For the best experience, open
https://m.punjabitribuneonline.com
on your mobile browser.
Advertisement

ਗਾਜ਼ਾ ਜੰਗ: ਇਜ਼ਰਾਇਲੀ ਹਾਕਮਾਂ ਅੰਦਰ ਵਧ ਰਹੇ ਅੰਤਰ-ਵਿਰੋਧ

06:44 AM Jul 06, 2024 IST
ਗਾਜ਼ਾ ਜੰਗ  ਇਜ਼ਰਾਇਲੀ ਹਾਕਮਾਂ ਅੰਦਰ ਵਧ ਰਹੇ ਅੰਤਰ ਵਿਰੋਧ
Advertisement

ਗੁਰਪ੍ਰੀਤ ਅੰਮ੍ਰਿਤਸਰ

Advertisement

ਕੁਝ ਦਿਨ ਪਹਿਲਾਂ ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਇਜ਼ਰਾਈਲ ਦਾ ਜੰਗੀ ਮੰਤਰੀ ਮੰਡਲ ਭੰਗ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਇਜ਼ਰਾਇਲੀ ਹਾਕਮ ਜਮਾਤ ਦੇ ਦੂਜੇ ਧੜੇ ਦੇ ਆਗੂਆਂ ਬੈਨੀਗੈਂਟਜ ਅਤੇ ਗਾਦੀ ਆਈਸਨਕੋਟ ਦੇ ਜੰਗੀ ਮੰਤਰੀ ਮੰਡਲ ਵਿੱਚੋਂ ਅਸਤੀਫੇ ਤੋਂ ਬਾਅਦ ਕੀਤਾ ਗਿਆ। ਪਿਛਲੇ ਕਾਫੀ ਸਮੇਂ ਤੋਂ ਹੀ ਇਜ਼ਰਾਇਲੀ ਹਾਕਮ ਜਮਾਤ ਦੇ ਵੱਖ-ਵੱਖ ਧੜਿਆਂ ਵਿੱਚ ਆਪਸੀ ਕਲੇਸ਼ ਕਾਫੀ ਜਿ਼ਆਦਾ ਵਧ ਰਿਹਾ ਸੀ। ਇਸ ਤੋਂ ਬਿਨਾਂ ਇਜ਼ਰਾਈਲ ਦਾ ਸਭ ਤੋਂ ਕਰੀਬੀ ਸਾਮਰਾਜੀ ਹਮਾਇਤੀ ਅਮਰੀਕਾ ਵੀ ਨੇਤਨਯਾਹੂ ਨਾਲ਼ ਕੁਝ ਜਿ਼ਆਦਾ ਖੁਸ਼ ਨਹੀਂ ਸੀ। ਇਹ ਸਭ ਪ੍ਰਤੱਖ ਤੌਰ ’ਤੇ ਹਮਾਸ ਨਾਲ ਟਕਰਾਅ ਦੇ ਖਿੱਚੇ ਜਾਣ, ਇਜ਼ਰਾਈਲ ਵੱਲੋਂ ਜੰਗ ਦੇ ਸ਼ੁਰੂ ਵਿੱਚ ਐਲਾਨੇ ਮਕਸਦ (ਬੰਦੀ ਬਣਾਏ ਇਜ਼ਰਾਇਲੀ ਫੌਜੀਆਂ ਦੀ ਰਿਹਾਈ, ਹਮਾਸ ਦਾ ਪੂਰਨ ਖਾਤਮਾ) ਵਿੱਚੋਂ ਅਜੇ ਤੱਕ ਕੁਝ ਵੀ ਪੂਰਾ ਨਾ ਹੋਣ, ਇਜ਼ਰਾਇਲੀ ਫੌਜ ਨੂੰ ਹਮਾਸ ਵੱਲੋਂ ਲੱਗ ਰਹੀ ਪਛਾੜ ਦੀ ਹੀ ਨਿਸ਼ਾਨੀ ਹੈ ਕਿ ਇਜ਼ਰਾਈਲ ਦੇ ਅੰਦਰ ਵੀ ਨੇਤਨਯਾਹੂ ਖਿਲਾਫ ਵਿਰੋਧ ਦੀਆਂ ਸੁਰਾਂ ਤੇਜ਼ ਹੋ ਰਹੀਆਂ ਹਨ।
ਨੇਤਨਯਾਹੂ ਇਸ ਸਮੇਂ ਕਾਫੀ ਦਬਾਅ ਵਿੱਚ ਹੈ। ਇਹ ਦਬਾਅ ਇਜ਼ਰਾਈਲ ਦੇ ਅੰਦਰੂਨੀ ਹਾਲਾਤ ਤੋਂ ਲੈ ਕੇ ਇਸ ਦਾ ਜੋਟੀਦਾਰ ਅਮਰੀਕਾ ਵੀ ਪਾ ਰਿਹਾ ਹੈ। ਇਸੇ ਸਾਲ ਨਵੰਬਰ ਵਿੱਚ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ ਜਿਹਨਾਂ ਵਿੱਚ ਇਸ ਵੇਲ਼ੇ ਦਾ ਅਮਰੀਕੀ ਸਦਰ ਜੋਅ ਬਾਇਡਨ ਕਾਫੀ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਹੈ ਜਿਹਨਾਂ ਵਿੱਚੋਂ ਇੱਕ ਕਾਰਨ ਅਮਰੀਕੀ ਲੋਕਾਂ ਵੱਲੋਂ ਫਲਸਤੀਨੀ ਲੋਕ ਦੇ ਕਤਲੇਆਮ ਵਿਰੁੱਧ ਕੀਤੇ ਗਏ ਵੱਡੇ ਰੋਸ ਮੁਜ਼ਾਹਰੇ ਹਨ। ਆਪਣੀ ਸਾਖ ਬਹਾਲੀ ਲਈ ਅਮਰੀਕੀ ਸਦਰ ਫਲਸਤੀਨ ਦੇ ਮਸਲੇ ਲਈ ‘ਕੁਝ ਕਰਦਾ’ ਦਿਸਣਾ ਚਾਹੁੰਦਾ ਹੈ। ਇਸੇ ਲਈ ਪਿਛਲੇ ਕੁਝ ਸਮੇਂ ਤੋਂ ਅਮਰੀਕਾ ਇਜ਼ਰਾਈਲ ਉੱਪਰ ਬਣਾਉਟੀ, ਸੀਮਤ ਜਿਹੀ ਜੰਗਬੰਦੀ ਲਈ ਦਬਾਅ ਬਣਾ ਰਿਹਾ ਹੈ, ਭਾਵੇਂ ਇਜ਼ਰਾਈਲ ਨੂੰ ਦਿੱਤੀ ਜਾਣ ਵਾਲ਼ੀ ਵਿੱਤੀ ਤੇ ਫੌਜੀ ਮਦਦ ਲਗਾਤਾਰ ਜਾਰੀ ਹੈ।
