ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੂਖ਼ਮ ਕਲਾ ਦਾ ਸਿਰਜਕ ਗੁਰਦਿਆਲ ਸਿੰਘ

10:42 AM Jul 07, 2024 IST

ਬੂਟਾ ਸਿੰਘ ਚੌਹਾਨ

ਗੁਰਦਿਆਲ ਸਿੰਘ ਦਾ ਨਾਵਲ ‘ਮੜ੍ਹੀ ਦਾ ਦੀਵਾ’ ਮੈਂ ਚੌਦਾਂ ਸਾਲ ਦੀ ਉਮਰ ’ਚ ਪੜ੍ਹਿਆ ਸੀ। ਉਸੇ ਨਾਵਲ ਨੇ ਮੈਨੂੰ ਆਲੇ-ਦੁਆਲੇ ਨਾਲ ਜੋੜ ਦਿੱਤਾ। ਨਾਵਲ ਦਾ ਪਾਤਰ ਜਗਸੀਰ ਮੇਰੇ ਲਈ ਓਪਰਾ ਨਹੀਂ ਸੀ। ਸਾਡੇ ਗੁਆਂਢ ’ਚ ਹੀ ਜਗਸੀਰ ਵਾਂਗ ਕਿਸੇ ਦੇ ਘਰ ਇੱਕ ਬੰਦਾ ਆਉਂਦਾ ਸੀ। ਜਗਸੀਰ ਦੀ ਅਭਾਗੀ ਮਾਂ ਵਰਗੀਆਂ ਵੀ ਸਾਡੇ ਆਂਢ-ਗੁਆਂਢ ’ਚ ਬਹੁਤ ਸਨ ਜਿਨ੍ਹਾਂ ਦੇ ਮੁੰਡਿਆਂ ਦੇ ਵਿਆਹ ਨਹੀਂ ਸੀ ਹੋ ਰਹੇ। ਜਿਨ੍ਹਾਂ ਦੇ ਵਿਆਹਾਂ ਲਈ ਉਹ ਨਵੀਆਂ ਆਈਆਂ ਬਹੂਆਂ ਦੇ ਮਿੰਨਤਾਂ-ਤਰਲੇ ਕਰਦੀਆਂ ਸਨ। ਫੇਰ ਸਾਡੇ ਗੁਆਂਢ ’ਚ ਇੱਕ ਉਹ ਔਰਤ ਵੀ ਸੀ ਜਿਹੜੀ ਵੇਖਣ ਨੂੰ ਨਾਵਲ ਦੀ ਪਾਤਰ ਭਾਨੀ ਵਰਗੀ ਲੱਗਦੀ ਸੀ। ਨਾਵਲ ਦਾ ਕਥਾਨਕ ਮੇਰੇ ਮਨ ’ਚ ਗਹਿਰਾ ਉੱਕਰ ਗਿਆ ਸੀ- ਨਾ ਭੁੱਲਣ ਵਾਲਾ। ਇਸ ਨਾਵਲ ਦੇ ਪਾਤਰ ਮੈਨੂੰ ਕਿਸੇ ਵੇਲ਼ੇ ਨਾ ਭੁੱਲਦੇ। ਉਨ੍ਹਾਂ ਦਿਨਾਂ ’ਚ ਮੈਂ ਇੱਕ-ਦੋ ਹੋਰ ਰਚਨਾਵਾਂ ਵੀ ਪੜ੍ਹੀਆਂ ਸਨ, ਪਰ ਉਹ ਮੇਰੇ ਮਨ ’ਤੇ ਇਸ ਨਾਵਲ ਵਾਂਗ ਉੱਕਰ ਨਹੀਂ ਸਕੀਆਂ।
ਸਾਡੇ ਖੇਤ ਦੇ ਕੋਲ ਦੀ ਸੂਆ ਵਗਦਾ ਸੀ। ਉਸ ਸੂਏ ਦੀ ਮੈਂ ਪਹਿਲੀ ਛੱਲ ਵੀ ਆਉਂਦੀ ਵੇਖੀ ਸੀ, ਭਰ ਵਗਦਾ ਵੀ ਵੇਖਿਆ ਸੀ ਤੇ ਹੌਲ਼ੀ-ਹੌਲ਼ੀ ਮਰਦਾ ਵੀ। ‘ਮੜ੍ਹੀ ਦਾ ਦੀਵਾ’ ਦੀ ਬਣਤਰ ਜਾਂ ਨਿਭਾਅ ਇਸ ਸੂਏ ਨਾਲ ਮੇਲ ਖਾਂਦਾ ਸੀ।
‘ਮੜ੍ਹੀ ਦਾ ਦੀਵਾ’ ਖਰੇ ਸੋਨੇ ਵਰਗਾ ਨਾਵਲ ਸੀ। ਨਹੁੰ ਭਰ ਵੀ ਬਣਾਉਟੀਪਣ ਨਹੀਂ ਸੀ। ਪੇਂਡੂ ਜੀਵਨ ਨਾਲੋਂ ਤੋੜੀ ਹੋਈ ਕਥਾ ਸੀ ਜਾਂ ਕਹਿ ਲਵੋ ਕਿ ਜੀਵਨ ਦੀ ਸਹੀ ਚਿੱਤਰਕਾਰੀ ਕੀਤੀ ਗਈ ਸੀ ਜਿਸ ਵਿੱਚ ਸ਼ੋਖ਼ ਰੰਗ ਨਹੀਂ ਸੀ ਭਰੇ ਗਏ। ਜੀਵਨ ਜਿਸ ਤਰ੍ਹਾਂ ਹੌਲ਼ੀ-ਹੌਲ਼ੀ ਵਾਪਰ ਰਿਹਾ ਸੀ, ਉਸੇ ਤਰ੍ਹਾਂ ਹੀ ਵਾਪਰਦਾ ਸੀ ਨਾਵਲ।
ਇਸ ਨਾਵਲ ਪਿੱਛੋਂ ਮੈਂ ਗੁਰਦਿਆਲ ਸਿੰਘ ਦੇ ਕਈ ਨਾਵਲ ਪੜ੍ਹੇ: ‘ਅਣਹੋਏ’, ‘ਰੇਤੇ ਦੀ ਇੱਕ ਮੁੱਠੀ’, ‘ਅੱਧ ਚਾਨਣੀ ਰਾਤ’ ਤੇ ‘ਕੁਵੇਲ਼ਾ’। ‘ਅੱਧ ਚਾਨਣੀ ਰਾਤ’ ਪੇਂਡੂ ਕਿਸਾਨੀ ਦੀ ਬਦਲਦੀ ਸੋਚ ਦੀ ਕਥਾ ਸੀ। ਨਾਵਲ ਦਾ ਪਾਤਰ ਮੋਦਨ ਆਪਣੇ ਬਾਪ ਨੂੰ ਮੌਤ ਦੇ ਮੂੰਹ ’ਚ ਧੱਕਣ ਵਾਲਿਆਂ ਨੂੰ ਸਬਕ ਸਿਖਾਉਣ ਦਾ ਹਾਮੀ ਸੀ। ਉਸ ਦੇ ਭਰਾ ਉਹਦੇ ਵਾਂਗ ਨਹੀਂ ਸੀ ਸੋਚਦੇ। ਉਹ ਆਪਣੇ ਪਰਿਵਾਰ ਨੂੰ ਬਰਬਾਦ ਕਰਨ ਵਾਲਿਆਂ ਦੇ ਹੱਥ ’ਤੇ ਚੜ੍ਹ ਜਾਂਦੇ ਹਨ, ਪਰ ਮੋਦਨ ਸਾਹਾਂ ਦੇ ਅੰਤਲੇ ਸਮੇਂ ਤੱਕ ਵੀ ਆਪਣੇ ਪਿਉ ਦੇ ਜੀਵਨ ਨੂੰ ਸੁਆਹ ਕਰਨ ਵਾਲਿਆਂ ਨੂੰ ਨਹੀਂ ਭੁੱਲਦਾ। ਗਰਦਨ ਸਿੱਧੀ ਰੱਖਦਾ ਹੈ। ਜਬ੍ਹੇ ਨਾਲ ਜਿਊਣਾ ਚਾਹੁੰਦਾ ਹੈ।
