For the best experience, open
https://m.punjabitribuneonline.com
on your mobile browser.
Advertisement

ਬਾਬਾ ਦੀਪ ਸਿੰਘ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਟਾਹਲਾ ਸਾਹਿਬ

07:46 PM Jun 29, 2023 IST
ਬਾਬਾ ਦੀਪ ਸਿੰਘ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਟਾਹਲਾ ਸਾਹਿਬ
Advertisement

ਪ੍ਰੋ. ਸਰਚਾਂਦ ਸਿੰਘ ਖਿਆਲਾ*

Advertisement

ਅਠਾਰ੍ਹਵੀਂ ਸਦੀ ਦੇ ਮੱਧ (1757 ਈ.) ਵਿੱਚ ਜੰਗ ਦੇ ਮੈਦਾਨ ਦਾ ਉਹ ਅਦਭੁਤ ਦ੍ਰਿਸ਼ ਸ਼ਾਇਦ ਹੀ ਦੁਨੀਆਂ ਨੇ ਪਹਿਲਾਂ ਕਦੇ ਦੇਖਿਆ ਜਾਂ ਸੁਣਿਆ ਹੋਵੇ। ਗੁਰੂ ਨਗਰੀ ਅੰਮ੍ਰਿਤਸਰ ਤੋਂ ਤਰਨ ਤਾਰਨ ਵਾਲੇ ਪਾਸੇ ਪਿੰਡ ਚੱਬਾ ਅਤੇ ਪਿੰਡ ਗੁਰੂਵਾਲੀ ਦੇ ਵਿਚਕਾਰ ਰਣ ਤੱਤੇ ‘ਚ ਦੋਹਾਂ ਦਲਾਂ ਦੇ ਸੂਰਬੀਰ ਰਣ ਸਿੰਗਾਂ ਅਤੇ ਨਗਾਰਿਆਂ ਦੀ ਗੂੰਜ ਵਿਚ ਇਕ ਦੂਜੇ ਨੂੰ ਲਲਕਾਰ ਕੇ ਟੁੱਟ ਕੇ ਪੈ ਰਹੇ ਹਨ। ਗੋਲੀਆਂ, ਤਲਵਾਰਾਂ ਦੀ ਖਣਕ ਅਤੇ ਜੈਕਾਰਿਆਂ ਦੀ ਗੂੰਜ ‘ਚ ਕਈ ਬਿਨਾ ਸੀਸ ਅਤੇ ਉਨ੍ਹਾਂ ‘ਚੋਂ ਇਕ ਤਾਂ ਖੱਬੇ ਹੱਥ ਦੀ ਹਥੇਲੀ ‘ਤੇ ਸੀਸ ਟਿਕਾਈ ਦੁਸ਼ਮਣਾਂ ਦਾ ਆਹੂ ਲਾਹ ਰਿਹਾ ਹੈ। ਇਹ ਜੋ ਪਾਵਨ ਸੀਸ ਖੱਬੀ ਤਲੀ ‘ਤੇ ਧਰ ਕੇ ਸਵਾ ਮਣ ਦਾ ਖੰਡਾ ਵਾਹੁੰਦਾ ਹੋਇਆ ਲੜ ਰਿਹਾ ਹੈ, ਇਹ ਕੋਈ ਹੋਰ ਨਹੀਂ, ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ, ਸ਼ਸਤਰ ਤੇ ਸ਼ਾਸਤਰ ਦਾ ਸੁਮੇਲ, 75 ਸਾਲਾਂ ਦੇ ਬੁੱਢਾ ਜਰਨੈਲ ਜਥੇਦਾਰ ਬਾਬਾ ਦੀਪ ਸਿੰਘ ਹਨ।