ਜੰਗੀ ਮੰਤਰੀ ਮੰਡਲ ਪਿਛਲੇ ਸਾਲ ਅਕਤੂਬਰ ਵਿੱਚ ਬਣਾਇਆ ਗਿਆ ਸੀ ਅਤੇ ਇਸ ਵਿੱਚ ਇਜ਼ਰਾਇਲੀ ਹਾਕਮ ਜਮਾਤ ਦੀਆਂ ਵੱਖ-ਵੱਖ ਪਾਰਟੀਆਂ ਦੇ ਆਗੂ ਸ਼ਾਮਲ ਸਨ। ਜੰਗ ਸ਼ੁਰੂ ਹੋਣ ਤੋਂ ਪਹਿਲਾਂ ਨੇਤਨਯਾਹੂ ਦਾ ਵੱਡੇ ਪੱਧਰ ’ਤੇ ਵਿਰੋਧ ਹੋ ਰਿਹਾ ਸੀ; ਖਾਸਕਰ ਨੇਤਨਯਾਹੂ ਵੱਲੋਂ ਇਜ਼ਰਾਈਲ ਦੀ ਨਿਆਂ ਪ੍ਰਣਾਲੀ ਨੂੰ ਸਰਕਾਰ ਦੇ ਕਾਬੂ ਹੇਠ ਲਿਆਉਣ ਲਈ ਲਿਆਂਦੇ ਗਏ ਕਾਨੂੰਨਾਂ ਤੋਂ ਬਾਅਦ ਇਹ ਵਿਰੋਧ ਕਾਫੀ ਜਿ਼ਆਦਾ ਵਧ ਗਏ ਸਨ। ਜੰਗੀ ਮੰਤਰੀ ਮੰਡਲ ਵਿੱਚ ਨੇਤਨਯਾਹੂ ਦੇ ਧੁਰ-ਵਿਰੋਧੀ ਵੀ ਸ਼ਾਮਲ ਸਨ ਜੋ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਨੇਤਨਯਾਹੂ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ ਪਰ ਫਲਸਤੀਨ ’ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਲਈ ਸਾਰੇ ਧੜੇ ਇੱਕ ਹੋ ਗਏ ਸਨ।
ਬੈਨੀਗੈਂਟਜ ਜਿਸ ਨੂੰ ਇਜ਼ਰਾਇਲੀ ਬੁਰਜੁਆ ਸਿਆਸਤ ਵਿੱਚ ਮੁਕਾਬਲਤਨ ਉਦਾਰਪੰਥੀ ਮੰਨਿਆ ਜਾਂਦਾ ਹੈ, ਵੀ 2012 ਵਿੱਚ ਫਲਸਤੀਨੀਆਂ ਦਾ ਕਤਲੇਆਮ ਕਰਨ ਵਾਲ਼ੀ ਇਜ਼ਰਾਇਲੀ ਫੌਜ ਦਾ ਜਰਨੈਲ ਰਹਿ ਚੁੱਕਾ ਹੈ। ਇਸੇ ਸਿਆਸਤਦਾਨ ਦੀ ਅਗਵਾਈ ਵਿੱਚ ਇਜ਼ਰਾਇਲੀ ਫੌਜ ਨੇ 2014 ਵਿੱਚ 2200 ਤੋਂ ਵੱਧ ਫਲਸਤੀਨੀ ਨਾਗਰਿਕਾਂ ਦਾ ਕਤਲੇਆਮ ਕੀਤਾ ਸੀ। ਇਸ ਤੋਂ ਬਿਨਾਂ ਉਹ 2019 ਵਿੱਚ ਫਲਸਤੀਨ ਨੂੰ ਬੰਬਾਰੀ ਕਰ ਕੇ ਪੱਥਰ ਯੁੱਗ ਵਿੱਚ ਪਹੁੰਚਾਉਣ ਜਿਹੇ ਬਿਆਨ ਵੀ ਦੇ ਚੁੱਕਾ ਹੈ। ਜੰਗੀ ਮੰਤਰੀ ਮੰਡਲ ਵਿੱਚ ਸ਼ਾਮਲ ਦੂਜਾ ਸਿਆਸਤਦਾਨ ਗਾਦੀ ਆਈਸਨਕੋਟ ਵੀ ਇਜ਼ਰਾਇਲੀ ਫੌਜ ਦਾ ਸਾਬਕਾ ਜਰਨੈਲ ਹੈ। 