ਸਾਡੇ ਪੇਂਡੂ ਜੀਵਨ ’ਚ ਦੋਸਤੀ ਕਿੰਨੀ ਪੀਢੀ ਹੁੰਦੀ ਸੀ। ਦੋਸਤੀ ਦੇ ਨਿਭਾਅ ਲਈ ਬਰਬਾਦ ਵੀ ਹੋ ਜਾਂਦੇ ਸੀ। ਮੱਥੇ ਵੱਟ ਨਹੀਂ ਸੀ ਪਾਉਂਦੇ। ਮਨ ’ਚ ਬੁਰੇ ਖ਼ਿਆਲ ਨਹੀਂ ਸੀ ਲਿਆਉਂਦੇ। ਤਬਾਹ ਹੋ ਕੇ ਵੀ ਨਿਭਦੇ ਸੀ।
ਗੁਰਦਿਆਲ ਸਿੰਘ ’ਤੇ ਇਹ ਦੋਸ਼ ਵੀ ਲੱਗਦਾ ਸੀ ਕਿ ਉਹ ਮਲਵਈ ਜੀਵਨ ਦੀ ਤਸਵੀਰਕਸ਼ੀ ਕਰਦਾ ਹੈ। ਨਵੇਂ ਵਿਚਾਰ ਨਹੀਂ ਸਿਰਜਦਾ। ਨਾਵਲ ‘ਕੁਵੇਲ਼ਾ’ ਉਨ੍ਹਾਂ ਵਿਚਾਰਾਂ ਦੀ ਤਰਜ਼ਮਾਨੀ ਕਰਦਾ ਹੈ ਕਿ ਦਿਖਾਵੇ ਦਾ ਧਰਮ ਜੀਵਨ ਦਾ ਆਧਾਰ ਨਹੀਂ ਬਣਦਾ। ਜੀਵਨ ਔਰਤ-ਮਰਦ ਦੇ ਆਪਸੀ ਸਬੰਧਾਂ ’ਤੇ ਸਥਿਰ ਰਹਿ ਸਕਦਾ ਹੈ।
ਗੁਰਦਿਆਲ ਸਿੰਘ ਦੇ ਨਾਵਲਾਂ ਦਾ ਨਿਰਣਾਇਕ ਏਨਾ ਸੂਖ਼ਮ ਹੁੰਦਾ ਸੀ ਕਿ ਨਾਵਲ ਪੜ੍ਹਦਿਆਂ ਅਨੁਭਵ ਕਰਨਾ ਔਖਾ ਹੁੰਦਾ ਸੀ ਕਿ ਨਾਵਲ ਲਿਖਣ ਦਾ ਮਕਸਦ ਕੀ ਹੈ? ਜਿਸ ਤਰ੍ਹਾਂ ਫੁੱਲਾਂ ਦੀਆਂ ਪੱਤੀਆਂ ਵਿੱਚ ਖ਼ੁਸ਼ਬੋ ਹੁੰਦੀ ਹੈ। ਖ਼ੁਸ਼ਬੋ, ਜਿਹੜੀ ਅਨੁਭਵ ਕੀਤੀ ਜਾਂਦੀ ਹੈ, ਨਜ਼ਰ ਨਹੀਂ ਆਉਂਦੀ। ਇਹੋ ਕਾਰਨ ਹੈ ਕਿ ਉਹ ਵੀਹਵੀਂ ਸਦੀ ਦੇ ਅਤਿਅੰਤ ਪ੍ਰਪੱਕ ਨਾਵਲਕਾਰ ਦੇ ਤੌਰ ’ਤੇ ਸਾਹਮਣੇ ਆਇਆ।
ਉਸ ਦਾ ਨਾਵਲ ‘ਅਣਹੋਏ’ ਮਿਸਤਰੀ ਭਾਈਚਾਰੇ ਨਾਲ ਸਬੰਧਿਤ ਸੀ। ਨਾਵਲ ਦਾ ਪਾਤਰ ਬਿਸ਼ਨਾ ਆਖ਼ਰੀ ਸਾਹਾਂ ਤੱਕ ਵਿਰੋਧੀ ਵਰਤਾਰਿਆਂ ਨਾਲ ਸਮਝੌਤਾ ਨਹੀਂ ਕਰਦਾ। ਹਿੱਕ ਤਾਣ ਕੇ ਜਿਉਂਦਾ ਹੈ। ਗੁਰਦਿਆਲ ਸਿੰਘ ਨੇ ਬਿਸ਼ਨਾ ਪਾਤਰ ਸਿਰਜ ਕੇ ਇਸ ਨੂੰ ਅਮਰ ਕਰ ਦਿੱਤਾ।
ਗੁਰਦਿਆਲ ਸਿੰਘ ਦਾ ਨਾਵਲ ‘ਅੰਨ੍ਹੇ ਘੋੜੇ ਦਾ ਦਾਨ’ ਸਿਰਫ਼ ਇੱਕ ਦਿਨ ਦੀ ਕਹਾਣੀ ਹੈ। ਮੁਲਕ ਰਾਜ ਆਨੰਦ ਨੇ ਵੀ ਆਪਣੇ ਨਾਵਲ ‘ਅਛੂਤ’ (ਅਨਟੱਚਏਬਲ) ਵਿੱਚ ਇਹ ਵਿਧੀ ਵਰਤੀ ਸੀ। ਗੁਰਦਿਆਲ ਸਿੰਘ ਦਾ ਨਾਵਲ ‘ਰੇਤੇ ਦੀ ਇੱਕ ਮੁੱਠੀ’ ਮਜ਼ਦੂਰ ਜਮਾਤ ਨਾਲ ਸਬੰਧਿਤ ਹੈ। ਨਾਵਲ ਦਾ ਅੰਤ ਕਮਾਲ ਦਾ ਹੈ। ਪੁੱਤ ਸ਼ਹਿਰੋਂ ਤੰਗੀ ਦਾ ਮਾਰਿਆ ਪਿੰਡ ਜਾ ਰਿਹਾ ਹੈ। ਅੱਗੋਂ ਪਿਉ ਗ਼ਰੀਬੀ ਦਾ ਮਾਰਿਆ ਹੋਇਆ ਪੁੱਤ ਕੋਲ ਸ਼ਹਿਰ ਆ ਰਿਹਾ ਹੈ। ਰਾਹ ’ਚ ਦੋਵੇਂ ਇਕੱਠੇ ਹੋ ਜਾਂਦੇ ਹਨ। ਨਾਵਲ ਵੱਡਾ ਤੇ ਦੁਖਦਾਈ ਸਵਾਲ ਛੱਡ ਕੇ ਮੁੱਕ ਜਾਂਦਾ ਹੈ।
ਗੁਰਦਿਆਲ ਸਿੰਘ ਨੇ ਨਾਵਲ ਦੀਆਂ ਜੁਗਤਾਂ ਨਾਨਕ ਸਿੰਘ ਦੇ ਨਾਵਲ ਪੜ੍ਹ ਕੇ ਸਿੱਖੀਆਂ ਸਨ, ਪਰ ਨਾਨਕ ਸਿੰਘ ਵਾਂਗ ਪਾਤਰ ਆਦਰਸ਼ਕ ਨਹੀਂ ਸਿਰਜੇ ਸਗੋਂ ਮਲਵਈ ਜੀਵਨ ’ਚੋਂ ਚੁਣੇ। ਗੁਰਦਿਆਲ ਸਿੰਘ ਦੇ ਪਾਤਰ ਆਲੇ-ਦੁਆਲੇ ’ਚੋਂ ਲਏ ਹੋਣ ਕਾਰਨ ਪਾਠਕਾਂ ਨੂੰ ਸਮਾਜ ਨਾਲ ਜੋੜਦੇ ਸਨ। ਪਾਠਕ ਦੇ ਮਨ ’ਤੇ ਗਹਿਰੀ ਛਾਪ ਛੱਡਦੇ ਸਨ। ਇਸ ਹੁਨਰਮੰਦੀ ਵਿੱਚ ਹੀ ਗੁਰਦਿਆਲ ਸਿੰਘ ਦਾ ਨਰੋਆ ਸਾਹਿਤਕ ਭਵਿੱਖ ਸੀ ਜਿਸ ਨੇ ਉਸ ਦੀ ਨਾਵਲ ਕਲਾ ਨੂੰ ਆਸਮਾਨ ’ਤੇ ਤਾਰੇ ਵਾਂਗ ਚਮਕਾਇਆ।
