨੁਕੂਲ ਹੈ। ਉਸ ਨੇ ਬਾਂਸ ਦੇ ਕੋਲਿਆਂ ਨਾਲ ਤਿਆਰ ਕੀਤਾ ਸਾਬਣ ਵੀ ਰੱਖਿਆ ਹੋਇਆ ਹੈ। ਇਸੇ ਤਰ੍ਹਾਂ ਗੁਰਮੁਖੀ ਲਿਖੀ ਫੱਟੀ ਤੇ ਹੋਰ ਸਾਮਾਨ ਵੀ ਬਹੁਤ ਘੱਟ ਕੀਮਤ ’ਤੇ ਰੱਖਿਆ ਗਿਆ ਹੈ। ਗੁਰਵਿੰਦਰ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ ਤੇ ਇਸੇ ਸ਼ੌਕ ਸਦਕਾ ਉਹ ਇਸ ਕੰਮ ਵਿੱਚ ਰੁੱਝਿਆ ਹੈ। ਅੱਜ ਕਲ੍ਹ ਉਹ ਗੁਰੂ ਗ੍ਰੰਥ ਸਾਹਿਬ ’ਤ ਖੋਜ ਕਰ ਰਿਹਾ ਹੈ। ਗੁਰਵਿੰਦਰ ਨੇ ‘ਸਾਥ ਸਮਾਜਿਕ ਗੂੰਜ’ ਨਾਂ ਦੀ ਸੰਸਥਾ ਬਣਾਈ ਹੈ ਜਿਸ ਰਾਹੀਂ ਉਹ ਸਕੂਲਾਂ/ਕਾਲਜਾਂ ਵਿੱਚ ਗੁਰਬਾਣੀ, ਵਾਤਾਵਰਨ, ਖੇਤੀਬਾੜੀ ਆਦਿ ਵਿਸ਼ਿਆਂ ’ਤੇ ਸੈਮੀਨਾਰ ਕਰਵਾਉਂਦਾ ਹੈ।