ਕੋਚਿੰਗ ਸੰਸਥਾਵਾਂ ਲਈ ਦਿਸ਼ਾ ਨਿਰਦੇਸ਼: 16 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਦਾਖਲਾ ਨਾ ਦੇਣ
ਨਵੀਂ ਦਿੱਲੀ, 18 ਜਨਵਰੀ
ਸਿੱਖਿਆ ਮੰਤਰਾਲੇ ਵੱਲੋਂ ਐਲਾਨੇ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੋਚਿੰਗ ਸੰਸਥਾਵਾਂ 16 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਦਾਖ਼ਲਾ ਨਹੀਂ ਦੇ ਸਕਣਗੀਆਂ ਅਤੇ ਚੰਗੇ ਅੰਕ ਜਾਂ ਰੈਂਕ ਦੀ ਗਾਰੰਟੀ ਵਰਗੇ ਗੁੰਮਰਾਹਕੁਨ ਵਾਅਦੇ ਨਹੀਂ ਕਰ ਸਕਣਗੀਆਂ। ਮੰਤਰਾਲੇ ਨੇ ਇਹ ਦਿਸ਼ਾ-ਨਿਰਦੇਸ਼ ਸਰਕਾਰ ਨੂੰ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ, ਅੱਗ ਲੱਗਣ ਦੀਆਂ ਘਟਨਾਵਾਂ, ਕੋਚਿੰਗ ਸੰਸਥਾਵਾਂ ਵਿੱਚ ਸਹੂਲਤਾਂ ਦੀ ਘਾਟ ਅਤੇ ਉਨ੍ਹਾਂ ਵੱਲੋਂ ਅਪਣਾਏ ਗਏ ਅਧਿਆਪਨ ਤਰੀਕਿਆਂ ਬਾਰੇ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਤਿਆਰ ਕੀਤੇ ਹਨ। ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ,‘ਕੋਈ ਵੀ ਕੋਚਿੰਗ ਸੰਸਥਾ ਗ੍ਰੈਜੂਏਸ਼ਨ ਤੋਂ ਘੱਟ ਯੋਗਤਾ ਵਾਲੇ ਅਧਿਆਪਕਾਂ ਦੀ ਨਿਯੁਕਤੀ ਨਹੀਂ ਕਰੇਗੀ, ਸੰਸਥਾਵਾਂ 16 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਦਾਖਲ ਨਹੀਂ ਕਰ ਸਕਦੀਆਂ। ਕੋਚਿੰਗ ਸੰਸਥਾਵਾਂ ਵਿਚ ਵਿਦਿਆਰਥੀਆਂ ਦਾ ਦਾਖਲਾ ਸੈਕੰਡਰੀ ਸਕੂਲ ਦੀ ਪ੍ਰੀਖਿਆ ਤੋਂ ਬਾਅਦ ਹੀ ਕੀਤਾ ਜਾਣਾ ਚਾਹੀਦਾ ਹੈ।’ ਕੋਚਿੰਗ ਇੰਸਟੀਚਿਊਟ ਕਿਸੇ ਵੀ ਅਜਿਹੇ ਅਧਿਆਪਕ ਜਾਂ ਵਿਅਕਤੀ ਨੂੰ ਨਿਯੁਕਤ ਨਹੀਂ ਕਰ ਸਕਦੇ ਹਨ ਜੋ ਨੈਤਿਕ ਦੁਰਵਿਹਾਰ ਵਾਲੇ ਕਿਸੇ ਵੀ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਹੈ। ਕੋਚਿੰਗ ਸੰਸਥਾਵਾਂ ਦੀ ਵੈਬਸਾਈਟ ਹੋਵੇਗੀ ਜਿਸ ਵਿੱਚ ਅਧਿਆਪਕਾਂ (ਟਿਊਟਰਾਂ), ਸਿਲੇਬਸ, ਪੂਰਾ ਹੋਣ ਦੀ ਮਿਆਦ, ਹੋਸਟਲ ਦੀਆਂ ਸਹੂਲਤਾਂ ਅਤੇ ਚਾਰਜ ਕੀਤੀਆਂ ਗਈਆਂ ਫੀਸਾਂ ਦੇ ਵੇਰਵੇ ਅਪਡੇਟ ਕੀਤੇ ਜਾਣਗੇ।