ਸਾਦਗੀ ਅਤੇ ਦ੍ਰਿੜਤਾ ਦੇ ਪ੍ਰਤੀਕ ਗੁਰੂ ਹਰਿ ਰਾਏ
ਡਾ. ਰਣਜੀਤ ਸਿੰਘ
ਸੱਤਵੇਂ ਗੁਰੂ ਹਰਿ ਰਾਏ ਸਾਹਿਬ ਦਾ ਕਾਲ ਅਮਨ ਚੈਨ ਦਾ ਸਮਾਂ ਆਖਿਆ ਜਾਂਦਾ ਹੈ। ਉਨ੍ਹਾਂ ਦੇ ਪੜਦਾਦਾ ਪੰਜਵੇਂ ਗੁਰੂ ਅਰਜਨ ਦੇਵ ਨੇ ਅਕਹਿ ਅਤੇ ਅਸਹਿ ਤਸੀਹੇ ਝੱਲ ਕੇ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਦੇ ਦਾਦਾ ਜੀ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਜਹਾਂਗੀਰ ਦੀ ਜੇਲ੍ਹ ਗਵਾਲੀਅਰ ਦੇ ਕਿਲ੍ਹੇ ਵਿਚ ਰਹਿਣਾ ਪਿਆ ਅਤੇ ਉਨ੍ਹਾਂ ਮੁਗਲ ਫੌਜਾਂ ਨਾਲ ਚਾਰ ਲੜਾਈਆਂ ਵੀ ਲੜੀਆਂ। ਉਨ੍ਹਾਂ ਨੇ ਹੀ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਤੇ ਸਿੱਖਾਂ ਨੂੰ ਸੰਤ ਦੇ ਨਾਲੋ-ਨਾਲ ਸਿਪਾਹੀ ਵੀ ਬਣਾਇਆ। ਗੁਰੂ ਸਾਹਿਬ ਕੋਲ 2200 ਘੋੜ ਸਵਾਰ ਸਨ ਜਿਹੜੇ ਗੁਰੂ ਹਰਿ ਰਾਏ ਸਾਹਿਬ ਨੂੰ ਵਿਰਾਸਤ ਵਿਚ ਮਿਲੇ। ਗੁਰੂ ਸਾਹਿਬ ਦੀ ਪਾਲਣਾ ਅਤੇ ਸਿਖਲਾਈ ਗੁਰੂ ਹਰਿ ਗੋਬਿੰਦ ਸਾਹਿਬ ਦੀ ਦੇਖਰੇਖ ਹੇਠ ਹੋਈ। ਇਸੇ ਕਰਕੇ ਉਹ ਸੰਤ ਹੋਣ ਦੇ ਨਾਲ ਯੁੱਧ ਕਲਾ ਵਿੱਚ ਵੀ ਪ੍ਰਵੀਨ ਸਨ।
ਗੁਰੂ ਸਾਹਿਬ ਦੇ ਜੀਵਨ ਵਿੱਚ ਬਚਪਨ ਤੋਂ ਹੀ ਸਾਦਗੀ ਅਤੇ ਭਗਤੀ ਦਾ ਵਾਸ ਸੀ। ਗੁਰੂ ਜੀ ਦਾ ਜਨਮ ਮਾਘ ਸੁਦੀ 13 ਸੰਮਤ 1687 (1631 ਈ.) ਨੂੰ ਬਾਬਾ ਗੁਰਦਿੱਤਾ ਜੀ ਅਤੇ ਮਾਈ ਨੱਤੀ ਜੀ ਦੇ ਘਰ ਕੀਰਤਪੁਰ ਸਾਹਿਬ ਵਿਖੇ ਹੋਇਆ। ਬਾਬਾ ਗੁਰਦਿੱਤਾ ਜੀ ਗੁਰੂ ਪਿਤਾ ਤੋਂ ਪਹਿਲਾਂ ਹੀ ਪ੍ਰਲੋਕ ਸਿਧਾਰ ਗਏ ਸਨ। ਇਸੇ ਕਰਕੇ ਛੇਵੇਂ ਗੁਰੂ ਨੇ ਆਪਣੇ ਪੋਤਰੇ (ਗੁਰੂ) ਹਰਿ ਰਾਏ ਦੇ ਗੁਣਾਂ ਨੂੰ ਮੁੱਖ ਰੱਖਦਿਆਂ 1643 ਵਿੱਚ ਗੁਰਗੱਦੀ ਉਨ੍ਹਾਂ ਨੂੰ ਸੌਂਪ ਦਿੱਤੀ। ਗੁਰਗੱਦੀ ’ਤੇ ਬੈਠਣ ਵੇਲੇ ਉਨ੍ਹਾਂ ਦੀ ਉਮਰ ਸਿਰਫ 14 ਸਾਲ ਸੀ।
ਗੁਰੂ ਜੀ ਨੇ ਆਪ ਭਾਵੇਂ ਬਾਣੀ ਦੀ ਰਚਨਾ ਨਹੀਂ ਕੀਤੀ ਪਰ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲਿਆ। ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਉਦੋਂ ਪੋਥੀ ਸਾਹਿਬ ਆਖਿਆ ਜਾਂਦਾ ਸੀ, ਵਿੱਚ ਦਰਜ ਗੁਰਬਾਣੀ ਨਾਲ ਆਪਣੇ ਸਿੱਖਾਂ ਨੂੰ ਜੋੜਿਆ ਅਤੇ ਗੁਰੂਆਂ ਦੇ ਉਪਦੇਸ਼ਾਂ ਨੂੰ ਜੀਵਨ ਦਾ ਅੰਗ ਬਣਾਉਣ ਲਈ ਪ੍ਰੇਰਿਆ। ਉਨ੍ਹਾਂ ਦੇ ਦਰਬਾਰ ਵਿੱਚ ਸਾਰੇ ਫ਼ੈਸਲੇ ਗੁਰਬਾਣੀ ਅਨੁਸਾਰ ਹੁੰਦੇ ਸਨ ਅਤੇ ਸਵੇਰੇ ਸ਼ਾਮ ਗੁਰਬਾਣੀ ਦਾ ਕੀਰਤਨ ਕੀਤਾ ਜਾਂਦਾ ਸੀ। ਉਹ ਹਮੇਸ਼ਾਂ ਦੁਖੀਆਂ ਦੇ ਦੁੱਖ ਤੇ ਦਰਦਾਂ ਨੂੰ ਦੂਰ ਕਰਨ ਲਈ ਯਤਨਸ਼ੀਲ ਰਹਿੰਦੇ ਸਨ। ਰੋਗੀਆਂ ਦੇ ਰੋਗ ਦੂਰ ਕਰਨ ਲਈ ਹੀ ਉਨ੍ਹਾਂ ਨੇ ਕੀਰਤਪੁਰ ਸਾਹਿਬ ਵਿੱਚ ਦੁਰਲੱਭ ਜੜ੍ਹੀ ਬੂਟੀਆਂ ਦਾ ਬਗੀਚਾ ਤਿਆਰ ਕਰਵਾਇਆ। ਸਾਰੇ ਦੇਸ਼ ’ਚੋਂ ਸਿਰਫ ਉਨ੍ਹਾਂ ਦੇ ਦਵਾਖਾਨੇ ’ਚੋਂ ਹੀ ਬਾਦਸ਼ਾਹ ਸ਼ਾਹ ਜਹਾਨ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਦੀ ਬਿਮਾਰੀ ਦੇ ਇਲਾਜ ਲਈ ਲੋੜੀਂਦੀ ਦਵਾਈ ਪ੍ਰਾਪਤ ਹੋਈ ਸੀ। ਇਸ ਪਿੱਛੋਂ ਬਾਦਸ਼ਾਹ ਗੁਰੂ ਨਾਨਕ ਦੇਵ ਦੇ ਘਰ ਨਾਲ ਕਦੇ ਵਿਰੋਧ ਨਾ ਕਰ ਸਕਿਆ। ਦਾਰਾ ਸ਼ਿਕੋਹ ਤਾਂ ਗੁਰੂ ਜੀ ਦਾ ਪੱਕਾ ਮੁਰੀਦ ਬਣ ਗਿਆ ਤੇ ਉਸ ਨੇ ਸਾਦਾ, ਸੁੱਚਾ ਤੇ ਰੱਬੀ ਭੈਅ ਵਾਲਾ ਜੀਵਨ ਜਿਉਣਾ ਸ਼ੁਰੂ ਕੀਤਾ।
ਗੁਰੂ ਜੀ ਹਮੇਸ਼ਾ ਆਪਣੇ ਸਿੱਖਾਂ ਨੂੰ ਸ਼ੁਕਰਾਨੇ ਦੀ ਅਰਦਾਸ ਕਰਨ ਲਈ ਪ੍ਰੇਰਦੇ ਰਹਿੰਦੇ ਸਨ। ਉਨ੍ਹਾਂ ਨੇ ਲੋਕਾਈ ਨੂੰ ਰੱਬੀ ਸਿੱਖਿਆ ਦੇ ਨਾਲ ਦੁਨਿਆਵੀ ਨੈਤਿਕ ਸਿੱਖਿਆ ਵੀ ਦਿੱਤੀ। ਉਨ੍ਹਾਂ ਨੇ ਆਪਣੇ ਭਰਾ ਨਾਲ ਕਦੇ ਵੀ ਈਰਖਾ ਨਹੀਂ ਕੀਤੀ ਸਗੋਂ ਉਨ੍ਹਾਂ ਦੇ ਭਲੇ ਬਾਰੇ ਹੀ ਸੋਚਿਆ। ਇਹੋ ਉਪਦੇਸ਼ ਉਨ੍ਹਾਂ ਨੇ ਸੰਗਤ ਨੂੰ ਦਿੱਤਾ। ਉਹ ਆਖਿਆ ਕਰਦੇ ਸਨ ਕਿ ਰੱਬ ’ਤੇ ਯਕੀਨ ਕਰੋ, ਨਾਮ ਜਪੋ, ਕਾਮ, ਕ੍ਰੋਧ, ਮੋਹ, ਹੰਕਾਰ ਤੋਂ ਦੂਰ ਰਹੋ। ਉਨ੍ਹਾਂ ਅਨੁਸਾਰ ਸ਼ੁਭ ਕਰਮ ਕਰਦੇ ਰਹਿਣਾ ਚਾਹੀਦਾ ਹੈ। ਸੱਚੀ ਕਿਰਤ ਕਰਦਿਆਂ ਵੰਡ ਛੱਕਣਾ ਜ਼ਰੂਰੀ ਹੈ। ਉਨ੍ਹਾਂ ਸਾਰਿਆਂ ਨਾਲ ਪ੍ਰੇਮ ਕਰਨ ਅਤੇ ਕਿਸੇ ਨਾਲ ਵੀ ਵੈਰ ਵਿਰੋਧ ਨਾ ਰੱਖਣ ਦੀ ਸਿੱਖਿਆ ਦਿੱਤੀ।
ਆਖਿਆ ਜਾਂਦਾ ਹੈ ਕਿ ਇੱਕ ਵਾਰ ਦੋ ਪਹਾੜੀ ਰਾਜੇ ਗੁਰੂ ਜੀ ਕੋਲ ਆਏ। ਅਸਲ ਵਿੱਚ ਉਹ ਗੁਰੂ ਜੀ ਤੋਂ ਖਰਾਜ ਪ੍ਰਾਪਤ ਕਰਨ ਦੇ ਇਰਾਦੇ ਨਾਲ ਆਏ ਸਨ। ਜਦੋਂ ਉਹ ਗੁਰੂ ਜੀ ਦੇ ਸਨਮੁੱਖ ਹੋਏ ਤਾਂ ਗੁਰੂ ਜੀ ਨੇ ਆਖਿਆ ਕਿ ਸੰਤਾਂ ਤੋਂ ਖਰਾਜ ਨਹੀਂ ਸਗੋਂ ਉਪਦੇਸ਼ ਮੰਗਿਆ ਜਾਂਦਾ ਹੈ। ਇਹ ਸੁਣ ਕੇ ਰਾਜੇ ਬਹੁਤ ਸ਼ਰਮਿੰਦਾ ਹੋਏ। ਆਪਣੀ ਗਲਤੀ ਮੰਨਦਿਆਂ ਉਨ੍ਹਾਂ ਨੇ ਉਪਦੇਸ਼ ਲਈ ਬੇਨਤੀ ਕੀਤੀ। ਗੁਰੂ ਜੀ ਦਾ ਉਪਦੇਸ਼ ਸੀ, ‘‘ਗੁਰੂ ਅੱਗੇ ਘਮੰਡ ਅਤੇ ਪਰਜਾ ’ਤੇ ਜ਼ੁਲਮ ਨਹੀਂ ਕਰੀਦਾ। ਪਰਜਾ ’ਤੇ ਜ਼ੁਲਮ ਰਾਜ ਦੀਆਂ ਜੜ੍ਹਾਂ ਪੁੱਟਦਾ ਹੈ। ਪਰਜਾ ਲਈ ਤਲਾਬ, ਖੂਹ, ਪੁਲ, ਸਕੂਲ ਬਣਾਓ ਅਤੇ ਧਰਮ ਦੇ ਕਾਰਜ ਕਰੋ। ਨਸ਼ੇ ਅਤੇ ਪਰਾਈਆਂ ਔਰਤਾਂ ਤੋਂ ਦੂਰ ਰਹੋ।’’
ਗੁਰੂ ਜੀ ਦਾ ਆਪਣਾ ਜੀਵਨ ਸੰਗਤ ਲਈ ਆਦਰਸ਼ ਸੀ। ਗੁਰੂ ਜੀ 30 ਸਾਲ ਗੁਰਗੱਦੀ ’ਤੇ ਬਿਰਾਜਮਾਨ ਰਹੇ। ਇਸ ਸਮੇਂ ਅਨੇਕਾਂ ਨਿਤਾਣਿਆਂ ਨੂੰ ਤਾਣ ਤੇ ਨਿਮਾਣਿਆਂ ਨੂੰ ਮਾਣ ਪ੍ਰਾਪਤ ਹੋਇਆ। ਲੱਖਾਂ ਦੱਬੇ ਕੁਚਲੇ ਅਤੇ ਲਿਤਾੜੇ ਗਏ ਲੋਕ ਗੁਰੂ ਜੀ ਦੇ ਚਰਨੀ ਜੁੜੇ ਅਤੇ ਸਵੈਮਾਣ ਵਾਲਾ ਸੱਚਾ ਤੇ ਸੁੱਚਾ ਜੀਵਨ ਜਿਊਣ ਲੱਗੇ।
ਜਦੋਂ ਔਰੰਗਜ਼ੇਬ ਗੱਦੀ ’ਤੇ ਬੈਠਾ ਤਾਂ ਉਸ ਨੇ ਮੁੜ ਪਰਜਾ ਨੂੰ ਜਬਰੀ ਇਸਲਾਮ ਧਾਰਨ ਕਰਵਾਉਣ ਲਈ ਯਤਨ ਸ਼ੁਰੂ ਕੀਤੇ। ਉਸ ਨੂੰ ਗੁਰੂ ਘਰ ਨਾਲ ਵੀ ਈਰਖਾ ਸੀ ਪਰ ਉਸ ਨੇ ਗੁਰੂ ਸਾਹਿਬ ਨੂੰ ਦਿੱਲੀ ਆ ਕੇ ਦਰਸ਼ਨ ਦੇਣ ਦੀ ਬੇਨਤੀ ਕੀਤੀ। ਗੁਰੂ ਜੀ ਨੇ ਬਾਦਸ਼ਾਹ ਦੇ ਮੱਥੇ ਨਾ ਲਗਣ ਦੀ ਪ੍ਰਤਿਗਿਆ ਕੀਤੀ ਹੋਈ ਸੀ ਪਰ ਸੰਗਤ ਨੇ ਸੋਚ-ਵਿਚਾਰ ਕੇ ਫ਼ੈਸਲਾ ਕੀਤਾ ਕਿ ਗੁਰੂ ਜੀ ਦੇ ਵੱਡੇ ਸਪੁੱਤਰ ਰਾਮ ਰਾਏ ਜੀ ਨੂੰ ਦਿੱਲੀ ਭੇਜ ਦਿੱਤਾ ਜਾਵੇ। ਰਾਮ ਰਾਏ ਤੋਂ ਬਾਦਸ਼ਾਹ ਬਹੁਤ ਪ੍ਰਭਾਵਿਤ ਹੋਇਆ ਪਰ ਉਸ ਦੇ ਇਰਾਦੇ ਹੋਰ ਸਨ। ਉਸ ਨੇ ਆਖਿਆ ਕਿ ਗੁਰੂ ਬਾਣੀ ਵਿਚ ਮੁਸਲਮਾਨਾਂ ਦੇ ਵਿਰੁੱਧ ਲਿਖਿਆ ਗਿਆ ਹੈ। ਰਾਮ ਰਾਏ ਬਾਦਸ਼ਾਹ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੀ। ਇਸ ਕਰ ਕੇ ਉਸ ਨੇ ਆਖਿਆ ਕਿ ਬਾਬਾ ਨਾਨਕ ਨੇ ਮੁਸਲਮਾਨ ਨਹੀਂ ਬੇਈਮਾਨ ਲਿਖਿਆ ਸੀ। ਇਹ ਤਾਂ ਕਿਸੇ ਲਿਖਾਰੀ ਨੇ ਗਲਤੀ ਕਰ ਦਿੱਤੀ। ਜਦੋਂ ਇਹ ਖ਼ਬਰ ਗੁਰੂ ਜੀ ਕੋਲ ਪੁੱਜੀ ਤਾਂ ਉਹ ਬਹੁਤ ਦੁਖੀ ਹੋਏ। ਉਨ੍ਹਾਂ ਰਾਮ ਰਾਏ ਨੂੰ ਪੰਥ ’ਚੋਂ ਛੇਕ ਦਿੱਤਾ ਅਤੇ ਆਪਣੇ ਮੱਥੇ ਲਗਣ ਤੋਂ ਮਨ੍ਹਾਂ ਕਰ ਦਿੱਤਾ। ਰਾਮ ਰਾਏ ਨੇ ਬਹੁਤ ਤਰਲੇ ਕੀਤੇ ਪਰ ਗੁਰੂ ਜੀ ਆਪਣੇ ਫ਼ੈਸਲੇ ’ਤੇ ਅਟਲ ਰਹੇ।
ਗੁਰੂ ਜੀ ਨੇ ਆਪਣਾ ਅੰਤ ਸਮਾਂ ਨੇੜੇ ਆਉਂਦਾ ਵੇਖ ਆਪਣੇ ਛੋਟੇ ਪੁੱਤਰ (ਗੁਰੂ) ਹਰਿ ਕ੍ਰਿਸ਼ਨ ਜੀ, ਜੋ ਸਿਰਫ ਪੰਜ ਵਰ੍ਹਿਆਂ ਦੇ ਸਨ, ਨੂੰ ਗੁਰਗੱਦੀ ਸੌਂਪਣ ਦਾ ਫ਼ੈਸਲਾ ਕੀਤਾ। ਦਰਬਾਰ ਸਜਾਇਆ ਗਿਆ। ਗੁਰੂ ਜੀ ਨੇ ਹਰਿਕ੍ਰਿਸ਼ਨ ਸਾਹਿਬ ਨੂੰ ਆਸਣ ’ਤੇ ਬਿਠਾਇਆ। ਫਿਰ ਉਨ੍ਹਾਂ ਅੱਗੇ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਤਿੰਨ ਪ੍ਰਕਰਮਾ ਕੀਤੀਆਂ ਤੇ ਮੱਥੇ ਤਿਲਕ ਲਗਾਇਆ। ਜਲਦ ਹੀ 1661 ਵਿੱਚ ਉਨ੍ਹਾਂ ਪ੍ਰਾਣ ਤਿਆਗ ਦਿੱਤੇ।
ਸੰਪਰਕ: 94170-87328