2008 ਵਿੱਚ ਇਸ ਨੇ ਕਿਹਾ ਸੀ ਕਿ ਸਾਰੇ ਫਲਸਤੀਨੀ ਆਮ ਨਾਗਰਿਕ ਫੌਜੀ ਨਿਸ਼ਾਨੇ ਹਨ ਅਤੇ ਇਹਨਾਂ ਉੱਪਰ ਹਮਲਾ ਕੀਤਾ ਜਾਣਾ ਚਾਹੀਦਾ ਹੈ।
ਇਜ਼ਰਾਈਲ ਦੀ ਹਾਕਮ ਜਮਾਤ ਵਿੱਚ ਫਲਸਤੀਨੀ ਲੋਕਾਂ ਦੀ ਨਸਲਕੁਸ਼ੀ ਨੂੰ ਲੈ ਕੇ ਕੋਈ ਬੁਨਿਆਦੀ ਮਤਭੇਦ ਨਹੀਂ ਹਨ। ਸਾਰੇ ਇਹ ਮੰਨਦੇ ਹਨ ਕਿ ਇਹ ਜੰਗ ਜਾਇਜ਼ ਹੈ ਅਤੇ ਇਜ਼ਰਾਈਲ ਦਾ ਪੂਰੇ ਫਲਸਤੀਨ ਉੱਪਰ ਹੱਕ ਹੈ ਤੇ ਫਲਸਤੀਨੀ ਲੋਕਾਂ ਨੂੰ ਇੱਥੋਂ ਖਦੇੜ ਦੇਣ ਚਾਹੀਦਾ ਹੈ। ਬੱਸ ਹਾਕਮਾਂ ਦੇ ਵੱਖ-ਵੱਖ ਧੜਿਆਂ ਵਿੱਚ ਕੰਮ ਕਰਨ ਦੇ ਢੰਗ-ਤਰੀਕਿਆਂ ਵਿੱਚ ਫਰਕ ਹੈ। ਬੈਨੀਗੈਂਟਜ ਵਰਗੇ ਉਦਾਰਪੰਥੀ ਇਹ ਕੰਮ ਇਜ਼ਰਾਇਲੀ ਜਨਤਾ ਅਤੇ ਬਾਕੀ ਸੰਸਾਰ ਦੇ ਲੋਕਾਂ ਤੋਂ ਵੱਧ ਤੋਂ ਵੱਧ ਪ੍ਰਵਾਨਗੀ ਲੈ ਕੇ ਕਰਨਾ ਚਾਹੁੰਦੇ ਹਨ ਜਿਸ ਨਾਲ਼ ਇਜ਼ਰਾਇਲੀ ਜੁਰਮਾਂ ਉੱਪਰ ਇੱਕ ਹੱਦ ਤੱਕ ਪਰਦਾ ਪੈ ਜਾਵੇ। ਦੂਜੇ ਹੱਥ, ਨੇਤਨਯਾਹੂ ਅਤੇ ਉਸ ਦੀ ਸਰਕਾਰ ਵਿੱਚ ਸ਼ਾਮਲ ਧੁਰ ਸੱਜੇ ਪੱਖੀ ਸਿਆਸਤਦਾਨ ਫਲਸਤੀਨੀ ਲੋਕਾਂ ਦੀ ਨਸਲਕੁਸ਼ੀ ਨੰਗੇ-ਚਿੱਟੇ ਰੂਪ ਵਿੱਚ ਕਰਨ ਦੇ ਹੱਕ ਵਿੱਚ ਹਨ ਪਰ ਹੁਣ ਨੇਤਨਯਾਹੂ ਵਿਰੋਧੀ ਧੜੇ ਦਾ ਮੰਨਣਾ ਹੈ ਕਿ ਇਜ਼ਰਾਈਲ ਦੀ ਜਨਤਾ ਵਿੱਚ ਇਸ ਜੰਗ ਪ੍ਰਤੀ ਰੋਸ ਵਧ ਰਿਹਾ ਹੈ। ਖਾਸ ਤੌਰ ’ਤੇ ਉਹਨਾਂ ਲੋਕਾਂ ਵਿੱਚ ਜਿਹਨਾਂ ਦੇ ਪਰਿਵਾਰ ਵਿੱਚੋਂ ਲੋਕ ਜੰਗ ਵਿੱਚ ਮਾਰੇ ਗਏ ਹਨ ਜਾਂ ਬੰਦੀ ਬਣਾਏ ਗਏ ਹਨ। ਬੈਨੀਗੈਂਟਜ ਜੰਗ ਨੂੰ ਕੁਝ ਸਮੇਂ ਲਈ ਰੋਕ ਕੇ ਬੰਦੀ ਛੁਡਾਉਣ ਦੀ ਮੰਗ ਕਰ ਰਿਹਾ ਹੈ ਜਿਸ ਨਾਲ਼ ਇਜ਼ਰਾਈਲ ਦੀ ਜਨਤਾ ਵਿੱਚ ਇੱਕ ਵਾਰ ਫਿਰ ਤੋਂ ਫਲਸਤੀਨੀ ਲੋਕਾਂ ਦੇ ਕਤਲੇਆਮ ਲਈ ਪ੍ਰਵਾਨਗੀ ਲਈ ਜਾ ਸਕੇ।
ਇਸ ਤੋਂ ਬਿਨਾਂ ਇਸ ਵਕਤੀ ਜੰਗਬੰਦੀ ਨਾਲ਼ ਲਿਬਨਾਨ ਨਾਲ਼ ਲਗਦੀ ਉੱਤਰੀ ਸਰਹੱਦ ’ਤੇ ਹਿਜ਼ਬੁੱਲ੍ਹਾ ਨਾਲ਼ ਹੋ ਰਹੀਆਂ ਝੜਪਾਂ ਵੀ ਰੁਕ ਜਾਣਗੀਆਂ। ਇਹਨਾਂ ਦੋਹਾਂ ਨੇ ਨੇਤਨਯਾਹੂ ਉੱਪਰ ਗਾਜ਼ਾ ਵਿੱਚ ਹੋ ਰਹੀ ਜੰਗ ਖਤਮ ਹੋਣ ਤੋਂ ਬਾਅਦ ਅੱਗੇ ਲਈ ਕੋਈ ਠੋਸ ਯੋਜਨਾ ਨਾ ਹੋਣ ਦਾ ਵੀ ਦੋਸ਼ ਲਗਾਇਆ ਹੈ। ਅਸਲ ਵਿੱਚ ਇਹ ਆਗੂ ਜੰਗ ਖਤਮ ਹੋਣ ਤੋਂ ਬਾਅਦ ਗਾਜਾ ਵਿੱਚ ਸਾਊਦੀ-ਅਮਰੀਕਾ-ਯੂਰੋਪ ਦੀ ਅਗਵਾਈ ਵਿੱਚ ਸਾਂਝੀ ਸੁਰੱਖਿਆ ਵਿਵਸਥਾ ਜਿਸ ਦਾ ਅਸਲ ਅਰਥ ਕਬਜ਼ਾ ਹੋਵੇਗਾ, ਦੇ ਹੱਕ ਵਿੱਚ ਹਨ। ਇਹ ਯੋਜਨਾ ਕੁਝ ਸਮਾਂ ਪਹਿਲਾਂ ਅਮਰੀਕਾ ਨੇ ਇਜ਼ਰਾਈਲ ਅਤੇ ਹਮਾਸ ਵਿਚਕਾਰ ਹੋ ਰਹੀ ਗੱਲਬਾਤ ਦੌਰਾਨ ਸਾਹਮਣੇ ਰੱਖੀ ਸੀ। ਪਿਛਲੇ ਮਹੀਨੇ ਗੈਂਟਜ ਨੇ ਗਾਜ਼ਾ ਲਈ ਯੋਜਨਾ ਸਾਹਮਣੇ ਰੱਖੀ ਸੀ। ਯੋਜਨਾ ਮੁਤਾਬਕ ਅਸਥਾਈ ਅਮਰੀਕੀ-ਯੂਰੋਪੀਅਨ-ਅਰਬ-ਫਲਸਤੀਨੀ ਪ੍ਰਸ਼ਾਸਨ ਪ੍ਰਣਾਲੀ ਸ਼ਾਮਲ ਸੀ ਜਿਸ ਵਿੱਚ ਇਜ਼ਰਾਈਲ ਨੂੰ ਗਾਜ਼ਾ ਦੀ ਸੁਰੱਖਿਆ ਦਾ ਸਮੁੱਚਾ ਕੰਟਰੋਲ ਮਿਲ਼ਣਾ ਸੀ।
