ਗੰਦਰਬਲ ਅਤਿਵਾਦੀ ਹਮਲੇ ’ਚ ਸੱਖੋਵਾਲ ਦਾ ਗੁਰਮੀਤ ਸਿੰਘ ਹਲਾਕ
* ਹਮਲੇ ’ਚ ਮਾਰੇ ਗਏ ਸੀ ਸੱਤ ਲੋਕ
* ਪਾਕਿ ਆਧਾਰਿਤ ਜਥੇਬੰਦੀ ‘ਦਿ ਰੈਜ਼ਿਸਟੈਂਸ ਫਰੰਟ’ ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਦਲਬੀਰ ਸੱਖੋਵਾਲੀਆ/ਪੀਟੀਆਈ
ਬਟਾਲਾ, 21 ਅਕਤੂਬਰ
ਜੰਮੂ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ’ਚ ਲੰਘੀ ਰਾਤ ਅਤਿਵਾਦੀਆਂ ਵੱਲੋਂ ਸਥਾਨਕ ਡਾਕਟਰ ਸਮੇਤ ਮਾਰੇ ਗਏ ਸੱਤ ਵਿਅਕਤੀਆਂ ਵਿੱਚ ਬਟਾਲਾ ਨੇੜਲੇ ਪਿੰਡ ਸੱਖੋਵਾਲ ਦਾ ਗੁਰਮੀਤ ਸਿੰਘ ਵੀ ਸ਼ਾਮਲ ਹੈ। ਅਤਿਵਾਦੀਆਂ ਨੇ ਜਿਸ ਸਮੇਂ ਹਮਲਾ ਕੀਤਾ, ਉਸ ਸਮੇਂ ਗੁਰਮੀਤ ਸਿੰਘ ਆਪਣੀ ਪਤਨੀ ਚਰਨਜੀਤ ਕੌਰ ਨਾਲ ਫੋਨ ਉਤੇ ਗੱਲ ਕਰ ਰਿਹਾ ਸੀ। ਮ੍ਰਿਤਕ ਗੁਰਮੀਤ ਸਿੰਘ (37) ਆਪਣੇ ਪਿੱਛੇ ਮਾਂ-ਬਾਪ, ਪਤਨੀ ਅਤੇ ਤਿੰਨ ਬੱਚੇ ਛੱਡ ਗਿਆ ਹੈ। ਦੂਜੇ ਪਾਸੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਭਾਰਤੀ ਸੈਨਾ ਇਨ੍ਹਾਂ ਮੌਤਾਂ ਦਾ ਬਦਲਾ ਲਵੇਗੀ। ਪਾਕਿਸਤਾਨ ਆਧਾਰਿਤ ਅਤਿਵਾਦੀ ਜਥੇਬੰਦੀ ‘ਦਿ ਰੈਜ਼ਿਸਟੈਂਸ ਫਰੰਟ’ (ਟੀਆਰਐੱਫ) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਬਟਾਲਾ-ਸ੍ਰੀ ਹਰਗੋਬਿੰਦਪੁਰ ਰੋਡ ’ਤੇ ਸਥਿਤ ਪਿੰਡ ਸੱਖੋਵਾਲ ਦਾ ਗੁਰਮੀਤ ਸਿੰਘ ਲੰਘੇ ਕਰੀਬ ਦੋ ਸਾਲਾਂ ਤੋਂ ਐਫਕੋ ਨਾਮੀ ਕੰਪਨੀ ’ਚ ਕਸ਼ਮੀਰ ਘਾਟੀ ’ਚ ਕੰਮ ਕਰ ਰਿਹਾ ਸੀ। ਉਸ ਦੇ ਪਿਤਾ ਧਰਮ ਸਿੰਘ, ਜੋ ਫੌਜ ’ਚ ਸੇਵਾਵਾਂ ਦੇ ਚੁੱਕੇ ਹਨ, ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਉਹ ਘਰ ਆਇਆ ਸੀ। ਗੁਰਮੀਤ ਸਿੰਘ ਦੀ ਪਤਨੀ ਚਰਨਜੀਤ ਕੌਰ ਨੇ ਦੱਸਿਆ ਕਿ ਲੰਘੀ ਸ਼ਾਮ ਨੂੰ ਉਹ ਆਪਣੇ ਪਤੀ ਨਾਲ ਫੋਨ ’ਤੇ ਘਰੇਲੂ ਗੱਲਾਂ ਕਰ ਰਹੀ ਸੀ। ਇਸੇ ਦੌਰਾਨ ਪਟਾਕੇ ਚੱਲਣ ਵਰਗੀ ਆਵਾਜ਼ ਆਈ। ਗੁਰਮੀਤ ਨੇ ਬਾਂਹ ਵਿੱਚ ਗੋਲੀ ਲੱਗਣ ਦੀ ਗੱਲ ਆਖੀ, ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਇੱਕ ਹੋਰ ਗੋਲੀ ਉਸ ਦੇ ਪੇਟ ਵਿੱਚ ਵੀ ਲੱਗ ਚੁੱਕੀ ਹੈ। ਉਸ ਨੇ ਦੱਸਿਆ ਕਿ ਗੁਰਮੀਤ ਨੇ ਜ਼ਖ਼ਮੀ ਹਾਲਤ ਵਿੱਚ ਫਿਰ ਦੂਸਰੇ ਫੋਨ ਤੋਂ ਗੱਲ ਕੀਤੀ, ਪਰ ਕੁਝ ਸਮੇਂ ਬਾਅਦ ਭਾਣਾ ਵਾਪਰਨ ਦਾ ਪਤਾ ਲੱਗਾ। ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ, ਸ਼੍ਰੋਮਣੀ ਅਕਾਲੀ ਦਲ ਦੇ ਰਾਜਨਬੀਰ ਸਿੰਘ ਘੁਮਾਣ ਆਦਿ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਈ। ਗੁਰਮੀਤ ਸਿੰਘ ਦਾ ਸੰਸਕਾਰ ਭਲਕੇ ਕੀਤਾ ਜਾਵੇਗਾ। ਇਸੇ ਦੌਰਾਨ ਸੁਰੱਖਿਆ ਬਲਾਂ ਨੇ ਖਿੱਤੇ ’ਚ ਚੌਕਸੀ ਵਧਾ ਦਿੱਤੀ ਹੈ ਅਤੇ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ।
ਅਤਿਵਾਦੀ ਹਮਲੇ ਦਾ ਬਦਲਾ ਲਵਾਂਗੇ: ਮਨੋਜ ਸਿਨਹਾ
ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਪੁਲੀਸ ਸ਼ਹੀਦ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਹੁਣ ਵੀ ਬੇਕਸੂਰ ਲੋਕਾਂ ਦੀਆਂ ਹੱਤਿਆਵਾਂ ਕਰਨ ਅਤੇ ਜੰਮੂ ਕਸ਼ਮੀਰ ’ਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਪੁਲੀਸ ਨੂੰ ਗੰਦਰਬਲ ਅਤਿਵਾਦੀ ਹਮਲੇ ਦੀ ਜਾਂਚ ਕਰਨ ਲਈ ਕਿਹਾ ਤਾਂ ਜੋ ਮਾਰੇ ਗਏ ਲੋਕਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਮਿਲ ਸਕੇ। ਉਨ੍ਹਾਂ ਕਿਹਾ ਕਿ ਬੇਕਸੂਰ ਲੋਕਾਂ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਇਸ ਹਮਲੇ ’ਚ ਮਾਰੇ ਗਏ ਪੀੜਤਾਂ ਦੇ ਪਰਿਵਾਰਾਂ ਨਾਲ ਅਤੇ ਹਸਪਤਾਲ ’ਚ ਦਾਖਲ ਜ਼ਖ਼ਮੀਆਂ ਨਾਲ ਮੁਲਾਕਾਤ ਵੀ ਕੀਤੀ।