ਪਾਠਕ੍ਰਮ ਦੇ ਵੀ ਉਹਦੇ ਨਾਵਲ ਵੱਧੋ-ਵੱਧ ਅੰਗ ਰਹੇ। ਆਲੋਚਕਾਂ ਨੇ ਵੀ ਉਨ੍ਹਾਂ ਨੂੰ ਵੱਧੋ-ਵੱਧ ਗੌਲ਼ਿਆ। ਹਿੰਦੀ ਦੇ ਆਲੋਚਕ ਨਾਮਵਰ ਸਿੰਘ ਨੇ ਗੁਰਦਿਆਲ ਸਿੰਘ ਦੀ ਮਹਾਨ ਪ੍ਰਤਿਭਾ ਨੂੰ ‘ਮੜ੍ਹੀ ਦਾ ਦੀਵਾ’ ’ਚੋਂ ਪਹਿਚਾਣਿਆ। ਫਿਰ ਪੰਜਾਬੀ ਆਲੋਚਨਾ ਵੀ ਉਸ ਦੀ ਪਿਛਲੱਗ ਬਣੀ।
ਟੀ.ਆਰ. ਵਿਨੋਦ ਨੇ ਉਸ ਦੇ ਨਾਵਲਾਂ ਬਾਰੇ ਲਗਾਤਾਰ ਲਿਖਿਆ। ਬਿਸ਼ਨੇ ਨੂੰ ਉਹ ਸ਼ਾਹਕਾਰ ਪਾਤਰ ਸਮਝਦਾ ਸੀ। ਉਸ ਦੇ ਨਾਵਲਾਂ ਦੀ ਆਂਚਲਿਕਤਾ ਦਾ ਵੀ ਉਹ ਕਾਇਲ ਸੀ। ਸਾਹਿਤਕ ਹਲਕਿਆਂ ’ਚ ਇਹ ਗੱਲ ਵੀ ਚਲਦੀ ਸੀ ਕਿ ਡਾ. ਵਿਨੋਦ ਗੁਰਦਿਆਲ ਸਿੰਘ ਦੀ ਸਾਹਿਤਕ ਫ਼ਸਲ ਲਈ ਖ਼ਾਦ ਬਣ ਕੇ ਰਹਿ ਗਿਆ ਹੈ। ਗੁਰਦਿਆਲ ਸਿੰਘ ਦੇ ਵਾਰੇ ਨਿਆਰੇ ਹੋ ਗਏ ਹਨ। ਵਿਨੋਦ ਦਾ ਕੁਝ ਨਹੀਂ ਬਣਿਆ। ਵਿਨੋਦ ਨੇ ਬਲਦੇਵ ਸਿੰਘ ਨੂੰ ਪ੍ਰੇਰਨਾ ਦੇ ਕੇ ‘ਪੰਜਵਾਂ ਸਾਹਿਬਜ਼ਾਦਾ’ ਨਾਵਲ ਲਿਖਵਾਇਆ। ਨਾਵਲ ਛਪਣ ਪਿੱਛੋਂ ਇਹ ਗੱਲ ਵੀ ਚੱਲੀ। ਵਿਨੋਦ ਨੇ ਗੁਰਦਿਆਲ ਦੇ ਮੁਕਾਬਲੇ ਵੰਝ ਗੱਡਿਆ ਹੈ ਪਰ ਇਹ ਸਾਹਿਤਕ ਚਰਚਾ ਸੀ। ਜਿਵੇਂ ਅੰਬਰ ’ਤੇ ਹਰ ਇੱਕ ਤਾਰੇ ਦਾ ਆਪਣਾ-ਆਪਣਾ ਮੁਕਾਮ ਹੁੰਦਾ ਹੈ, ਉਸੇ ਤਰ੍ਹਾਂ ਸਾਹਿਤਕ ਅੰਬਰ ’ਤੇ ਵੱਖ-ਵੱਖ ਲੇਖਕਾਂ ਦੀ ਥਾਂ ਹੁੰਦੀ ਹੈ। ਇਹ ਗੱਲ ਝੁਠਲਾਈ ਨਹੀਂ ਜਾ ਸਕਦੀ।
ਗੁਰਦਿਆਲ ਸਿੰਘ ਹਸਮੁਖ ਸੁਭਾਅ ਵਾਲਾ ਸ਼ਖ਼ਸ ਸੀ। ਉਂਝ ਭਾਵੇਂ ਗੰਭੀਰ ਰਹਿੰਦਾ ਸੀ। ਡਾ. ਵਿਨੋਦ ਨਾਲ ਉਸ ਦਾ ਹਾਸਾ-ਠੱਠਾ ਵੀ ਚਲਦਾ ਸੀ। ਕਈ ਵਾਰ ਸਦਾਚਾਰਕ ਲੀਹਾਂ ਵੀ ਟੱਪ ਜਾਂਦਾ।
ਜਿਵੇਂ ਪੰਜਾਬੀ ’ਚ ਹੋਰ ਪ੍ਰਸਿੱਧ ਲੇਖਕਾਂ ਜਾਂ ਉਨ੍ਹਾਂ ਦੇ ਸੁਭਾਅ ਬਾਰੇ ਬਦਖੋਈ ਦਾ ਬਾਜ਼ਾਰ ਗਰਮ ਰਹਿੰਦਾ ਸੀ, ਉਹ ਗੁਰਦਿਆਲ ਸਿੰਘ ਬਾਰੇ ਵੀ ਗਰਮ ਹੋਣ ਲੱਗਿਆ। ਪਾਠਕਾਂ ਜਾਂ ਉਸ ਦੇ ਨਾਵਲ ਨੂੰ ਸੁਹਿਰਦਤਾ ਨਾਲ ਪੜ੍ਹਨ ਵਾਲਿਆਂ ਦੇ ਕੰਨਾਂ ’ਚ ਇਹ ਗੱਲਾਂ ਪੈਂਦੀਆਂ ਕਿ ਉਹ ਕੰਜੂਸ ਬਹੁਤ ਹੈ। ਸਰਕਾਰੀ ਇਨਾਮ ਲੈਣ ਦਾ ਮਾਹਿਰ ਹੈ। ਆਪਣੀ ਸਾਹ ਦੀ ਬਿਮਾਰੀ ਦੇ ਰੋਣੇ-ਧੋਣੇ ਰੋ ਕੇ ਫ਼ਾਇਦੇ ਉਠਾਉਂਦਾ ਹੈ। ਉਹ ਕਿਸੇ ਸਾਹਿਤਕ ਸਮਾਗਮ ਵਿੱਚ ਨਹੀਂ ਜਾਂਦਾ। ਗਿਣਤੀਆਂ-ਮਿਣਤੀਆਂ ਦਾ ਮਾਹਿਰ ਹੈ। ਜਿੱਥੇ ਉਸ ਦੇ ਹੱਕ ’ਚ ਹਵਾ ਤੇਜ਼ ਹੁੰਦੀ ਰਹਿੰਦੀ ਸੀ, ਉੱਥੇ ਉਲਟ ਵਰੋਲ਼ੇ ਵੀ ਅੰਬਰ ਨੂੰ ਚੜ੍ਹਦੇ ਰਹਿੰਦੇ ਸੀ। ਗਰਦ ਚੜ੍ਹਦੀ ਵੀ ਰਹਿੰਦੀ, ਧਰਤੀ ’ਤੇ ਬਹਿੰਦੀ ਵੀ।
