For the best experience, open
https://m.punjabitribuneonline.com
on your mobile browser.
Advertisement

ਗੁੱਜਰਾਂ ਸ਼ਰਾਬ ਕਾਂਡ: ਤਿੰਨ ਹੋਰ ਵਿਅਕਤੀਆਂ ਨੇ ਦਮ ਤੋੜਿਆ

08:46 AM Mar 22, 2024 IST
ਗੁੱਜਰਾਂ ਸ਼ਰਾਬ ਕਾਂਡ  ਤਿੰਨ ਹੋਰ ਵਿਅਕਤੀਆਂ ਨੇ ਦਮ ਤੋੜਿਆ
ਪਿੰਡ ਗੁੱਜਰਾਂ ਵਿੱਚ ਇੱਕ ਮ੍ਰਿਤਕ ਦੇ ਪਰਿਵਾਰਕ ਮੈਂਬਰ ਵਿਰਲਾਪ ਕਰਦੇ ਹੋਏ।
Advertisement

ਸਰਬਜੀਤ ਸਿੰਘ ਭੰਗੂ/ਰਣਜੀਤ ਸਿੰਘ ਸ਼ੀਤਲ
ਪਟਿਆਲਾ/ਦਿੜ੍ਹਬਾ ਮੰਡੀ, 21 ਮਾਰਚ
ਜ਼ਿਲ੍ਹਾ ਸੰਗਰੂਰ ਦੇ ਦਿੜ੍ਹਬਾ ਨੇੜਲੇ ਪਿੰਡ ਗੁੱਜਰਾਂ ’ਚ ਜ਼ਹਿਰੀਲੀ ਸ਼ਰਾਬ ਪੀਣ ਮਗਰੋਂ ਬਿਮਾਰ ਹੋਏ ਜਿਹੜੇ 13 ਵਿਅਕਤੀ ਇੱਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਦਾਖਲ ਕਰਵਾਏ ਗਏ ਸਨ, ਉਨ੍ਹਾਂ ਵਿਚੋਂ ਅੱਜ ਤਿੰਨ ਜਣਿਆਂ ਦੀ ਮੌਤ ਹੋ ਗਈ ਜਿਸ ਨਾਲ ਇਸ ਘਟਨਾ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਅੱਠ ਹੋ ਗਈ ਹੈ। ਅੱਠ ਮਰੀਜ਼ ਅਜੇ ਵੀ ਇੱਥੇ ਦਾਖਲ ਹਨ ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ।
ਅੱਜ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਹੈ ਉਨ੍ਹਾਂ ਵਿੱਚ ਕਿਰਪਾਲ ਸਿੰਘ (60) ਪੁੱਤਰ ਮਦਨ ਲਾਲ, ਕੁਲਦੀਪ ਸਿੰਘ (25) ਪੁੱਤਰ ਗੁਰਜੰਟ ਸਿੰਘ ਵਾਸੀਆਨ ਢੰਡੋਲੀ ਖੁਰਦ ਅਤੇ ਗੁਰਸੇਵਕ ਸਿੰਘ (45) ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਉੱਪਲੀ ਸ਼ਾਮਲ ਸਨ। ਵੀਰਪਾਲ ਸਿੰਘ (18) ਪੁੱਤਰ ਬਹਾਦਰ ਸਿੰਘ, ਸਤਨਾਮ ਸਿੰਘ (26) ਪੁੱਤਰ ਕਾਲਾ ਸਿੰਘ, ਰਣਧੀਰ ਸਿੰਘ (45) ਪੁੱਤਰ ਹੰਸਾ ਸਿੰਘ, ਸ਼ੰਮੀ (30) ਪੁੱਤਰ ਪੱਪਾ, ਜਰਨੈਲ ਸਿੰਘ (50), ਬਬਲੀ (50) ਪੁੱਤਰ ਪ੍ਰੀਤਮ ਸਿੰਘ ਤੇ ਲਖਵਿੰਦਰ ਸਿੰਘ (42) ਪੁੱਤਰ ਦਰਸ਼ਨ ਸਿੰਘ ਵਾਸੀਆਨ ਪਿੰਡ ਗੁੱਜਰਾਂ ਤੇ ਪਰਮਜੀਤ ਸਿੰਘ (60) ਪੁੱਤਰ ਸਾਧੂ ਸਿੰਘ ਵਾਸੀ ਪਿੰਡ ਜਖੇਪਲ ਦਾ ਇੱਥੇ ਇਲਾਜ ਚੱਲ ਰਿਹਾ ਹੈ। ਢੰਡੋਲੀ ਖੁਰਦ ਵਾਸੀ ਗੁਰਜੰਟ ਸਿੰਘ ਪੁੱਤਰ ਭਾਗ ਸਿੰਘ ਵੀ ਇੱਥੇ ਹੀ ਜ਼ੇਰੇ ਇਲਾਜ ਸੀ, ਪਰ ਜਦੋਂ ਉਸ ਦੇ ਨਾਲ ਦੇ ਬੈੱਡ ’ਤੇ ਪਿਆ ਉਸ ਦਾ ਜਵਾਨ ਪੁੱਤਰ ਕੁਲਦੀਪ ਸਿੰਘ ਦਮ ਤੋੜ ਗਿਆ ਤਾਂ ਤਬੀਅਤ ਠੀਕ ਨਾ ਹੋਣ ਦੇ ਬਾਵਜੂਦ ਗੁਰਜੰਟ ਸਿੰਘ ਇੱਥੋਂ ਛੁੱਟੀ ਲੈ ਕੇ ਘਰ ਚਲਾ ਗਿਆ।
ਉਧਰ ਇਸ ਘਟਨਾਕ੍ਰਮ ਸਬੰਧੀ ਜਾਰੀ ਕਾਨੂੰਨੀ ਕਾਰਵਾਈ ਦੀ ਨਿਗਰਾਨੀ ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਸ਼ਰਾਬ ਬਣਾਉਣ ਸਬੰਧੀ ਵਰਤਿਆ ਜਾਣ ਵਾਲਾ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਸੁੱਖੀ, ਮਨਪ੍ਰੀਤ ਸਿੰਘ ਉਰਫ਼ ਮਨੀ, ਗੁਰਲਾਲ ਸਿੰਘ ਅਤੇ ਹਰਮਨਪ੍ਰੀਤ ਸਿੰਘ ਦੱਸੀ ਗਈ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਹਵਾਲੇ ਨਾਲ ਉਨ੍ਹਾਂ ਦੇ ਓਐੱਸਡੀ ਪਰਦੀਪ ਜੋਸ਼ਨ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ’ਚ ਜ਼ੇਰੇ ਇਲਾਜ ਸਾਰੇ ਮਰੀਜ਼ਾਂ ਦਾ ਢੁੱਕਵਾਂ ਇਲਾਜ ਕਰਵਾਇਆ ਜਾ ਰਿਹਾ ਹੈ। ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ, ਸਾਬਕਾ ਅਕਾਲੀ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਅਕਾਲੀ ਆਗੂ ਗੁਰਪ੍ਰੀਤ ਰਾਜੂ ਖੰਨਾ ਸਮੇਤ ਕਈ ਹੋਰਨਾਂ ਨੇ ਇਨ੍ਹਾਂ ਮੌਤਾਂ ’ਤੇ ਦੁਖ ਜ਼ਾਹਿਰ ਕੀਤਾ ਹੈ।