ਇਸ ਯੋਧੇ ਦਾ ਜਨਮ ਪਿੰਡ ਪਹੁਵਿੰਡ, ਜ਼ਿਲ੍ਹਾ ਤਰਨ ਤਾਰਨ ਵਿੱਚ ਬਾਬਾ ਭਗਤਾ ਜੀ ਅਤੇ ਮਾਤਾ ਜਿਉਣੀ ਦੇ ਘਰ 26 ਜਨਵਰੀ, 1682 ਈ: (14 ਮਾਘ) ਨੂੰ ਹੋਇਆ। ਛੋਟੀ ਉਮਰ ਵਿਚ ਹੀ ਉਨ੍ਹਾਂ ਨੂੰ ਗੁਰਬਾਣੀ ਪੜ੍ਹਨ, ਕੀਰਤਨ ਕਰਨ ਅਤੇ ਸਵੇਰ ਸ਼ਾਮ ਸਤਿਸੰਗ ਕਰਨ ਦਾ ਸ਼ੌਕ ਸੀ। ਜਦੋਂ ਵੀ ਸਮਾਂ ਮਿਲਦਾ ਉਹ ਘੋੜ ਸਵਾਰੀ ਅਤੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ। ਬਚਪਨ ‘ਚ ਹੀ ਉਹ ਆਨੰਦਪੁਰ ਸਾਹਿਬ ਚਲੇ ਗਏ, ਜਿੱਥੇ ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਹੱਥੋਂ ਅੰਮ੍ਰਿਤਪਾਨ ਕੀਤਾ। ਗੁਰੂ ਸਾਹਿਬ ਦੇ ਨਜ਼ਦੀਕੀਆਂ ‘ਚ ਗਿਣੇ ਜਾਂਦੇ ਅਤੇ ਗੁਰੂ ਸਾਹਿਬ ਵੱਲੋਂ ਲੜੀਆਂ ਗਈਆਂ ਯੁੱਧਾਂ ‘ਚ ਵੀ ਉਨ੍ਹਾਂ ਦਾ ਕਾਫੀ ਯੋਗਦਾਨ ਰਿਹਾ।

ਸ੍ਰੀ ਆਨੰਦਪੁਰ ਸਾਹਿਬ ਤੋਂ ਲੈ ਕੇ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ 1704 ਈ. ‘ਚ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ। ਇੱਥੇ ਦਸਮੇਸ਼ ਪਿਤਾ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਿੰਘਾਂ ਨਾਲ ਕੀਤੇ ਵਾਅਦੇ ਮੁਤਾਬਕ ਗੁਰਬਾਣੀ ਦੇ ਅਰਥ ਪੜ੍ਹਾਉਣ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਨ ਲਈ ਧੀਰਮੱਲੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਦੇਣ ‘ਤੇ ਗੁਰੂ ਸਾਹਿਬ ਨੇ ਆਪ ਗੁਰਬਾਣੀ ਉਚਾਰਨ ਕਰਦਿਆਂ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਅਤੇ ਬਾਬਾ ਦੀਪ ਸਿੰਘ ਦੀ ਕਲਮਾਂ, ਸਿਆਹੀ ਤੇ ਕਾਗ਼ਜ਼ ਦਾ ਪ੍ਰਬੰਧ ਕਰਨ ਦੀ ਸੇਵਾ ਲਾਈ ਗਈ। ਗੁਰੂ ਸਾਹਿਬ ਉਚਾਰੀ ਹੋਈ ਬਾਣੀ ਦੇ ਅਰਥ ਸ਼ਾਮ ਨੂੰ ਸਾਰੇ ਸਿੰਘਾਂ ਨੂੰ ਸੁਣਾਉਂਦੇ। ਇਸੇ ਵਕਤ ਹੀ ਅਰਥਾਂ ਦੀ ਟਕਸਾਲ ਆਰੰਭ ਹੋਈ। ਇੱਥੇ ਹੀ ਗੁਰੂ ਸਾਹਿਬ ਨੇ ਬਾਬਾ ਦੀਪ ਸਿੰਘ ਜੀ ਨੂੰ ਟਕਸਾਲ ਦਾ ਮੁਖੀ ਥਾਪਦਿਆਂ ਸੰਗਤ ਨੂੰ ਗੁਰਬਾਣੀ ਦਾ ਸ਼ੁੱਧ ਉਚਾਰਨ ਸਰਵਣ ਕਰਾਉਣ ਅਤੇ ਅਰਥ ਪੜ੍ਹਾਉਣ ਦੀ ਸੇਵਾ ਸੌਂਪੀ। ਬਾਬਾ ਦੀਪ ਸਿੰਘ ਜੀ 1748 ਈਸਵੀ ਦੌਰਾਨ ਕਾਇਮ ਕੀਤੀਆਂ ਗਈਆਂ 12 ਮਿਸਲਾਂ ‘ਚੋਂ ਮਿਸਲ ਸ਼ਹੀਦਾਂ ਦੇ ਪ੍ਰਥਮ ਮੁਖੀ ਵੀ ਸਨ।

