ਜੀਵਨ ਤੇ ਮੈਡੀਕਲ ਬੀਮਾ ਤੋਂ ਜੀਐੱਸਟੀ ਹਟਾਇਆ ਜਾਵੇ: ਨਿਤਿਨ ਗਡਕਰੀ
ਨਵੀਂ ਦਿੱਲੀ, 31 ਜੁਲਾਈ
ਕੇਂਦਰੀ ਸੜਕ ਆਵਾਜਾਈ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਜੀਵਨ ਤੇ ਮੈਡੀਕਲ ਬੀਮਾ ਪ੍ਰੀਮੀਅਮਾਂ ਉੱਤੇ ਲੱਗਦਾ 18 ਫ਼ੀਸਦ ਜੀਐੱਸਟੀ ਹਟਾਉਣ ਦੀ ਅਪੀਲ ਕੀਤੀ ਹੈ।
ਵਿੱਤ ਮੰਤਰੀ ਨੂੰ ਲਿਖੇ ਪੱਤਰ ਵਿੱਚ ਗਡਕਰੀ ਨੇ ਨਾਗਪੁਰ ਡਿਵੀਜ਼ਨਲ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਐਂਪਲਾਈਜ਼ ਯੂਨੀਅਨ ਦੀਆਂ ਚਿੰਤਾਵਾਂ ਨੂੰ ਉਭਾਰਿਆ, ਜਿਸ ਨੇ ਬੀਮਾ ਉਦਯੋਗ ਦੇ ਮੁੱਦਿਆਂ ਸਬੰਧੀ ਉਨ੍ਹਾਂ ਨੂੰ ਮੰਗ-ਪੱਤਰ ਦਿੱਤਾ ਸੀ। ਇਸ ਮੰਗ ਪੱਤਰ ਦਾ ਹਵਾਲਾ ਦਿੰਦਿਆਂ ਗਡਕਰੀ ਨੇ ਕਿਹਾ, ‘‘ਜੀਵਨ ਬੀਮਾ ਪ੍ਰੀਮੀਅਮ ’ਤੇ ਜੀਐੱਸਟੀ ਲਾਉਣਾ ਜੀਵਨ ਦੀਆਂ ਬੇਯਕੀਨੀਆਂ ’ਤੇ ਟੈਕਸ ਲਾਉਣ ਦੇ ਬਰਾਬਰ ਹੈ। ਕਰਮਚਾਰੀ ਯੂਨੀਅਨ ਦਾ ਖ਼ਿਆਲ ਹੈ ਕਿ ਵਿਅਕਤੀ ਆਪਣੇ ਪਰਿਵਾਰ ਨੂੰ ਸੁਰੱਖਿਆ ਦੇਣ ਲਈ ਆਪਣਾ ਬੀਮਾ ਕਰਵਾਉਂਦਾ ਹੈ। ਇਸ ਲਈ ਬੀਮਾ ਪ੍ਰੀਮੀਅਮ ’ਤੇ ਟੈਕਸ ਨਹੀਂ ਲਾਇਆ ਜਾਣਾ ਚਾਹੀਦਾ ਹੈ।’’ -ਪੀਟੀਆਈ
ਗਡਕਰੀ ਦਾ ਪੱਤਰ ਮੋਦੀ ਖ਼ਿਲਾਫ਼ ਅੰਦਰੂਨੀ ਅਸਹਿਮਤੀ ਦਾ ਸੰਕੇਤ: ਕਾਂਗਰਸ
ਨਵੀਂ ਦਿੱਲੀ:
ਕਾਂਗਰਸ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਲਿਖੇ ਪੱਤਰ ਨੂੰ ਲੈ ਕੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਇਸ ਨੂੰ ਪ੍ਰਧਾਨ ਮੰਤਰੀ ਖ਼ਿਲਾਫ਼ ਅੰਦਰੂਨੀ ਅਸਹਿਮਤੀ ਕਰਾਰ ਦਿੱਤਾ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਆਖਿਆ, ‘‘ਬਜਟ ’ਤੇ ਵਿੱਤ ਮੰਤਰੀ ਸੀਤਾਰਮਨ ਨੂੰ ਨਿਤਿਨ ਗਡਕਰੀ ਦਾ ਪੱਤਰ ਯਕੀਨੀ ਤੌਰ ’ਤੇ ਅੰਦਰੂਨੀ ਅਸਹਿਮਤੀ ਅਤੇ ‘ਨਾਨ-ਬਾਇਓਲੌਜੀਕਲ’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਰਾਜ਼ਗੀ ਦਾ ਸੰਕੇਤ ਹੈ।’’ ਉਧਰ ਕਾਂਗਰਸੀ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਕਿਹਾ ਕਿ ਉਹ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ 18 ਫ਼ੀਸਦ ਜੀਐੱਸਟੀ ਹਟਾਉਣ ਦੀ ਅਪੀਲ ਕਰਨ ਤੋਂ ਖੁਸ਼ ਹਨ। ਕਾਰਤੀ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ’ਚ ਬਜਟ ’ਤੇ ਬਹਿਸ ਦੌਰਾਨ ਬੀਮਾ ਪ੍ਰੀਮੀਅਮਾਂ ਤੋਂ ਜੀਐੱਸਟੀ ਹਟਾਉਣ ਦਾ ਸੁਝਾਅ ਦਿੱਤਾ ਸੀ। ਉਨ੍ਹਾਂ ਕਿਹਾ, ‘‘ਸਾਡੇ ਦੇਸ਼ ’ਚ ਬਹੁਤ ਘੱਟ ਲੋਕਾਂ ਬੀਮਾ ਕਰਵਾਉਂਦੇ ਹਨ ਤੇ ਸਾਡੇ ਵੱਲੋਂ ਲੋਕਾਂ ਨੂੰ ਆਪਣਾ ਬੀਮਾ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।’’ -ਪੀਟੀਆਈ