Advertisement

ਮਿਲਾਵਟੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਫੜੀ

ਦਿੜ੍ਹਬਾ ਮੰਡੀ (ਪੱਤਰ ਪ੍ਰੇਰਕ): ਥਾਣਾ ਦਿੜ੍ਹਬਾ ਦੇ ਐੱਸਐੱਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਤਹਿਸੀਲ ਪਾਤੜਾਂ ਜ਼ਿਲ੍ਹਾ ਪਟਿਆਲਾ ਦੇ ਪਿੰਡ ਤੇਈਪੁਰ ਥਾਣਾ ਸਤਰਿਆਣਾ ’ਚ ਛਾਪਾ ਮਾਰਿਆ ਤਾਂ ਉੱਥੇ ਘਰ ਵਿੱਚ ਹੀ ਇੱਕ ਸ਼ਰਾਬ ਦੀ ਫੈਕਟਰੀ ਚੱਲਦੀ ਸੀ। ਮੌਕੇ ਤੋਂ 4500 ਖਾਲੀ ਬੋਤਲਾਂ, 180 ਸ਼ਰਾਬ ਨਾਲ ਭਰੀਆਂ ਬੋਤਲਾਂ, ਐਲਕੋਮੀਟਰ ਤੇ ਹੋਰ ਕਾਫੀ ਸਾਮਾਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉੱਥੋਂ ਇੱਕ ਹੋਰ ਵਿਅਕਤੀ ਗ੍ਰਿਫ਼ਤਾਰ ਕੀਤਾ ਹੈ ਜਦਕਿ ਹੁਣ ਤੱਕ ਚਾਰ ਵਿਅਕਤੀ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਮਿਲਾਵਟੀ ਸ਼ਰਾਬ ਅਤੇ ਸ਼ਰਾਬ ਬਣਾਉਣ ਲਈ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋ ਖ਼ਿਲਾਫ ਪਰਚਾ ਦਰਜ ਕੀਤਾ ਗਿਆ ਹੈ ਅਤੇ ਦੋ ਵਿਅਕਤੀ ਨਾਮਜ਼ਦ ਕੀਤੇ ਗਏ ਹਨ। ਦਿੜ੍ਹਬਾ ਹਲਕੇ ਦੇ ਵਿਧਾਇਕ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਸੰਪਰਕ ਨਹੀਂ ਹੋ ਸਕਿਆ। ਉਧਰ ਪਿੰਡ ਵਾਸੀਆਂ ਨੇ ਰੋਸ ਵਜੇਂ ਅਜੇ ਤੱਕ ਲਾਸ਼ਾਂ ਦਾ ਸਸਕਾਰ ਨਹੀਂ ਕੀਤਾ।

