For the best experience, open
https://m.punjabitribuneonline.com
on your mobile browser.
Advertisement

ਗੁਰਮੁਖਿ ਵੀਆਹਣਿ ਆਇਆ

07:40 AM Sep 09, 2024 IST
ਗੁਰਮੁਖਿ ਵੀਆਹਣਿ ਆਇਆ
Advertisement

ਦਲਬੀਰ ਸਿੰਘ ਸੱਖੋਵਾਲੀਆ

ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਸਮਾਗਮ ਬਟਾਲਾ ਵਿਖੇ ਸੰਗਤਾਂ ਹਰ ਸਾਲ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਉਂਦੀਆਂ ਹਨ। ਗੁਰੂ ਸਾਹਿਬ ਦਾ ਵਿਆਹ 1487 ਈਸਵੀ ਨੂੰ ਬਟਾਲਾ ਦੇ ਮੂਲ ਚੰਦ ਖੱਤਰੀ ਦੀ ਪੁੱਤਰੀ ਸੁਲੱਖਣੀ ਨਾਲ ਹੋਇਆ ਸੀ। ਮੂਲ ਚੰਦ ਦਾ ਪਿੰਡ ਪੱਖੋਕੇ ਰੰਧਾਵਾ (ਨੇੜੇ ਡੇਰਾ ਬਾਬਾ ਨਾਨਕ) ਹੈ। ਵਿਆਹ ਨੇਪਰੇ ਚਾੜ੍ਹਨ ਲਈ ਗੁਰੂ ਨਾਨਕ ਦੇਵ ਜੀ ਦੇ ਜੀਜਾ (ਬੀਬੀ ਨਾਨਕੀ ਦੇ ਪਤੀ) ਜੈ ਰਾਮ ਨੇ ਮੁੱਖ ਭੂਮਿਕਾ ਨਿਭਾਉਂਦਿਆਂ, ਮੂਲ ਚੰਦ ਨਾਲ ਵਿਆਹ ਦੀ ਗੱਲ ਤੋਰੀ। ਜਦੋਂ ਗੱਲ ਪੱਕੀ ਹੋ ਗਈ ਤਾਂ ਸਾਹਾ ਸੁਧਾਇਆ। ਰਾਏ ਭੋਇ ਦੀ ਤਲਵੰਡੀ ਦਾ ਹਾਕਮ ਰਾਏ ਬੁਲਾਰ, ਗੁਰੂ ਸਾਹਿਬ ਪ੍ਰਤੀ ਸ਼ਰਧਾ ਰੱਖਦਾ ਸੀ। ਜਦੋਂ ਰਾਏ ਬੁਲਾਰ ਨੂੰ ਵਿਆਹ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਪਿਤਾ ਮਹਿਤਾ ਕਾਲੂ ਨੂੰ ਵਿਆਹ ਲਈ ਹਰ ਤਰ੍ਹਾਂ ਦੇ ਸਾਜ਼ੋ-ਸਾਮਾਨ ਦੇਣ ਦੀ ਪੇਸ਼ਕਸ਼ ਕੀਤੀ। ਜੈ ਰਾਮ ਨੇ ਸੁਲਤਾਨਪੁਰ (ਕਪੂਰਥਲਾ) ਦੇ ਨਵਾਬ ਦੌਲਤ ਖਾਨ ਕੋਲ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਬੰਧੀ ਗੱਲ ਕੀਤੀ ਤਾਂ ਉਸ ਨੇ ਹਾਥੀ, ਘੋੜੇ, ਰੱਥ ਤੇ ਹੋਰ ਸਾਮਾਨ ਦੇਣ ਲਈ ਹਾਮੀ ਭਰੀ। ਪਿੰਡ ਰਾਏ ਭੋਇ ਦੀ ਤਲਵੰਡੀ ਤੋਂ ਬਰਾਤ ਹਾਥੀ, ਘੋੜਿਆਂ, ਰੱਥਾਂ ’ਤੇ ਸਵਾਰ ਹੋ ਕੇ ਨਿਕਲੀ ਅਤੇ ਬਿਆਸ ਦਰਿਆ ਪਾਰ ਕੀਤਾ। ਬਰਾਤ ਦਾ ਖਡੂਰ (ਖਡੂਰ ਸਾਹਿਬ) ਵਿਖੇ ਰਾਤਰੀ ਪੜਾਅ ਹੋਇਆ। ਅਗਲੇ ਦਿਨ ਸੁਲਤਾਨਪੁਰ ਨੂੰ ਚਾਲੇ ਪਾਏ ਗਏ ਜਿੱਥੇ ਕੁਝ ਦਿਨ ਰੁਕਣ ਮਗਰੋਂ ਬਰਾਤ ਬਟਾਲੇ ਪਹੁੰਚੀ। ਇਤਿਹਾਸ ਦੀ ਸੋਝੀ ਰੱਖਦੇ ਕੁਝ ਬੁੱਧੀਜੀਵੀਆਂ ਦੀਆਂ ਗੱਲਾਂ ਨੂੰ ਮੰਨਿਆ ਜਾਵੇ ਤਾਂ ਗੁਰੂ ਜੀ ਨੇ ਉਸ ਸਮੇਂ ਅਗਨੀ ਦੁਆਲੇ ਫੇਰੇ ਲੈਣ ਤੋਂ ਇੱਕ ਤਰ੍ਹਾਂ ਨਾਲ ਇਨਕਾਰ ਕਰ ਦਿੱਤਾ। ਸੂਰਜ ਪ੍ਰਕਾਸ਼ ਅਨੁਸਾਰ, ਪਾਂਧੇ ਹਰਦਿਆਲ ਨੇ ਬਟਾਲਾ ਤੋਂ ਥੋੜ੍ਹੀ ਦੂਰ ਪਿੰਡ ਚੋਣੇ ਦੇ ਪਾਂਧੇ ਨੂੰ ਸਮਝਾਇਆ ਕਿ ਗੁਰੂ ਨਾਨਕ ਦੇਵ ਜੀ ਨੇ ਪੁਰਾਤਨ ਰੀਤ ਅਨੁਸਾਰ ਵਿਆਹ ਨਹੀਂ ਰਚਾਉਣਾ। ਪਾਂਧੇ ਨੇ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਸਾਹਿਬ ਨੇ ਫੁਰਮਾਇਆ, ‘‘ਭਾਵੇਂ ਵੇਦ ਮੰਤਰ ਚਾਰੇ ਯੁੱਗਾਂ ਵਿੱਚ ਪ੍ਰਵਾਨ ਹਨ, ਪਰ ਕਲਯੁੱਗ ਵਿੱਚ ਤਾਂ ਮੂਲ ਮੰਤਰ ਹੀ ਪ੍ਰਧਾਨ ਹੈ।’’ ਗੁਰੂ ਜੀ ਨੇ ਉਸ ਸਮੇਂ ਕਾਗਜ਼ ਉਪਰ ਮੂਲ ਮੰਤਰ ਲਿਖ ਕੇ ਚੌਂਕੀ ਉਪਰ ਰੱਖ ਦਿੱਤਾ। ਇਸ ਦੇ ਇਰਦ-ਗਿਰਦ ਚਾਰ ਫੇਰੇ ਲੈ ਲਏ।
ਭਾਈ ਮੂਲ ਚੰਦ ਦੇ ਘਰ ਦੇ ਸਥਾਨ ਨੂੰ ਮੂਲੇ ਦਾ ਡੇਰਾ ਆਖਿਆ ਜਾਂਦਾ ਰਿਹਾ। ਉਨ੍ਹਾਂ ਨੇ ਬਟਾਲਾ ਦੇ ਖੱਤਰੀ ਨਰਾਇਣ ਦਾਸ ਤੋਂ ਜ਼ਮੀਨ ਲੈ ਕੇ ਘਰ ਬਣਾਇਆ ਸੀ, ਜੋ ‘ਮੂਲੇ ਦਾ ਡੇਰਾ’ ਵਜੋਂ ਮਸ਼ਹੂਰ ਹੋਇਆ। ਇੱਥੇ ਹੀ ਉਨ੍ਹਾਂ ਦੀ ਪਤਨੀ ਚੰਦੋ ਰਾਣੀ ਦੀ ਕੁੱਖੋਂ ਇੱਕੋ ਇੱਕ ਸੰਤਾਨ, ਧੀ ਸੁਲੱਖਣੀ ਪੈਦਾ ਹੋਈ ਜਿਸ ਦੀ ਸ਼ਾਦੀ ਗੁਰੂ ਨਾਨਕ ਦੇਵ ਜੀ ਨਾਲ ਹੋਈ। ਉਹ ਮਾਤਾ ਸੁਲੱਖਣੀ ਜੀ ਦੇ ਨਾਮ ਨਾਲ ਜਾਣੇ ਜਾਂਦੇ ਹਨ। ਭਾਈ ਸੰਤੋਖ ਸਿੰਘ ਅਨੁਸਾਰ, ਗੁਰੂ ਮਹਾਰਾਜ ਦੇ ਲਾਵਾਂ-ਫੇਰੇ ਭਾਈ ਮੂਲ ਚੰਦ-ਮਾਤਾ ਚੰਦੋ ਰਾਣੀ ਦੀ ਧੀ ਬੀਬੀ ਸੁਲੱਖਣੀ ਜੀ ਨਾਲ ਇਨ੍ਹਾਂ ਦੇ ਘਰ (14 