ਗੁਜਰਾਤ: ਉਸਾਰੀ ਵਾਲੀ ਥਾਂ ’ਤੇ ਮਿੱਟੀ ਹੇਠ ਦਬਣ ਕਾਰਨ ਨੌਂ ਮਜ਼ਦੂਰ ਹਲਾਕ
ਮਹਿਸਾਨਾ, 12 ਅਕਤੂਬਰ
ਗੁਜਰਾਤ ਦੇ ਮਹਿਸਾਨਾ ਜ਼ਿਲ੍ਹੇ ’ਚ ਕਡੀ ਕਸਬੇ ਨੇੜੇ ਅੱਜ ਸਟੀਲ ਫੈਕਟਰੀ ਦੀ ਉਸਾਰੀ ਦੌਰਾਨ ਢਿੱਗਾਂ ਡਿੱਗਣ ਕਾਰਨ ਨੌਂ ਮਜ਼ਦੂਰ ਹਲਾਕ ਅਤੇ ਇੱਕ ਹੋਰ ਜ਼ਖਮੀ ਹੋ ਗਿਆ। ਇਹ ਹਾਦਸਾ ਕਡੀ ਕਸਬੇ ਨੇੜੇ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਹਾਦਸੇ ’ਚ ਮਜ਼ਦੂਰਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਅਤੇ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਕਡੀ ਥਾਣੇ ਦੇ ਇੰਚਾਰਜ ਪ੍ਰਹਿਲਾਦ ਸਿੰਘ ਵਘੇਲਾ ਨੇ ਦੱਸਿਆ ਕਿ ਜਸਲਪੁਰ ਪਿੰਡ ਵਿੱਚ ਫੈਕਟਰੀ ਲਈ ਜ਼ਮੀਨਦੋਜ਼ ਟੈਂਕ ਬਣਾਉਣ ਵਾਸਤੇ ਮਜ਼ਦੂਰ 16 ਫੁੱਟ ਡੂੰਘਾ ਟੋਆ ਪੁੱਟ ਚੁੱਕੇ ਸਨ, ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਮਗਰੋਂ ਫਾਇਰ ਬ੍ਰਿਗੇਡ ਤੇ ਪੁਲੀਸ ਟੀਮਾਂ ਨੇ ਮਜ਼ਦੂਰਾਂ ਦੀ ਮਦਦ ਨਾਲ ਲਗਪਗ ਦੋ ਘੰਟੇ ਦੀ ਮੁਸ਼ੱਕਤ ਮਗਰੋਂ ਟੋਏ ਵਿੱਚੋਂ 9 ਲਾਸ਼ਾਂ ਬਾਹਰ ਕੱਢੀਆਂ ਜਦਕਿ ਇੱਕ ਮਜ਼ਦੂਰ ਨੂੰ ਜ਼ਿੰਦਾ ਬਚਾਅ ਲਿਆ ਗਿਆ। ਮ੍ਰਿਤਕਾਂ ’ਚ ਸ਼ਾਮਲ ਬਹੁਤੇ ਮਜ਼ਦੂਰ ਦਾਹੌਦ ਨਾਲ ਜਦਕਿ ਤਿੰਨ ਰਾਜਸਥਾਨ ਨਾਲ ਸਬੰਧਤ ਸਨ। ਸਾਰਿਆਂ ਦੀ ਉਮਰ 20 ਤੋਂ 30 ਸਾਲਾਂ ਦੇ ਵਿਚਕਾਰ ਸੀ। ਜ਼ਖਮੀ ਮਜ਼ਦੂਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਜ਼ਦੂਰ ਸਟੀਲੀਨੌਕਸ ਸਟੇਨਲੈੈੱਸ ਪ੍ਰਾਈਵੇਟ ਲਿਮਟਿਡ ਦੀ ਫੈਕਟਰੀ ਦੀ ਉਸਾਰੀ ’ਚ ਲੱਗੇ ਹੋਏ ਸਨ। ਪੁਲੀਸ ਅਧਿਕਾਰੀ ਮੁਤਾਬਕ ਮਜ਼ਦੂਰ ਟੋਆ ਪੁੱਟ ਰਹੇ ਸਨ, ਜਿਸ ਦੌਰਾਨ ਉਹ ਅਚਾਨਕ ਮਿੱਟੀ ਹੇਠ ਦਬ ਗਏ। ਉਨ੍ਹਾਂ ਕਿਹਾ ਕਿ ਹਾਦਸਾ ਵਾਪਰਨ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