ਦੂਜੇ ਹੱਥ, ਅਮਰੀਕਾ ਵਿੱਚ ਵੀ ਇਸ ਸਾਲ ਨਵੰਬਰ ਵਿੱਚ ਚੋਣਾਂ ਹਨ ਜਿਹਨਾਂ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਸਦਰ ਜੋਅ ਬਾਇਡਨ ਲਈ ਰਾਹ ਐਨਾ ਸੁਖਾਲਾ ਨਹੀਂ ਹੈ। ਗਾਜ਼ਾ ਵਿੱਚ ਇਜ਼ਰਾਈਲ ਦੇ ਕਤਲੇਆਮ ਅਤੇ ਅਮਰੀਕਾ ਦੀ ਇਜ਼ਰਾਈਲ ਨੂੰ ਦਿੱਤੀ ਜਾ ਰਹੀ ਆਰਥਿਕ ਅਤੇ ਫੌਜੀ ਮਦਦ ਵਿਰੁੱਧ ਅਮਰੀਕਾ ਵਿੱਚ ਵੱਡੇ ਪੱਧਰ ਉੱਪਰ ਰੋਸ ਹੈ; ਖਾਸਕਰ ਡੈਮੋਕ੍ਰੈਟਿਕ ਪਾਰਟੀ ਦੇ ਰਸਮੀ ਵੋਟ ਬੈਂਕ ਜਿਹਨਾਂ ਵਿੱਚ ਅਮਰੀਕਾ ਵਿੱਚ ਰਹਿ ਰਹੇ ਘੱਟ ਗਿਣਤੀ ਮੁਸਲਿਮ, ਕਾਲ਼ੇ ਅਤੇ ਹੋਰ ਉਦਾਰਪੰਥੀ ਜਮਹੂਰੀ ਵੋਟਰ ਸ਼ਾਮਲ ਹਨ। ਇਸ ਰੋਸ ਨੂੰ ਠੰਢਾ ਕਰਨ ਲਈ ਅਮਰੀਕੀ ਸਰਕਾਰ ਦੀ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਨਾਲ਼ ਵਕਤੀ ਜੰਗਬੰਦੀ ਹੋ ਜਾਵੇ। ਇਸੇ ਕਾਰਨ ਹੀ ਅਮਰੀਕਾ ਨੇ ਇਜ਼ਰਾਈਲ ਨੂੰ ਭੇਜੇ ਜਾਣ ਵਾਲ਼ੇ ਹਥਿਆਰਾਂ ਵਿੱਚ ਵੀ ਮਾਮੂਲੀ ਕਟੌਤੀ ਕਰ ਕੇ ਨੇਤਨਯਾਹੂ ਨੂੰ ਸੁਨੇਹਾ ਦੇਣਾ ਚਾਹਿਆ ਹੈ। ਨੇਤਨਯਾਹੂ ਵਿਰੁੱਧ ਖੜ੍ਹੀ ਇਜ਼ਰਾਇਲੀ ਵਿਰੋਧੀ ਧਿਰ ਰਾਹੀਂ ਅਮਰੀਕਾ ਨੇਤਨਯਾਹੂ ਸਰਕਾਰ ਉੱਪਰ ਦਬਾਅ ਬਣਾ ਰਿਹਾ ਹੈ। ਹਮਾਸ ਦੇ ਜਾਨ ਹੂਲਵੇਂ ਸੰਘਰਸ਼ ਕਾਰਨ ਇਜ਼ਰਾਇਲੀ ਧਾੜਵੀਆਂ ਨੂੰ ਲੱਗ ਰਹੀ ਪਛਾੜ ਤੇ ਉੱਪਰੋਂ ਰਾਸ਼ਟਰਪਤੀ ਚੋਣਾਂ ਦੇ ਮੱਦੇਨਜਰ ਅਮਰੀਕਾ ਦੀ ਨੀਤੀ ਦੇ ਮਾਤਹਿਤ ਹੀ ਇਜ਼ਰਾਈਲ ਵਿੱਚ ਵਿਰੋਧੀ ਧਿਰ ਦੇ ਇਹਨਾਂ ਆਗੂਆਂ ਦੇ ਜੰਗੀ ਮੰਤਰੀ ਮੰਡਲ ਵਿੱਚੋਂ ਬਾਹਰ ਨਿਕਲਣ ਦੇ ਫੈਸਲੇ ਨੂੰ ਸਮਝਣਾ ਚਾਹੀਦਾ ਹੈ।