ਮੈਂ ਉਸ ਨੂੰ ਬਠਿੰਡੇ ਇੱਕ ਸਾਹਿਤਕ ਸਮਾਗਮ ਵਿੱਚ ਬੋਲਦਿਆਂ ਸੁਣਿਆ। ਉਨ੍ਹਾਂ ਦਿਨਾਂ ’ਚ ਕਾਮਰੇਡੀ ਸਾਹਿਤ ਦਾ ਬੋਲਬਾਲਾ ਜ਼ਿਆਦਾ ਸੀ। ਉਸ ਦੇ ਨਾਵਲਾਂ ਨੂੰ ਕਾਮਰੇਡ ਇਸੇ ਕਰਕੇ ਨੱਕ ਹੇਠ ਨਹੀਂ ਸੀ ਲਿਆਉਂਦੇ ਕਿ ਉਹ ਆਪਣੇ ਪਾਤਰਾਂ ਤੋਂ ਸਿਸਟਮ ਦੇ ਵਿਰੁੱਧ ਬਗ਼ਾਵਤ ਨਹੀਂ ਕਰਵਾਉਂਦਾ। ਉਸ ਦੇ ਪਾਤਰ ਨੀਰਸ ਨੇ। ਉਸੇ ਵਰਗੀ ਹੰਭੀ-ਹਾਰੀ ਜ਼ਿੰਦਗੀ ਜਿਊਂਦੇ ਨੇ। ਉਹ ਇਹ ਵੀ ਕਹਿੰਦੇ ਕਿ ਇਸ ਤਰ੍ਹਾਂ ਦਾ ਸਾਹਿਤ ਸਮਾਜ ਲਈ ਕਲਿਆਣਕਾਰੀ ਨਹੀਂ ਹੁੰਦਾ ਪਰ ਗੁਰਦਿਆਲ ਸਿੰਘ ਬੇਲੋੜੇ ਵਿਦਰੋਹ ਕਰਨ ਵਾਲੇ ਸਾਹਿਤ ਨੂੰ ਸਾਹਿਤ ਨਹੀਂ ਸੀ ਮੰਨਦਾ। ਉਹ ਕਹਿੰਦਾ ਸੀ ਕਿ ਅਜਿਹਾ ਸਾਹਿਤ, ਸਾਹਿਤ ਨਹੀਂ ਹੈ ਸਗੋਂ ਕਿਸੇ ਮਨੋਰਥ ਨੂੰ ਮੁੱਖ ਰੱਖ ਕੇ ਲਿਖਿਆ ਗਿਆ ਸਾਹਿਤ ਹੈ। ਸਾਹਿਤ ਰਾਜਨੀਤਕ ਮਨੋਰਥ ਨਹੀਂ ਪੂਰਾ ਕਰਦਾ। ਉਹ ਇਸ ਗੱਲ ਦਾ ਧਾਰਨੀ ਸੀ ਕਿ ਸਿਰਜੇ ਸਾਹਿਤ ਦੇ ਗਰਭ ’ਚ ਅਗਾਂਹਵਧੂ ਸੋਚ ਸਮਾਈ ਹੋਣੀ ਚਾਹੀਦੀ ਹੈ। ਉਹ ਚਾਹੁੰਦਾ ਸੀ ਕਿ ਲੇਖਕ ਨਾਵਲ ਦੇ ਮੰਚ ’ਤੇ ਖ਼ੁਦ ਨਾਅਰੇ ਨਾ ਮਾਰੇ ਸਗੋਂ ਪਾਤਰਾਂ ਦੇ ਅੰਤਰਮਨ ’ਚ ਬਿਰਾਜਮਾਨ ਰਹੇ।
ਉਹ ਜਾਤੀਵਾਦ ਦੇ ਖ਼ਿਲਾਫ਼ ਸੀ। ਜਾਤੀਵਾਦ ਦੀਆਂ ਜੜ੍ਹਾਂ ਸਮਾਜ ’ਚ ਕਿੰਨੀਆਂ ਡੂੰਘੀਆਂ ਨੇ? ਇਹ ਪ੍ਰਮਾਣ ਗੁਰਦਿਆਲ ਸਿੰਘ ਦੇ ਨਾਵਲ ‘ਪਰਸਾ’ ਵਿੱਚੋਂ ਮਿਲਦਾ ਹੈ। ‘ਆਹਣ’ ਵਿੱਚੋਂ ਵੀ ਵੇਖਿਆ ਜਾ ਸਕਦਾ ਹੈ। ਸੰਪਰਦਾਇਕਤਾ ਦਾ ਜੋ ਭਿਆਨਕ ਵਰਣਨ ਉਸ ਦੀ ਸਵੈ-ਜੀਵਨੀ ਵਿੱਚ ਮਿਲਦਾ ਹੈ, ਉਹ ਪੰਜਾਬੀ ’ਚ ਦੇਸ਼ ਦੀ ਵੰਡ ਬਾਰੇ ਲਿਖੀ ਹੋਈ ਹੋਰ ਕਿਸੇ ਰਚਨਾ ਵਿੱਚੋਂ ਸ਼ਾਇਦ ਨਹੀਂ ਮਿਲਦਾ। ਉਸ ਦਾ ਇੱਕ ਮੁਸਲਿਮ ਪਾਤਰ ਹੈ ਜੋ ਕੋਹਲੂ ਚਲਾ ਕੇ ਆਪਣਾ ਪਰਿਵਾਰ ਪਾਲ਼ਦਾ ਹੈ। ਉਸ ਦੀ ਘਰਵਾਲੀ ਮਰੀ ਹੋਈ ਹੈ। ਮੁੰਡਾ ਤੇ ਕੁੜੀ ਛੋਟੇ ਹਨ। ਅੰਗਰੇਜ਼ਾਂ ਵਿਰੁੱਧ ਆਵਾਜ਼ ਉਠਾਉਂਦਾ-ਉਠਾਉਂਦਾ ਉਹ ਵਾਰ-ਵਾਰ ਜੇਲ੍ਹ ਜਾਂਦਾ ਹੈ। ਉਸ ਦੇ ਬੱਚਿਆਂ ਨੂੰ ਆਂਢ-ਗੁਆਂਢ ਦੇ ਲੋਕ ਰੋਟੀ-ਪਾਣੀ ਦਿੰਦੇ ਹਨ। ਉਸ ਦਾ ਸੁਪਨਾ ਦੇਸ਼ ਨੂੰ ਆਜ਼ਾਦ ਕਰਵਾਉਣਾ ਹੈ ਪਰ ਜਦੋਂ ਪਿੰਡਾਂ ਦੇ ਮੁਸਲਮਾਨਾਂ ਨੂੰ ਮਾਰਨ ਵਾਲੇ ਵਹਿਸ਼ੀ ਲੋਕ ਮੰਡੀ ਵਿਚ ਆਉਂਦੇ ਹਨ ਤਾਂ ਉਸ ਨੂੰ ਅਤੇ ਉਸ ਦੇ ਦੋਵੇਂ ਬੱਚਿਆਂ ਨੂੰ ਮਾਰ ਦਿੰਦੇ ਨੇ। ਇਸ ਵਰਤਾਰੇ ਵਿੱਚ ਗੁਰਦਿਆਲ ਸਿੰਘ ਦੀ ਚਿੰਤਨ ਦੀ ਤਾਕਤ ਦੇ ਦਰਸ਼ਨ ਹੁੰਦੇ ਹਨ। ਇਨ੍ਹਾਂ ਤਿੰਨਾਂ ਪਾਤਰਾਂ ਦਾ ਮਰਨਾ ਬਹੁਤ ਵੱਡੇ ਸਵਾਲ ਖੜ੍ਹੇ ਕਰਦਾ ਹੈ। ਸਿਰ ਝੁਕ ਜਾਂਦਾ ਹੈ ਗੁਰਦਿਆਲ ਸਿੰਘ ਦੀ ਕਲਮ ਦੀ ਸ਼ਕਤੀ ਅੱਗੇ। ਉਹ ਕਲਾਮਈ ਢੰਗ ਨਾਲ ਸੰਪਰਦਾਇਕਤਾ ਨੂੰ ਸ਼ਰਮਸਾਰ ਕਰਦਾ ਹੈ।
ਬਠਿੰਡਾ ਲਾਇਬ੍ਰੇਰੀ ਵਿੱਚ ਜਗਦੀਸ਼ ਸਿੰਘ ਘਈ ਦਾ ਗਿਆਨੀ ਕਾਲਜ ਸੀ। ਕਾਫ਼ੀ ਵੱਡੇ ਕਮਰੇ ਵਿੱਚ। ਉੱਥੇ ਬਠਿੰਡਾ ਸਾਹਿਤ ਸਭਾ ਦੀਆਂ ਮੀਟਿੰਗਾਂ ਹੁੰਦੀਆਂ। ਇੱਕ ਮੀਟਿੰਗ ਵਿੱਚ ਗੁਰਦਿਆਲ ਸਿੰਘ ਵੀ ਆਇਆ। ਮੈਂ ਉੱਥੇ ਆਪਣੀ ਗ਼ਜ਼ਲ ਗਾਈ। ਗ਼ਜ਼ਲ ਦਾ ਇੱਕ ਸ਼ਿਅਰ ਸੀ:
ਨਿੱਤ ਦਿਨ ਇਸ ਧਰਤੀ ਦੇ ਉੱਤੇ
ਪਾਪ ਵਧੇ ਤੇ ਫੁੱਲੇ
ਸੁਣਦੇ ਹਾਂ ਕਿ ਇਸ ਧਰਤੀ ’ਤੇ
ਹੋਏ ਸਨ ਅਵਤਾਰ
ਗੁਰਦਿਆਲ ਸਿੰਘ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਤਿੰਨ-ਚਾਰ ਮਿੰਟ ਇਸ ਸ਼ਿਅਰ ’ਤੇ ਹੀ ਬੋਲਦਾ ਰਿਹਾ। ਮੈਨੂੰ ਉਹ ਚੰਗਾ ਇਸ ਕਰਕੇ ਨਹੀਂ ਸੀ ਲੱਗਿਆ ਕਿ ਉਹ ਮੇਰੇ ਸ਼ਿਅਰ ’ਤੇ ਬੋਲਿਆ ਸੀ ਸਗੋਂ ਇਸ ਲਈ ਚੰਗਾ ਲੱਗਿਆ ਕਿ ਉਹ ਸ਼ਿਅਰ ਦਾ ਮਨੋਰਥ ਸਮਝਿਆ ਸੀ। ਗਹਿਰਾਈ ’ਚ ਉੱਤਰ ਕੇ। ਉਸ ਨੇ ਮੈਨੂੰ ਸ਼ਾਇਰੀ ਲਈ ਹੋਰ ਵੀ ਗੰਭੀਰ ਕਰ ਦਿੱਤਾ ਸੀ। ਮੇਰੇ ਲਈ ਇਹ ਸਪੱਸ਼ਟ ਹੋ ਗਿਆ ਸੀ ਕਿ ਸ਼ਾਇਰੀ ਸਿਰਫ਼ ਰਦੀਫ਼-ਕਾਫ਼ੀਏ ਮੇਲ਼ਣਾ ਨਹੀਂ, ਜੀਵਨ ਦੇ ਫਲਸਫ਼ੇ ਨਾਲ ਵੀ ਇਸ ਦਾ ਗਹਿਰਾ ਸਬੰਧ ਹੁੰਦਾ ਹੈ ਜਾਂ ਹੋਣਾ ਚਾਹੀਦਾ ਹੈ। ਉਸ ਨੇ ਕਿਹਾ ਸੀ, ਇਹ ਸਤਰਾਂ ਜਿਹੜੇ ਲੋਕ ਮਾਣ ਕਰਦੇ ਨਹੀਂ ਥੱਕਦੇ ਕਿ ਇਸ ਧਰਤੀ ’ਤੇ ਰਿਸ਼ੀ, ਮੁਨੀ, ਅਵਤਾਰ ਹੋਏ ਸਨ, ਇਨ੍ਹਾਂ ਸਤਰਾਂ ਵਿੱਚ ਉਨ੍ਹਾਂ ਨੂੰ ਫਿਟਕਾਰਿਆ ਵੀ ਨਹੀਂ ਗਿਆ। ਕਸਰ ਵੀ ਨਹੀਂ ਛੱਡੀ।
ਫਿਰ ਚੰਡੀਗੜ੍ਹ ’ਚ ਬਾਲ ਸਾਹਿਤ ਦਾ ਤਿੰਨ ਰੋਜ਼ਾ ਸਾਹਿਤਕ ਸਮਾਗਮ ਹੋਇਆ। ਗੁਰਦਿਆਲ ਸਿੰਘ ਉਸ ਵਿੱਚ ਵੀ ਗਿਆ। ਬੱਚਿਆਂ ਬਾਰੇ ਲਿਖੇ ਜਾਣ ਵਾਲੇ ਸਾਹਿਤ ਬਾਰੇ ਉਸ ਨੇ ਜੋ ਗੱਲਾਂ ਕੀਤੀਆਂ, ਉਹ ਵੀ ਬਹੁਤ ਗਹਿਰੀਆਂ ਸਨ। ਉਹ ਆਪ ਵੀ ਬਾਲ ਸਾਹਿਤ ਲਿਖਦਾ ਸੀ। ਦੂਜੀ ਤੋਂ ਲੈ ਕੇ ਦਸਵੀਂ ਤੱਕ ਦੇ ਪੰਜਾਬੀ ਪਾਠਕ੍ਰਮ ਵਿੱਚ ਉਸ ਦੀਆਂ ਬਹੁਤ ਸਾਰੀਆਂ ਰਚਨਾਵਾਂ ਲੱਗੀਆਂ ਹੋਈਆਂ ਸਨ।
ਬਾਲ ਸਾਹਿਤ ਮੈਂ ਵੀ ਲਿਖਦਾ ਸੀ। ਬਾਲ ਸਾਹਿਤ ਲਿਖਣ ਬਾਰੇ ਉਸ ਨੇ ਮੇਰੀ ਸੋਚ ਦਾ ਰਾਹ ਮੋਕਲ਼ਾ ਕੀਤਾ।
ਗੁਰਦਿਆਲ ਸਿੰਘ ਨੇ ਆਪਣੀ ਜੀਵਨ-ਉਸਾਰੀ ਆਪ ਕੀਤੀ ਸੀ। ਛੋਟੇ ਹੁੰਦਿਆਂ ਹੀ ਕਬੀਲਦਾਰੀ ਗਲ਼ ਪੈ ਗਈ ਸੀ। ਵਿਆਹੁਤਾ ਜੀਵਨ ਸ਼ੁਰੂ ਹੋ ਗਿਆ ਸੀ। ਬਾਪ ਉਸ ਦੀ ਪ੍ਰਤਿਭਾ ਨੂੰ ਪਛਾਣ ਨਹੀਂ ਸੀ ਸਕਿਆ। ਉਹ ਚਾਹੁੰਦਾ ਸੀ ਕਿ ਉਹ ਤਰਖਾਣਾ ਕੰਮ ਕਰੇ। ਹੋਰ ਕੁਝ ਨਾ ਸੋਚੇ। ਗੁਰਦਿਆਲ ਸਿੰਘ ਦੀ ਪੜ੍ਹਾਈ ਵਿਚੇ ਰਹਿ ਗਈ ਸੀ। ਗੁਆਂਢ ਦੇ ਇੱਕ ਅਧਿਆਪਕ ਦੇ ਕਹੇ ਤੋਂ ਉਸ ਨੇ ਪ੍ਰਾਈਵੇਟ ਪੜ੍ਹਨਾ ਸ਼ੁਰੂ ਕੀਤਾ। ਗਿਆਨੀ ਤੱਕ ਪਹੁੰਚਿਆ। ਅੱਗੇ ਵਾਇਆ ਬਠਿੰਡਾ ਬੀ.ਏ. ਕਰਨੀ ਸੀ।
ਉਸ ਦੀ ਗਲ਼ੀ ਦੇ ਬਾਸ਼ਿੰਦੇ ਚਰਚਿਤ ਲੇਖਕ ਜੰਗ ਬਹਾਦਰ ਗੋਇਲ ਨੇ ਮੈਨੂੰ ਪਿਛਲੇ ਦਿਨੀਂ ਦੱਸਿਆ ਕਿ ਗੁਰਦਿਆਲ ਸਿੰਘ ਮਿਹਨਤੀ ਬਹੁਤ ਸੀ। ਜਿਨ੍ਹਾਂ ਦਿਨਾਂ ’ਚ ਵਾਇਆ ਬਠਿੰਡਾ ਬੀ.ਏ. ਕਰ ਰਿਹਾ ਸੀ, ਉਨ੍ਹਾਂ ਦਿਨਾਂ ’ਚ ਗਰਮੀ ’ਚ ਰਾਤ ਦੇ ਨੌਂ ਵਜੇ ਉਹ ਦੀਵੇ ਦੇ ਚਾਨਣ ’ਚ ਮੈਕਸਿਮ ਗੋਰਕੀ ਦੀ ਜੀਵਨੀ ਦੇ ਇੱਕ ਭਾਗ ‘ਮੇਰਾ ਬਚਪਨ’ ਦਾ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਵੀ ਕਰ ਰਿਹਾ ਸੀ। ਬੁਨੈਣ ਪਾਈ ਹੋਈ ਸੀ। ਮੁੜ੍ਹਕੋ-ਮੁੜ੍ਹਕੀ ਸੀ। ਚਾਰ ਡਿਕਸ਼ਨਰੀਆਂ ਕੋਲ ਰੱਖੀਆਂ ਹੋਈਆਂ ਸਨ। ਬਿਜਲੀ ਉਦੋਂ ਹੁੰਦੀ ਨਹੀਂ ਸੀ। ਦੀਵੇ ’ਤੇ ਹੀ ਬਾਟੀ ’ਚ ਚਾਹ ਧਰੀ ਹੋਈ ਸੀ।
