ਗੁਜਰਾਤ: ਮੋਦੀ ਨੇ 284 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ
ਏਕਤਾ ਨਗਰ (ਗੁਜਰਾਤ), 30 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਨਰਮਦਾ ਜ਼ਿਲ੍ਹੇ ’ਚ ਏਕਤਾ ਨਗਰ ਵਿਖੇ ਸਟੈਚੂ ਆਫ਼ ਯੂਨਿਟੀ ਦੇ ਦੌਰੇ ਦੌਰਾਨ 284 ਕਰੋੜ ਰੁਪਏ ਦੇ ਵੱਖ ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਮੋਦੀ ਗੁਜਰਾਤ ਦੇ ਦੋ ਰੋਜ਼ਾ ਦੌਰੇ ’ਤੇ ਇਥੇ ਪੁੱਜੇ ਹਨ ਅਤੇ ਉਹ ਸੂਬੇ ’ਚ ਭਲਕੇ ਰਾਸ਼ਟਰੀ ਏਕਤਾ ਦਿਵਸ ਦੇ ਸਮਾਗਮਾਂ ’ਚ ਹਿੱਸਾ ਲੈਣਗੇ।
ਸਰਦਾਰ ਵੱਲਭਭਾਈ ਪਟੇਲ ਦੀ ਜੈਅੰਤੀ ਮੌਕੇ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਏਕਤਾ ਨਗਰ ’ਚ ਪੁੱਜਣ ਮਗਰੋਂ ਮੋਦੀ ਨੇ ਸਬ-ਜ਼ਿਲ੍ਹਾ ਹਸਪਤਾਲ, ਸਮਾਰਟ ਬੱਸ ਸਟਾਪ, ਚਾਰ ਮੈਗਾਵਾਟ ਸੋਲਰ ਪ੍ਰਾਜੈਕਟਾਂ ਅਤੇ ਦੋ ਆਈਸੀਯੂ ਆਨ ਵਹੀਲਜ਼ ਸਮੇਤ ਕਈ ਨਵੇਂ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ 22 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ 50 ਬਿਸਤਰਿਆਂ ਵਾਲੇ ਨਵੇਂ ਸਬ-ਜ਼ਿਲ੍ਹਾ ਹਸਪਤਾਲ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਮੋਦੀ ਨੇ ਏਕਤਾ ਨਗਰ ’ਚ 75 ਕਰੋੜ ਰੁਪਏ ਦੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਵੀ ਨੀਂਹ ਪੱਥਰ ਰੱਖਿਆ। ਉਨ੍ਹਾਂ ਬੋਨਸਾਈ ਗਾਰਡਨ ਦਾ ਨੀਂਹ ਪੱਥਰ ਵੀ ਰੱਖਿਆ। -ਪੀਟੀਆਈ
ਭਾਰਤੀ ਨੌਜਵਾਨ ਨਵੀਆਂ ਖੋਜਾਂ ਅਤੇ ਤਕਨਾਲੋਜੀ ਦੇ ਖੇਤਰ ’ਚ ਬਿਹਤਰੀਨ: ਮੋਦੀ
ਨਵੀਂ ਦਿੱਲੀ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਨਵੀਆਂ ਖੋਜਾਂ ਅਤੇ ਤਕਨਾਲੋਜੀ ਦੇ ਖੇਤਰ ’ਚ ਭਾਰਤੀ ਨੌਜਵਾਨ ਬਿਹਤਰੀਨ ਹਨ। ਪ੍ਰਧਾਨ ਮੰਤਰੀ ਨੇ ਇਹ ਟਿੱਪਣੀ ਮਾਈਕਰੋਸਾਫ਼ਟ ਦੇ ਡੈਵੇਲਪਰ ਪਲੈਟਫਾਰਮ ‘ਗਿਟਹੱਬ’ ਦੇ ਸੀਈਓ ਥੌਮਸ ਡੋਹਮਕੇ ਦੇ ਉਸ ਬਿਆਨ ਦੇ ਜਵਾਬ ’ਚ ਕੀਤੀ ਹੈ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਆਲਮੀ ਤਕਨਾਲੋਜੀ ਦਿੱਗਜ ਵਜੋਂ ਭਾਰਤ ਦੇ ਉਭਾਰ ਨੂੰ ਰੋਕਣਾ ਮੁਸ਼ਕਲ ਹੈ। ਡੋਹਮਕੇ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ, ‘‘ਬੇਸ਼ੱਕ ਮੈਨੂੰ ਭਾਰਤ ਲਈ ਕੁਝ ਪਿਆਰ ਦਿਖਾਉਣਾ ਹੋਵੇਗਾ। ਹੁਣ ਭਾਰਤ ਦੁਨੀਆ ’ਚ ਸਭ ਤੋਂ ਤੇਜ਼ੀ ਨਾਲ ਵਧਦੀ ਡੈਵੇਲਪਰ ਆਬਾਦੀ ਹੈ ਅਤੇ ਆਲਮੀ ਟੈੱਕ ਟਾਈਟਨ ਵਜੋਂ ਭਾਰਤ ਦੇ ਉਭਾਰ ਨੂੰ ਰੋਕਣਾ ਮੁਸ਼ਕਲ ਹੈ।’’ ਉਨ੍ਹਾਂ ਕਿਹਾ ਕਿ ਭਾਰਤੀ ਡੈਵੇਲਪਰਸ ਇਕ ਲੰਬੀ ਛਾਲ ਮਾਰ ਰਹੇ ਹਨ ਕਿਉਂਕਿ ਉਹ ਏਆਈ ਬਣਾਉਣ ਲਈ ਇਸ ਦੀ ਲਗਾਤਾਰ ਵਰਤੋਂ ਕਰ ਰਹੇ ਹਨ। -ਪੀਟੀਆਈ