ਜੰਗੀ ਮੰਤਰੀ ਮੰਡਲ ਭੰਗ ਹੋਣ ਤੋਂ ਬਾਅਦ ਹੁਣ ਜੰਗ ਨਾਲ਼ ਸਬੰਧਿਤ ਸਾਰੇ ਫੈਸਲੇ ਨੇਤਨਯਾਹੂ ਸਰਕਾਰ ਦੇ ਸੁਰੱਖਿਆ ਵਿਭਾਗ ਨਾਲ਼ ਸਬੰਧਿਤ ਮੰਤਰੀ ਮੰਡਲ ਵਿੱਚ ਕੀਤੇ ਜਾਣਗੇ। ਇਸ ਪੂਰੇ ਮਾਮਲੇ ਵਿੱਚ ਇੱਕ ਹੋਰ ਦਿਲਚਸਪ ਖਬਰ ਇਹ ਹੈ ਕਿ ਇਜ਼ਰਾਇਲੀ ਫੌਜ ਨੇ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਪ੍ਰਵਾਨਗੀ ਤੋਂ ਬਿਨਾਂ ਗਾਜ਼ਾ ਵਿੱਚ ਰੋਜ਼ਾਨਾ 11 ਘੰਟੇ ਦੀਆਂ ‘ਦਾਅ-ਪੇਚਕ ਰੋਕਾਂ’ ਲਗਾਉਣ ਦਾ ਫੈਸਲਾ ਕੀਤਾ ਹੈ ਜਿਸ ਉੱਪਰ ਨੇਤਨਯਾਹੂ ਕਾਫੀ ਨਾਖੁਸ਼ ਹੈ। ਇਹਨਾਂ ਸਭ ਤੱਥਾਂ ਦਾ ਸਾਰ ਇਹ ਹੈ ਕਿ ਇਜ਼ਰਾਇਲੀ ਹਾਕਮ ਜਮਾਤ ਅੰਦਰ ਇਸ ਜੰਗ ਨੂੰ ਲੈ ਕੇ ਬੇਚੈਨੀ ਵਧ ਰਹੀ ਹੈ। ਇਸ ਦਾ ਵੱਡਾ ਕਾਰਨ ਫਲਸਤੀਨੀਆਂ ਵੱਲੋਂ ਇਜ਼ਰਾਇਲੀ ਜ਼ਾਲਮ ਫੌਜ ਦਾ ਬਹਾਦਰੀ ਨਾਲ਼ ਮੁਕਾਬਲਾ ਅਤੇ ਸੰਸਾਰ ਭਰ ਦੇ ਲੋਕਾਂ ਦਾ ਇਸ ਨਸਲਕੁਸ਼ੀ ਦਾ ਵਿਰੋਧ ਹੈ ਪਰ ਇਜ਼ਰਾਇਲੀ ਹਾਕਮ ਦੇ ਆਪਸੀ ਵਿਰੋਧਾਂ ਦੇ ਬਾਵਜੂਦ ਇਹ ਸਭ ਫਲਸਤੀਨੀਆਂ ਦਾ ਕਤਲੇਆਮ ਕਰਨ ਵਿੱਚ ਆਪਣੇ ਸਾਮਰਾਜੀ ਭਾਈਵਾਲਾਂ ਸਮੇਤ ਬਿਲਕੁਲ ਇੱਕਮਿਕ ਹਨ ਕਿਉਂਕਿ ਇਹ ਸਭ ਜ਼ਾਇਨਵਾਦੀ ਇਜ਼ਰਾਇਲੀ ਰਾਜ ਦੇ ਹਮਾਇਤੀ ਹਨ ਜਿਸ ਦਾ ਆਧਾਰ ਹੀ ਫਲਸਤੀਨੀਆਂ ਨੂੰ ਉਹਨਾਂ ਦੇ ਕੌਮੀ ਘਰ ਤੋਂ ਉਜਾੜ ਕੇ ਗੈਰ-ਜਮਹੂਰੀ, ਬਰਬਰ ਰਾਜ ਦੀ ਸਥਾਪਨਾ ਹੈ। ਇਹ ਬਰਬਰ ਰਾਜ ਸਾਮਰਾਜੀ ਚੌਕੀ ਵਜੋਂ ਮੱਧ-ਪੂਰਬ ਦੇ ਕੁਦਰਤੀ ਸਰੋਤਾਂ ਨਾਲ਼ ਭਰਪੂਰ ਖਿੱਤੇ ਵਿੱਚ ਅਮਰੀਕਾ ਤੇ ਉਸਦੇ ਪੱਛਮੀ ਭਾਈਵਾਲਾਂ ਦੇ ਪ੍ਰਭਾਵ ਖੇਤਰ ਨੂੰ ਕਾਇਮ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ।
ਵੈਸੇ ਤਾਂ ਫਲਸਤੀਨੀਆਂ ਦੀ ਨਸਲਕੁਸ਼ੀ ਪਿਛਲੇ 75 ਸਾਲ ਤੋਂ ਜਾਰੀ ਹੈ ਪਰ ਪਿਛਲੇ ਸਾਲ ਅਕਤੂਬਰ ਤੋਂ ਸ਼ੁਰੂ ਹੋਈ ਜੰਗ ਹੁਣ ਤੱਕ ਦੀ ਸਭ ਤੋਂ ਡਾਢੀ ਜੰਗ ਸਾਬਤ ਹੋਈ ਹੈ ਜਿਸ ਵਿੱਚ 38000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਜਿਹਨਾਂ ਵਿੱਚ ਬਹੁ-ਗਿਣਤੀ ਬੱਚੇ ਅਤੇ ਔਰਤਾਂ ਹਨ। ਸਾਮਰਾਜੀ ਪ੍ਰਾਜੈਕਟ ਵਜੋਂ ਸਥਾਪਤ ਜਿ਼ਉਨਵਾਦੀ ਇਜ਼ਰਾਈਲ ਦੇ ਕਬਜ਼ੇ ਵਿਰੁੱਧ ਲੜ ਰਹੇ ਫਲਸਤੀਨੀਆਂ ਦੇ ਸੰਘਰਸ਼ ਨੇ ਧਾੜਵੀ ਇਜ਼ਰਾਇਲੀ ਹਕੂਮਤ ਦੇ ਅੰਦਰ ਵੀ ਵਿਰੋਧ ਹੋਰ ਉਭਾਰ ਦਿੱਤੇ ਹਨ। ਆਪਣੀ ਜਾਨ ਹੂਲਵੀਂ ਲੜਾਈ ਕਾਰਨ ਸੰਸਾਰ ਭਰ ਵਿੱਚ ਆਪਣੇ ਸੰਘਰਸ਼ ਲਈ ਹਮਾਇਤ ਜੁਟਾਉਣ ਪਿੱਛੋਂ ਨਿਸਚੇ ਹੀ ਇਹ ਫਲਸਤੀਨੀਆਂ ਦੀ ਇੱਕ ਹੋਰ ਪ੍ਰਾਪਤੀ ਹੈ।
ਸੰਪਰਕ: 88476-32954

Advertisement
Author Image

joginder kumar

View all posts

Advertisement
Advertisement
×