ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਰੂ ਗੋਬਿੰਦ ਸਿੰਘ ਦੀ ਮਾਧੋ ਦਾਸ ਵੈਰਾਗੀ ਨਾਲ ਮੁਲਾਕਾਤ

06:23 AM Sep 06, 2023 IST

ਡਾ. ਰਣਜੀਤ ਸਿੰਘ

ਗੁਰੂ ਗੋਬਿੰਦ ਸਿੰਘ ਨੂੰ ਜਦੋਂ ਔਰੰਗਜ਼ੇਬ ਦੀ ਮੌਤ ਦੀ ਖ਼ਬਰ ਮਿਲੀ, ਉਸ ਵੇਲੇ ਗੁਰੂ ਸਾਹਿਬ ਰਾਜਸਥਾਨ ਵਿਚ ਧਰਮ ਪ੍ਰਚਾਰ ਕਰ ਰਹੇ ਸਨ। ਗੱਦੀ ਲਈ ਔਰੰਗਜ਼ੇਬ ਦੇ ਪੁੱਤਰਾਂ ਵਿਚ ਲੜਾਈ ਹੋਣੀ ਹੀ ਸੀ। ਬਾਦਸ਼ਾਹ ਦੇ ਵੱਡੇ ਪੁੱਤਰ ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਸਹਾਇਤਾ ਲਈ ਬੇਨਤੀ ਕੀਤੀ। ਉਹ ਆਪਣੇ ਪਿਤਾ ਵਾਂਗ ਕੱਟੜ ਨਹੀਂ ਸੀ, ਸਗੋਂ ਗੁਰੂ ਘਰ ਦਾ ਸ਼ਰਧਾਲੂ ਸੀ। ਗੁਰੂ ਜੀ ਨੇ ਬਹਾਦਰ ਸ਼ਾਹ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ। ਇਸ ਦਾ ਇਕ ਕਾਰਨ ਹੋਰ ਵੀ ਸੀ ਕਿ ਜੇ ਗੁਰੂ ਜੀ ਮਦਦ ਨਾ ਕਰਦੇ ਤਾਂ ਤਾਂ ਸ਼ਾਹੀ ਭਰਾਵਾਂ ਵਿਚ ਖਾਨਾਜੰਗੀ ਲੰਮੇ ਸਮੇਂ ਲਈ ਚੱਲ ਸਕਦੀ ਸੀ, ਜਿਸ ਨਾਲ ਆਮ ਲੋਕਾਂ ਦਾ ਸਭ ਤੋਂ ਵੱਧ ਨੁਕਸਾਨ ਹੋਣਾ ਸੀ। ਦੋਵਾਂ ਭਰਾਵਾਂ ਦੀਆਂ ਫ਼ੌਜਾਂ ਦੀ ਟੱਕਰ ਆਗਰੇ ਦੇ ਦੱਖਣ ਵਾਲੇ ਪਾਸੇ ਸੋਮਗੜ੍ਹ ਨੇੜੇ ਹੋਈ। ਇਸ ਲੜਾਈ ਵਿਚ ਆਜ਼ਮ ਤੇ ਉਸ ਦਾ ਪੁੱਤਰ ਬੇਦਾਰ ਬਖ਼ਤ ਮਾਰੇ ਗਏ ਤੇ ਜਿੱਤ ਬਹਾਦਰ ਸ਼ਾਹ ਦੀ ਹੋਈ। ਇਹ ਮੰਨਿਆ ਜਾਂਦਾ ਹੈ ਕਿ ਆਜ਼ਮ ਦੀ ਮੌਤ ਗੁਰੂ ਜੀ ਦੇ ਤੀਰ ਨਾਲ ਹੋਈ ਸੀ।