ਫਿਰ ਜੈਤੋ ਦੀ ਸਾਹਿਤ ਸਭਾ ਨੇ ‘ਗ਼ਜ਼ਲਕਾਰ ਦੀਪਕ ਜੈਤੋਈ ਐਵਾਰਡ’ ਸ਼ੁਰੂ ਕੀਤਾ। ਪਹਿਲਾ ਐਵਾਰਡ ਮੈਨੂੰ ਦੇਣ ਦਾ ਫ਼ੈਸਲਾ ਕੀਤਾ। ਦੀਪਕ ਜੈਤੋਈ ਦੇ ਯੋਗ ਸ਼ਿਸ਼ ਹਰਦਮ ਮਾਨ ਨੇ ਮੈਨੂੰ ਜਾਣਕਾਰੀ ਦਿੱਤੀ। ਮੈਂ ਸਮਾਗਮ ’ਚ ਗਿਆ। ਗੁਰਦਿਆਲ ਸਿੰਘ ਦੀ ਪ੍ਰਧਾਨਗੀ ਸੀ। ਉਸ ਨੇ ਮੇਰੇ ਬਾਰੇ ਬੋਲਣ ਲਈ ਬਹੁਤੇ ਸ਼ਬਦ ਨਹੀਂ ਸੀ ਬੋਲੇ। ਮੇਰੀ ਗ਼ਜ਼ਲ ਦੇ ਇੱਕ ਸ਼ਿਅਰ ਨੂੰ ਆਪਣੀ ਕਹੀ ਜਾਣ ਵਾਲੀ ਗੱਲ ਦਾ ਆਧਾਰ ਬਣਾਇਆ ਸੀ-
ਬਿਰਖ਼ ਹੈ ਨਾ ਨੀਰ ਹੈ
ਦੋਪਹਿਰ ਹੈ ਜਾਂ ਰੇਤ ਹੈ
ਜ਼ਿੰਦਗੀ ਏਥੇ ਲਿਆਊ
ਮੈਂ ਕਦੇ ਸੋਚਿਆ ਨਾ ਸੀ
ਇਹ ਸ਼ਿਅਰ ਪੇਸ਼ ਕਰਕੇ ਗੁਰਦਿਆਲ ਸਿੰਘ ਨੇ ਕਿਹਾ ਸੀ ਕਿ ਅਜਿਹਾ ਵੇਲ਼ਾ ਮਨੁੱਖ ਦੇ ਜੀਵਨ ਵਿੱਚ ਆਉਂਦਾ ਹੀ ਕਿਉਂ ਹੈ? ਇਹ ਨਹੀਂ ਆਉਣਾ ਚਾਹੀਦਾ। ਹਰ ਇਨਸਾਨ ਦੀ ਚੜ੍ਹਦੀ ਉਮਰ ਖ਼ੁਸ਼ੀਆਂ-ਖੇੜਿਆਂ ਵਾਲੀ ਹੋਣੀ ਚਾਹੀਦੀ ਹੈ। ਸਾਨੂੰ ਵੇਖਣਾ ਪਵੇਗਾ ਕਿ ਇਹ ਕਮੀ ਕਿੱਥੇ ਹੈ? ਜਾਂ ਕਿਹੜੀ ਗੱਲ ਵਿੱਚ ਹੈ? ਜਾਂ ਕਿਹੜੇ ਵਿਤਕਰੇ ਵਿੱਚ ਹੈ? ਵੀਰਾਨੀ ਮਨੁੱਖੀ ਜੀਵਨ ਦਾ ਅੰਗ ਕਿਉਂ ਹੈ? ਉਹ ਮੇਰਾ ਸਨਮਾਨ ਕਰਨ ਉਪਰੰਤ ਬੋਲ ਰਿਹਾ ਸੀ। ਗੁਰਦਿਆਲ ਸਿੰਘ ਕਹਿ ਰਿਹਾ ਸੀ ਕਿ ਸਨਮਾਨ ਵਿੱਚ ਨਕਦੀ ਵੀ ਹੋਣੀ ਚਾਹੀਦੀ ਹੈ। ਇਹ ਇਸ ਲਈ ਨਹੀਂ ਹੋਣੀ ਚਾਹੀਦੀ ਕਿ ਲੇਖਕ ਪੈਸੇ ਦਾ ਭੁੱਖਾ ਜਾਂ ਲੋੜਵੰਦ ਹੁੰਦਾ ਹੈ ਸਗੋਂ ਇਸ ਲਈ ਹੋਣੀ ਚਾਹੀਦੀ ਹੈ ਕਿ ਜਦੋਂ ਉਹ ਸਨਮਾਨ ਲੈ ਕੇ ਆਪਣੇ ਪਰਿਵਾਰ ’ਚ ਜਾਵੇ ਤਾਂ ਪਰਿਵਾਰ ਮਹਿਸੂਸ ਕਰੇ ਕਿ ਇਸ ਦਾ ਮੁੱਲ ਪੈਣਾ ਸ਼ੁਰੂ ਹੋ ਗਿਆ ਹੈ। ਉਹ ਜੇ ਰਾਤ-ਦਿਨ ਕਾਗ਼ਜ਼ ਕਾਲ਼ੇ ਕਰਦਾ ਸੀ ਤਾਂ ਐਵੇਂ ਨਹੀਂ ਸੀ ਕਰਦਾ। ਉਸ ਦੇ ਕੋਈ ਅਰਥ ਵੀ ਸਨ।
ਇਸ ਪਿੱਛੋਂ ਮੇਰਾ ਰਿਸ਼ਤਾ ਉਸ ਨਾਲ ਗਹਿਰਾ ਹੋ ਗਿਆ। ਜਿਨ੍ਹਾਂ ਦਿਨਾਂ ’ਚ ਮੋਬਾਈਲ ਨਹੀਂ ਸੀ ਹੁੰਦੇ, ਲੈਂਡ-ਲਾਈਨ ਟੈਲੀਫੋਨ ਸੀ। ਹਰ ਐਤਵਾਰ ਤੜਕੇ ਜਾਂ ਮੈਂ ਗੁਰਦਿਆਲ ਸਿੰਘ ਨਾਲ ਗੱਲ ਕਰਦਾ ਜਾਂ ਉਹ ਕਰਦਾ। ਗੱਲਾਂ ਕਰਦਿਆਂ ਨੂੰ ਕਈ ਵਾਰ ਅੱਧਾ-ਪੌਣਾ ਘੰਟਾ ਵੀ ਲੱਗ ਜਾਂਦਾ। ਮੇਰੇ ਤਿੰਨ ਗ਼ਜ਼ਲ ਸੰਗ੍ਰਹਿ ਛਪ ਚੁੱਕੇ ਸਨ। ਇੱਕ ਨਾਵਲ ‘ਸੱਤ ਰੰਗੀਆਂ ਚਿੜੀਆਂ’।
ਇੱਕ ਵਾਰ ਉਸ ਨੇ ਦੱਸਿਆ ਕਿ ਮੈਂ ਭਾਸ਼ਾ ਵਿਭਾਗ ਦੀ ਸਨਮਾਨ ਕਮੇਟੀ ਦਾ ਮੈਂਬਰ ਹਾਂ। ਮੈਂ ਭਾਵੇਂ ਮੀਟਿੰਗਾਂ ’ਚ ਪਹਿਲਾਂ ਕਦੇ ਨਹੀਂ ਗਿਆ ਪਰ ਇਸ ਵਾਰ ਤੇਰੇ ਕਰਕੇ ਜਾਵਾਂਗਾ। ਸਨਮਾਨ ਦਾ ਤੇਰਾ ਹੱਕ ਬਣਦਾ ਹੈ। ਮੈਨੂੰ ਉਸ ਨੇ ਇੱਕ-ਦੋ ਸੁਝਾਅ ਵੀ ਦਿੱਤੇ। ਮੈਂ ਉਹ ਸੁਣੇ ਜ਼ਰੂਰ ਪਰ ਅਮਲ ਵਿੱਚ ਲਿਆਉਣੇ ਮੇਰੇ ਲਈ ਮੁਸ਼ਕਿਲ ਸਨ। ਫਿਰ ਪਤਾ ਲੱਗਿਆ, ਉਹ ਨਾ ਕਦੇ ਪਹਿਲਾਂ ਕਿਸੇ ਮੀਟਿੰਗ ’ਚ ਗਿਆ ਤੇ ਨਾ ਇਸ ਵਾਰੀ ਗਿਆ ਸੀ। ਮੈਨੂੰ ਉਸ ’ਤੇ ਗ਼ਿਲਾ ਨਹੀਂ ਸੀ। ਆਪਸੀ ਗੱਲਾਂ-ਬਾਤਾਂ ਰਾਹੀਂ ਮੈਂ ਉਸ ਤੋਂ ਬਹੁਤ ਕੁਝ ਸਿੱਖ ਰਿਹਾ ਸੀ। ਮੈਂ ਨਿਰੰਤਰ ਅਧਿਐਨ ਕਰ ਰਿਹਾ ਸੀ। ਹਰ ਵਾਰ ਮੈਨੂੰ ਉਹ ਦੋ-ਤਿੰਨ ਅਜਿਹੀਆਂ ਗੱਲਾਂ ਦੱਸਦਾ ਜਿਹੜੀਆਂ ਮੇਰੇ ਲਈ ਨਵੀਆਂ ਹੁੰਦੀਆਂ। ਸੋਚ ਦਾ ਦਾਇਰਾ ਵਧਾਉਣ ਵਾਲੀਆਂ। ਹੋਰ ਵੀ ਗਹਿਰਾ ਸੋਚਣ ਦੀ ਆਦਤ ਪਾਉਣ ਵਾਲੀਆਂ।
ਫਿਰ ਸਾਡੀ ਇੱਕ ਸਾਂਝੀ ਸਮੱਸਿਆ ਨੇ ਮਾਨਸਿਕ ਤੌਰ ’ਤੇ ਸਾਨੂੰ ਹੋਰ ਵੀ ਨੇੜੇ ਕਰ ਦਿੱਤਾ। ਗੁਰਦਿਆਲ ਸਿੰਘ ਨੇ ਕਈ ਸਾਲ ਪਹਿਲਾਂ ਬਠਿੰਡੇ ਇੱਕ ਪਲਾਟ ਲਿਆ ਸੀ ਜਿਸ ਦੀ ਹੋਂਦ ਕੋਰਟ ਦੇ ਘੇਰੇ ’ਚ ਆ ਗਈ ਸੀ। ਮਾਮਲਾ ਹੇਠਲੀਆਂ ਅਦਾਲਤਾਂ ਤੋਂ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀ। ਮੈਂ ਵੀ ਜੋ ਆਪਣੀ ਜ਼ਮੀਨ ਵੇਚ ਕੇ ਬਰਨਾਲੇ ਦਫ਼ਤਰ ਤੇ ਕੋਠੀ ਬਣਾਈ ਸੀ, ਉਹ ਮੇਰਾ ਰਹੇਗਾ ਜਾਂ ਨਹੀਂ? ਇਹ ਫ਼ੈਸਲਾ ਵੀ ਸੁਪਰੀਮ ਕੋਰਟ ਤੱਕ ਚਲਿਆ ਗਿਆ ਸੀ। ਫ਼ਿਕਰਮੰਦ ਉਹ ਵੀ ਸਨ। ਮੈਂ ਵੀ ਸੀ। ਸੁਪਰੀਮ ਕੋਰਟ ਨੇ ਬਠਿੰਡੇ ਤੇ ਬਰਨਾਲ਼ੇ ਦੇ ਮਸਲੇ ਨੂੰ ਇੱਕ ਕਰਕੇ ਕੇਸ ਚਲਾ ਦਿੱਤਾ ਸੀ।
ਮੈਂ ਪੱਤਰਕਾਰ ਸੀ। ਇਸ ਕਰਕੇ ਕੇਸ ਦੀ ਬਦਲਦੀ ਸਥਿਤੀ ਬਾਰੇ ਮੈਨੂੰ ਪਤਾ ਹੁੰਦਾ ਸੀ। ਉਹ ਮੈਥੋਂ ਪੁੱਛਦੇ ਰਹਿੰਦਾ। ਇੱਕ ਵਾਰ ਬੜੀ ਉਤਸੁਕਤਾ ਨਾਲ ਉਸ ਨੇ ਮੈਨੂੰ ਕੇਸ ਬਾਰੇ ਪੁੱਛਿਆ। ਮੈਂ ਕਿਹਾ, ‘‘ਸਰ ਜੀ ਫ਼ੈਸਲਾ ਹੋ ਗਿਆ ਹੈ।’’
‘‘ਕੀ ਹੋਇਆ?’’ ਉਹ ਡੂੰਘੇ ਫ਼ਿਕਰ ’ਚੋਂ ਬੋਲਿਆ। ਲੱਗਿਆ ਜਿਵੇਂ ਖੂਹ ’ਚੋਂ ਆਵਾਜ਼ ਆਈ ਹੋਵੇ। ਸਰਦੀ ਦੇ ਦਿਨ ਸਨ। ਆਵਾਜ਼ ਜਰਖਲ਼ੀ ਹੋਈ ਸੀ, ਜਿਵੇਂ ਰਾਤ ਸਾਹ ਉੱਠ ਕੇ ਹਟਿਆ ਹੋਵੇ। ਆਵਾਜ਼ ਅਜੇ ਥਾਂ-ਸਿਰ ਨਾ ਆਈ ਹੋਵੇ। ਸਾਹ ਔਖਾ ਆ ਰਿਹਾ ਸੀ। ਹਲਕੀ-ਹਲਕੀ ਹਿੱਕ ਬੋਲਦੀ ਸੁਣਦੀ ਸੀ।
ਮੈਂ ਕਿਹਾ, ‘‘ਸਰ ਜੀ! ਫ਼ੈਸਲਾ ਆਪਣੇ ਹੱਕ ’ਚ ਹੋ ਗਿਆ। ਨੱਚੋ, ਬਾਘੀਆਂ ਪਾਉ, ਕੱਚਾ ਕੋਹੜ ਗਲ਼ੋਂ ਲਹਿਆ।’’
ਫਿਰ ਉਹ ਵਿਸਥਾਰ ’ਚ ਪੁੱਛਣ ਲੱਗਾ। ਮੈਂ ਦੱਸਣ ਲੱਗਿਆ। ਇਸ ਫ਼ੈਸਲੇ ਦੀ ਉਸ ਨੇ ਬੜੀ ਖ਼ੁਸ਼ੀ ਮਨਾਈ।
ਮੇਰੇ ਨਾਲ ਅਕਸਰ ਗੱਲਾਂ-ਬਾਤਾਂ ਹੁੰਦੀਆਂ ਰਹਿਣ ਕਾਰਨ ਉਸ ਨੇ ਇੱਕ ਵਾਰ ਇਹ ਵੀ ਕਿਹਾ ਸੀ ਕਿ ਕੇਂਦਰ ਆਪਣੇ ਲੇਖਕਾਂ ਦੇ ਮਾਣ-ਸਨਮਾਨ ਤਾਂ ਕਰਦਾ ਹੈ ਪਰ ਉਹ ਦੁਨੀਆ ਪੱਧਰੇ ਸਨਮਾਨਾਂ ਦੇ ਹੱਕਦਾਰ ਵੀ ਬਣਨ, ਅਜਿਹੇ ਯਤਨ ਨਹੀਂ ਕਰਦਾ। ਉਸ ਦਾ ਮਤਲਬ ਸੀ ਕਿ ਇਹ ਨੋਬੇਲ ਪੁਰਸਕਾਰ ਤੱਕ ਪੁੱਜਣ ਲਈ ਆਪਣੇ ਯੋਗ ਲੇਖਕਾਂ ਦੇ ਹੱਕ ਵਿੱਚ ਹਵਾ ਨਹੀਂ ਬਣਾਉਂਦਾ। ਇਹ ਗੱਲ ਮੇਰੀ ਸੋਚ ਦੇ ਘੇਰੇ ਤੋਂ ਪਰ੍ਹਾਂ ਦੀ ਸੀ। ਮੈਂ ਕਹਿੰਦਾ ਤਾਂ ਕੀ ਕਹਿੰਦਾ?