Advertisement

ਹਰਪਾਲ ਚੀਮਾ ਨੇ ਦੁੱਖ ਪ੍ਰਗਟਾਇਆ

ਚੰਡੀਗੜ੍ਹ(ਟਨਸ): ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਦਿੜ੍ਹਬਾ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਸੰਗਰੂਰ ਦੇ ਗੁੱਜਰਾਂ (ਦਿੜਬਾ) ਵਿੱਚ ਨਕਲੀ ਸ਼ਰਾਬ ਪੀਣ ਕਾਰਨ ਅੱਠ ਵਿਅਕਤੀਆਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੌਤਾਂ ਲਈ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਆਬਕਾਰੀ ਮੰਤਰੀ ਹਰਪਾਲ ਚੀਮਾ ’ਤੇ ਕੇਸ ਦਰਜ ਹੋਵੇ: ਬਾਜਵਾ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਦਿੜ੍ਹਬਾ ਵਿੱਚ ਮਾੜੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ ਅੱਠ ਹੋ ਗਈ ਹੈ। ਉਨ੍ਹਾਂ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਦੁਖਾਂਤ ਦੀ ਜ਼ਿੰਮੇਵਾਰੀ ਤੈਅ ਕਰਨ ਅਤੇ ਆਬਕਾਰੀ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰਨ ਵਿੱਚ ਅਸਫ਼ਲ ਰਹਿਣ ਲਈ ਉਨ੍ਹਾਂ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਘਟਨਾ ਵਾਪਰਨ ਤੋਂ ਬਾਅਦ ਇਕ ਸ਼ਬਦ ਵੀ ਨਹੀਂ ਬੋਲਿਆ। ਪੂਰੀ ਪਾਰਟੀ ਨੇ ਇਸ ਮੁੱਦੇ ’ਤੇ ਚੁੱਪ ਧਾਰੀ ਹੋਈ ਹੈ। ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦਾ ਹਾਲ-ਚਾਲ ਵੀ ਨਹੀਂ ਪੁੱਛਿਆ। ਬਾਜਵਾ ਨੇ ਕਿਹਾ ਕਿ ਇਹ ਕੀਮਤੀ ਜਾਨਾਂ ਦੇ ਨੁਕਸਾਨ ਪ੍ਰਤੀ ਉਨ੍ਹਾਂ ਦੀ ਅਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਅਜਿਹੇ ਮਾਮਲਿਆਂ ਵਿੱਚ ਧਾਰਾ 302 ਤਹਿਤ ਐਫਆਈਆਰ ਦੀ ਹਮਾਇਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਆਬਕਾਰੀ ਮੰਤਰੀ ਖ਼ਿਲਾਫ਼ ਧਾਰਾ 302 ਤਹਿਤ ਕੇਸ ਕਿਉਂ ਨਹੀਂ ਦਰਜ ਕੀਤਾ ਜਾ ਸਕਦਾ।