ਭਾਦਰੋਂ ਸੰਮਤ 1544) ਭਾਦਰੋਂ ਸੁਦੀ ਸੱਤਵੀਂ (ਸਤੰਬਰ ਸੰਨ 1487) ਨੂੰ ਹੋਏ। ਇਤਿਹਾਸਕ ਹਵਾਲੇ ਅਨੁਸਾਰ ਜਦੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਆਪਣੇ ਪੁੱਤਰ ਭਾਈ ਗੁਰਦਿੱਤਾ ਜੀ ਨੂੰ ਬਟਾਲਾ ਵਿਖੇ ਵਿਆਹੁਣ ਆਏ (ਮੌਜੂਦਾ ਗੁਰਦੁਆਰਾ ਸਤਕਰਤਾਰੀਆਂ) ਤਾਂ ਉਹ ਆਪਣੇ ਕੁੜਮ ਨੂੰ ਨਾਲ ਲੈ ਕੇ ਉਸ ਸਥਾਨ ’ਤੇ ਗਏ ਜਿੱਥੇ ਮੂਲ ਚੰਦ ਦਾ ਘਰ ਸੀ। ਛੇਵੇਂ ਗੁਰੂ ਸਾਹਿਬ ਨੇ ਪਹਿਲੀ ਪਾਤਸ਼ਾਹੀ ਵੱਲੋਂ ਲਾਵਾਂ ਲੈਣ ਵਾਲੇ ਸਥਾਨ ’ਤੇ ਥੜ੍ਹਾ ਬਣਾਇਆ। ਦੱਸਿਆ ਜਾਂਦਾ ਹੈ ਕਿ 1765 ਤੋਂ ਬਾਅਦ ਸਿੱਖ ਮਿਸਲਾਂ ਦਾ ਬੋਲਬਾਲਾ ਹੋਇਆ ਤਾਂ ਬਾਬਾ ਨਾਨਕ ਦੀਆਂ ਲਾਵਾਂ ਫੇਰਿਆਂ ਵਾਲੇ ਸਥਾਨ ਦਾ ਹੋਰ ਸੁਧਾਰ ਕੀਤਾ ਗਿਆ। ਇੱਥੇ ‘ਥੜੇ ਵਾਲੀ ਜਗ੍ਹਾ’ ਦੀ ਪੁਰਾਤਨ ਇਮਾਰਤ ਬਹੁਤ ਛੋਟੀ ਜਿਹੀ ਹੋਣ ਨਾਲ ਸ਼ਰਧਾਲੂਆਂ ਨੂੰ ਮੱਥਾ ਟੇਕਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਮਰੇ ਦੇ ਚਾਰੋਂ ਦਰਵਾਜ਼ਿਆਂ ’ਤੇ ਸੰਗਮਰਮਰ ਦੀਆਂ ਚੁਗਾਠਾਂ ਤੇ ਪੱਤਰੇ ਲੱਗੇ ਸਨ ਜਿਸ ਦੇ ਮੱਥੇ ’ਤੇ ਲਿਖਿਆ ਹੋਇਆ: ਹਰਿ ਪ੍ਰਭਿ ਕਾਜੁ ਰਚਾਇਆ।। ਗੁਰਮੁਖਿ ਵੀਆਹਣਿ ਆਇਆ।।
ਇਸ ਦੀ ਪਹਿਲੀ ਆਧੁਨਿਕ ਦਿੱਖ ਮਹਾਰਾਜਾ ਸ਼ੇਰ ਸਿੰਘ ਨੇ 1837 ਤੋਂ 1840 ਤੱਕ ਬਣਵਾਈ। ਮੂਲੇ ਦੇ ਡੇਰੇ ਤੋਂ ਹੀ ਗੁਰਦੁਆਰਾ ਡੇਹਰਾ ਸਾਹਿਬ ਹੋਂਦ ’ਚ ਆਇਆ ਹੈ। ਉਂਜ ਗੁਰੂ ਜੀ ਦੀ ਬਰਾਤ ਇੱਥੋਂ ਥੋੜ੍ਹੀ ਹੀ ਦੂਰ ਜਿਸ ਸਥਾਨ ’ਤੇ ਬੈਠੀ, ਉਸ ਨੂੰ ਗੁਰਦੁਆਰਾ ਕੰਧ ਸਾਹਿਬ ਆਖਦੇ ਹਨ।
ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਪਹਿਲੀ ਵਾਰ ਮਨਾਉਣ ਲਈ ਸੰਗਤਾਂ ਅੰਮ੍ਰਿਤਸਰ ਤੋਂ ਰੇਲ ਰਾਹੀਂ ਬਟਾਲਾ ਪੁੱਜੀਆਂ ਸਨ। ਮਹੰਤ ਕੇਸਰਾ ਸਿੰਘ ਨੇ ਅੱਗਲਵਾਂਢੀ ਹੋ ਕੇ ਆਈਆਂ ਸੰਗਤਾਂ ਦਾ ਸਵਾਗਤ ਕੀਤਾ। ਜੰਝ ਨੂੰ ਸਟੇਸ਼ਨ ਨੇੜੇ ਮੁਹੱਲਾ ਦਾਰ-ਉਲ-ਇਸਲਾਮ ਦੇ ਬਾਹਰਵਾਰ ਉਤਾਰਿਆ ਗਿਆ। ਉਸ ਸਮੇੇਂ ਗੁਰਦੁਆਰਾ ਡੇਹਰਾ ਸਾਹਿਬ (ਬਟਾਲਾ) ਵਿਖੇ ਪਹੁੰਚਣ ’ਤੇ ਰਾਤ ਭਰ ਕੀਰਤਨ ਚੱਲਦਾ ਰਿਹਾ। ਇਹ ਗੱਲ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਵਾਪਰੇ ਸਾਕੇ (1921) ਤੋਂ ਪਹਿਲਾਂ, ਭਾਵ 1918-1919 ਦੀ ਗੱਲ ਹੈ।
ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਹੀ ਬਟਾਲਾ ਅਤੇ ਹੋਰ ਥਾਵਾਂ ਤੋਂ ਮੋਹਤਬਰ ਸ਼ਖ਼ਸੀਅਤਾਂ ‘ਗੁਰੂ ਜੀ ਦੀ ਬਰਾਤ’ ਲਈ ਸੁਲਤਾਨਪੁਰ ਲੋਧੀ (ਕਪੂਰਥਲਾ) ਪਹੁੰਚ ਜਾਂਦੀਆਂ ਹਨ। ਸੁਲਤਾਨਪੁਰ ਲੋਧੀ ਤੋਂ ਬਰਾਤ ਰੂਪੀ ਨਗਰ ਕੀਰਤਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਚੱਲਦਾ ਹੈ। ਰਸਤੇ ਵਿੱਚ ਪੈਂਦੇ ਪਿੰਡਾਂ, ਕਸਬਿਆਂ ਦੀਆਂ ਸੰਗਤਾਂ (ਸਹੁਰਾ ਪਰਿਵਾਰ ਵਜੋਂ) ਬਰਾਤ ਰੂਪੀ ਨਗਰ ਕੀਰਤਨ ਦਾ ਪੂਰੀ ਉਤਸੁਕਤਾ ਨਾਲ ਘੰਟਿਆਂਬੱਧੀ ਇੰਤਜ਼ਾਰ ਕਰਦੀਆਂ ਅਤੇ ਤਰ੍ਹਾਂ ਤਰ੍ਹਾਂ ਦੇ ਸਜਾਵਟੀ ਗੇਟ ਅਤੇ ਵੱਖ ਵੱਖ ਪ੍ਰਕਾਰ ਦੇ ਲੰਗਰ ਬਣਾਉਂਦੀਆਂ ਹਨ। ਗੁਰਦੁਆਰਾ ਡੇਹਰਾ ਸਾਹਿਬ, ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਸਤਕਰਤਾਰੀਆਂ ਸਾਹਿਬ ਸਮੇਤ ਹੋਰਨਾਂ ਗੁਰਦੁਆਰਿਆਂ ’ਚ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਆ ਕੇ ਨਤਮਸਤਕ ਹੁੰਦੀਆਂ ਹਨ। ਅਗਲੇ ਦਿਨ ਬਟਾਲਾ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ।

Advertisement

ਸੰਪਰਕ: 97794-79439

Advertisement

Advertisement
Author Image

sukhwinder singh

View all posts

Advertisement