ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ਸਾਹਿਤ ਦਾ ਪਰਮ ਮਨੁੱਖ ਗੁਰਬਖ਼ਸ਼ ਸਿੰਘ ਪ੍ਰੀਤਲੜੀ

12:09 PM Oct 27, 2024 IST

ਡਾ. ਜੱਜ ਸਿੰਘ
ਪੰਜਾਬੀ ਸਾਹਿਤ ਦਾ ਪਰਮ ਮਨੁੱਖ ਗੁਰਬਖ਼ਸ਼ ਸਿੰਘ ਪ੍ਰੀਤਲੜੀ ਗੁਰਬਖ਼ਸ਼ ਸਿੰਘ ਕੱਦ ਦਾ ਭਾਵੇਂ ਛੋਟਾ ਸੀ, ਪਰ ਉਹ ਵਿਚਾਰਾਂ ਪੱਖੋਂ ਬੜੇ ਉੱਚੇ ਕੱਦ ਦਾ ਮਾਲਕ ਸੀ। ਸੁਹਜ ਉਸ ਦੇ ਰੋਮ-ਰੋਮ ’ਚ ਰਚਿਆ ਹੋਇਆ ਸੀ। ਇਸ ਸੁਹਜ ਬਿਰਤੀ ਦੀ ਚੇਟਕ ਉਸ ਨੂੰ ਅਮਰੀਕਾ ਵਿੱਚ ਲੱਗੀ ਸੀ, ਪਰ ਇਸ ਨੂੰ ਵਿਕਸਤ ਉਸ ਨੇ ਭਾਰਤ ਆ ਕੇ ਕੀਤਾ। ਉਸ ਨੇ ਜੋ ਲਿਖਿਆ ਬੜੀ ਫ਼ਰਾਖ਼ਦਿਲੀ ਨਾਲ ਅਤੇ ਬੇਝਿਜਕ ਹੋ ਕੇ ਲਿਖਿਆ। ਉਸ ਦੇ ਵਿਚਾਰਾਂ ਤੋਂ ਕੋਈ ਵੀ ਪ੍ਰਭਾਵਿਤ ਹੋਏ ਬਿਨ੍ਹਾਂ ਨਾ ਰਹਿ ਸਕਿਆ। ਸੋਹਣ ਸਿੰਘ ਜੋਸ਼ ਦਾ ਕਹਿਣਾ ਹੈ, ‘‘ਜੋ ਕੋਈ ਵੀ ਆਦਮੀ ਉਸ ਕੋਲ ਬੈਠਿਆ, ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ। ਉਸ ਦੀ ਗੱਲਬਾਤ ਬੜੀ ਮਨਮੋਹਣੀ, ਸੁਪਨਮਈ ਅਤੇ ਮਨ ਨੂੰ ਖਿੱਚ ਪਾਉਣ ਵਾਲੀ ਹੁੰਦੀ ਸੀ। ਉਸ ਦੀ ਸੰਗਤ ਵਿੱਚ ਬੈਠ ਜਾਓ ਤਾਂ ਉੱਠਣ ਨੂੰ ਜੀ ਨਹੀਂ ਕਰਦਾ ਸੀ।’’
ਉਸ ਨੇ ਕੰਪਨੀ ’ਚ, ਫ਼ੌਜ ਅਤੇ ਰੇਲਵੇ ’ਚ ਨੌਕਰੀਆਂ ਕੀਤੀਆਂ ਅਤੇ ਛੱਡ ਦਿੱਤੀਆਂ। ਉਹ ਕਿਸੇ ਮੰਜ਼ਿਲ ’ਤੇ ਨਹੀਂ ਟਿਕਿਆ। ਅਸਲ ਵਿੱਚ ਉਸ ਦੇ ਰਸਤੇ ’ਚ ਬੜੇ ਮੀਲ ਪੱਥਰ ਆਏ, ਪਰ ਉਹ ਤੁਰਦਾ ਅਤੇ ਮੰਜ਼ਿਲਾਂ
ਸਰ ਕਰਦਾ ਗਿਆ। ਨੌਸ਼ਹਿਰੇ ਵਿੱਚ ਉਸ ਨੇ ਮਸ਼ੀਨੀ ਢੰਗ ਨਾਲ ਖੇਤੀ ਸ਼ੁਰੂ ਕੀਤੀ। ਜੋ ਪੈਸਾ ਉਹ ਅਮਰੀਕਾ ਤੋਂ ਲੈ ਕੇ ਆਇਆ ਸੀ, ਸਾਰਾ ਇਸ ਵਿੱਚ ਝੋਕ ਦਿੱਤਾ, ਪਰ ਉਹ ਇਸ ਵਿੱਚ ਬੁਰੀ ਤਰ੍ਹਾਂ ਅਸਫਲ ਹੋਇਆ। ਇਸ ਦੇ ਬਾਵਜੂਦ ਉਸ ਨੇ ਨਾ ਸੁਹਜ ਦਾ ਪੱਲਾ ਅਤੇ ਨਾ ਸਾਹਸ ਛੱਡਿਆ।
ਗੁਰਬਖ਼ਸ਼ ਸਿੰਘ ਖੜੋਤ ਦਾ ਬੜਾ ਵਿਰੋਧੀ ਸੀ। ਉਹ ਚਾਨਣ ਦਾ ਵਣਜਾਰਾ ਸੀ ਅਤੇ ਰੋਸ਼ਨ ਭਵਿੱਖ ਦਾ ਪ੍ਰਚਾਰਕ ਸੀ। ਜਦੋਂ ਗੁਰਬਖ਼ਸ਼ ਸਿੰਘ ਨੇ ਕਲਮ ਚੁੱਕੀ ਤਾਂ ਉਦੋਂ ਸਾਡਾ ਸਾਹਿਤ ਕਈ ਫੌਲਾਦੀ ਵਲਗਣਾਂ ਵਿੱਚ ਕੈਦ ਸੀ। ਉਸ ਨੇ ਇਨ੍ਹਾਂ ਵਲਗਣਾਂ ਨੂੰ ਤੋੜ ਕੇ ਢਹਿ-ਢੇਰੀ ਕਰ ਦਿੱਤਾ ਅਤੇ ਆਪਣੀ ਕਲਾਤਮਿਕਤਾ ਨਾਲ ਦੁਨੀਆ ਦੇ ਵੱਖਰੇ ਨਜ਼ਾਰੇ ਪੇਸ਼ ਕੀਤੇ। ਗੁਰਬਖ਼ਸ਼ ਸਿੰਘ ਸੁਤੰਤਰ ਬਿਰਤੀ ਵਾਲਾ ਬੜਾ ਸਵੈਮਾਣ ਵਾਲਾ ਇਨਸਾਨ ਸੀ। ਉਸ ਦੇ ਸ਼ਬਦਕੋਸ਼ ਵਿੱਚ ਨਾ ਅਸੰਭਵ ਸ਼ਬਦ ਸੀ ਨਾ ਸਮਝੌਤਾਵਾਦੀ ਹੋਣਾ। ਉਸ ਦੇ ਉਦੇਸ਼ ਬੜੇ ਦੂਰਦਰਸ਼ਤਾ ਵਾਲੇ ਸਨ। ਇਨ੍ਹਾਂ ਉਦੇਸ਼ਾਂ ਦੀ ਪੂਰਤੀ ਕਰਨ ਲਈ ਉਸ ਨੂੰ ਸਾਡੇ ਸਮਾਜ ਵਿੱਚ ਕਈ ਵਿਰੋਧਾਂ ਦਾ ਸਾਹਮਣਾ ਕਰਨਾ ਪਿਆ, ਪਰ ਉਹ ਝੁਕਿਆ ਨਹੀਂ। ‘ਪਰਮ ਮਨੁੱਖ’ ਕਿਤਾਬ ਛਾਪਣ ’ਤੇ ਉਸ ਨੂੰ ਬੜੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਬੜੀਆਂ ਪੱਤ੍ਰਿਕਾਵਾਂ ਵਿੱਚ ਉਸ ਦੇ ਖ਼ਿਲਾਫ਼ ਲੇਖ ਛਪੇ। ‘ਪ੍ਰੀਤਲੜੀ’ ਦੇ ਬਾਈਕਾਟ ਦੇ ਮਤੇ ਪਾਏ ਗਏ, ਪਰ ਉਹ ਆਪਣੇ ਮਾਰਗ ਤੋਂ ਥਿੜਕਿਆ ਨਹੀਂ। ਉਸ ਨੂੰ ਆਪਣੇ ਆਪ ’ਤੇ ਬੜਾ ਯਕੀਨ ਸੀ, ਉਹ ਸ਼ਾਂਤ ਰਿਹਾ। ਇਸ ਲਈ ਹੌਲੀ-ਹੌਲੀ ਸਾਰਾ ਵਿਰੋਧੀ ਵਰਤਾਵਰਨ ਵੀ ਸ਼ਾਂਤ ਹੋ ਗਿਆ। ਉਸ ਦੇ ਵਿਰੁੱਧ ਪਾਸ ਹੋਏ ਮਤੇ ਵਾਪਸ ਲੈ ਲਏ ਗਏ।
ਇੱਕ ਵਾਰ ਗੁਰਬਖ਼ਸ਼ ਸਿੰਘ ਬਗਦਾਦ ਤੋਂ ਇਰਾਨ ਜਾ ਰਿਹਾ ਸੀ। ਉਸ ਸਮੇਂ ਆਵਾਜਾਈ ਦੇ ਸਾਧਨਾਂ ਦਾ ਬੜਾ ਸੰਕਟ ਸੀ। ਘੱਟ ਤੋਂ ਘੱਟ ਸਾਮਾਨ ਨਾਲ ਲੈ ਜਾਣ ਦਿੱਤਾ ਜਾਂਦਾ ਸੀ। ਗੁਰਬਖ਼ਸ਼ ਸਿੰਘ ਕੋਲ ਕੱਪੜਿਆਂ ਤੋਂ ਇਲਾਵਾ ਇੱਕ ਸੰਦੂਕੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀ। ਕਮਾਨ ਅਫ਼ਸਰ ਨੇ ਉਸ ਨੂੰ ਇਹ ਸੰਦੂਕੜੀ ਲੈ ਜਾਣੋਂ ਰੋਕ ਲਿਆ ਤੇ ਕਿਹਾ ਕਿ ਉਹ ਸਿਰਫ਼ ਇੱਕ ਕੰਬਲ ਅਤੇ ਓਵਰਕੋਟ ਹੀ ਨਾਲ ਲੈ ਜਾ ਸਕਦਾ ਹੈ। ਗੁਰਬਖ਼ਸ਼ ਸਿੰਘ ਨੇ ਕਮਾਨ ਅਫ਼ਸਰ ਨੂੰ ਬੇਨਤੀ ਕੀਤੀ ਕਿ ਉਹ ਕੰਬਲ ਅਤੇ ਓਵਰਕੋਟ ਤੋਂ ਬਿਨਾਂ ਸਾਰ ਲਏਗਾ, ਪਰ ਇਹ ਸੰਦੂਕੜੀ ਉਸ ਨੂੰ ਨਾਲ ਲੈ ਜਾਣ ਦੀ ਆਗਿਆ ਦਿੱਤੀ ਜਾਵੇ। ਕਮਾਨ ਅਫ਼ਸਰ ਨੇ ਸਾਰੀਆਂ ਚੀਜ਼ਾਂ ਨਾਲ ਲੈ ਜਾਣ ਦੀ ਆਗਿਆ ਦੇ ਦਿੱਤੀ।
ਇੱਕ ਵਾਰ ਉਹ ਅਮਰੀਕਾ ਦੇ ਸਿਨੇਮਾ ਘਰ ’ਚ ਫਿਲਮ ਦੇਖਣ ਗਿਆ। ਉਦੋਂ ਉੱਥੇ ਰਿਵਾਜ ਸੀ ਕਿ ਸਿਨੇਮਾ ਹਾਲ ਵਿੱਚ ਟੋਪੀ ਉਤਾਰ ਕੇ ਬੈਠਣਾ ਪੈਂਦਾ ਸੀ। ਗੁਰਬਖ਼ਸ਼ ਸਿੰੰਘ ਨੂੰ ਵੀ ਕਿਹਾ ਗਿਆ ਕਿ ਉਹ ਆਪਣੀ ਪੱਗ ਉਤਾਰ ਕੇ ਰੱਖ ਦੇਵੇ। ਗੁਰਬਖ਼ਸ਼ ਸਿੰਘ ਨੇ ਉਨ੍ਹਾਂ ਨੂੰ ਬੜਾ ਸਮਝਾਇਆ ਕਿ ਪਗੜੀ ਇੱਕ ਸਿੱਖ ਦੀ ਪੁਸ਼ਾਕ ਦਾ ਅਨਿੱਖੜ ਅੰਗ ਹੈ, ਪਰ ਜਦੋਂ ਉਹ ਨਾ ਸਮਝੇ ਤਾਂ ਗੁਰਬਖ਼ਸ਼ ਸਿੰਘ ਉਠ ਕੇ ਚੁੱਪਚਾਪ ਬਾਹਰ ਆ ਗਿਆ। ਗੁਰਬਖ਼ਸ਼ ਸਿੰਘ ਦੇ ਵਿਚਾਰਾਂ ਕਰਕੇ ਉਹਦਾ ਵਿਰੋਧ ਵੀ ਬਹੁਤ ਹੋਇਆ, ਪਰ ਉਹ ਕਮਾਲ ਦੀ ਸ਼ਖ਼ਸੀਅਤ ਸੀ। ਉਸ ਨੇ ਕਦੇ ਵੀ ਵਿਰੋਧ ਨੂੰ ਵੈਰ ’ਚ ਨਹੀਂ ਬਦਲਿਆ। ਵਿਰੋਧੀ ਉਸ ਨੂੰ ਹਮੇਸ਼ਾ ਉਕਸਾਉਂਦੇ ਰਹੇ ਕਿ ਉਹ ਕਦੇ ਵਿਰੋਧ ’ਚ ਕਲਮ ਚਲਾਏ, ਪਰ ਉਸ ਨੇ ਕਦੇ ਵੀ ਅਜਿਹਾ ਨਹੀਂ ਕੀਤਾ। ਅਸਲ ਵਿੱਚ ਉਹ ਬੜੇ ਸਾਹਸ ਵਾਲਾ ਵਿਅਕਤੀ ਸੀ। ਸਾਹਸ ਉਸ ਦੀ ਜੀਵਨ-ਜਾਚ ਦਾ ਬੁਨਿਆਦੀ ਤੱਤ ਸੀ।
ਗੁਰਬਖ਼ਸ਼ ਸਿੰਘ ਦਾ ਚਿੰਤਨ ਬਹੁਤ ਗੰਭੀਰ ਅਤੇ ਲੋਕ ਕਲਿਆਣਕਾਰੀ ਹੈ, ਉਹ ਪੱਛਮੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ। ਇਸੇ ਵਿਚਾਰਧਾਰਾ ਨੂੰ ਉਸ ਨੇ ਭਾਰਤੀ ਰੰਗਤ ਦੇ ਕੇ ਇੱਕ ਨਵੀਂ ਲਹਿਰ ਚਲਾਈ। ਉਸ ਦੇ ਵਿਚਾਰਾਂ ਨੇ ਨੌਜਵਾਨਾਂ ਅੰਦਰ ਬੜਾ ਹੈਰਾਨੀਜਨਕ ਪਰਿਵਰਤਨ ਲਿਆਂਦਾ। ਨੌਜਵਾਨਾਂ ਦੇ ਭਰਮ ਭੂਲੇਖੇ ਦੂਰ ਕਰ ਕੇ, ਉਨ੍ਹਾਂ ਨੂੰ ਆਸ਼ਵਾਦੀ ਜੀਵਨ ਸੇਧ ਦਿੱਤੀ। ਗੁਰਬਖ਼ਸ਼ ਸਿੰਘ ਨੇ ਜ਼ਿੰਦਗੀ ਦੇ ਹਰ ਪੱਖ ’ਤੇ ਲਿਖਿਆ। ਉਸ ਨੇ ਜ਼ਿੰਦਗੀ ਦੇ ਬਿਲਕੁਲ ਨਜ਼ਰਅੰਦਾਜ਼ ਵਿਸ਼ਿਆਂ ਜਿਵੇਂ ਨਹਾਉਣਾ ਕਿਵੇਂ ਹੈ, ਪਿੰਡਾ ਕਿਵੇਂ ਸਾਫ਼ ਕਰਨਾ ਚਾਹੀਦਾ? ਆਦਿ ਵਿਸ਼ਿਆਂ ਨੂੰ ਵੀ ਜ਼ਬਾਨ ਦਿੱਤੀ। ਮਜ਼ਹਬੀ ਤੰਗਨਜ਼ਰੀ, ਪੁਨਰ ਜਨਮ, ਕਿਸਮਤ, ਵਹਿਮ-ਭਰਮ ਆਦਿ ਦਾ ਵਿਸ਼ਲੇਸ਼ਣ ਕਰਕੇ ਮਨੁੱਖ ਨੂੰ ਸਹੀ ਅਤੇ ਵਿਗਿਆਨਿਕ ਸੋਚ ਬਖ਼ਸ਼ੀ। ‘ਪ੍ਰੀਤਲੜੀ’ ਵਿੱਚ ਉਚੇਚੇ ਕਾਲਮ ਲਿਖ ਕੇ ਉਸ ਨੇ ਲੋਕਾਂ ਦਾ ਮਾਰਗ ਦਰਸ਼ਨ ਕੀਤਾ। ਉਸ ਨੇ ਉਦਾਸ ਮਨਾਂ ਨੂੰ ਸੁਪਨੇ ਦਿੱਤੇ, ਵਲਵਲਿਆਂ ਨੂੰ ਖੰਭ ਦਿੱਤੇ, ਰੋਗੀਆਂ ਨੂੰ ਨਿਰੋਗ ਕੀਤਾ, ਨਿਰਾਸ਼ਾਵਾਦੀਆਂ ਨੂੰ ਆਸ਼ਵਾਦੀ ਬਣਾਇਆ। ਲੇਖਕ ਨਰਿੰਦਰ ਸਿੰਘ ਕਪੂਰ ਦਾ ਕਹਿਣਾ ਹੈ ਕਿ ਅੱਜ ਸਾਡੇ ਸਮਾਜ ਨੂੰ ਗੁਰਬਖ਼ਸ਼ ਸਿੰਘ ਦੀ ਫਿਰ ਲੋੜ ਹੈ। ਅਜਿਹਾ ਗੁਰਬਖ਼ਸ਼ ਸਿੰਘ ਜੋ ਪੰਜਾਬੀਆਂ ਨੂੰ ਆਪਣੇ ਪਿੱਛੇ ਲਾ ਕੇ ਹਰ ਤਰ੍ਹਾਂ ਦੀ ਦਲਦਲ ’ਚੋਂ ਬਾਹਰ ਕੱਢ ਲਏ।
ਗੁਰਬਖ਼ਸ਼ ਸਿੰਘ ਨੇ ‘ਪ੍ਰੀਤਲੜੀ’ ਰਸਾਲਾ 1933 ’ਚ ਸ਼ੁਰੂ ਕੀਤਾ। ਪੰਜਾਬ ਦਾ ਇਹ ਪਹਿਲਾ ਰਸਾਲਾ ਸੀ ਜਿਹੜਾ ਨਿਕਲਣ ਸਾਰ ਹੱਥੋ-ਹੱਥੀ ਵਿਕ ਜਾਂਦਾ ਸੀ। ਇਹ ਰਸਾਲਾ ਹਰ ਬੰਦੇ ਦੀ ਜ਼ਿੰਦਗੀ ਦੀ ਕਿਤਾਬ ਸੀ। ਏਨੇ ਜ਼ਿਆਦਾ ਪਾਠਕ ਪੰਜਾਬ ’ਚ ਕਿਸੇ ਹੋਰ ਰਸਾਲੇ ਦੇ ਨਹੀਂ ਹੋਏ ਜਿੰਨੇ ‘ਪ੍ਰੀਤਲੜੀ’ ਦੇ ਸਨ। ਲੋਕ ਰਸਾਲਾ ਪੜ੍ਹਦੇ, ਫੀਡਬੈਕ ਦਿੰਦੇ, ਹਜ਼ਾਰਾਂ ਚਿੱਠੀਆਂ ਹਰ ਮਹੀਨੇ ਗੁਰਬਖ਼ਸ਼ ਸਿੰਘ ਕੋਲ ਪਹੁੰਚ ਜਾਂਦੀਆਂ। ਹਰ ਚਿੱਠੀ ਦਾ ਜਵਾਬ ਦੇਣਾ, ਉਹ ਆਪਣਾ ਧਰਮ ਸਮਝਦਾ ਸੀ। ਉਦਾਸ ਚਿੱਠੀਆਂ ਦੇ ਉਹ ਉਚੇਚੇ ਜਵਾਬ ਦਿੰਦਾ। ਉਸ ਨੇ ਲੋਕਾਂ ਨੂੰ ਜੀਵਨ ਸਮਝ ਦਿੱਤੀ। ਨੀਰਸ ਜ਼ਿੰਦਗੀਆਂ ਨੂੰ ਪ੍ਰੇਮ ਦਾ ਪਾਠ ਪੜ੍ਹਾਇਆ। ਉਹ ਜਿਸ ਪ੍ਰੇਮ ਦੀ ਗੱਲ ਕਰਦਾ ਸੀ, ਉਹ ਦੇਹਾਂ ਤੋਂ ਬਹੁਤ ਪਰ੍ਹੇ ਸੀ। ਉਸ ਨੇ ਪੂਰੀ ਜ਼ਿੰਦਗੀ ਇਸੇ ਗੱਲ ’ਤੇ ਪਹਿਰਾ ਦਿੱਤਾ ਕਿ ਪ੍ਰੇਮ ਕਿਸੇ ’ਤੇ ਕਬਜ਼ਾ ਕਰਨਾ ਹਰਗਿਜ਼ ਨਹੀਂ ਹੁੰਦਾ। ਪ੍ਰੇਮ ਇੱਕ ਭਾਵ-ਦਸ਼ਾ ਹੈ ਜੋ ਵਿਅਕਤੀ ਦੇ ਅੰਦਰੋਂ ਹੀ ਫੁੱਟਦਾ ਹੈ। ਉਹ ਖ਼ੁਦ ਪ੍ਰੇਮ ਦਾ ਪੁੰਜ ਸੀ। ਪ੍ਰੇਮ ਨਾਲ ਉਸ ਨੇ ਆਪਣੀ ਜ਼ਿੰਦਗੀ ਨੂੰ ਬੜਾ ਰਸਪੂਰਨ ਬਣਾ ਲਿਆ ਸੀ। ਉਹ ਹਰ ਪਲ, ਹਰ ਦਿਨ ਦਾ ਆਨੰਦ ਲੈਣ ਵਾਲਾ ਇਨਸਾਨ ਸੀ।
ਉਸ ਨੇ ਪ੍ਰੀਤਨਗਰ ਵਸਾਇਆ। ਪ੍ਰੀਤ ਦੇ ਇਸ ਨਗਰ ਵਿੱਚ ਉਸ ਨੇ ਪੰਜਾਬੀ ਸਾਹਿਤ ਦੀਆਂ ਮਹਾਨ ਸ਼ਖ਼ਸੀਅਤਾਂ ਨੂੰ ਸੱਦਾ ਦਿੱਤਾ। ਕਈ ਲੇਖਕ ਪ੍ਰੀਤਨਗਰ ਵਿੱਚ ਰਹਿਣ ਲੱਗੇ। ਕੱਚੀਆਂ ਕੰਧਾਂ ਵਾਲੇ ਘਰਾਂ ਵਿੱਚ ਪੱਕੇ ਰਿਸ਼ਤਿਆਂ ਦਾ ਵਾਸ ਹੋਇਆ। ਸੁਖਾਵਾਂ ਸਾਹਿਤਕ ਵਾਤਾਵਰਨ ਪੈਦਾ ਹੋਇਆ, ਕਈ ਨਵੇਂ ਲੇਖਕ ਜਨਮੇ। ਪੰਜਾਬ ’ਚ ਸਾਹਿਤ ਦਾ ਕੇਂਦਰ ਪ੍ਰੀਤਨਗਰ ਬਣ ਗਿਆ। ਡਾ. ਮਾਨ ਸਿੰਘ ਲਿਖਦੈ, ‘‘ਮੈਂ ਗੁਰਬਖ਼ਸ਼ ਸਿੰਘ ਦੇ ਘਰ ਜਾ ਕੇ ਵੇਖਿਆ ਕਿ ਭਾਵੇਂ ਇਨ੍ਹਾਂ ਦਾ ਘਰ ਪੱਕਾ ਨਹੀਂ ਬਣਿਆ ਸੀ, ਪਰ ਮਿੱਟੀ ਦਾ ਘਰ ਵੀ ਸੁਆਰ ਕੇ, ਲਿੱਪ ਪੋਚ ਕੇ, ਚੀਜ਼ਾਂ ਦੇ ਢੁੱਕਵੀਆਂ ਥਾਵਾਂ ਉੱਤੇ ਪਏ ਹੋਣ ਕਰ ਕੇ, ਕਿਸੇ ਗੱਲੋਂ ਵੀ ਮਹਿਲਾਂ ਨੂੰ ਮਾਤ ਪਾਉਣੋਂ ਘੱਟ ਨਹੀਂ ਸੀ। ਪ੍ਰੀਤਨਗਰ ਵਿੱਚ ਗੁਰਬਖ਼ਸ਼ ਸਿੰਘ ਨੇ ਆਪਣੇ ਸਵੈ-ਕਲਪਿਤ ਪ੍ਰੀਤ ਮਾਡਲ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਢਾਲੀ ਰਂੱਖਿਆ।’’
ਉਰਮਿਲਾ ਆਨੰਦ (ਗੁਰਬਖ਼ਸ਼ ਸਿੰਘ ਦੀ ਬੇਟੀ) ਬੜੇ ਭਾਵ-ਪੂਰਨ ਲਹਿਜੇ ’ਚ ਲਿਖਦੀ ਹੈ ‘‘ਮੇਰੇ ਦਾਰ ਜੀ...ਬੜੇ ਸਲੀਕੇ ਨਾਲ ਉਨ੍ਹਾਂ ਜ਼ਿੰਦਗੀ ਜੀਵੀ, ਸਾਦੇ ਕੱਪੜੇ ਪਾਏ, ਪਰ ਘਰ ਦੇ ਧੋਤੇ ਤੇ ਇਸਤਰੀ ਕੀਤੇ ਹੋਏ, ਪੱਗ ਉਹ ਬੜੀ ਪ੍ਰੀਤ ਨਾਲ ਬੰਨ੍ਹਦੇ ਸਨ। ਮਜਾਲ ਹੈ ਬਿਸਤਰੇ ’ਤੇ ਜਾਂ ਉਨ੍ਹਾਂ ਦੇ ਲਿਖਣ ਮੇਜ਼ ’ਤੇ ਕੁਝ ਇੱਧਰ ਉੱਧਰ ਹੋਵੇ, ਬੜੇ ਸਲੀਕੇ ਨਾਲ ਉਹ ਚੀਜ਼ਾਂ ਸਾਂਭਦੇ ਸਨ।
ਬੂਟ ਉਹ ਆਪਣੇ ਆਪ ਪਾਲਿਸ਼ ਕਰਕੇ ਖ਼ੁਸ਼ ਹੁੰਦੇ ਸਨ। ਰੋਟੀ ਦੇ ਮੇਜ਼ ’ਤੇ ਉਹ ਕਦੇ ਮਾੜੀ ਗੱਲ ਨਹੀਂ ਸਨ ਕਰਨ ਦਿੰਦੇ ਤੇ ਹਰ ਇੱਕ ਨੂੰ ਆਖਦੇ, ਪੱਗ ਬੰਨ੍ਹ ਕੇ ਰੋਟੀ ਦੇ ਮੇਜ਼ ’ਤੇ ਆਓ।’’
