For the best experience, open
https://m.punjabitribuneonline.com
on your mobile browser.
Advertisement

ਅੰਤਰ-ਕਾਲਜ ਮੁਕਾਬਲਿਆਂ ’ਚ ਗੁਰੂ ਨਾਨਕ ਖਾਲਸਾ ਕਾਲਜ ਚੈਂਪੀਅਨ

09:07 AM Apr 30, 2024 IST
ਅੰਤਰ ਕਾਲਜ ਮੁਕਾਬਲਿਆਂ ’ਚ ਗੁਰੂ ਨਾਨਕ ਖਾਲਸਾ ਕਾਲਜ ਚੈਂਪੀਅਨ
ਜੇਤੂ ਟੀਮ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ ਨਾਲ।
Advertisement

ਦਵਿੰਦਰ ਸਿੰਘ
ਯਮੁਨਾਨਗਰ, 28 ਅਪਰੈਲ
ਗੁਰੂ ਨਾਨਕ ਖਾਲਸਾ ਕਾਲਜ ਦੀ ਮਹਿਲਾ ਬਾਸਕਟਬਾਲ ਟੀਮ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਅੰਤਰ ਕਾਲਜ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਆਪਣੇ ਹੁਨਰ ਅਤੇ ਦ੍ਰਿੜ ਇਰਾਦੇ ਦੇ ਨਾਲ ਰੋਮਾਂਚਕ ਪ੍ਰਦਰਸ਼ਨ ਕਰਦਿਆਂ ਟੀਮ ਨੇ ਆਰਕੇਐੱਸਡੀ ਕਾਲਜ ਕੈਥਲ, ਯੂਟੀਡੀ ਟੀਮ ਅਤੇ ਸਰਕਾਰੀ ਕਾਲਜ, ਇਸਰਾਨਾ ਸਮੇਤ ਮਜ਼ਬੂਤ​ ਵਿਰੋਧੀ ਟੀਮਾਂ ਨੂੰ ਹਰਾ ਕੇ ਇਹ ਮਾਣਯੋਗ ਜਿੱਤ ਪ੍ਰਾਪਤ ਕੀਤੀ ਹੈ। ਪ੍ਰਿੰਸੀਪਲ ਡਾ. ਹਰਿੰਦਰ ਸਿੰਘ ਕੰਗ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਕਾਲਜ ਦੀ ਵਿੱਦਿਅਕ ਅਤੇ ਖੇਡਾਂ ਵਿਚ ਵਿਦਿਆਰਥੀਆਂ ਦੀ ਬਰਾਬਰ ਭਾਗੀਦਾਰੀ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਕਾਲਜ ਦੇ ਖੇਡ ਵਿਭਾਗ ਦੇ ਡੀਨ ਡਾ. ਬੋਧਰਾਜ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਰਣਜੀਤ ਸਿੰਘ ਨੇ ਪੂਰੇ ਟੂਰਨਾਮੈਂਟ ਦੌਰਾਨ ਟੀਮ ਦੀ ਲਗਨ ਅਤੇ ਖੇਡ ਭਾਵਨਾ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਟੀਮ ਦੀ ਸਫਲਤਾ ਦਾ ਸਿਹਰਾ ਕੋਚ ਡਾ. ਜੋਸ਼ਪ੍ਰੀਤ ਸਿੰਘ ਦੀ ਲਗਾਤਾਰ ਸਖ਼ਤ ਸਿਖਲਾਈ ਅਤੇ ਟੀਮ ਦੇ ਅਨੁਸ਼ਾਸਨ ਜਾਂਦਾ ਹੈ। ਜੇਤੂ ਟੀਮ ਦਾ ਕਾਲਜ ਵਿੱਚ ਉਨ੍ਹਾਂ ਦੇ ਸਨਮਾਨ ਦੌਰਾਨ ਡਾ. ਕਮਲਪ੍ਰੀਤ ਕੌਰ, ਡਾ. ਸੰਜੈ ਵਿਜ, ਡਾ. ਅਰੁਨ, ਡਾ. ਅਮਰਜੀਤ ਸਿੰਘ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਟੀਮ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ। ਇਸ ਦੌਰਾਨ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਵੀ ਟੀਮ ਨੂੰ ਵਧਾਈ ਦਿੱਤੀ।