ਜ਼ਹਿਰੀਲੀ ਸਰਾਬ ਵਾਲੀ ਘਟਨਾ ਦੀ ਨਿਆਂਇਕ ਜਾਂਚ ਹੋਵੇ: ਸੁਖਬੀਰ

ਮੋਗਾ (ਮਹਿੰਦਰ ਸਿੰਘ ਰੱਤੀਆਂ): ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬਾ ਸਰਕਾਰ ਨੂੰ ਹੜ੍ਹਾਂ, ਗੜ੍ਹੇਮਾਰੀ ਕਾਰਨ ਨੁਕਸਾਨੀਆਂ ਕਿਸਾਨਾਂ ਦੀਆਂ ਫਸਲਾਂ ਦੇ ਮੁਆਵਜ਼ੇ, ਸੂਬੇ ਸਿਰ ਵਧ ਰਹੇ ਕਰਜ਼ੇ ਅਤੇ ਬੇਰੁਜ਼ਗਾਰੀ, ਸੰਗਰੂਰ ਜ਼ਹਿਰੀਲੀ ਸ਼ਰਾਬ ਤਰਾਸਦੀ ਉੱਤੇ ਘੇਰਿਆ। ਉਨ੍ਹਾਂ ਜ਼ਹਿਰੀਲੀ ਸ਼ਰਾਬ ਸਬੰਧੀ ਐੱਸਡੀਐੱਮ ਦੀ ਜਾਂਚ ਨੂੰ ਰੱਦ ਕਰਕੇ ਨਿਆਂਇਕ ਜਾਂਚ ਦੀ ਮੰਗੀ ਕੀਤੀ ਹੈ। ਉਹ ਅੱਜ ਇਥੇ ਵਿਧਾਨ ਸਭਾ ਹਲਕਾ ਮੋਗਾ ਅਤੇ ਧਰਮਕੋਟ ਵਿੱਚ ‘ਪੰਜਾਬ ਬਚਾਓ’ ਯਾਤਰਾ ਦੌਰਾਨ ਆਏ ਹੋਏ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਵਿੱਚ ਇਹ ਦੁਖਾਂਤ ਹੋਣਾ ਸੂਬੇ ਦੇ ਹਾਲਾਤ ਬਿਆਨ ਕਰਦਾ ਹੈ। ਇਸ ਮੌਕੇ ਅਕਾਲੀ ਵਰਕਰਾਂ ਨੇ ਨਸ਼ਿਆਂ ਲਈ ਬਦਨਾਮ ਪਿੰਡ ਦੌਲੇਵਾਲਾ ਸਥਿਤ ਗੁਰਦੁਆਰਾ ਬਾਬਾ ਤੁਲਸੀ ਦਾਸ ਝੁੱਗੀਵਾਲੇ ਵਿਖੇ ਅਰਦਾਸ ਕਰਨ ਉਪਰੰਤ ਸ਼ੁਰੂ ਕੀਤੀ ਜੋ ਕੋਟ ਈਸੇ ਖਾਂ, ਧਰਮਕੋਟ ਤੋਂ ਪਿੰਡਾਂ ਵਿੱਚ ਹੁੰਦੀ ਹੋਈ ਮੋਗਾ ਸ਼ਹਿਰ ਤੇ ਪਿੰਡ ਸਿੰਘਾਂਵਾਲਾ ਵਿਖੇ ਸਮਾਪਤ ਹੋਈ। ਇਸ ਮੌਕੇ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਹੋਰਨਾਂ ਪਾਰਟੀਆਂ ਤੋਂ ਆਗੂ ਲੈ ਕੇ ਆਪਣੀ ਪਾਰਟੀ ਦੇ ਉਮੀਦਵਾਰ ਐਲਾਨ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਾਰੀਆਂ ਸਰਕਾਰਾਂ ਨਾਲੋਂ ‘ਆਪ’ ਸਰਕਾਰ ਨੇ ਸੂਬੇ ਸਿਰ ਸਭ ਤੋਂ ਵੱਧ ਕਰਜ਼ਾ ਚੜ੍ਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਹੜ੍ਹਾਂ, ਗੜ੍ਹੇਮਾਰੀ ਤੇ ਮਾੜੀਆਂ ਦਵਾਈਆਂ ਕਾਰਨ ਕਿਸਾਨਾਂ ਦੀ ਫਸਲ ਬਰਬਾਦ ਹੋਈ ਤਾਂ ਉਨ੍ਹਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ। ਇਸ ਮੌਕੇ ਮੋਗਾ ਤੋਂ ਹਲਕਾ ਇੰਚਾਰਜ ਸੰਜੀਤ ਸਿੰਘ ਗਿੱਲ ਤੇ ਧਰਮਕੋਟ ਤੋਂ ਹਲਕਾ ਇੰਚਾਰਜ ਬਰਜਿੰਦਰ ਸਿੰਘ ਬਰਾੜ, ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ, ਫ਼ਰੀਦਕੋਟ ਰਾਖਵਾਂ ਤੋਂ ਪਾਰਟੀ ਤੇ ਸੰਭਾਵਿਤ ਉਮੀਦਵਾਰ ਰਾਜਵਿੰਦਰ ਸਿੰਘ ਮੌਜੂਦ ਸਨ।

Advertisement
Author Image

sukhwinder singh

View all posts

Advertisement