ਗੁਰਬਖ਼ਸ਼ ਸਿੰਘ ਆਧਨਿਕ ਯੁੱਗ ਵਿੱਚ ਹੋਇਆ ਪੰਜਾਬੀ ਦਾ ਮਹਾਨ ਵਿਚਾਰਕ ਅਤੇ ਪ੍ਰਚਾਰਕ ਸੀ। ਉਸ ਦੀ ਸਭ ਤੋਂ ਵੱਡੀ ਦੇਣ ਪੰਜਾਬੀ ਭਾਸ਼ਾ ਨੂੰ ਨਵੀਆਂ ਸੱਭਿਆਚਾਰਕ ਲੋੜਾਂ ਅਤੇ ਕਦਰਾਂ ਨੂੰ ਪ੍ਰਗਟਾਉਣ ਲਈ ਇੱਕ ਉਚਿਤ ਅਤੇ ਸਮਰੱਥ ਮਾਧਿਅਮ ਦੇ ਰੂਪ ਵਿੱਚ ਸਥਾਪਿਤ ਕਰਨਾ ਹੈ। ਉਸ ਨੇ ਪੰਜਾਬੀ ਨੂੰ ਹਰ ਖੇਤਰ ਦੇ ਵਿਸ਼ਿਆਂ ਨੂੰ ਪੂਰੇ ਸੰਤੋਖ ਅਤੇ ਸੰਜਮ ਨਾਲ ਪ੍ਰਗਟ ਕਰ ਸਕਣ ਦੇ ਯੋਗ ਬਣਾਇਆ। ਗਿਆਨੀ ਗੁਰਮੁੱਖ ਸਿੰਘ ਦਾ ਕਹਿਣਾ ਹੈ ਕਿ ਆਪਣੀ ਮਾਤ ਭਾਸ਼ਾ ਦੀ ਸੇਵਾ ਦਾ ਜੋ ਅੰਮ੍ਰਿਤ ਗੁਰਬਖ਼ਸ਼ ਸਿੰਘ ਹੋਰਾਂ ਪੀਤਾ, ਇਸ ਅੰਮ੍ਰਿਤ ਨੇ ਉਸ ਨੂੰ ਹਮੇਸ਼ਾ ਜਵਾਨ ਬਣਾਈ ਰੱਖਿਆ।
ਅੱਜ ਸਾਡਾ ਸਮਾਜ ਜਿਨ੍ਹਾਂ ਦਿੱਕਤਾਂ ਦੇ ਦਰਪੇਸ਼ ਹੈ, ਇਨ੍ਹਾਂ ’ਚੋ ਨਿਕਲਣ ਲਈ ਗੁਰਬਖ਼ਸ਼ ਸਿੰਘ ਦੀ ਭੂਮਿਕਾ ਬੜੀ ਅਹਿਮ ਹੈ। ਗੁਰਬਖ਼ਸ਼ ਸਿੰਘ ਨੇ ਬੜਾ ਕੁਝ ਲਿਖਿਆ। ਉਸ ਨੇ ਬਹੁਤ ਕੁਝ ਦੱਸਿਆ, ਜਿਸ ਨੂੰ ਸਮਝਣ ਦੀ ਲੋੜ ਹੈ। ਉਸ ਨੇ ਬੜੀਆਂ ਉਸਾਰੂ ਪਿਰਤਾਂ ਪਾਈਆਂ, ਜਿਨ੍ਹਾਂ ਨੂੰ ਸੁਰਜੀਤ ਕਰਨ ਦੀ ਲੋੜ ਹੈ। ਇਹੀ ਗੁਰਬਖ਼ਸ਼ ਸਿੰਘ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ।
ਸੰਪਰਕ-94633-44917

Advertisement

Advertisement