ਖ਼ਾਲਸੇ ਨੇ ਮਜ਼ਲੂਮ ਤੇ ਗ਼ਰੀਬ ਦੀ ਰੱਖਿਆ ਅਤੇ ਅਨਿਆਂ ਵਿਰੁੱਧ ਡਟ ਕੇ ਪਹਿਰਾ ਦੇਣ ਦੀ ਪਰੰਪਰਾ ਉੱਪਰ ਹਮੇਸ਼ਾ ਪਹਿਰਾ ਦਿੱਤਾ। ਮੁਗ਼ਲ ਹੋਵੇ ਜਾਂ ਅਫ਼ਗ਼ਾਨ ਧਾੜਵੀ, ਸਭ ਨਾਲ ਜ਼ਬਰਦਸਤ ਟੱਕਰ ਲਈ। 18ਵੀਂ ਸਦੀ ਦੌਰਾਨ ਅਫਗਾਨੀ ਅਹਿਮਦ ਸ਼ਾਹ ਦੁਰਾਨੀ (ਅਬਦਾਲੀ) ਨੇ ਭਾਰਤ ਦੀ ਖ਼ੂਬ ਲੁੱਟ ਕੀਤੀ। ਉਸ ਸਮੇਂ ਸਿੱਖਾਂ ਨੇ ਹੀ ਲੁੱਟ ਦੇ ਇਸ ਵਰਤਾਰੇ ਨੂੰ ਰੋਕਿਆ। ਸਿੱਖ ਮਿਸਲਾਂ ਦੇ ਜਥੇਦਾਰਾਂ ਨੇ ਮਿਲ ਕੇ ਇਨ੍ਹਾਂ ਅਫ਼ਗ਼ਾਨ ਧਾੜਵੀਆਂ ਦਾ ਮੁਕਾਬਲਾ ਕੀਤਾ। ਉਨ੍ਹਾਂ ਤੋਂ ਲੁੱਟਿਆ ਬਹੁ-ਕੀਮਤੀ ਮਾਲ-ਅਸਬਾਬ ਹੀ ਵਾਪਸ ਨਹੀਂ ਖੋਹ ਲਿਆ ਜਾਂਦਾ ਰਿਹਾ, ਸਗੋਂ ਭਾਰਤ ਦੀਆਂ ਬੇਟੀਆਂ ਨੂੰ ਵੀ ਉਨ੍ਹਾਂ ਤੋਂ ਛੁਡਵਾ ਕੇ ਘਰੋ-ਘਰੀ ਭੇਜਿਆ ਗਿਆ। ਇਸ ਕਰਕੇ ਅਬਦਾਲੀ ਸਿੱਖਾਂ ਦਾ ਵਿਰੋਧੀ ਬਣ ਗਿਆ। ਉਸ ਦਾ ਬੇਟਾ ਤੈਮੂਰ ਲਾਹੌਰ ਦਾ ਗਵਰਨਰ ਬਣਾ ਦਿੱਤਾ ਗਿਆ ਸੀ। ਅਬਦਾਲੀ ਨੇ 1757 ਈ: ਵਿਚ ਦਿੱਲੀ ਜਾਂਦੇ ਹੋਏ ਅੰਮ੍ਰਿਤਸਰ ਸ਼ਹਿਰ ਨੂੰ ਲੁੱਟਿਆ ਅਤੇ ਸ਼ਹਿਰ ਦੀਆਂ ਇਮਾਰਤਾਂ ਢਾਹ ਦਿੱਤੀਆਂ। ਦਰਬਾਰ ਸਾਹਿਬ ਦੀ ਬੇਅਦਬੀ ਕਰਨ, ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖ਼ਬਰ ਦਮਦਮਾ ਸਾਹਿਬ, ਤਲਵੰਡੀ ਸਾਬੋ ਨਿਵਾਸ ਕਰ ਰਹੇ ਬਾਬਾ ਦੀਪ ਸਿੰਘ ਜੀ ਨੂੰ ਮਿਲੀ ਤਾਂ ਉਹ ਕਰੋਧ ਵਿਚ ਆ ਗਏ। ਉਨ੍ਹਾਂ ਨੇ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫ਼ੈਸਲਾ ਕੀਤਾ। ਅਨੇਕਾਂ ਸਿੰਘ ਬਾਬਾ ਜੀ ਦੀ ਅਗਵਾਈ ਹੇਠ ਧਰਮ ਹੇਤ ਸੀਸ ਦੇਣ ਲਈ ਹਾਜ਼ਰ ਹੋਏ। ਬਾਬਾ ਜੀ ਨੇ ਅਖੰਡ ਪਾਠ ਕਰਵਾਇਆ ਅਤੇ ਨਗਾਰਿਆਂ ‘ਤੇ ਚੋਟਾਂ ਲਾ ਕੇ ਅੰਮ੍ਰਿਤਸਰ ਨੂੰ ਚਾਲੇ ਪਾ ਦੇਣ ਦਾ ਹੁਕਮ ਦਿੱਤਾ।

