For the best experience, open
https://m.punjabitribuneonline.com
on your mobile browser.
Advertisement

ਪਹਿਰੇਦਾਰੀ

07:11 AM Oct 24, 2024 IST
ਪਹਿਰੇਦਾਰੀ
Advertisement

ਗੁਰਮਲਕੀਅਤ ਸਿੰਘ ਕਾਹਲੋਂ

Advertisement

ਗੱਲ ਚਾਰ ਦਹਾਕੇ ਪੁਰਾਣੀ ਹੈ ਪਰ ਇਨਸਾਫ ਵਾਲੀ ਕੁਰਸੀ ’ਤੇ ਬੈਠੇ ਉਸ ਇਨਸਾਨ ਵੱਲੋਂ ਕੁਰਸੀ ਵਾਲੇ ਫਰਜ਼ਾਂ ਨਾਲ ਸੁਹਿਰਦਤਾ ਦਾ ਤਾਲਮੇਲ ਬਿਠਾ ਕੇ ਕਿਸੇ ਅਣਜਾਣ ਦੇ ਹੱਕ ਦੀ ਕੀਤੀ ਪਹਿਰੇਦਾਰੀ ਨਾ ਤਾਂ ਯਾਦ ’ਚੋਂ ਫਿੱਕੀ ਪਈ ਅਤੇ ਨਾ ਹੀ ਉਸ ਦੀਆਂ ਅੱਖਾਂ ’ਚੋਂ ਝਲਕਦੇ ਨੂਰ ਦੀ ਚਮਕ ਧੁੰਦਲੀ ਹੋਈ ਹੈ।
ਸਾਧਨਾਂ ਦੀ ਵਿਉਂਤਬੰਦੀ ਕੀਤੇ ਬਗੈਰ ਵੱਡੀਆਂ ਪੁਲਾਘਾਂ ਪੁੱਟਣ ਦੇ ਸੁਭਾਅ ਵਾਲੇ ਪਿਤਾ ਜੀ ਦੀ ਲਾਪ੍ਰਵਾਹੀ ਕਾਰਨ ਸ਼ਰੀਕ ਨੂੰ ਸਾਡੀ ਸਾਰੀ ਜ਼ਮੀਨ ਦਾ ਮਾਲਕ ਬਣਨ ਦਾ ਮੌਕਾ ਮਿਲ ਗਿਆ। ਚਲਾਕੀ ਤੇ ਪੈਸੇ ਦੇ ਜ਼ੋਰ ਉਹਨੇ ਦਸਤਾਵੇਜ਼ਾਂ ਪੱਖੋਂ ਸਭ ਕੁਝ ਸਾਂਭ ਕੇ ਹੀ ਮਾਮਲੇ ਦੀ ਭਿਣਕ ਕੱਢੀ। ਅਸੀਂ ਚਾਰੇ ਭਰਾਵਾਂ ਨੇ ਪਿਤਾ ਦੀ ਗ਼ਲਤੀ ਨੂੰ ਆਧਾਰ ਬਣਾ ਕੇ ਜੱਦੀ ਜ਼ਮੀਨ ’ਤੇ ਹੱਕ ਜਤਾਉਣ ਦਾ ਕੇਸ ਕੀਤਾ। ਹੇਠਲੀ ਅਦਾਲਤ ਨੇ ਫੈਸਲਾ ਸ਼ਰੀਕ ਦੇ ਹੱਕ ਵਿਚ ਦਿੱਤਾ ਤਾਂ ਅਸੀਂ ਸੈਸ਼ਨ ਕੋਰਟ ’ਚ ਅਪੀਲ ਕੀਤੀ। ਮੁਢਲੀਆਂ ਕਾਰਵਾਈਆਂ ਤੋਂ ਬਾਅਦ ਮਾਮਲਾ ਸੁਣਵਾਈ ਤੱਕ ਪਹੁੰਚਿਆ। ਦੋਹਾਂ ਧਿਰਾਂ ਨੂੰ ਆਵਾਜ਼ ਪਈ। ਇੱਕ ਪਾਸੇ ਅਸੀਂ ਚਾਰੇ ਭਰਾ ਤੇ ਸਾਡਾ ਵਕੀਲ; ਦੂਜੇ ਪਾਸੇ ਸਾਡਾ ਸ਼ਰੀਕ ਤੇ ਉਸ ਦਾ ਵਕੀਲ। ਜੱਜ ਨੇ ਫਾਈਲ ਤੋਂ ਧਿਆਨ ਚੁੱਕ ਕੇ ਛੋਟੀਆਂ ਜਿਹੀਆਂ ਐਨਕਾਂ ਲਾਹ ਕੇ ਪਾਸੇ ਰੱਖੀਆਂ ਤੇ ਮਿੰਟ ਦੇ ਮਿੰਟ ਦੋਹਾਂ ਧਿਰਾਂ ਵੱਲ ਨਜ਼ਰਾਂ ਗੱਡ ਕੇ ਦੇਖਿਆ। ਫਿਰ ਦੋਹਾਂ ਵਕੀਲਾਂ ਵੱਲ ਦੇਖਣ ਤੋਂ ਬਾਅਦ ਮੂਹਰੇ ਪਈ ਫਾਈਲ ਦੇ ਵਰਕੇ ਫਰੋਲਦੇ ਹੋਏ ਪੜ੍ਹਦੇ ਰਹੇ। 10 ਕੁ ਮਿੰਟ ਅਸੀਂ ਤੇ ਵਕੀਲ ਚੁੱਪ-ਚਾਪ ਖੜ੍ਹੇ ਰਹੇ। ਫਾਈਲ ਰੀਡਰ ਵੱਲ ਕਰਨ ਤੋਂ ਪਹਿਲਾਂ ਸਾਡੇ ਸ਼ਰੀਕ ਦੇ ਵਕੀਲ ਨੂੰ ਅੰਗਰੇਜ਼ੀ ਵਿੱਚ ਕਿਹਾ, “ਬੇਸ਼ੱਕ ਤੇਰੇ ਮੁਵੱਕਲ ਦਾ ਕੇਸ ਸਟਰੌਂਗ ਹੈ, ਦਸਤਾਵੇਜ਼ੀ ਸਬੂਤ ਉਸ ਦਾ ਪੱਖ ਪੂਰਦੇ ਨੇ ਪਰ ਮੈਂ ਇਨ੍ਹਾਂ ਮੁੰਡਿਆਂ ਨਾਲ ਧੱਕਾ ਨਹੀਂ ਹੋਣ ਦੇਣਾ।”
ਜੱਜ ਦੀ ਆਵਾਜ਼ ਭਾਵੇਂ ਹੌਲੀ ਸੀ, ਫਿਰ ਵੀ ਕਾਫੀ ਸਮਝ ਆ ਰਹੀ ਸੀ। ‘ਧੱਕਾ ਨਹੀਂ ਹੋਣ ਦੇਣਾ’ ਵਾਲੇ ਸ਼ਬਦ ਅੱਜ ਵੀ ਕੰਨਾਂ ਵਿੱਚ ਗੂੰਜਦੇ ਨੇ। ਅਗਲੇ ਹਫਤੇ ਦੀ ਤਰੀਕ ਪਾ ਦਿਤੀ ਗਈ ਤੇ ਸਾਡੇ ਬਜ਼ੁਰਗ ਵਕੀਲ ਨੂੰ ਠਹਿਰਨ ਦਾ ਇਸ਼ਾਰਾ ਕਰ ਕੇ ਅਗਲੇ ਕੇਸ ਦੀ ਆਵਾਜ਼ ਲਗਵਾ ਦਿੱਤੀ।
ਬਾਹਰ ਆ ਕੇ ਸਾਡੇ ਵਕੀਲ ਨੇ ਸਾਨੂੰ ਸ਼ਾਮ ਵੇਲੇ ਉਸ ਦੇ ਘਰ ਮਿਲਣ ਲਈ ਕਿਹਾ। ਉਸ ਦੀ ਅੱਧੀ ਫੀਸ ਅਜੇ ਦੇਣ ਵਾਲੀ ਸੀ। ਅਸੀਂ ਸਮਝਿਆ, ਫੀਸ ਬਾਰੇ ਸੱਦਿਆ ਹੋਵੇਗਾ। ਸ਼ਾਮ ਨੂੰ ਵਕੀਲ ਨੇ ਸਾਨੂੰ ਸਾਫ ਕਿਹਾ ਕਿ ਬੇਸ਼ੱਕ ਉਹ ਬਹਿਸ ਮੌਕੇ ਵੱਡੀਆਂ ਦਲੀਲਾਂ ਦੇਵੇਗਾ ਪਰ ਕਾਨੂੰਨਨ ਕੇਸ ਵਿਰੋਧੀ ਦੇ ਹੱਕ ਵਿੱਚ ਜਾਂਦੈ। ਕਹਿੰਦਾ- ਮੁੰਡਿਓ, ਸਾਰਾ ਜਾਂਦਾ ਦੇਖੀਏ ਤਾਂ ਅੱਧਾ ਦੇਈਏ ਲੁਟਾ। ਜੇ ਮੰਨਦੇ ਓ ਤਾਂ ਮੈਂ ਜੱਜ ਸਾਹਿਬ ਨਾਲ ਗੱਲ ਕਰ ਕੇ ਦੇਖ ਲੈਨਾ; ਬੇਸ਼ੱਕ ਗਲਤ ਢੰਗ ਨਾਲ ਹੀ ਪਰ ਵਿਰੋਧੀ ਨੇ ਆਪਣਾ ਕੇਸ ਪੱਕਾ ਕੀਤਾ ਹੋਇਆ।
ਵਕੀਲ ਭਲਾ ਲੋਕ ਸੀ। ਅਗਲੀ ਤਰੀਕ ਨੂੰ ਗੱਲ ਰਾਜ਼ੀਨਾਵੇਂ ’ਤੇ ਆ ਗਈ। ਸਾਡੀ ਥਾਂ ਸਾਡਾ ਵਕੀਲ ਬੋਲੀ ਗਿਆ। ਆਖਿ਼ਰ ਇੱਕ ਕਿੱਲਾ ਵਿਰੋਧੀ ਨੂੰ ਦੇਣ ’ਤੇ ਸਹਿਮਤੀ ਹੋ ਗਈ; ਜੱਜ ਨੇ ਰਾਜ਼ੀਨਾਵੇਂ ਦੇ ਆਧਾਰ ’ਤੇ ਰੀਡਰ ਨੂੰ ਫੈਸਲਾ ਲਿਖਣ ਲਈ ਕਹਿ ਦਿੱਤਾ। ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਅਦਾਲਤੀ ਰਾਜ਼ੀਨਾਵੇਂ ਵਾਲੇ ਕੇਸ ਦੀ ਅਪੀਲ ਨਹੀਂ ਹੋ ਸਕਦੀ।
ਹੁਣ ਇੰਨੇ ਸਾਲਾਂ ਬਾਅਦ ਜਦ ਗਾਹੇ-ਬਗਾਹੇ ਉਹ ਗੱਲ ਛਿੜਦੀ ਹੈ ਤਾਂ ਸਾਡੇ ਹੱਕ ਦੀ ਪਹਿਰੇਦਾਰੀ ਕਰਨ ਵਾਲੇ ਉਸ ਨੇਕ ਦਿਲ ਇਨਸਾਨ ਦੀ ਸ਼ਕਲ ਉਸੇ ਰੂਪ ਵਿੱਚ ਅੱਖਾਂ ਮੂਹਰੇ ਸਾਕਾਰ ਹੋ ਜਾਂਦੀ ਹੈ। ਇਹ ਗੱਲ ਵੱਖਰੀ ਹੈ ਕਿ ਸਾਂਝੇ ਰਿਸ਼ਤੇਦਾਰਾਂ ਨੇ ਵਿੱਚ ਪੈ ਕੇ ਕਿੱਲੇ ਦੀ ਕੀਮਤ ਸਾਡੇ ਕੋਲੋਂ ਦਿਵਾ ਕੇ ਸ਼ਰੀਕ ਤੋਂ ਕਿੱਲਾ ਵੀ ਸਾਨੂੰ ਵਾਪਸ ਲੈ ਦਿੱਤਾ ਸੀ।
ਸੰਪਰਕ: +1-604-442-7676

Advertisement

Advertisement
Author Image

Advertisement