ਗੁਰਦਿਆਲ ਸਿੰਘ ਦੇ ਨਾਵਲ ਅੰਗਰੇਜ਼ੀ ’ਚ ਅਨੁਵਾਦ ਤਾਂ ਹੋਏ ਸਨ ਪਰ ਉਹ ਕਿਸੇ ਪੈਂਗੁਇਨ ਵਰਗੀ ਵਿਸ਼ਵ ਪੱਧਰੀ ਪ੍ਰਕਾਸ਼ਨ ਨੇ ਨਹੀਂ ਸੀ ਛਾਪੇ ਪਰ ਉਨ੍ਹਾਂ ਨੂੰ ਭਾਰਤ ਦੇ ਸਾਰੇ ਮਾਨ-ਸਨਮਾਨ ਮਿਲੇ। ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਨਾਵਲ ‘ਅੱਧ ਚਾਨਣੀ ਰਾਤ’ ਲਈ ਮਿਲਿਆ। ਭਾਰਤੀ ਸਾਹਿਤ ਅਕਾਦਮੀ ਨੇ ਲਾਈਫ ਫੈਲੋਸ਼ਿਪ ਵੀ ਦਿੱਤੀ। ਪਦਮਸ੍ਰੀ ਤੇ ਗਿਆਨਪੀਠ ਦਾ ਮਾਣ ਵੀ ਉਸ ਨੂੰ ਮਿਲਿਆ। ਅੰਮ੍ਰਿਤਾ ਪ੍ਰੀਤਮ ਤੇ ਕਰਤਾਰ ਸਿੰਘ ਦੁੱਗਲ ਨੂੰ ਰਾਜ ਸਭਾ ਦਾ ਮੈਂਬਰ ਹੋਣ ਦਾ ਮਾਣ ਵੀ ਪ੍ਰਾਪਤ ਸੀ, ਪਰ ਇਹ ਮਾਣ ਗੁਰਦਿਆਲ ਸਿੰਘ ਦੇ ਹਿੱਸੇ ਨਹੀਂ ਆਇਆ।
ਖ਼ੈਰ, ‘ਆਹਣ’ ਉਸ ਦਾ ਵੱਡ-ਆਕਾਰੀ ਨਾਵਲ ਲਿਖਣ ਦਾ ਸੁਪਨਾ ਸੀ। ਲਿਓ ਟਾਲਸਟਾਏ ਦੇ ਨਾਵਲ ‘ਜੰਗ ਤੇ ਅਮਨ’ ਦੇ ਆਕਾਰ ਦਾ ਉਹ ‘ਆਹਣ’ ਲਿਖਣਾ ਚਾਹੁੰਦਾ ਸੀ। ਇੱਕ ਭਾਗ ਛਪ ਚੁੱਕਿਆ ਸੀ। ਦੂਜਾ ਭਾਗ ਮੁਕੰਮਲ ਨਾ ਹੋ ਸਕਿਆ। ‘ਜੰਗ ਤੇ ਅਮਨ’ ਦਾ ਉਹ ਕੱਟੜ ਪ੍ਰਸ਼ੰਸਕ ਸੀ। ਇੱਕ ਵਾਰ ਉਸ ਨੇ ਦੱਸਿਆ ਸੀ ਕਿ ‘ਜੰਗ ਤੇ ਅਮਨ’ ਦੇ ਏਨੇ ਪਾਤਰ ਹਨ ਕਿ ਸਭਨਾਂ ਦੀ ਵੱਖਰੀ-ਵੱਖਰੀ ਪਛਾਣ ਹੈ। ਬੰਦੇ ਤਾਂ ਬੰਦੇ, ਨਾਵਲ ’ਚ ਆਏ ਕੁੱਤੇ ਵੀ ਪਾਤਰ ਹਨ।
ਡਾ. ਅੰਬੇਦਕਰ ਨੇ ਆਪਣੇ ਇੱਕ ਭਾਸ਼ਨ ਵਿੱਚ ਵਿਦਿਆਰਥੀਆਂ ਦੇ ਸਨਕੀ ਰਵੱਈਏ ਦੀ ਗੱਲ ਕੀਤੀ ਹੈ। ਉਹ ਤਿੰਨ ਸਾਲ ਮੁੰਬਈ ਦੇ ਇੱਕ ਸਰਕਾਰੀ ਕਾਲਜ ’ਚ ਪੜ੍ਹਾਉਂਦਾ ਰਿਹਾ ਸੀ। ਮੁੰਬਈ ’ਚ ਉਸ ਨੇ ਸਿਧਾਰਥ ਕਾਲਜ ਖੋਲ੍ਹਿਆ। ਉਸ ’ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ, ‘‘ਵਿਦਿਆਰਥੀਆਂ ਦੀ ਪ੍ਰੋਫੈਸਰਾਂ ਪ੍ਰਤੀ ਪਹੁੰਚ ਨਾਂਹ-ਪੱਖੀ ਹੋ ਰਹੀ ਹੈ। ਮੈਨੂੰ ਜਦੋਂ ਮੇਰੇ ਵਿਦਿਆਰਥੀ ਮਿਲਦੇ ਹਨ, ਜੋ ਨੌਕਰੀਆਂ ਕਰਦੇ ਹਨ, ਦੂਰੋਂ ਮੈਨੂੰ ਵੇਖਦੇ ਹਨ। ਕੋਲ਼ ਆਉਣ ’ਤੇ ਅੱਖਾਂ ਚੁਰਾ ਕੇ ਲੰਘ ਜਾਂਦੇ ਨੇ।’’
ਇਸੇ ਤਰ੍ਹਾਂ ਗੁਰਦਿਆਲ ਸਿੰਘ ਨੂੰ ਵੀ ਵਿਦਿਆਰਥੀਆਂ ’ਤੇ ਗ਼ਿਲਾ ਰਹਿੰਦਾ ਸੀ। ਉਹ ਜੈਤੋ ਤੋਂ ਫ਼ਰੀਦਕੋਟ ਕਾਲਜ ’ਚ ਵੀ ਪੜ੍ਹਾਉਣ ਜਾਂਦਾ ਰਿਹਾ। ਬਠਿੰਡੇ ਵੇਲੇ ਵੀ ਬੱਸ ’ਚ ਆਉਣ-ਜਾਣ ਕਰਦਾ। ਉਸ ਨੂੰ ਗ਼ਿਲਾ ਸੀ ਕਿ ਜੇ ਕੋਈ ਪ੍ਰੋਫੈਸਰ ਬੱਸ ’ਚ ਖੜ੍ਹਾ ਹੋਵੇ, ਸੀਟ ਨਾ ਮਿਲੇ, ਵਿਦਿਆਰਥੀ ਦੰਦ ਕੱਢਦੇ ਰਹਿਣਗੇ। ਸੀਟ ਛੱਡਣ ਬਾਰੇ ਸੋਚਦੇ ਵੀ ਨਹੀਂ। ਇਹ ਚੰਗਾ ਰੁਝਾਨ ਨਹੀਂ। ਅਸੀਂ ਮਾਸਟਰਾਂ ਤੋਂ ਕੁੱਟ ਖਾ-ਖਾ ਕੇ ਵੀ ਪੈਰੀਂ ਹੱਥ ਲਾਉਂਦੇ ਸੀ। ਉਨ੍ਹਾਂ ਦੇ ਘਰਾਂ ਦੇ ਨਿੱਕੇ-ਮੋਟੇ ਕੰਮ ਵੀ ਕਰਦੇ ਸੀ। ਵਿਦਿਆਰਥੀਆਂ ਦਾ ਪ੍ਰੋਫੈਸਰਾਂ ਨਾਲ ਦੋਸਤਾਂ ਵਾਲਾ ਰਿਸ਼ਤਾ ਹੋਣਾ ਚਾਹੀਦਾ ਹੈ। ਇਹ ਗੱਲ ਸਾਹਿਤਕ ਹਲਕਿਆਂ ’ਚ ਵੀ ਫੈਲਦੀ। ਸਥਾਪਤ ਹੋਣ ਲਈ ਰੀਂਗ਼ਦੇ ਲੇਖਕ ਇਸ ਗੱਲ ਨੂੰ ਗੁਰਦਿਆਲ ਸਿੰਘ ਦੀ ਹਉਮੈਂ ਗਰਦਾਨਦੇ। ਭਾਵਨਾ ਤੱਕ ਨਾ ਪਹੁੰਚਦੇ।
ਗੁਰਦਿਆਲ ਸਿੰਘ ਕਿਸ ਪੱਧਰ ਦਾ ਨਾਵਲਕਾਰ ਸੀ? ਇਸ ਬਾਰੇ ਚਰਚਾ ਅਕਸਰ ਚਲਦੀ ਰਹਿੰਦੀ ਹੈ। ਚਲਦੀ ਰਹੇਗੀ ਵੀ। ਮੇਰੀ ਸਮਝ ਅਨੁਸਾਰ ਉਸ ਨੇ ਜਿਸ ਤਰ੍ਹਾਂ ਦੇ ਕਲਾਮਈ ਨਾਵਲ ਲਿਖੇ, ਉਹ ਵੀਹਵੀਂ ਸਦੀ ਦੇ ਵੱਡੇ ਨਾਵਲਕਾਰ ਦੇ ਤੌਰ ’ਤੇ ਸਾਹਮਣੇ ਆਉਂਦਾ ਹੈ। ਜ਼ਰੂਰੀ ਨਹੀਂ ਕਿ ਮੇਰੀ ਧਾਰਨਾ ਨਾਲ ਹੋਰ ਸਾਹਿਤਕ ਸੋਚ ਰੱਖਣ ਵਾਲੇ ਲੇਖਕ ਜਾਂ ਸੁਹਿਰਦ ਪਾਠਕ ਵੀ ਸਹਿਮਤ ਹੋਣ। ਮੇਰੇ ਵਿਚਾਰਾਂ ਨੂੰ ਨਿੱਜੀ ਵੀ ਕਿਹਾ ਜਾ ਸਕਦਾ ਹੈ ਪਰ ਮੈਂ ਆਪਣੇ ਵਿਚਾਰਾਂ ’ਤੇ ਕਾਇਮ ਹਾਂ, ਕਾਇਮ ਰਹਾਂਗਾ।
ਸੰਪਰਕ: 98143-80749

Advertisement

Advertisement