ਹਰੀਕੇ ਪੱਤਣ ਤੋਂ ਬਿਆਸ ਦਰਿਆ ਪਾਰ ਕਰ ਕੇ ਸਿੰਘਾਂ ਦਾ ਜਥਾ ਮਾਝੇ ਦੇ ਇਲਾਕੇ ਵਿਚ ਦਾਖਲ ਹੋਇਆ। ਤਰਨ ਤਾਰਨ ਦੇ ਪਾਵਨ ਅਸਥਾਨ ‘ਤੇ ਪਹੁੰਚ ਕੇ ਸਿੰਘਾਂ ਅਤੇ ਬਾਬਾ ਦੀਪ ਸਿੰਘ ਨੇ ਇਸ਼ਨਾਨ ਕੀਤਾ। ਘੋੜਿਆਂ ਨੂੰ ਵੀ ਖੁਰਾਕ ਦਿੱਤੀ ਗਈ। ਕੜਾਹ ਪ੍ਰਸਾਦਿ ਲੈ ਕੇ ਸੇਵਕਾਂ ਦੀ ਭੇਟਾ ਗੁਰੂ ਚਰਨਾਂ ‘ਚ ਪਰਵਾਨ ਹੋਣ ਦੀ ਅਰਦਾਸ ਕੀਤੀ ਗਈ। ਬਾਬਾ ਦੀਪ ਸਿੰਘ ਨੇ ਕੇਸਰੀ ਰੰਗ ਦਾ ਪੁਸ਼ਾਕ ਪਹਿਨਿਆ। ਸਾਰੇ ਸ਼ਸਤਰ ਸਰੀਰ ‘ਤੇ ਸਜਾ ਲਏ। ਦੋ ਧਾਰਾ ਖੰਡਾ ਹੱਥ ‘ਚ ਫੜਿਆ। ਸ਼ਹਿਰ ਤੋਂ ਬਾਹਰ ਆ ਕੇ ਬਾਬਾ ਦੀਪ ਸਿੰਘ ਜੀ ਨੇ ਯੋਧਿਆਂ ਦੀ ਪਰਖ ਕਰਨ ਲਈ ਇੱਕ ਲਕੀਰ ਖਿੱਚੀ ਅਤੇ ਕਿਹਾ ਕਿ ਗੁਰੂ ਮਹਾਰਾਜ ਦੇ ਸਤਿਕਾਰ ਖ਼ਾਤਰ ਲੜ ਕੇ ਸ਼ਹੀਦੀ ਪਾਉਣ ਲਈ ਜਿਹੜਾ ਵੀ ਸਿੰਘ ਤਿਆਰ ਹੈ, ਉਹ ਇਸ ਲਕੀਰ ਨੂੰ ਪਾਰ ਕਰੇ, ਜੋ ਕੋਈ ਸ਼ਹੀਦ ਨਹੀਂ ਹੋਣਾ ਚਾਹੁੰਦਾ ਉਹ ਵਾਪਸ ਚਲਿਆ ਜਾਵੇ। ਇਸ ਵੇਲੇ ਬਾਬਾ ਜੀ ਨਾਲ ਅਨੇਕਾਂ ਮਝੈਲ ਵੀ ਆ ਮਿਲੇ ਸਨ। ਸਾਰੇ ਸਿੰਘਾਂ ਨੇ ਜੈਕਾਰੇ ਗਜਾਉਂਦੇ ਨਗਾਰਿਆਂ ‘ਤੇ ਚੋਟਾਂ ਲਾਉਂਦੇ ਹੋਏ ਲਕੀਰ ਟੱਪ ਕੇ ਅੰਮ੍ਰਿਤਸਰ ਵੱਲ ਕੂਚ ਕਰਨਾ ਸ਼ੁਰੂ ਕੀਤਾ। ਸਿੰਘਾਂ ਦੀ ਚੜ੍ਹਾਈ ਬਾਰੇ ਅਫ਼ਗ਼ਾਨੀਆਂ ਨੂੰ ਖ਼ਬਰ ਮਿਲ ਚੁੱਕੀ ਸੀ। ਉਸ ਵੇਲੇ ਅੰਮ੍ਰਿਤਸਰ ਸ਼ਹਿਰ ਦੇ ਇੰਚਾਰਜ ਜਹਾਨ ਖ਼ਾਨ ਸਿੰਘਾਂ ਦਾ ਟਾਕਰਾ ਕਰਨ ਲਈ ਫ਼ੌਜ ਲੈ ਕੇ ਗੋਹਲਵੜ ਪਿੰਡ ਕੋਲ ਪਹੁੰਚਿਆ। ਬਾਬਾ ਜੀ ਨੇ ਜਥੇ ਦੇ ਸਿੰਘਾਂ ਨਾਲ ਦੁਸ਼ਮਣ ਫ਼ੌਜ ਨੂੰ ਲੜਾਈ ਲਈ ਲਲਕਾਰਿਆ। ਇਸ ਜਗ੍ਹਾ ‘ਤੇ ਹੁਣ ਗੁਰਦੁਆਰਾ ਲਲਕਾਰ ਸਾਹਿਬ ਬਣਿਆ ਹੋਇਆ ਹੈ। ਸਿੰਘਾਂ ਅਤੇ ਅਫ਼ਗ਼ਾਨਾਂ ਦੀ ਟੱਕਰ ‘ਚ ਸਿੰਘ ਅਫ਼ਗ਼ਾਨਾਂ ਨੂੰ ਪਛਾੜਦੇ ਹੋਏ ਅੰਮ੍ਰਿਤਸਰ ਵਲ ਨੂੰ ਵਧ ਰਹੇ ਸਨ। ਇੰਨੇ ਨੂੰ ਜਹਾਨ ਖ਼ਾਨ ਦਾ ਸਹਾਇਕ ਅਤਾਈ ਖ਼ਾਨ ਆਪਣੀ ਭਾਰੀ ਫ਼ੌਜ ਲੈ ਕੇ ਆ ਗਿਆ। ਇਸ ਘਮਸਾਣ ਦੀ ਜੰਗ ਅੰਦਰ ਸਿੱਖਾਂ ਦਾ ਭਾਰੀ ਜਾਨੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਸਿੰਘ ਇੱਕ-ਇੱਕ ਕਰ ਕੇ ਸ਼ਹੀਦ ਹੋਣ ਲੱਗੇ। ਇੰਨੇ ਨੂੰ ਅਮਾਨ ਖਾਂ, ਯਕੂਬ ਖਾਂ ਤੇ ਹੋਰ ਅਫਗਾਨੀ ਜਰਨੈਲ ਵੀ ਮੈਦਾਨ ਵਿਚ ਅੱਪੜ ਗਏ। ਜੰਗ ਦਾ ਮੈਦਾਨ ਤਿੰਨ ਕੋਹਾਂ ਵਿਚ ਫੈਲ ਚੁੱਕਿਆ ਸੀ। ਸਾਰਾ ਮੈਦਾਨ ਖ਼ੂਨ ਨਾਲ ਲਥਪਥ ਹੋ ਚੁੱਕਾ ਸੀ । ਬਾਬਾ ਜੀ ਅਤੇ ਸਿੰਘ ਵੀ ਤਬਾਹੀ ਮਚਾ ਰਹੇ ਸਨ। ਪੰਜ ਹਜ਼ਾਰੀ ਫ਼ੌਜ ਦਾ ਮਾਲਕ ਅਮੀਰ ਜਾਨ ਖਾਂ ਹਾਥੀ ਉਪਰੋਂ ਲੜਦਾ ਅਤੇ ਆਪਣੀ ਫ਼ੌਜ ਨੂੰ ਕਮਾਂਡ ਦੇ ਰਿਹਾ ਸੀ। ਉਸ ਵਕਤ ਆਪਣਾ ਜੰਗੀ ਜੌਹਰ ਦਿਖਾ ਰਹੇ ਭਾਈ ਦਿਆਲ ਸਿੰਘ ਨੇ ਘੋੜੇ ਦਾ ਪੌੜ ਜਾਨ ਖਾਂ ਦੇ ਹਾਥੀ ਦੇ ਮੱਥੇ ‘ਤੇ ਰਖਾ ਕੇ ਤਲਵਾਰ ਦੇ ਵਾਰ ਨਾਲ ਅਮੀਰ ਜਾਨ ਖਾਂ ਦਾ ਸਿਰ ਲਾਹ ਦਿੱਤਾ। ਅਯੂਬ ਖਾਂ ਦਿਆਲ ਸਿੰਘ ਦੀ ਫੁਰਤੀ ਅਤੇ ਬਹਾਦਰੀ ਦੇਖ ਰਿਹਾ ਸੀ। ਸਿੰਘਾਂ ਨੂੰ ਅੱਗੇ ਵਧਦਾ ਦੇਖ ਅਬਦਾਲੀਆਂ ਨੇ ਗਊਆਂ ਲਿਆ ਖੜ੍ਹੀਆਂ ਕੀਤੀਆਂ। ਬਾਬਾ ਦੀਪ ਸਿੰਘ ਦੇ ਆਦੇਸ਼ ‘ਤੇ ਸਿੰਘਾਂ ਨੇ ਤੀਰ ਅਤੇ ਬੰਦੂਕਾਂ ਛੱਡ ਕੇ ਤਲਵਾਰਾਂ ਸੂਤ ਲਈਆਂ। ਉਸ ਵੇਲੇ ਯਕੂਬ ਖਾਂ ਨੇ ਬਾਬਾ ਦੀਪ ਸਿੰਘ ਨੂੰ ਯੁੱਧ ਲਈ ਵੰਗਾਰਿਆ। ਦੋਹਾਂ ‘ਚ ਜ਼ਬਰਦਸਤ ਜੰਗ ਹੋਈ। ਦੋਹਾਂ ਦੇ ਘੋੜੇ ਮਾਰੇ ਗਏ। ਬਾਬਾ ਦੀਪ ਸਿੰਘ ਜੀ ਨੇ ਗੁਰਜ ਦਾ ਵਾਰ ਕਰਦਿਆਂ ਯਕੂਬ ਖਾਂ ਦਾ ਸਿਰ ਸਣੇ ਫ਼ੌਲਾਦੀ ਟੋਪ ਚੂਰ-ਚੂਰ ਕਰ ਦਿੱਤਾ। ਅਫ਼ਗ਼ਾਨ ਕਮਾਂਡਰ ਜਹਾਨ ਖ਼ਾਨ ਨੇ ਵੀ ਬਾਬਾ ਦੀਪ ਸਿੰਘ ਨਾਲ ਦਵੰਦ ਯੁੱਧ ਦੀ ਇੱਛਾ ਜਤਾਈ। ਬਾਬਾ ਦੀਪ ਸਿੰਘ ਨੇ ਉਸ ਨਾਲ ਦਵੰਦ ਯੁੱਧ ਕੀਤਾ। ਅਖੀਰ ਸਾਂਝੇ ਵਾਰ ਨਾਲ ਦੋਹਾਂ ਦੇ ਸੀਸ ਲੱਥ ਗਏ।