Advertisement

ਹਰਮਨ ਕੌਰ ਨੇ ਹੈਂਡਬਾਲ ਵਿੱਚ ਕਾਂਸੇ ਦਾ ਤਗਮਾ ਜਿੱਤਿਆ

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਸਤਲੁਜ ਸੀਨੀਅਰ ਸੰਕੈਡਰੀ ਸਕੂਲ ਦੀ ਅਠਵੀਂ ਜਮਾਤ ਦੀ ਵਿਦਿਆਰਥਣ ਹਰਮਨ ਕੌਰ ਨੇ ਹਰਿਆਣਾ ਹੈਂਡਬਾਲ ਗਰਲਜ਼ ਅੰਡਰ-12 ਉਮਰ ਵਰਗ ਵਿੱਚ ਕਾਂਸੇ ਦਾ ਤਗਮਾ ਜਿੱਤਿਆ। ਪ੍ਰਿੰਸੀਪਲ ਡਾ. ਆਰ ਐੱਸ ਘੁੰਮਣ ਨੇ ਦੱਸਿਆ ਕਿ ਇਹ ਮੁਕਾਬਲਾ ਮੁੰਬਈ ਵਿਚ ਹੋਇਆ ਸੀ। ਜ਼ਿਕਰਯੋਗ ਹੈ ਕਿ ਪੂਰੇ ਜ਼ਿਲ੍ਹਾ ਕੁਰੂਕਸ਼ੇਤਰ ’ਚੋਂ ਸਿਰਫ ਸ਼ਾਹਬਾਦ ਦੇ ਸਤਲੁਜ ਸਕੂਲ ਦੀ ਵਿਦਿਆਰਥਣ ਹਰਿਆਣਾ ਦੀ ਟੀਮ ਦਾ ਹਿੱਸਾ ਰਹੀ ਜਿਸ ਨੇ ਕਾਂਸੇ ਦਾ ਤਗਮਾ ਆਪਣੇ ਨਾਮ ਕੀਤਾ। ਸਕੂਲ ਪੁੱਜਣ ’ਤੇ ਹਰਮਨ ਅਤੇ ਉਸ ਦੇ ਮਾਪਿਆਂ ਦਾ ਸੁਆਗਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਡਾ. ਘੁੰਮਣ ਨੇ ਕਿਹਾ ਕਿ ਇਸ ਵਿਦਿਆਰਥਣ ਦੀ ਪ੍ਰਾਪਤੀ ਸ਼ਲਾਘਾਯੋਗ ਹੈ। ਉਨ੍ਹਾਂ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਸਫਲਤਾਵਾਂ ਲਈ ਸ਼ੁੱਭਕਾਮਨਵਾਂ ਦਿੱਤੀਆਂ। ਉਨਾਂ ਨੇ ਸਕੂਲ ਦੀ ਹੈਂਡਬਾਲ ਕੋਚ ਅਰਪਿਤ ਗੁਪਤਾ ਨੂੰ ਵੀ ਵਧਾਈ ਦਿੱਤੀ। ਇਸ ਮੌਕੇ ਸਕੂਲ ਕੋਆਰਡੀਨੇਟਰ ਮਨਿੰਦਰ ਸਿੰਘ ਘੁੰਮਣ, ਮੋਨਿਕਾ ਘੁੰਮਣ, ਮੀਤ ਪ੍ਰਿੰਸੀਪਲ ਵੀਰੇਂਦਰ ਸਿੰਘ, ਮਨੋਜ ਭਸੀਨ, ਮੁਕੇਸ਼ ਦੁਆ ਤੇ ਹੋਰ ਹਾਜ਼ਰ ਸਨ।

Advertisement
Author Image

Advertisement
Advertisement
×