ਲੜਾਈ ਵਿੱਚ ਜਿੱਤ ਪਿੱਛੋਂ ਬਹਾਦਰ ਸ਼ਾਹ ਨੇ ਆਗਰੇ ਦੇ ਕਿਲ੍ਹੇ ਵਿਚ ਦਰਬਾਰ ਲਗਾਇਆ। ਗੁਰੂ ਸਾਹਿਬ ਲਈ ਦਰਬਾਰ ਵਿਚ ਵਿਸ਼ੇਸ਼ ਆਸਣ ਬਣਾਇਆ ਗਿਆ ਤੇ ਉਨ੍ਹਾਂ ਦਾ ਆਪਣੇ ਪੀਰ ਦੇ ਰੂਪ ਵਿਚ ਸਵਾਗਤ ਕੀਤਾ। ਗੁਰੂ ਜੀ ਦੇ ਆਖਣ ’ਤੇ ਬਹਾਦਰ ਸ਼ਾਹ ਨੇ ਆਪਣੇ ਭਰਾ ਦੇ ਫ਼ੌਜੀ ਜਰਨੈਲਾਂ ਨੂੰ ਮੁਆਫ਼ ਕਰ ਦਿੱਤਾ। ਬਹਾਦਰ ਸ਼ਾਹ ਇੱਥੇ ਕੋਈ ਪੰਜ ਮਹੀਨੇ ਟਿਕਿਆ। ਗੁਰੂ ਸਾਹਿਬ ਨੇ ਵੀ ਆਗਰੇ ਦੇ ਬਾਗ ਵਿਚ ਆਪਣਾ ਟਿਕਾਣਾ ਕੀਤਾ। ਮਗਰੋਂ ਗੁਰੂ ਜੀ ਨੇ ਰਾਜਸਥਾਨ ਦੇ ਇਲਾਕੇ ਵਿਚ ਧਰਮ ਪ੍ਰਚਾਰ ਨੂੰ ਤੇਜ਼ ਕੀਤਾ ਤੇ ਧੌਲਪੁਰ ਨੂੰ ਆਪਣਾ ਕੇਂਦਰ ਬਣਾਇਆ। ਔਰੰਗਜ਼ੇਬ ਦੀ ਮੌਤ ਪਿਛੋਂ ਦੱਖਣ ਵਿਚ ਲੋਕਾਂ ਨੇ ਮੁੜ ਬਗਾਵਤ ਸ਼ੁਰੂ ਕਰ ਦਿੱਤੀ। ਬਹਾਦਰ ਸ਼ਾਹ ਨੂੰ ਦੱਖਣ ਜਾਣਾ ਪਿਆ ਤੇ ਉਸ ਨੇ ਗੁਰੂ ਸਾਹਿਬ ਨੂੰ ਆਪਣੇ ਨਾਲ ਚੱਲਣ ਲਈ ਬੇਨਤੀ ਕੀਤੀ। ਗੁਰੂ ਸਾਹਿਬ ਵੀ ਚਾਹੁੰਦੇ ਸਨ ਕਿ ਇਸ ਪਾਸੇ ਸਿੱਖੀ ਦਾ ਪ੍ਰਚਾਰ ਕੀਤਾ ਜਾਵੇ ਅਤੇ ਬਹਾਦਰ ਸ਼ਾਹ ਨੂੰ ਨਿਰਪੱਖ ਤੇ ਲੋਕ ਪੱਖੀ ਰਾਜ ਚਲਾਉਣ ਲਈ ਪ੍ਰੇਰਿਆ ਜਾਵੇ। ਗੁਰੂ ਜੀ ਇਹ ਵੀ ਚਾਹੁੰਦੇ ਸਨ ਕਿ ਸੂਬਿਆਂ ਦੇ ਗਵਰਨਰਾਂ ਵੱਲੋਂ ਕੀਤੇ ਜਾ ਰਹੇ ਜ਼ੁਲਮ ਬਾਰੇ ਖਾਸ ਕਰ ਕੇ ਸਰਹਿੰਦ ਦੇ ਸੂਬੇ ਦੇ ਜ਼ੁਲਮਾਂ ਬਾਰੇ ਦੱਸਿਆ ਜਾਵੇ। ਗੁਰੂ ਜੀ ਆਪਣਾ ਉਤਾਰਾ ਬਾਦਸ਼ਾਹ ਤੋਂ ਵੱਖਰਾ ਕਰਦੇ ਸਨ ਤੇ ਧਰਮ ਪ੍ਰਚਾਰ ਕਰਦੇ ਸਨ। ਗੁਰੂ ਜੀ ਅਮਰਾਉਤੀ ਤੇ ਹਿੰਗੋਲੀ ਪਹੁੰਚੇ। ਇੱਥੇ ਗੁਰੂ ਜੀ ਨੇ ਬਾਦਸ਼ਾਹ ਦਾ ਸਾਥ ਛੱਡ ਦਿੱਤਾ। ਉਹ ਨਹੀਂ ਸਨ ਚਾਹੁੰਦੇ ਕਿ ਆਪਣੇ ਹੱਕਾਂ ਲਈ ਲੜ ਰਹੇ ਲੋਕਾਂ ਦੇ ਵਿਰੁੱਧ ਬਾਦਸ਼ਾਹ ਦਾ ਸਾਥ ਦਿੱਤਾ ਜਾਵੇ। ਗੁਰੂ ਜੀ ਨਾਂਦੇੜ ਪੁੱਜੇ ਤੇ ਗੋਦਾਵਰੀ ਦਰਿਆ ਕੰਢੇ ਡੇਰਾ ਕੀਤਾ। ਇਹ ਮੰਨਿਆ ਜਾਂਦਾ ਹੈ ਕਿ ਗੁਰੂ ਜੀ ਨਾਂਦੇੜ 19 ਜੁਲਾਈ 1708 ਨੂੰ ਪਹੁੰਚੇ ਸਨ। ਉਸ ਵੇਲੇ ਮਾਧੋ ਦਾਸ ਵੈਰਾਗੀ ਦੀ ਬਹੁਤ ਮਾਨਤਾ ਸੀ। ਗੁਰੂ ਜੀ ਨੇ ਮਾਧੋ ਦਾਸ ਨਾਲ ਮੁਲਾਕਾਤ ਕਰਨ ਦਾ ਫ਼ੈਸਲਾ ਕੀਤਾ। ਆਪਣਾ ਟਿਕਾਣਾ ਪੱਕਾ ਕਰਨ ਪਿੱਛੋਂ ਗੁਰੂ ਜੀ ਕੁਝ ਸਿੰਘਾਂ ਨਾਲ ਮਾਧੋ ਦਾਸ ਦੇ ਡੇਰੇ ਪੁੱਜੇ। ਇਹ ਡੇਰਾ ਇਕ ਸੁੰਦਰ ਬਗੀਚੀ ਵਿਚ ਬਣਿਆ ਹੋਇਆ ਸੀ। ਮਾਧੋ ਦਾਸ ਆਪਣੇ ਡੇਰੇ ’ਚ ਨਹੀਂ ਸੀ। ਗੁਰੂ ਜੀ ਉਸ ਦੀ ਉਡੀਕ ਕਰਨ ਲਈ ਉਸ ਦੇ ਸਿੰਘਾਸਨ ’ਤੇ ਬੈਠ ਗਏ। ਇਸ ਬਾਰੇ ਪਤਾ ਲੱਗਣ ’ਤੇ ਉਹ ਕਾਹਲੀ-ਕਾਹਲੀ ਆਪਣੇ ਆਸ਼ਰਮ ਪੁੱਜਿਆ। ਗੁਰੂ ਸਾਹਿਬ ਦੇ ਸਨਮੁੱਖ ਹੁੰਦਿਆਂ ਹੀ ਮਾਧੋ ਦਾਸ ਜਿਵੇਂ ਬੁੱਤ ਹੀ ਬਣ ਗਿਆ। ਗੁਰੂ ਸਾਹਿਬ ਨੇ ਜਦੋਂ ਪੁੱਛਿਆ ਕਿ ਉਹ ਕੌਣ ਹੈ ਤਾਂ ਉਹ ‘ਮੈਂ ਤੇਰਾ ਬੰਦਾ’ ਕਹਿ ਕੇ ਗੁਰੂ ਸਾਹਿਬ ਦੇ ਚਰਨੀਂ ਢਹਿ ਪਿਆ। ਗੁਰੂ ਜੀ ਨੇ ਉਸ ਨੂੰ ਉਠਾਇਆ ਅਤੇ ਛਾਤੀ ਨਾਲ ਲਾ ਲਿਆ।
ਗੁਰੂ ਸਹਾਬਿ ਦੇ ਚਿਹਰੇ ’ਤੇ ਖ਼ੁਸ਼ੀ ਝਲਕ ਰਹੀ ਸੀ ਕਿਉਂਕਿ ਉਨ੍ਹਾਂ ਨੂੰ ਆਪਣਾ ਜਰਨੈਲ ਮਿਲ ਗਿਆ ਸੀ ਅਤੇ ਮਾਧੋ ਦਾਸ ਤੋਂ ਖ਼ੁਸ਼ੀ ਸਾਂਭੀ ਨਹੀਂ ਜਾ ਰਹੀ ਸੀ ਕਿਉਂਕਿ ਉਸ ਨੂੰ ਪੂਰਨ ਮੁਰਸ਼ਦ ਮਿਲ ਗਿਆ ਸੀ। ਇਹ ਸ਼ਕਤੀ ਤੇ ਭਗਤੀ ਦਾ ਇਕ ਅਨੋਖਾ ਸੰਗਮ ਸੀ। ਮਾਧੋ ਦਾਸ ਨੇ ਆਪਾ ਗੁਰੂ ਜੀ ਅੱਗੇ ਸਮਰਪਣ ਕਰ ਦਿੱਤਾ। ਗੁਰੂ ਜੀ ਉਸ ਨੂੰ ਆਪਣੇ ਡੇਰੇ ਲੈ ਆਏ ਤੇ ਅਗਲੇ ਦਿਨ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਸਿੰਘ ਸਜਾ ਦਿੱਤਾ। ਇਹ ਆਖਿਆ ਜਾਂਦਾ ਹੈ ਕਿ ਗੁਰੂ ਜੀ ਨੇ ਉਨ੍ਹਾਂ ਦਾ ਨਾਮ ਗੁਰਬਖ਼ਸ਼ ਸਿੰਘ ਰੱਖਿਆ ਸੀ ਪਰ ਉਹ ਤਾਂ ਗੁਰੂ ਦਾ ਬੰਦਾ ਬਣ ਚੁੱਕਿਆ ਸੀ ਇਸ ਕਰਕੇ ਉਹ ਬਾਬਾ ਬੰਦਾ ਸਿੰਘ ਬਹਾਦਰ ਕਰ ਕੇ ਹੀ ਜਾਣੇ ਜਾਣ ਲੱਗ ਪਿਆ।
ਗੁਰੂ ਜੀ ਦੇ ਸਾਥੀ ਸਿੰਘਾਂ ਨੇ ਬੰਦਾ ਬਹਾਦਰ ਨੂੰ ਗੁਰੂ ਪਰਿਵਾਰ ’ਤੇ ਹੋਏ ਜ਼ੁਲਮ ਦੀਆਂ ਕਹਾਣੀਆਂ ਸੁਣਾਈਆਂ ਤੇ ਸਿੰਘਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦਿੱਤੀ। ਵਜ਼ੀਰ ਖਾਨ ਵੱਲੋਂ ਕੀਤੇ ਜ਼ੁਲਮਾਂ ਦੀ ਕਹਾਣੀ ਨੇ ਉਨ੍ਹਾਂ ਦੇ ਹਿਰਦੇ ਨੂੰ ਝੰਜੋੜ ਕੇ ਰੱਖ ਦਿੱਤਾ। ਉਨ੍ਹਾਂ ਅੰਦਰ ਯੁੱਧ ਕਲਾ ਨੇ ਮੁੜ ਅੰਗੜਾਈਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਤੇ ਗੁਰੂ ਜੀ ਨੇ ਉਨ੍ਹਾਂ ਨੂੰ ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਦਇਆ ਸਿੰਘ, ਭਾਈ ਬਾਜ ਸਿੰਘ ਤੇ ਭਾਈ ਰਣ ਸਿੰਘ ਨਾਲ ਪੰਜਾਬ ਤੋਰ ਦਿੱਤਾ। ਗੁਰੂ ਜੀ ਨੇ ਉਨ੍ਹਾਂ ਨੂੰ ਆਪਣੇ ਪੰਜ ਤੀਰ, ਇਕ ਨਗਾਰਾ ਤੇ ਨਿਸ਼ਾਨ ਸਾਹਿਬ ਦੀ ਬਖਸ਼ਿਸ਼ ਵੀ ਕੀਤੀ। ਇਨ੍ਹਾਂ ਦੇ ਨਾਲ 25 ਹੋਰ ਸਿੰਘਾਂ ਨੂੰ ਵੀ ਜਾਣ ਲਈ ਆਖਿਆ ਗਿਆ। ਗੁਰੂ ਸਾਹਿਬ ਨੇ ਪੰਜਾਬ ਦੇ ਸਿੱਖਾਂ ਦੇ ਨਾਮ ਹੁਕਮਨਾਮੇ ਭੇਜ ਕੇ ਬਾਬਾ ਬੰਦਾ ਸਿੰਘ ਮਦਦ ਕਰਨ ਲਈ ਵੀ ਕਿਹਾ।
ਬਾਬਾ ਜੀ ਨੂੰ ਆਪਣੀ ਭਗਤੀ ਕਾਰਨ ਇਹ ਭਾਸ ਹੋਣ ਲੱਗ ਪਿਆ ਸੀ ਕਿ ਗੁਰੂ ਜੀ ਨਾਲ ਕੋਈ ਅਣਹੋਣੀ ਹੋਣ ਵਾਲੀ ਹੈ। ਇਸ ਕਰਕੇ ਉਨ੍ਹਾਂ ਆਪਣੀ ਰਵਾਨਗੀ ਅੱਗੇ ਪਾ ਦਿੱਤੀ ਤਾਂ ਜੋ ਔਖੀ ਘੜੀ ਵੇਲੇ ਉਹ ਸਤਿਗੁਰੂ ਦੇ ਨੇੜੇ ਹੋਣ। ਦੂਜੇ ਪਾਸੇ ਵਜ਼ੀਰ ਖਾਨ ਨੂੰ ਗੁਰੂ ਜੀ ਦੀ ਬਾਦਸ਼ਾਹ ਨਾਲ ਦੋਸਤੀ ਦੀ ਖ਼ਬਰ ਮਿਲ ਚੁੱਕੀ ਸੀ। ਜਿੱਥੇ ਉਸ ਨੂੰ ਕੀਤੇ ਜ਼ੁਲਮਾਂ ਲਈ ਉਸ ਦੀ ਜ਼ਮੀਰ ਲਾਹਨਤਾਂ ਪਾ ਰਹੀ ਸੀ ਉਥੇ ਉਸ ਨੂੰ ਸਿੱਖਾਂ ਦੇ ਗੁੱਸੇ ਦਾ ਖੌਫ਼ ਡਰਾ ਰਿਹਾ ਸੀ। ਉਸ ਨੇ ਸੋਚਿਆ ਕਿ ਜੇ ਗੁਰੂ ਸਾਹਿਬ ਨੂੰ ਹੀ ਸ਼ਹੀਦ ਕਰ ਦਿੱਤਾ ਜਾਵੇ ਤਾਂ ਸ਼ਾਇਦ ਬਾਦਸ਼ਾਹ ਦੀ ਸਜ਼ਾ ਤੋਂ ਬਚਿਆ ਜਾ ਸਕਦਾ ਹੈ। ਉਸ ਨੇ ਚੋਖੀ ਮਾਇਆ ਦੇ ਕੇ ਦੋ ਪਠਾਨ ਭਰਾਵਾਂ ਨੂੰ ਗੁਰੂ ਜੀ ’ਤੇ ਵਾਰ ਕਰਨ ਲਈ ਭੇਜਿਆ। ਅਤਾਉੱਲਾ ਖਾਨ ਅਤੇ ਗੁਲ ਖਾਨ ਨੰਦੇੜ ਪਹੁੰਚੇ ਅਤੇ ਸਤਿਗੁਰੂ ਦੇ ਦਰਬਾਰ ਵਿਚ ਸੇਵਾ ਕਰਨ ਲੱਗ ਪਏ। ਇਨ੍ਹਾਂ ਦੋਵਾਂ ਭਰਾਵਾਂ ਨੇ ਆਪਣੀ ਸੇਵਾ ਨਾਲ ਗੁਰੂ ਘਰ ਵਿਚ ਆਪਣਾ ਭਰੋਸਾ ਬਣਾ ਲਿਆ। ਇੱਕ ਦਿਨ ਜਦੋਂ ਗੁਰੂ ਜੀ ਆਪਣੇ ਤੰਬੂ ਵਿਚ ਇਕੱਲੇ ਆਰਾਮ ਕਰ ਰਹੇ ਸਨ ਤਾਂ ਅਤਾਉੱਲਾ ਬਾਹਰ ਖੜ੍ਹਾ ਹੋ ਗਿਆ ਤੇ ਗੁਲ ਖਾਨ ਨੇ ਗੁਰੂ ਜੀ ’ਤੇ ਆਪਣੇ ਖੰਜਰ ਨਾਲ ਵਾਰ ਕਰ ਦਿੱਤਾ। ਖੰਜਰ ਗੁਰੂ ਜੀ ਦੀ ਛਾਤੀ ਵਿਚ ਖੁਭ ਗਿਆ। ਗੁਰੂ ਜੀ ਜਾਗ ਪਏ ਤੇ ਉਨ੍ਹਾਂ ਆਪਣੀ ਕਟਾਰ ਨਾਲ ਗੁਲ ਖਾਨ ਨੂੰ ਉਥੇ ਹੀ ਢੇਰੀ ਕਰ ਦਿੱਤਾ। ਇਸ ਘਟਨਾ ਨਾਲ ਸਾਰੇ ਪਾਸੇ ਰੌਲਾ ਪੈ ਗਿਆ ਤੇ ਸਿੰਘਾਂ ਨੇ ਅਤਾਉੱਲਾ ਨੂੰ ਵੀ ਮਾਰ ਦਿੱਤਾ।
ਗੁਰੂ ਜੀ ਦੇ ਜ਼ਖ਼ਮਾਂ ਨੂੰ ਸੀਤਾ ਗਿਆ ਤੇ ਪੱਟੀ ਬੰਨ੍ਹ ਦਿੱਤੀ ਗਈ। ਜਾਪਦਾ ਸੀ ਕਿ ਜ਼ਖ਼ਮ ਠੀਕ ਹੋ ਰਿਹਾ ਹੈ ਪਰ ਇਕ ਦਿਨ ਗੁਰੂ ਸਾਹਿਬ ਨੇ ਕਮਾਨ ਤੋਂ ਤੀਰ ਖਿਚਿਆ ਤਾਂ ਜ਼ਖ਼ਮ ’ਚੋਂ ਲਹੂ ਵਗ ਤੁਰਿਆ। ਬਹਾਦਰ ਸ਼ਾਹ ਨੂੰ ਵੀ ਖ਼ਬਰ ਪਹੁੰਚ ਗਈ ਸੀ। ਉਸ ਨੇ ਆਪਣੇ ਜਰਾਹ (ਡਾਕਟਰ) ਨੂੰ ਵੀ ਭੇਜਿਆ ਪਰ ਹਾਲਤ ਵਿਗੜਦੀ ਗਈ। ਗੁਰੂ ਸਾਹਿਬ ਨੇ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੀ ਬਖਸ਼ਿਸ਼ ਕਰ ਕੇ ਸ਼ਬਦ ਨੂੰ ਗੁਰੂ ਥਾਪ ਦਿੱਤਾ। ਖਾਲਸੇ ਦੀ ਅਗਵਾਈ ਹੁਣ ਗੁਰੂ ਗ੍ਰੰਥ ਸਾਹਿਬ ਨੇ ਕਰਨੀ ਸੀ। ਵਜ਼ੀਰ ਖਾਨ ਦੀ ਇਸ ਘਨੌਣੀ ਹਰਕਤ ਨਾਲ ਬੰੰਦਾ ਬਹਾਦਰ ਤੇ ਉਨ੍ਹਾਂ ਦੇ ਸਾਥੀਆਂ ’ਚ ਗੁੱਸੇ ਦੀ ਲਹਿਰ ਦੌੜ ਗਈ। ਉਹ ਛੇਤੀ ਤੋਂ ਛੇਤੀ ਜ਼ਾਲਮਾਂ ਨੂੰ ਸੋਧ ਜ਼ੁਲਮ ਦਾ ਅੰਤ ਕਰਨਾ ਚਾਹੁੰਦੇ ਸਨ ਪਰ ਉਹ ਗੁਰੂ ਸਾਹਿਬ ਨੂੰ ਇਸ ਸਥਿਤੀ ਵਿਚ ਵੀ ਛੱਡ ਕੇ ਨਹੀਂ ਜਾਣਾ ਚਾਹੁੰਦੇ ਸਨ। ਗੁਰੂ ਸਾਹਿਬ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਾਬਾ ਬੰਦਾ ਬਹਾਦਰ ਨੂੰ ਥਾਪੜਾ ਦਿੰਦਿਆਂ ਸਿੱਖੀ ਸਿਦਕ ਵਿੱਚ ਪੂਰੇ ਰਹਿ ਕੇ, ਪੰਜ ਸਿੰਘਾਂ ਨਾਲ ਸਲਾਹ ਕਰ ਕੇ ਸੱਚ ਤੇ ਹੱਕ ਦੀ ਲੜਾਈ ਲੜਨ ਦਾ ਹੁਕਮ ਦਿੱਤਾ। 7 ਅਕਤੂਬਰ 1708 ਨੂੰ ਗੁਰੂ ਸਾਹਿਬ ਨੇ ਪ੍ਰਾਣ ਤਿਆਗ ਦਿੱਤੇ ਅਤੇ ਮਗਰੋਂ ਬੰਦਾ ਬਹਾਦਰ ਤੇ ਸਾਥੀਆਂ ਨੇ ਗੂਰੂ ਜੀ ਦਾ ਸਸਕਾਰ ਕਰ ਕੇ ਪੰਜਾਬ ਵੱਲ ਚਾਲੇ ਪਾ ਦਿੱਤੇ।
ਸੰਪਰਕ: 94170-87328

Advertisement

Advertisement