ਬਾਬਾ ਜੀ ਦਾ ਸੀਸ ਧੜ ਤੋਂ ਅਲੱਗ ਹੋ ਕੇ ਸਰੀਰ ਜ਼ਮੀਨ ‘ਤੇ ਡਿਗ ਪਿਆ। ਇਹ ਕੌਤਕ ਦੇਖ ਇਕ ਸਿੰਘ ਨੇ ਹੱਥ ਜੋੜ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਤੁਸਾਂ ਅਰਦਾਸ ਕੀਤੀ ਸੀ ਸੀਸ ਸੁਧਾਸਰ ਜਾ ਕੇ ਗੁਰੂ ਦੇ ਚਰਨਾਂ ‘ਚ ਭੇਟ ਕਰਨਾ ਹੈ। ਸੁਧਾਸਰ ਇਥੋਂ ਦੋ ਕੋਹ ਦੂਰ ਹੈ।

ਢਿਗ ਤੈ ਏਕ ਸਿੰਘ ਪਿਖਿ ਕਹਯੋ। ਪਰਣ ਤੁਮਾਰਾ ਦੀਪ ਸਿੰਘ ਰਹਯੋ।

ਗੁਰਪੁਰਿ ਜਾਇ ਸੀਸ ਮੈਂ ਦੈਹੋਂ। ਸੋ ਤੇ ਦੋਇ ਕੋਸ ਇਸ ਠੈਹੋਂ।।

(ਸ੍ਰੀ ਗੁਰੂ ਪੰਥ ਪ੍ਰਕਾਸ਼, ਕ੍ਰਿਤ: ਗਿਆਨੀ ਗਿਆਨ ਸਿੰਘ)

ਫਿਰ ਬਾਬਾ ਜੀ ਦਾ ਧੜ ਹਰਕਤ ਵਿਚ ਆਇਆ ਅਤੇ ਉਹ ਪਾਵਨ ਸੀਸ ਖੱਬੇ ਹੱਥ ‘ਤੇ ਧਰ ਕੇ ਸਜੇ ਹੱਥ ਨਾਲ ਆਪਣਾ ਸਵਾ ਮਣ ਦਾ ਖੰਡਾ ਵਾਹੁੰਦੇ ਹੋਏ ਲੜਦੇ ਚਲੇ ਗਏ। ਇਸੇ ਤਰ੍ਹਾਂ ਮਹਿਤ ਸਿੰਘ ਵੀ ਬਿਨ ਸੀਸ ਚਾਟੀਵਿੰਡ ਤਕ ਲੜਿਆ। ‘ਜੱਟ ਸਰਾਇ ਮਹਿਤ ਸਿੰਘ ਤਯੋਂ ਹੀ… ਲਰਯੋ ਕਬੰਧ ਤਾਂਹਿ ਕਾ ਭਾਰਾ।’ ਜਥੇਦਾਰ ਰਾਮ ਸਿੰਘ ਵੀ ਬਿਨਾ ਸੀਸ ਲੜਿਆ। ‘ਲਰਯੋ ਕਬੰਧ ਰਾਮ ਸਿੰਘ ਕੇਰਾ।’

ਬਾਬਾ ਦੀਪ ਸਿੰਘ ਲੜਦੇ ਹੋਏ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਤਕ ਜਾ ਪਹੁੰਚੇ। ਸਿੰਘਾਂ ਨੇ ਜਿੱਤ ਦੇ ਜੈਕਾਰੇ ਗੁੰਜਾਏ, ਬਾਬਾ ਜੀ ਨੇ ਸੀਸ ਗੁਰੂ ਰਾਮਦਾਸ ਜੀ ਦੇ ਚਰਨਾਂ ‘ਚ ਭੇਟ ਕਰਦਿਆਂ ਸੱਚਖੰਡ ਨੂੰ ਪਿਆਨਾ ਕੀਤਾ।

ਹਰਿਮੰਦਰ ਸਾਹਿਬ ਦੀ ਪ੍ਰਕਰਮਾ ‘ਚ ਜਿੱਥੇ ਬਾਬਾ ਜੀ ਨੇ ਸੀਸ ਭੇਟ ਕੀਤਾ ਸੀ, ਉੱਥੇ ਗੁਰਦੁਆਰਾ ਸੁਭਾਇਮਾਨ ਹੈ। ਬਾਬਾ ਜੀ ਦਾ ਇੱਕ ਅਸਥਾਨ ਤਰਨ ਤਾਰਨ ਵਾਲੀ ਸੜਕ ‘ਤੇ ‘ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ’ ਸੁਸ਼ੋਭਿਤ ਹੈ। ਪਿੰਡ ਚਬਾ ਅਤੇ ਪਿੰਡ ਗੁਰੂਵਾਲੀ ਦੇ ਵਿਚਾਲੇ ਮੈਦਾਨ-ਏ-ਜੰਗ ਵਿੱਚ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਨਾਲੋਂ ਜੁਦਾ ਹੋਇਆ, ਉੱਥੇ ਹੁਣ ‘ਗੁਰਦੁਆਰਾ ਟਾਹਲਾ ਸਾਹਿਬ’ ਸੁਭਾਇਮਾਨ ਹੈ। ਇਸ ਦੀ ਕਾਰਸੇਵਾ ਬਾਬਾ ਦਰਸ਼ਨ ਸਿੰਘ ਜੀ ਟਾਹਲਾ ਸਾਹਿਬ ਵਾਲੇ ਸੰਗਤ ਦੇ ਸਹਿਯੋਗ ਨਾਲ ਕਰਵਾ ਰਹੇ ਹਨ। ਇੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਮੱਥਾ ਟੇਕਣ ਆਉਂਦੀ ਹੈ। ਐਤਵਾਰ ਨੂੰ ਗੁਰਮਤਿ ਸਮਾਗਮ ‘ਚ ਵੱਡੀ ਗਿਣਤੀ ਸੰਗਤ ਦੀ ਆਮਦ ਨਾਲ ਗੁਰਦੁਆਰਾ ਟਾਹਲਾ ਸਾਹਿਬ ਅੱਜ ਸਿੱਖੀ ਦੇ ਪ੍ਰਚਾਰ ਪ੍ਰਸਾਰ ਦਾ ਕੇਂਦਰ ਬਣ ਚੁੱਕਿਆ ਹੈ।

*ਸਲਾਹਕਾਰ, ਕੌਮੀ ਘੱਟ ਗਿਣਤੀ ਕਮਿਸ਼ਨ

ਸੰਪਰਕ: 97813-55522

Advertisement
Tags :
Advertisement
Advertisement
×